ਅਬੋਹਰ, (ਸੁਨੀਲ)– ਅਬੋਹਰ ਦੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ’ਚ ਪਿਛਲੇ 15 ਦਿਨਾਂ ਤੋਂ ਬੇਹੋਸ਼ੀ ਦਾ ਡਾਕਟਰ ਨਾ ਹੋਣ ਕਾਰਨ ਆਪੇਰਸ਼ਨ ਥੀਏਟਰ ’ਤੇ ਜਿੰਦਰਾ ਲਟਕਿਆ ਹੋਇਆ ਹੈ ਅਤੇ ਮਰੀਜ਼ਾਂ ਨੂੰ ਨਿੱਜੀ ਹਸਪਤਾਲਾਂ ’ਚੋਂ ਮਹਿੰਗਾ ਇਲਾਜ ਕਰਵਾਉਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ।
ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਦੇ ਬੇਹੋਸ਼ੀ ਦੇ ਡਾ. ਸੁਮਿਤ ਲੂਨਾ ਦਾ ਬੀਤੇ ਮਹੀਨੇ ਇਥੋਂ ਤਬਾਦਲਾ ਫਾਜ਼ਿਲਕਾ ਕਰ ਦਿੱਤਾ ਗਿਆ ਤਾਂ ਉਨ੍ਹਾਂ ਦੀ ਥਾਂ ’ਤੇ ਸਿਹਤ ਵਿਭਾਗ ਨੇ ਫਾਜ਼ਿਲਕਾ ਦੀ ਡਾ. ਕਵਿਤਾ ਦੀ ਡਿਊਟੀ ਅਬੋਹਰ ਹਸਪਤਾਲ ’ਚ ਲਗਾ ਦਿੱਤੀ ਪਰ ਡਾ. ਕਵਿਤਾ ਨੇ ਵੀ 15 ਦਿਨ ਪਹਿਲਾਂ ਆਪਣੀ ਜੁਆਈਨਿੰਗ ਦੇ ਅਗਲੇ ਹੀ ਦਿਨ ਇਕ ਮਹੀਨੇ ਦੀ ਛੁੱਟੀ ਲੈ ਲਈ, ਜਿਸ ਕਾਰਨ ਪਿਛਲੇ 15 ਦਿਨਾਂ ਤੋਂ ਹਸਪਤਾਲ ’ਚ ਬੇਹੋਸ਼ੀ ਦਾ ਡਾਕਟਰ ਨਾ ਹੋਣ ਕਾਰਨ ਐਮਰਜੈਂਸੀ ’ਚ ਕਿਸੇ ਵੀ ਤਰ੍ਹਾਂ ਦੀ ਸਰਜਰੀ ਅਤੇ ਗਰਭਵਤੀਆਂ ਦੇ ਸਿਜੇਰੀਅਨ ਕੇਸ ਨਹੀਂ ਹੋ ਪਾ ਰਹੇ ਅਤੇ ਹਸਪਤਾਲ ’ਚ ਇਲਾਜ ਕਰਵਾਉਣ ਵਾਲੀਆਂ ਗਰਭਵਤੀਆਂ ਨੂੰ ਹਾਲਤ ਗੰਭੀਰ ਹੋਣ ’ਤੇ ਹਸਪਤਾਲ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਜ਼ਿਆਦਾਤਰ ਮਰੀਜ਼ ਫਰੀਦਕੋਟ ਜਾਣ ਦੀ ਬਜਾਏ ਅਬੋਹਰ ਦੇ ਨਿੱਜੀ ਹਸਪਤਾਲਾਂ ’ਚ ਸਿਜੇਰੀਅਨ ਕਰਵਾਉਣ ਨੂੰ ਮਜਬੂਰ ਹਨ।
