ਤਰਨਤਾਰਨ, (ਵਾਲੀਆ, ਆਹਲੂਵਾਲੀਆ)- ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਜ਼ਿਲਾ ਤਰਨਤਾਰਨ ਵੱਲੋਂ ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਦੇ ਦਫਤਰ ਅੱਗੇ ਅੱਜ ਧਰਨੇ ਦੇ ਦੂਜੇ ਦਿਨ ਖਾਲੀ ਭਾਂਡੇ ਖੜਕਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਗੂ ਜ਼ਿਲਾ ਸੈਕਟਰੀ ਬੇਅੰਤ ਕੌਰ ਢੋਟੀਆਂ, ਮੀਤ ਪ੍ਰਧਾਨ ਨਰਿੰਦਰ ਕੌਰ ਤੇ ਮੀਤ ਸੈਕਟਰੀ ਵੀਰ ਕੌਰ ਆਸਲ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ 3 ਤੋਂ 6 ਸਾਲ ਦੇ ਬੱਚਿਆਂ ਨੂੰ ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰ ਕੇ ਪ੍ਰਾਇਮਰੀ ਸਕੂਲਾਂ 'ਚ ਦਾਖਲ ਕਰਨ ਦਾ ਫੈਸਲਾ ਲਿਆ ਗਿਆ ਹੈ, ਸਿੱਧਾ ਸੂਬੇ ਦੀਆਂ 54,000 ਵਰਕਰਾਂ ਤੇ ਹੈਲਪਰਾਂ ਨਾਲ ਧੱਕਾ ਹੈ। ਸਰਕਾਰ ਨੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਗੱਲ ਕੀਤੇ ਬਿਨਾਂ ਹੀ ਇਹ ਫੈਸਲਾ ਲਾਗੂ ਕਰ ਦਿੱਤਾ ਹੈ। ਪ੍ਰੀ-ਪ੍ਰਾਇਮਰੀ ਕਲਾਸਾਂ ਸ਼ੁਰੂ ਕਰਨ ਨਾਲ ਸੂਬੇ 'ਚੋਂ ਚੱਲ ਰਹੇ 26833 ਆਂਗਣਵਾੜੀ ਕੇਂਦਰ ਉਜੜੇ ਬਾਗ ਬਣ ਗਏ ਹਨ। ਇਸ ਲਈ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸਰਕਾਰ ਨੂੰ ਜਗਾਉਣ ਲਈ ਅੱਜ ਖਾਲੀ ਬਰਤਨ ਖੜਕਾਉਂਦੇ ਹੋਏ ਮੰਗ ਕੀਤੀ ਕਿ ਈ. ਸੀ. ਸੀ. ਈ. ਪਾਲਸੀ ਤਹਿਤ 3 ਤੋਂ 6 ਸਾਲ ਦੇ ਬੱਚੇ ਆਂਗਣਵਾੜੀ ਕੇਂਦਰ ਦਾ ਅਨਿੱਖੜਵਾਂ ਅੰਗ ਹਨ ਅਤੇ ਪ੍ਰੀ-ਪ੍ਰਾਇਮਰੀ ਆਈ. ਸੀ. ਡੀ. ਐੱਮ. ਦੀਆਂ ਸੇਵਾਵਾਂ 'ਚੋਂ ਮੁੱਖ ਸੇਵਾ ਹੈ।
ਆਂਗਣਵਾੜੀ ਯੂਨੀਅਨ ਪੰਜਾਬ (ਸੀਟੂ) ਮੰਗ ਕਰਦੀ ਹੈ ਕਿ ਆਂਗਣਵਾੜੀ ਕੇਂਦਰਾਂ 'ਚ ਆਉਣ ਵਾਲੇ ਬੱਚਿਆਂ, ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਦਿੱਤਾ ਜਾਣ ਵਾਲਾ ਭੋਜਨ ਤਾਜ਼ਾ ਪੱਕਿਆ ਹੋਇਆ ਹੀ ਦੇਣਾ ਜਾਰੀ ਰੱਖਿਆ ਜਾਵੇ, ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਸਰਕਾਰੀ ਕਰਮਚਾਰੀ ਬਣਾ ਕੇ ਦਰਜਾ 3 ਅਤੇ ਦਰਜਾ 4 ਦਿੱਤਾ ਜਾਵੇ, ਆਂਗਣਵਾੜੀ ਕੇਂਦਰਾਂ ਲਈ ਪੱਕੀ ਅਤੇ ਸਾਫ-ਸੁਥਰੀ ਬਿਲਡਿੰਗ ਅਤੇ ਪੀਣ ਵਾਲੇ ਪਾਣੀ ਤੇ ਬਿਜਲੀ ਆਦਿ ਦਾ ਪ੍ਰਬੰਧ ਕੀਤਾ ਜਾਵੇ। ਇਸ ਮੌਕੇ ਸਰਬਜੀਤ ਕੌਰ, ਕੁਲਵਿੰਦਰ ਕੌਰ, ਰਣਜੀਤ ਕੌਰ, ਗੁਰਸ਼ਰਨ ਕੌਰ, ਰਾਜਵਿੰਦਰ ਕੌਰ, ਜਤਿੰਦਰ ਕੌਰ, ਬਲਜੀਤ ਕੌਰ, ਰਜਨੀ, ਜਗਜੀਤ, ਸੁਖਰਾਜ, ਪ੍ਰਕਾਸ਼ ਕੌਰ ਤੇ ਹੋਰ ਵੀ ਬਹੁਤ ਸਾਰੀਆਂ ਵਰਕਰਾਂ ਅਤੇ ਹੈਲਪਰਾਂ ਹਾਜ਼ਰ ਸਨ।
ਇਸ ਸਬੰਧ 'ਚ ਹਲਕਾ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਆਂਗਣਵਾੜੀ ਮੁਲਾਜ਼ਮਾਂ ਵੱਲੋਂ ਉਨ੍ਹਾਂ ਨੂੰ ਜਿਹੜੇ ਬੀਤੇ ਸਮੇਂ ਮੰਗ ਪੱਤਰ ਦਿੱਤੇ ਗਏ ਸਨ, ਉਹ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਅਗਲੇਰੀ ਕਾਰਵਾਈ ਲਈ ਭੇਜ ਦਿੱਤੇ ਗਏ ਹਨ।
ਕੌਂਸਲਰਾਂ ਨਗਰ ਕੌਂਸਲ ਖਿਲਾਫ ਖੋਲ੍ਹਿਆ ਮੋਰਚਾ
NEXT STORY