ਚੰਡੀਗੜ੍ਹ (ਪਰਾਸ਼ਰ) - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਸੂਬੇ ਦੇ ਬਜਟ ਵਿਚ ਮੁਕੰਮਲ ਕਰਜ਼ਾ ਮੁਆਫੀ ਵਾਸਤੇ ਮੋਟਾ ਫੰਡ ਰੱਖ ਕੇ ਕਿਸਾਨਾਂ ਨਾਲ ਕੀਤਾ ਵਾਅਦਾ ਸਿਰੇ ਚੜ੍ਹਾਉਣ ਲਈ ਮੁਬਾਰਕਾਂ ਦਿੱਤੀਆਂ। ਇਸ ਦੇ ਨਾਲ ਹੀ ਯੋਗੀ ਵਲੋਂ ਚੁੱਕੇ ਸਲਾਹੁਣਯੋਗ ਕਦਮ ਦੀ ਤੁਲਨਾ ਪੰਜਾਬ ਸਰਕਾਰ ਨਾਲ ਕਰਦਿਆਂ ਪਾਰਟੀ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਅਜਿਹਾ ਕਿਉਂ ਨਹੀਂ ਕੀਤਾ? ਉਸ ਨੇ 90 ਹਜ਼ਾਰ ਕਰੋੜ ਦੇ ਕਰਜ਼ੇ ਵਾਸਤੇ ਮਹਿਜ਼ 1500 ਕਰੋੜ ਰੁਪਏ ਰਾਖਵੇਂ ਰੱਖ ਕੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਕਿਉਂ ਮਾਰਿਆ?
ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਆਪਣਾ ਚੋਣ ਵਾਅਦਾ ਪੂਰਾ ਕਰਨ ਲਈ ਬਜਟ ਦਾ 10 ਫੀਸਦੀ ਹਿੱਸਾ ਰੱਖਿਆ ਹੈ। ਇਹ ਪੈਸਾ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਬਦਲੇ ਬੈਂਕਾਂ ਨੂੰ ਦਿੱਤਾ ਜਾਵੇਗਾ।
ਡਾ. ਚੀਮਾ ਨੇ ਕਿਹਾ ਕਿ ਇਸ ਦੇ ਬਿਲਕੁਲ ਉਲਟ ਕਾਂਗਰਸ ਸਰਕਾਰ ਨੇ ਆਪਣੇ ਬਜਟ ਵਿਚ ਕਿਸਾਨਾਂ ਦਾ ਫਸਲੀ ਕਰਜ਼ਾ ਮੁਆਫ ਕਰਨ ਲਈ ਸਿਰਫ 1500 ਕਰੋੜ ਰੁਪਏ ਰਾਖਵੇਂ ਰੱਖੇ ਹਨ। ਇਹ ਇਕ ਮਜ਼ਾਕ ਹੀ ਹੈ ਕਿਉਂਕਿ ਫਸਲੀ ਕਰਜ਼ਾ ਆਮ ਤੌਰ 'ਤੇ 6 ਮਹੀਨੇ ਲਈ ਲਿਆ ਜਾਂਦਾ ਹੈ। ਕਿਸਾਨ ਹਰ ਵਾਰ ਇਹ ਕਰਜ਼ਾ ਮੋੜ ਕੇ ਨਵੀਂ ਫਸਲ ਲਈ ਅਗਲਾ ਕਰਜ਼ਾ ਚੁੱਕ ਲੈਂਦੇ ਹਨ, ਇਸ ਲਈ ਫਸਲੀ ਕਰਜ਼ਾ ਨਾ ਮੋੜਨ ਵਾਲੇ ਬਹੁਤ ਥੋੜ੍ਹੇ ਕਿਸਾਨ ਹੁੰਦੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਜਿਨ੍ਹਾਂ ਅਸਲੀ ਪੀੜਤਾਂ ਨੂੰ ਰਾਹਤ ਦੀ ਲੋੜ ਸੀ, ਉਹ ਇਕ ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਕਰਜ਼ਾ ਲੈਣ ਵਾਲੇ ਕਿਸਾਨ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸਾਨਾਂ ਨੂੰ, ਜੋ ਕਿ ਦੁਖੀ ਹੋ ਕੇ ਖੁਦਕੁਸ਼ੀਆਂ ਕਰਨ ਲੱਗੇ ਹਨ, ਨਜ਼ਰਅੰਦਾਜ਼ ਕਰ ਕੇ ਆਪਣੇ ਹਾਲ ਉੱਤੇ ਛੱਡ ਦਿੱਤਾ ਗਿਆ ਹੈ।
