ਪਟਿਆਲਾ (ਜੋਸਨ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਮੈਡੀਕਲ ਕਾਲਜਾਂ, ਹਸਪਤਾਲਾਂ ਤੇ ਡਿਸਪੈਂਸਰੀਆਂ ਨੂੰ ਹੋਰ ਆਧੁਨਿਕ ਤਰੀਕੇ ਨਾਲ ਚਲਾਉਣ ਤੇ ਵਿਸ਼ਵ ਪੱਧਰ ਦੇ ਹਾਣੀ ਬਣਾਉਣ ਲਈ ਅੱਜ ਇਥੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਵੱਲੋਂ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਮੈਡੀਕਲ ਖੇਤਰ ਨਾਲ ਜੁੜੇ ਮਾਹਿਰ ਵਿਦਵਾਨਾਂ ਜਿਨ੍ਹਾਂ 'ਚ ਡਾ. ਕੇ. ਕੇ. ਤਲਵਾੜ, ਡਾ. ਸੁਧੀਰ ਵਰਮਾ, ਡਾ. ਗੁਰਪ੍ਰੀਤ ਸਿੰਘ ਵਾਂਡਰ, ਡਾ. ਹਰਦਾਸ ਸਿੰਘ ਸੰਧੂ ਤੇ ਡਾ. ਗੀਤਾ ਸ਼ਰਮਾ ਪ੍ਰਿੰਸੀਪਲ ਗੁਰੂ ਰਾਮਦਾਸ ਮੈਡੀਕਲ ਕਾਲਜ ਸ੍ਰੀ ਅੰਮ੍ਰਿਤਸਰ ਨੂੰ ਸ਼ਾਮਿਲ ਕੀਤਾ ਗਿਆ ਹੈ। ਇਹ 5 ਮੈਂਬਰੀ ਕਮੇਟੀ ਸ਼੍ਰੋਮਣੀ ਕਮੇਟੀ ਦੇ ਇਨ੍ਹਾਂ ਅਦਾਰਿਆਂ ਦੇ ਕਾਰਜ ਦਾ ਅਧਿਐਨ ਕਰ ਕੇ ਅਦਾਰਿਆਂ ਨੂੰ ਹੋਰ ਆਧੁਨਿਕ ਬਣਾਉਣ ਲਈ ਸੁਝਾਅ ਦੇਵੇਗੀ।
ਪ੍ਰੋ. ਬਡੂੰਗਰ ਨੇ ਸਿੱਖ ਵਿਦਵਾਨਾਂ ਨਾਲ ਅਹਿਮ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੁਆਰਾ ਚਲਾਏ ਜਾ ਰਹੇ ਅਦਾਰਿਆਂ ਨੂੰ ਵਿਸ਼ਵ ਪ੍ਰਸਿੱਧ ਬਣਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਵੱਡੇ ਪੱਧਰ 'ਤੇ ਚਲਾਏ ਜਾ ਰਹੇ ਹਸਪਤਾਲਾਂ ਵਿਚ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲ੍ਹਾ ਸ੍ਰੀ ਅੰਮ੍ਰਿਤਸਰ, ਮੀਰੀ-ਪੀਰੀ ਹਸਪਤਾਲ ਸ਼ਾਹਬਾਦ ਮਾਰਕੰਡਾ ਅਤੇ ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਠੱਠਾ ਸ੍ਰੀ ਤਰਨਤਾਰਨ ਸਾਹਿਬ ਸ਼ਾਮਿਲ ਹਨ। ਇਨ੍ਹਾਂ ਹਸਪਤਾਲਾਂ ਵਿਚ ਹਜ਼ਾਰਾਂ ਦੀ ਗਿਣਤੀ 'ਚ ਇਲਾਜ ਲਈ ਮਰੀਜ਼ ਆਉਂਦੇ ਹਨ, ਜਿਨ੍ਹਾਂ ਦਾ ਇਲਾਜ ਘੱਟ ਤੋਂ ਘੱਟ ਖਰਚੇ ਵਿਚ ਕੀਤਾ ਜਾਂਦਾ ਹੈ ਅਤੇ ਲੋੜਵੰਦ ਮਰੀਜ਼ਾਂ ਦਾ ਇਲਾਜ ਮੁਫਤ ਵੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਧੀਨ ਬਹੁਤ ਸਾਰੀਆਂ ਡਿਸਪੈਂਸਰੀਆਂ, ਹਸਪਤਾਲ ਤੇ ਮੈਡੀਕਲ ਕਾਲਜ ਸਿਹਤਮੰਦ ਸਮਾਜ ਲਈ ਯੋਗਦਾਨ ਪਾ ਰਹੇ ਹਨ।