ਧਿਆਨਯੋਗ ਹੈ ਕਿ ਨਿੱਜੀ ਹਸਪਤਾਲ ’ਚ ਇਕ ਸਿਜੇਰੀਅਨ ਕੇਸ ਕਰਵਾਉਣ ਦੇ ਘੱਟੋ-ਘੱਟ 25 ਤੋਂ 30 ਹਜ਼ਾਰ ਰੁਪਏ ਵਸੂਲੇ ਜਾਂਦੇ ਹਨ ਅਤੇ ਗਰੀਬ ਲੋਕਾਂ ਨੂੰ ਇਹ ਭਾਰੀ ਭਰਕਮ ਆਰਥਕ ਬੋਝ ਸਹਿਣ ਨੂੰ ਮਜਬੂਰ ਹੋਣਾ ਪੈ ਰਿਹਾ ਹੈ। ਬੇਹੋਸ਼ੀ ਦਾ ਡਾਕਟਰ ਨਾ ਹੋਣ ਕਾਰਨ ਹਸਪਤਾਲ ’ਚ ਹਰ ਰੋਜ਼ ਹੋਣ ਵਾਲੇ ਕਰੀਬ 4 ਸਿਜੇਰੀਅਨ ਕੇਸ ਨਹੀਂ ਹੋ ਪਾ ਰਹੇ ਹਨ, ਜਦਕਿ ਹੋਰ ਹਸਪਤਾਲ ’ਚ 2 ਸਰਜਨ ਤੇ 1 ਗਾਇਨੀ ਡਾਕਟਰ ਮੌਜੂਦ ਹਨ।
ਕੀ ਕਹਿਣਾ ਹੈ ਡਾ. ਅਮਿਤਾ ਚੌਧਰੀ ਦਾ
ਇਸ ਬਾਰੇ ਮੁਖੀ ਡਾ. ਅਮਿਤਾ ਚੌਧਰੀ ਤੋਂ ਪੁੱਛਣ ’ਤੇ ਉਨ੍ਹਾਂ ਕਿਹਾ ਕਿ ਸਿਵਲ ਸਰਜਨ ਨੂੰ ਇਸ ਸਮੱਸਿਆ ਬਾਰੇ ਜਾਣੂ ਕਰਵਾਇਆ ਜਾ ਚੁੱਕਾ ਹੈ ਤੇ ਜਲਦ ਹੀ ਡਾ. ਸੁਮਿਤ ਲੂਨਾ ਨੂੰ ਅਬੋਹਰ ਹਸਪਤਾਲ ’ਚ ਡੈਪੂਟੇਸ਼ਨ ’ਤੇ ਲਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਡਾ. ਚੌਧਰੀ ਨੇ ਦੱਸਿਆ ਕਿ ਹਸਪਤਾਲ ’ਚ ਹੋਰ ਡਾਕਟਰਾਂ ਦੀ ਘਾਟ ਬਾਰੇ ਵੀ ਸਿਵਲ ਸਰਜਨ ਨੂੰ ਜਾਣੂ ਕਰਵਾਇਆ ਜਾ ਚੁੱਕਾ ਹੈ।
ਕੀ ਕਹਿੰਦੇ ਨੇ ਸਿਵਲ ਸਰਜਨ ਡਾ. ਹੰਸਰਾਜ ਮਲੇਠੀਆ
ਜ਼ਿਲਾ ਸਿਵਲ ਸਰਜਨ ਡਾ. ਹੰਸਰਾਜ ਮਲੇਠੀਆ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਉਹ ਇਸ ਸਮੱਸਿਆ ਸਬੰਧੀ ਪੂਰੀ ਤਰ੍ਹਾਂ ਤੋਂ ਜਾਣੂ ਹਨ ਅਤੇ ਇਕ-ਦੋ ਦਿਨਾਂ ’ਚ ਹੀ ਡਾ. ਲੂਨਾ ਦੀ ਡਿਊਟੀ ਹਫਤੇ ’ਚ 3 ਦਿਨਾਂ ਲਈ ਅਬੋਹਰ ਦੇ ਸਰਕਾਰੀ ਹਸਪਤਾਲ ’ਚ ਲਾਈ ਜਾਵੇਗੀ।
ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਮੋਟਰਸਾਈਕਲ ਸਵਾਰ ’ਤੇ ਹਮਲਾ
NEXT STORY