ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਤਰਸੇਮ ਢੁੱਡੀ) : ਸੂਬੇ 'ਚ ਜੰਗਲਾਤ ਹੇਠ ਰਕਬਾ ਵਧਾਉਣ ਦੇ ਉਦੇਸ਼ ਨਾਲ ਇਸ ਸਾਲ ਰਾਜ 'ਚ 8 ਕਰੋੜ ਨਵੇਂ ਪੌਦੇ ਲਗਾਏ ਜਾਣ ਦੀ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾਂ ਪੰਜਾਬ ਦੇ ਜੰਗਲਾਤ ਵਿਭਾਗ ਦੇ ਕੈਬਨਿਟ ਮੰਤਰੀ ਸ: ਸਾਧੂ ਸਿੰਘ ਧਰਮਸੋਤ ਵੱਲੋਂ ਕੀਤਾ ਗਿਆ। ਕੈਬਨਿਟ ਮੰਤਰੀ ਸ: ਸਾਧੂ ਸਿੰਘ ਧਰਮਸੋਤ ਨੇ ਅੱਜ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਦੌਰੇ ਦੌਰਾਨ ਆਪਣੀ ਜੰਗਲਾਤ ਵਿਭਾਗ ਦੀ ਬਣੀ ਨਰਸਰੀ ਵੇਖਣ ਲਈ ਪੁੱਜੇ ਸਨ।
ਇਸ ਮੌਕੇ ਉਨ੍ਹਾਂ ਕਿਹਾ ਕਿ ਪਿੱਛਲੇ ਸਾਲ ਸੂਬਾ ਸਰਕਾਰ ਨੇ 2 ਕਰੋੜ ਨਵੇਂ ਪੌਦੇ ਲਗਾਏ ਸਨ, ਜਦ ਕਿ ਚਾਲੂ ਸਾਲ ਲਈ ਇਸ ਟੀਚੇ ਵਿਚ ਚਾਰ ਗੁਣਾ ਦਾ ਵਾਧਾ ਕੀਤਾ ਗਿਆ ਹੈ। ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਪਿੱਛਲੇ 10 ਸਾਲਾਂ 'ਚ ਪਿੱਛਲੀ ਸਰਕਾਰ ਦੇ ਚਹੇਤਿਆਂ ਨੇ ਵੱਡੇ ਪੱਧਰ 'ਤੇ ਜੰਗਲਾਤ ਵਿਭਾਗ ਦੀਆਂ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ੇ ਕਰ ਲਏ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸਰਕਾਰੀ ਮਾਲਕੀ ਵਾਲੀਆਂ ਇਹ ਜ਼ਮੀਨਾਂ ਨਾਜਾਇਜ਼ ਕਾਬਜਕਾਰਾਂ ਤੋਂ ਮੁਕਤ ਕਰਵਾਉਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀ ਮਾਲਕੀ ਵਾਲੀਆਂ 31 ਹਜ਼ਾਰ ਏਕੜ ਜ਼ਮੀਨਾਂ ਅਜਿਹੇ ਲੋਕਾਂ ਦੇ ਕਬਜ਼ੇ ਹੇਠ ਹਨ। ਇਸ ਮੁਹਿੰਮ ਦੀ ਲੁਧਿਆਣਾ ਜ਼ਿਲੇ ਤੋਂ ਸ਼ੁਰੂਆਤ ਕੀਤੀ ਗਈ ਹੈ ਜਿੱਥੇ 700 ਕਰੋੜ ਮੁੱਲ ਦੀ 400 ਏਕੜ ਮਹਿੰਗੀ ਜ਼ਮੀਨ ਮੁਕਤ ਕਰਵਾਈ ਗਈ। ਹੁਣ ਤੱਕ ਪੰਜਾਬ 'ਚ 2800 ਏਕੜ ਮੁਕਤ ਕਰਵਾ ਲਿਆ ਗਿਆ ਹੈ। ਜਦ ਕਿ ਵਿਭਾਗ ਇਸ ਸਾਲ ਜੂਨ ਤੱਕ 10000 ਏਕੜ ਹੋਰ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦਾ ਟੀਚਾ ਲੈ ਕੇ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਾਜਾਇਜ਼ ਕਬਜ਼ਿਆਂ ਤੋਂ ਛੁਡਵਾਈ ਜ਼ਮੀਨ 'ਚ ਰੁੱਖ ਲਗਾਏ ਜਾਣਗੇ। ਇਸ ਮੌਕੇ ਜੰਗਲਾਤ ਮੰਤਰੀ ਨੇ ਕਿਹਾ ਕਿ ਵਿਭਾਗ ਦੀ ਜ਼ਮੀਨਾਂ ਮੁੱਲ ਲੈ ਕੇ ਵੀ ਪੌਦੇ ਲਗਾਉਣ ਦੀ ਯੋਜਨਾ ਹੈ ਜਦ ਕਿ ਪੰਚਾਇਤੀ ਜ਼ਮੀਨਾਂ 'ਤੇ ਰੁੱਖ ਲਗਾਉਣ ਲਈ ਪੰਚਾਇਤਾਂ ਦੀ ਮਦਦ ਕੀਤੀ ਜਾਵੇਗੀ। ਇਸ ਦੌਰਾਨ ਸ: ਸਾਧੂ ਸਿੰਘ ਧਰਮਸੋਤ ਨੇ ਮਲੋਟ ਫਾਜ਼ਿਲਕਾ ਰੋਡ 'ਤੇ ਜੰਗਲਾਤ ਵਿਭਾਗ ਦੀ ਜ਼ਮੀਨ 'ਤੇ ਪਾਈ ਨਾਜਾਇਜ਼ ਪਾਇਪ ਦੇ ਮਾਮਲੇ ਦੀ ਪੜਤਾਲ ਕਰਕੇ ਪਰਚਾ ਦਰਜ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸਾਧੂ ਸਿੰਘ ਧਰਮਸੋਤ ਨੇ ਇਸ ਮੌਕੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਰੁੱਖਾਂ ਦੀ ਸਾਂਭ ਸੰਭਾਲ ਵਿਚ ਆਪਣਾ ਬਣਦਾ ਯੋਗਦਾਨ ਪਾਉਣ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਗੈਂਗਸਟਰਾਂ ਨੂੰ ਕਾਬੂ ਕਰਕੇ ਰਾਜ 'ਚ ਅਮਨ ਕਾਨੂੰਨ ਦੀ ਸਥਿਤੀ 'ਚ ਸੁਧਾਰ ਲਿਆਂਦਾ ਹੈ। ਇਸ ਤੋਂ ਪਹਿਲਾਂ ਕੈਬਟਿਨ ਮੰਤਰੀ ਨੇ ਕਾਂਗਰਸ ਜ਼ਿਲਾ ਪ੍ਰਧਾਨ ਸ: ਗੁਰਮੀਤ ਸਿੰਘ ਖੂਡੀਆਂ ਦੇ ਗ੍ਰਹਿ ਵਿਖੇ ਇਲਾਕਾ ਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਵਿਚ ਕਿਸਾਨਾਂ ਨੂੰ 2 ਲੱਖ ਚੰਦਨ ਦੇ ਪੌਦੇ ਮੁਹਈਆ ਕਰਵਾਏ ਜਾਣਗੇ ਤਾਂ ਜੋ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋ ਸਕੇ। ਇਸ ਮੌਕੇ ਜਤਿੰਦਰ ਸ਼ਰਮਾ ਪ੍ਰਿੰਸੀਪਲ ਚੀਫ ਕੰਜਰਵੇਟਰ ਆਫ ਫਾਰਸੇਟ, ਸੰਜੇ ਬਾਂਸਲ ਕੰਜਰਵੇਟਰ ਆਫ ਫਾਰਸੇਟ, ਐੱਸ. ਡੀ. ਐੱਮ. ਨਰਿੰਦਰ ਸਿੰਘ ਧਾਲੀਵਾਲ, ਐੱਸ. ਪੀ. ਇਕਬਾਲ ਸਿੰਘ ਆਦਿ ਹਾਜ਼ਰ ਸਨ।
ਜੱਜ ਦੇ ਹੁਕਮਾਂ 'ਤੇ ਐੱਸ. ਐੱਚ. ਓ. ਬਾਜਵਾ ਦਾ ਹੋਇਆ ਮੈਡੀਕਲ (ਵੀਡੀਓ)
NEXT STORY