ਜਲੰਧਰ, (ਪ੍ਰੀਤ, ਸੁਧੀਰ)- ਪੰਜਾਬ ਨੈਸ਼ਨਲ ਬੈਂਕ ਦੇ ਰਿਟਾਇਰਡ ਹੈੱਡ ਕੈਸ਼ੀਅਰ ਕ੍ਰਿਸ਼ਨ ਲਾਲ ਤ੍ਰੇਹਨ ਦੇ ਸਰੀਰ ਨੂੰ ਥਾਂ-ਥਾਂ ਗਰਮ ਚੀਜ਼ ਨਾਲ ਦਾਗਿਆ ਗਿਆ ਸੀ। ਇਹ ਤਸੀਹੇ ਹੀ ਕ੍ਰਿਸ਼ਨ ਲਾਲ ਦੀ ਮੌਤ ਦਾ ਕਾਰਨ ਬਣੇ। ਇਨ੍ਹਾਂ ਤੱਥਾਂ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ 'ਚ ਹੋਇਆ ਹੈ। ਪੁਲਸ ਨੇ ਰਿਪੋਰਟ ਰਿਲੀਵ ਕਰ ਕੇ ਮੁਲਜ਼ਮਾਂ ਰਾਣੀ, ਰੀਟਾ ਤੇ ਹੈਪੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਰਿਟਾਇਰਡ ਹੈੱਡ ਕੈਸ਼ੀਅਰ ਕ੍ਰਿਸ਼ਨ ਲਾਲ ਤ੍ਰੇਹਨ ਆਪਣੀ ਦੂਜੀ ਪਤਨੀ ਰਾਣੀ ਦੇ ਨਾਲ ਰਸਤਾ ਮੁਹੱਲਾ ਵਿਚ ਆਪਣੀ ਸਾਲੀ ਰੀਟਾ ਤੇ ਹੈਪੀ ਦੇ ਨਾਲ ਰਹਿੰਦੇ ਸਨ। ਕੁਝ ਦਿਨ ਪਹਿਲਾਂ ਕ੍ਰਿਸ਼ਨ ਲਾਲ ਤ੍ਰੇਹਨ ਨੂੰ ਗੰਭੀਰ ਹਾਲਤ ਵਿਚ ਉਨ੍ਹਾਂ ਦੀ ਪਹਿਲੀ ਪਤਨੀ ਦੇ ਬੇਟੇ ਧਰਮਿੰਦਰ ਵਾਸੀ ਗੋਪਾਲ ਨਗਰ ਦੇ ਕੋਲ ਛੱਡ ਦਿੱਤਾ ਗਿਆ। ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਉਨ੍ਹਾਂ ਦੀ ਮੌਤ ਹੋ ਗਈ। ਕ੍ਰਿਸ਼ਨ ਲਾਲ ਦੇ ਸਰੀਰ 'ਤੇ ਥਾਂ-ਥਾਂ ਗਰਮ ਚੀਜ਼ ਨਾਲ ਦਾਗਣ ਦੇ ਨਿਸ਼ਾਨ ਸਨ। ਧਰਮਿੰਦਰ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਦੂਜੀ ਪਤਨੀ ਰਾਣੀ, ਰੀਟਾ ਤੇ ਹੈਪੀ ਨੇ ਗਰਮ ਪ੍ਰੈੱਸ ਨਾਲ ਸਰੀਰ 'ਤੇ ਥਾਂ-ਥਾਂ ਦਾਗਿਆ ਤੇ ਤਸੀਹੇ ਦੇ ਕੇ ਮਾਰਿਆ। ਪੁਲਸ ਨੇ ਹੱਤਿਆ ਦਾ ਕੇਸ ਦਰਜ ਕਰ ਲਾਸ਼ ਦਾ ਪੋਸਟਮਾਰਟਮ ਮੈਡੀਕਲ ਬੋਰਡ ਤੋਂ ਕਰਵਾਇਆ।
ਜਗ ਬਾਣੀ ਨੇ ਪਹਿਲਾਂ ਹੀ ਖੁਲਾਸਾ ਕੀਤਾ ਸੀ ਕਿ ਕ੍ਰਿਸ਼ਨ ਲਾਲ ਤ੍ਰੇਹਨ ਦੀ ਮੌਤ ਸਰੀਰ ਸਾੜੇ ਜਾਣ ਨਾਲ ਬਣੇ ਜ਼ਖਮਾਂ ਦਾ ਇਲਾਜ ਨਾ ਹੋਣ ਕਾਰਨ ਹੋਈ ਇਨਫੈਕਸ਼ਨ ਨਾਲ ਹੋਈ ਹੈ।
ਅੱਜ ਪੋਸਟਮਾਰਟਮ ਰਿਪੋਰਟ ਵੀ ਬੋਰਡ ਨੇ ਪੁਲਸ ਨੂੰ ਸੌਂਪ ਦਿੱਤੀ ਹੈ। ਪੋਸਟਮਾਰਟਮ ਰਿਪੋਰਟ ਦੀ ਪੁਸ਼ਟੀ ਕਰਦਿਆਂ ਥਾਣਾ ਨੰਬਰ-3 ਦੇ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਰਿਪੋਰਟ 'ਚ ਸਪੱਸ਼ਟ ਹੈ ਕਿ ਕ੍ਰਿਸ਼ਨ ਲਾਲ ਤ੍ਰੇਹਨ ਦੀ ਮੌਤ ਸੈਪਟੀਸੀਮੀਆ ਕਾਰਨ ਭਾਵ ਇਨਫੈਕਸ਼ਨ ਸਰੀਰ ਵਿਚ ਫੈਲ ਜਾਣ ਕਾਰਨ ਹੋਈ ਹੈ। ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਤੇਜ਼ ਕੀਤੀ ਗਈ ਹੈ। ਮੁਲਜ਼ਮ ਜਲਦੀ ਹੀ ਪੁਲਸ ਦੀ ਗ੍ਰਿਫਤ ਵਿਚ ਹੋਣਗੇ।
ਹਾਈਕੋਰਟ ਦੀ ਕਮੇਟੀ ਵੀ ਨਹੀਂ ਹਟਾ ਸਕੀ ਦੁਕਾਨਦਾਰਾਂ ਦੇ ਕਬਜ਼ੇ
NEXT STORY