ਲੁਧਿਆਣਾ (ਤਰੁਣ) – ਉਸ ਦੇ ਬੇਟੇ ਨੂੰ ਮੁਲਜ਼ਮ ਜਾਨੋਂ ਮਾਰਨਾ ਚਾਹੁੰਦਾ ਹੈ। ਮੁਲਜ਼ਮ ਉਸ ’ਤੇ ਗਵਾਹੀ ਤੋਂ ਮੁੱਕਰਨ ਦਾ ਦਬਾਅ ਬਣਾ ਰਹੇ ਹਨ। 2023-24 ’ਚ ਉਸ ਦੇ ਬੇਟੇ ’ਤੇ 2 ਵਾਰ ਫਾਇਰਿੰਗ ਹੋਈ ਹੈ। ਪੁਲਸ ਨੇ ਖਾਨਾਪੂਰਤੀ ਤੋਂ ਇਲਾਵਾ ਕੁਝ ਨਹੀਂ ਕੀਤਾ ਹੈ, ਜਿਸ ਕਾਰਨ ਉਸ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ ਹੈ। ਹਾਈ ਕੋਰਟ ਨੇ ਮੁਲਜ਼ਮਾਂ ਖਿਲਾਫ ਤੁਰੰਤ ਕੇਸ ਦਰਜ ਕਰਨ ਦਾ ਆਦੇਸ਼ ਜਾਰੀ ਕਰਦੇ ਹੋਏ 14 ਦਿਨ ਦੇ ਅੰਦਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਸੂਚਿਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਉਕਤ ਜਾਣਕਾਰੀ ਸ਼ਿਕਾਇਤਕਰਤਾ ਸੰਜੀਵ ਭਾਰਦਵਾਜ ਨਿਵਾਸੀ ਸਰਾਭਾ ਨਗਰ ਨੇ ਦਿੱਤੀ ਹੈ। ਪੰਡਤ ਸੰਜੀਵ ਦਾ ਦੋਸ਼ ਹੈ ਕਿ ਉਸ ਦੇ ਬੇਟੇ ’ਤੇ ਪਹਿਲਾਂ ਹਮਲਾ ਮਾਡਲ ਟਾਊਨ ਇਲਾਕੇ ’ਚ ਅਕਤੂਬਰ 2023 ’ਚ ਹੋਇਆ, ਜਿਸ ਵਿਚ ਗੈਰੀ ਦੀ ਜਾਨ ਵਾਲ-ਵਾਲ ਬਚ ਗਈ, ਜਦਕਿ ਇਸ ਵਾਰਦਾਤ ’ਚ ਮੋਦੀ ਸੂਦ ਦੇ ਇਕ ਗੋਲੀ ਬਾਂਹ ’ਚ ਲੱਗੀ ਅਤੇ ਅਭਿਜੀਤ ਮੰਡ ਨਾਮਕ ਨੌਜਵਾਨ ਦੇ 2 ਗੋਲੀਆਂ ਲੱਗੀਆਂ ਹਨ।
ਇਸ ਘਟਨਾ ’ਚ ਪੁਲਸ ਨੇ 10-15 ਨੌਜਵਾਨਾਂ ਖਿਲਾਫ ਮੋਦੀ ਸੂਦ ਦੇ ਬਿਆਨ ’ਤੇ ਕੇਸ ਦਰਜ ਕੀਤਾ ਸੀ, ਜਿਸ ਵਿਚ ਉਸ ਦਾ ਬੇਟਾ ਗੈਰੀ ਭਾਰਦਵਾਜ ਚਸ਼ਮਦੀਦ ਗਵਾਹ ਹੈ। ਕੇਸ ’ਚ ਮੁੱਖ ਮੁਲਜ਼ਮ ਕੁੰਵਰਵੀਰ ਸਿੰਘ ਨਿਵਾਸੀ ਪਿੰਡ ਬਹਾਦਰਕੇ ਰੋਡ, ਆਰੀਅਨ ਘੁੰਮਣ, ਦੀਪਾ ਪੁਰੇਵਾਲ ਅਤੇ ਹਰਸ਼ ਕੁਮਾਰ ਨਿਵਾਸੀ ਸਰਾਭਾ ਨਗਰ ਹਨ। ਮੁਲਜ਼ਮ ਉਸ ਦੇ ਬੇਟੇ ’ਤੇ ਗਵਾਹੀ ਤੋਂ ਮੁੱਕਰਨ ਦਾ ਦਬਾਅ ਬਣਾ ਰਹੇ ਸਨ ਪਰ ਉਸ ਦੇ ਬੇਟੇ ਨੇ ਗਵਾਹੀ ਦਿੱਤੀ। ਜਿਸ ਕਾਰਨ ਮੁਲਜ਼ਮਾਂ ਨੇ ਅਗਸਤ 2024 ’ਚ ਗੈਰੀ ’ਤੇ ਦੂਜੀ ਗੋਲੀ ਉਸ ਸਮੇਂ ਚਲਾਈ, ਜਦੋਂ ਉਹ ਸਰਾਭਾ ਨਗਰ ਸਥਿਤ ਕੌਫੀ ਸ਼ਾਪ ਤੋਂ ਬਾਹਰ ਆ ਰਿਹਾ ਸੀ।