ਡਾਕਟਰ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਨਾਲ ਵੱਡੀ ਪੱਧਰ 'ਤੇ ਹੋਏ ਇਸ ਧੋਖੇ ਬਾਰੇ ਵਿਚਾਰ ਜ਼ਰੂਰ ਕਰਨ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਉਹ ਇਸ ਗੱਲ ਦਾ ਜਵਾਬ ਦੇਣ ਕਿ ਕਾਂਗਰਸ ਸਰਕਾਰ ਵੀ ਯੂ. ਪੀ. ਵਾਂਗ ਇਕ ਕਿਸਾਨ-ਪੱਖੀ ਅਤੇ ਦਿਹਾਤ-ਪੱਖੀ ਬਜਟ ਕਿਉਂ ਨਹੀਂ ਸੀ ਲਿਆ ਸਕਦੀ? ਉਨ੍ਹਾਂ ਕਿਹਾ ਕਿ ਤੁਸੀਂ ਕਿਸਾਨਾਂ ਦਾ ਸਾਰਾ ਕਰਜ਼ਾ, ਚਾਹੇ ਸਹਿਕਾਰੀ ਜਾਂ ਰਾਸ਼ਟਰੀਕ੍ਰਿਤ ਬੈਂਕਾਂ ਦਾ ਹੋਵੇ ਜਾਂ ਫਿਰ ਆੜ੍ਹਤੀਆਂ ਦਾ ਹੋਵੇ, ਮੁਆਫ ਕਰਨ ਦਾ ਵਾਅਦਾ ਕੀਤਾ ਸੀ। ਇਥੋਂ ਤਕ ਕਿ ਖੇਤ ਮਜ਼ਦੂਰ ਵੀ ਤੁਹਾਡੇ ਕੋਲੋਂ ਕੁਝ ਰਾਹਤ ਮਿਲਣ ਦੀ ਆਸ ਲਾਈ ਬੈਠੇ ਸਨ ਪਰ ਤੁਸੀਂ ਆਰਥਿਕ ਤੰਗੀ ਦਾ ਬਹਾਨਾ ਬਣਾ ਕੇ ਸਾਰਿਆਂ ਨਾਲ ਹੀ ਵਿਸ਼ਵਾਸਘਾਤ ਕੀਤਾ ਹੈ, ਜਦਕਿ ਅਸਲੀਅਤ ਇਹ ਹੈ ਕਿ ਸੂਬੇ ਦੀ ਆਰਥਿਕ ਹਾਲਤ ਬਾਰੇ ਤੁਸੀਂ ਸਰਕਾਰ ਬਣਾਉਣ ਤੋਂ ਪਹਿਲਾਂ ਹੀ ਜਾਣੂ ਸੀ।
ਮੁੱਖ ਮੰਤਰੀ ਨੂੰ ਆਪਣੇ ਉੱਤਰ ਪ੍ਰਦੇਸ਼ ਵਾਲੇ ਹਮ-ਰੁਤਬਾ ਤੋਂ ਸਬਕ ਸਿੱਖਣ ਲਈ ਆਖਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਯੂ. ਪੀ. ਸਰਕਾਰ ਨੇ ਫਾਲਤੂ ਦੇ ਖਰਚਿਆਂ ਨੂੰ ਘਟਾ ਕੇ ਕਰਜ਼ਾ ਮੁਆਫੀ ਲਈ ਫੰਡਾਂ ਦਾ ਪ੍ਰਬੰਧ ਕੀਤਾ ਹੈ। ਇਸ ਨੇ ਕਿਸੇ ਵੀ ਰੂਪ ਵਿਚ ਸੂਬੇ ਦੇ ਵਿੱਤੀ ਅਨੁਸ਼ਾਸਨ ਨੂੰ ਭੰਗ ਨਹੀਂ ਕੀਤਾ। ਤੁਸੀਂ ਵੀ ਅਜਿਹਾ ਕਰ ਸਕਦੇ ਸੀ ਪਰ ਤੁਸੀਂ ਇਸ ਲਈ ਅਜਿਹਾ ਨਹੀਂ ਕੀਤਾ ਕਿਉਂਕਿ ਤੁਹਾਡਾ ਆਪਣਾ ਵਾਅਦਾ ਸਿਰੇ ਚੜ੍ਹਾਉਣ ਦਾ ਕੋਈ ਇਰਾਦਾ ਨਹੀਂ ਸੀ। ਤੁਸੀਂ ਇਹ ਝੂਠੇ ਵਾਅਦੇ ਕਿਸਾਨਾਂ ਤੋਂ ਉਨ੍ਹਾਂ ਦੀਆਂ ਵੋਟਾਂ ਹਥਿਆਉਣ ਲਈ ਕੀਤੇ ਸਨ। ਤੁਸੀਂ ਕਦੇ ਵੀ ਕਿਸਾਨਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਪੂਰਾ ਨਹੀਂ ਕਰ ਸਕਦੇ। ਇਹ ਕੰਮ ਪ੍ਰਕਾਸ਼ ਸਿੰਘ ਬਾਦਲ ਹੀ ਕਰ ਸਕਦੇ ਹਨ। ਉਨ੍ਹਾਂ ਨੇ 1997 ਵਿਚ ਕਿਸਾਨਾਂ ਨੂੰ ਖੇਤੀ ਦੇ ਕੰਮਾਂ ਲਈ ਮੁਫਤ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਅਤੇ ਸਰਕਾਰ ਬਣਦੇ ਹੀ ਪਹਿਲੀ ਕੈਬਨਿਟ ਮੀਟਿੰਗ ਵਿਚ ਹੀ ਇਸ ਵਾਅਦੇ ਨੂੰ ਪੂਰਾ ਕਰ ਦਿੱਤਾ ਸੀ।
28 ਪੇਟੀਆਂ ਸ਼ਰਾਬ ਬਰਾਮਦ; ਇਕ ਗ੍ਰਿਫ਼ਤਾਰ
NEXT STORY