ਪ੍ਰੋ. ਬਡੂੰਗਰ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫਤਿਹਗੜ੍ਹ ਸਾਹਿਬ ਵਿਚ ਰਿਲੀਜੀਅਸ ਸਟੱਡੀਜ਼ ਡਿਪਾਰਟਮੈਂਟ ਦਾ ਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਇਹ ਵਿਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੂ ਅਤੇ ਇਸ ਦੇ ਫਲਸਫੇ ਦੇ ਵੱਖ-ਵੱਖ ਰੰਗਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰੂ ਸਾਹਿਬਾਨ, ਭਗਤਾਂ, ਭੱਟਾਂ ਤੇ ਗੁਰਸਿੱਖਾਂ ਦੀ ਬਾਣੀ ਦਾ ਅਧਿਐਨ ਕਰੇਗਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਸਬੰਧੀ ਪੂਰੀ ਰੂਪ-ਰੇਖਾ ਤਿਆਰ ਕਰਨ ਲਈ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਡਾ. ਸੁਖਦਰਸ਼ਨ ਸਿੰਘ ਖਹਿਰਾ ਉਪ ਕੁਲਪਤੀ (ਚੇਅਰਮੈਨ), ਡਾ. ਬਲਵੰਤ ਸਿੰਘ ਢਿੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਪਰਮਵੀਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਗੁਰਨਾਇਬ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਰਜਿੰਦਰ ਸਿੰਘ ਭੱਟੀ ਕੁਰੂਕਸ਼ੇਤਰਾ ਯੂਨੀਵਰਸਿਟੀ, ਡਾ. ਸਰਬਜੀਤ ਸਿੰਘ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਇਕ ਵਿਦਵਾਨ ਚੰਡੀਗੜ੍ਹ ਯੂਨੀਵਰਸਿਟੀ ਤੋਂ ਅਤੇ ਕੋਆਰਡੀਨੇਟਰ ਡਾ. ਕਿਰਨਦੀਪ ਕੌਰ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਦੇ ਨਾਂ ਸ਼ਾਮਿਲ ਹਨ। 7 ਮੈਂਬਰੀ ਕਮੇਟੀ ਇਸ ਵਿਸ਼ੇ 'ਤੇ ਪੂਰੀ ਖੋਜ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੂੰ ਰਿਪੋਰਟ ਦੇਵੇਗੀ।
ਇਸ ਮੌਕੇ ਜਥੇਦਾਰ ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਸ਼੍ਰੋਮਣੀ ਕਮੇਟੀ, ਡਾ. ਸੁਖਦਰਸ਼ਨ ਸਿੰਘ ਖਹਿਰਾ ਵਾਈਸ ਚਾਂਸਲਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਡਾ. ਪਰਮਵੀਰ ਸਿੰਘ, ਡਾ. ਗੁਰਨਾਇਬ ਸਿੰਘ ਪੰਜਾਬੀ ਯੂਨੀਵਰਸਿਟੀ, ਡਾ. ਕਿਰਨਦੀਪ ਕੌਰ, ਡਾ. ਪ੍ਰਿਤਪਾਲ ਸਿੰਘ ਰਜਿਸਟਰਾਰ, ਡਾ. ਪਰਮਜੀਤ ਸਿੰਘ ਸਰੋਆ, ਭਗਵੰਤ ਸਿੰਘ ਧੰਗੇੜਾ ਨਿੱਜੀ ਸਹਾਇਕ, ਭੁਪਿੰਦਰਪਾਲ ਸਿੰਘ ਤੇ ਮੈਨੇਜਰ ਗੁਰਪ੍ਰੀਤ ਸਿੰਘ ਮੌਜੂਦ ਸਨ।
ਜੀ.ਐੱਨ.ਡੀ.ਯੂ ਦੀ ਅਧਿਆਪਕਾ ਹੋਈ ਕਿਡਨੈਪ! (ਵੀਡੀਓ)
NEXT STORY