ਇਸ ਘਟਨਾ ’ਚ ਵੀ ਗੈਰੀ ਦੀ ਜਾਨ ਬਚ ਗਈ। ਗੋਲੀਆਂ ਕਾਰ ਦੇ ਸ਼ੀਸ਼ੇ ’ਤੇ ਲੱਗੀਆਂ। 5 ਰਾਊਂਡ ਫਾਇਰ ਹੋਏ। ਪੁਲਸ ਨੂੰ 2 ਖੋਲ ਬਰਾਮਦ ਹੋਏ। ਮੁਲਜ਼ਮ ਉਸ ਦੇ ਲੜਕੇ ’ਤੇ ਲਗਾਤਾਰ ਦਬਾਅ ਬਣਾ ਰਹੇ ਸਨ। ਦੋ ਵਾਰ ਜਾਨੋਂ ਮਾਰਨ ਦੀ ਕੋਸ਼ਿਸ਼ ਤੋਂ ਬਾਅਦ ਪੁਲਸ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਪਰ ਉਸ ਨੂੰ ਵੀ ਸੁਰੱਖਿਆ ਨਹੀਂ ਦਿੱਤੀ ਗਈ। ਬੇਟੇ ਦੀ ਜਾਨ ਨੂੰ ਖ਼ਤਰਾ ਹੋਣ ਕਾਰਨ ਉਨ੍ਹਾਂ ਨੂੰ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ।
ਮੁਲਜ਼ਮ ਸੋਸ਼ਲ ਮੀਡੀਆ ਅਤੇ ਫੇਸਬੁੱਕ ’ਤੇ ਹਥਿਆਰਾਂ ਦਿਖਾ ਲੜਕੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ। ਉਸ ਦੇ ਬੇਟੇ ਨੂੰ ਕਿਹਾ ਗਿਆ ਹੈ ਕਿ ਇਸ ਵਾਰ ਉਸ ਦੀ ਜਾਨ ਨੂੰ ਬਖਸ਼ਿਆ ਨਹੀਂ ਜਾਵੇਗਾ। ਹਾਈ ਕੋਰਟ ਦੇ ਹੁਕਮਾਂ ’ਤੇ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਮੁਲਜ਼ਮ ਕੁੰਵਰ, ਆਰੀਅਨ, ਦੀਪਾ ਅਤੇ ਹਰਸ਼ ਖਿਲਾਫ ਧਮਕੀਆਂ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਹੈ।
ਮੁਲਜ਼ਮਾਂ ਦੀ ਭਾਲ ਜਾਰੀ
ਇਸ ਸਬੰਧੀ ਜਾਂਚ ਅਧਿਕਾਰੀ ਗੁਰਮੇਜ਼ ਸਿੰਘ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ 4 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੇ ਹਾਈ ਕੋਰਟ ਅਤੇ ਪੁਲਸ ਕਮਿਸ਼ਨਰ ਦੇ ਹੁਕਮਾਂ ’ਤੇ ਕੁੰਵਰ, ਹਰਸ਼, ਆਰੀਅਨ ਅਤੇ ਦੀਪਾ ਖਿਲਾਫ ਕੇਸ ਦਰਜ ਕਰ ਲਿਆ ਹੈ। ਮਾਮੂਲੀ ਗੱਲ ਨੂੰ ਲੈ ਕੇ ਦੋਵਾਂ ਧਿਰਾਂ ’ਚ ਝਗੜਾ ਹੋ ਇਆ ਸੀ, ਜੋ ਹੁਣ ਗਹਿਰੀ ਦੁਸ਼ਮਣੀ ’ਚ ਬਦਲ ਗਿਆ ਹੈ। ਪੁਲਸ ਮੁਲਜ਼ਮਾਂ ਦੀ ਭਾਲ ’ਚ ਛਾਪੇਮਾਰੀ ਕਰ ਰਹੀ ਹੈ।
ਪਾਰਟੀ ਪਾਸ ਨੂੰ ਲੈ ਕੇ ਦੋਵਾਂ ਧਿਰਾਂ ’ਚ ਸੀ ਦੁਸ਼ਮਣੀ
ਅਕਤੂਬਰ 2023 ਨੂੰ ਸਾਊਥ ਸਿਟੀ ’ਚ ਇਕ ਪਾਰਟੀ ਦੇ ਪ੍ਰਾਈਵੇਟ ਪਾਸ ਨੂੰ ਲੈ ਕੇ 2 ਧਿਰਾਂ ’ਚ ਝੜਪ ਹੋ ਗਈ। ਪਾਰਟੀ ਦਾ ਆਯੋਜਨ ਗੈਰੀ ਵਲੋਂ ਕੀਤਾ ਗਿਆ ਸੀ, ਜਿਥੇ ਕੁੰਵਰ ਆਪਣੇ ਦੋਸਤਾਂ ਨਾਲ ਪਹੁੰਚ ਗਿਆ, ਜਿਥੇ ਉਸ ਨੂੰ ਪਾਰਟੀ ਪਾਸ ਨਹੀਂ ਮਿਲੇ, ਜਿਸ ਤੋਂ ਬਾਅਦ ਕੁੰਵਰ ਅਤੇ ਉਸ ਦੇ ਸਾਥੀਆਂ ਨੇ ਮਾਡਲ ਟਾਊਨ ਇਲਾਕੇ ’ਚ ਪੀੜਤਾ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ’ਚ 2 ਨੌਜਵਾਨ ਜ਼ਖਮੀ ਹੋ ਗਏ। ਉਨ੍ਹਾਂ ਕੋਲ ਇਸ ਘਟਨਾ ’ਚ ਫਾਇਰ ਕਰਨ ਅਤੇ ਹਥਿਆਰ ਲਹਿਰਾਉਣ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਹੈ।
ਸਾਰੇ ਨੌਜਵਾਨਾਂ ਦੀ ਉਮਰ 20-22 ਸਾਲ
ਦੋਵਾਂ ਧਿਰਾਂ ਦੀ ਦੁਸ਼ਮਣੀ ਬਹੁਤ ਪੁਰਾਣੀ ਨਹੀਂ ਹੈ। ਸਾਰੇ ਨੌਜਵਾਨ 20-22 ਸਾਲ ਦੀ ਉਮਰ ਦੇ ਹਨ। ਦੋਵਾਂ ਮਾਮਲਿਆਂ ’ਚ ਨਾਮਜ਼ਦ ਮੁੱਖ ਮੁਲਜ਼ਮ ਕੁੰਵਰ ਇਸ ਸਮੇਂ ਅਮਰੀਕਾ ’ਚ ਹੈ, ਜਦੋਂਕਿ ਹਰਸ਼ ਨੂੰ ਭਗੌੜਾ ਐਲਾਨਿਆ ਗਿਆ ਹੈ। ਸੰਜੀਵ ਭਾਰਦਵਾਜ ਅਨੁਸਾਰ ਕੁੰਵਰ ਦੀ ਸ਼ਹਿ ’ਤੇ ਲਗਾਤਾਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਕਥਿਤ ਤੌਰ ’ਤੇ ਸਾਰੀ ਫੰਡਿੰਗ ਵੀ ਉਸ ਵਲੋਂ ਕੀਤੀ ਜਾ ਰਹੀ ਹੈ।
ਇੰਸਟਾਗ੍ਰਾਮ ’ਤੇ ਹਥਿਆਰ ਦਿਖਾ ਕੇ ਵੀਡੀਓ ਬਣਾਉਣ ਵਾਲੇ 2 ਨੌਜਵਾਨ ਕਾਬੂ
NEXT STORY