ਬਟਾਲਾ, (ਬੇਰੀ)- ਅੱਜ ਪੁਲਸ ਵਿਭਾਗ ਕੋਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਮੁਹੱਲਾ ਵਾਸੀਆਂ ਨਾਲ ਐੱਸ. ਐੱਸ. ਪੀ. ਦਫਤਰ ਅੱਗੇ ਪੀੜਤ ਪਰਿਵਾਰ ਨੇ ਧਰਨਾ ਦਿੰਦੇ ਹੋਏ ਉਨ੍ਹਾਂ ਦੇ ਪਰਿਵਾਰਕ ਮੈਂਬਰ ਦਾ ਕਤਲ ਕਰਨ ਵਾਲੇ ਸਬੰਧਤ ਵਿਅਕਤੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਅੱਜ ਬਲਦੇਵ ਸਿੰਘ ਦੀ ਅਗਵਾਈ ਵਿਚ ਪੀੜਤ ਪਰਿਵਾਰ ਵੱਲੋਂ ਸੜਕ 'ਤੇ ਧਰਨਾ ਦਿੰਦੇ ਹੋਏ ਪੁਲਸ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ 'ਤੇ ਰੋਸ ਪੂਰਵਕ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਮਨਮੋਹਨਪ੍ਰੀਤ ਸਿੰਘ ਦੀ ਮਾਤਾ ਰਾਜਵਿੰਦਰ ਕੌਰ ਪਤਨੀ ਨਿਸ਼ਾਨ ਸਿੰਘ ਵਾਸੀ ਰਾਮਬਾਗ ਕਾਲੋਨੀ ਬਾਊਲੀ ਇੰਦਰਜੀਤ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਮੁਹੱਲਾ ਵਾਸੀਆਂ ਦੀ ਹਾਜ਼ਰੀ ਵਿਚ ਦੱਸਿਆ ਕਿ ਉਸਦੇ ਲੜਕੇ ਮਨਮੋਹਨਪ੍ਰੀਤ ਸਿੰਘ ਉਰਫ ਲੱਕੀ ਰੰਧਾਵਾ ਦਾ ਬੀਤੀ 25 ਅਕਤੂਬਰ ਨੂੰ ਕੁਝ ਲੋਕਾਂ ਵੱਲੋਂ ਪਾਂਧੀਆਂ ਚੌਕ ਚੱਕਰੀ ਬਾਜ਼ਾਰ ਬਟਾਲਾ ਵਿਚ ਕਤਲ ਕਰ ਦਿੱਤਾ ਗਿਆ ਸੀ, ਜਿਸ ਸਬੰਧ ਵਿਚ ਸਿਟੀ ਪੁਲਸ ਨੇ ਬਣਦੀਆਂ ਧਾਰਾਵਾਂ ਹੇਠ ਸਬੰਧਤ ਲੋਕਾਂ ਦੇ ਵਿਰੁੱਧ ਕੇਸ ਦਰਜ ਕਰਨ ਤੋਂ ਬਾਅਦ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਹੋਰਨਾਂ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ, ਜਿਸਦੇ ਕਰ ਕੇ ਉਨ੍ਹਾਂ ਨੂੰ ਅਜੇ ਤੱਕ ਪੁਲਸ ਵੱਲੋਂ ਇਨਸਾਫ ਨਹੀਂ ਮਿਲ ਸਕਿਆ ਅਤੇ ਅੱਜ ਉਨ੍ਹਾਂ ਨੂੰ ਐੱਸ. ਐੱਸ. ਪੀ. ਦਫਤਰ ਅੱਗੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ।
ਧਰਨੇ 'ਤੇ ਬੈਠੇ ਪੀੜਤ ਪਰਿਵਾਰ ਦੇ ਸਮਰਥਨ 'ਚ ਸ਼ਿਵ ਸੈਨਾ ਹਿੰਦੋਸਤਾਨ ਦੇ ਸੂਬਾ ਯੂਥ ਪ੍ਰਧਾਨ ਹਨੀ ਮਹਾਜਨ ਅਤੇ ਸਾਥੀ ਵੀ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਪੀੜਤ ਪਰਿਵਾਰ ਨੂੰ ਬਣਦਾ ਇਨਸਾਫ ਦਿਵਾਉਣ ਲਈ ਐੱਸ. ਪੀ. ਇਨਵੈਸਟੀਗੇਸ਼ਨ ਬਟਾਲਾ ਸੂਬਾ ਸਿੰਘ ਨਾਲ ਉਨ੍ਹਾਂ ਦੇ ਦਫਤਰ ਵਿਖੇ ਜਾ ਕੇ ਗੱਲਬਾਤ ਕੀਤੀ, ਜਿਸ 'ਤੇ ਐੱਸ. ਪੀ. ਸੂਬਾ ਸਿੰਘ ਨੇ ਸਬੰਧਤ ਵਿਅਕਤੀਆਂ ਨੂੰ ਜਲਦ ਗ੍ਰਿਫਤਾਰ ਕਰ ਕੇ ਪੀੜਤ ਪਰਿਵਾਰ ਨੂੰ ਬਣਦਾ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ। ਉਪਰੰਤ ਐੱਸ. ਐੱਚ. ਓ. ਸਿਟੀ ਵਿਸ਼ਵਾਮਿੱਤਰ ਨੇ ਧਰਨੇ ਨੂੰ ਚੁੱਕਵਾਇਆ।
ਧਰਨਾ ਦੇਣ ਵਾਲਿਆਂ ਵਿਚ ਨਵਤੇਜ ਸਿੰਘ ਗੁੱਗੂ ਸੰਚਾਲਕ ਸਭ ਦਾ ਭਲਾ ਹਿਊਮੈਨਿਟੀ ਕਲੱਬ ਬਟਾਲਾ, ਹਨੀ ਮਹਾਜਨ ਸੂਬਾ ਯੂਥ ਪ੍ਰਧਾਨ ਸ਼ਿਵ ਸੈਨਾ ਹਿੰਦੋਸਤਾਨ, ਲੱਕੀ ਯਾਦਵ, ਅਮਨ ਬਾਸਰਪੁਰਾ, ਹਰਜੀਤ ਸਿੰਘ, ਜੀਤੂ, ਗੁਰਮੇਜ ਸਿੰਘ, ਬਲਜੀਤ ਸਿੰਘ, ਗੁਰਜੀਤ ਸਿੰਘ, ਮਨਪ੍ਰੀਤ ਸਿੰਘ, ਸਾਹਿਬਪ੍ਰੀਤ ਸਿੰਘ, ਬੱਬੂ ਅਲੀਵਾਲ, ਹੈਪੀ ਰਿਆਲੀ, ਦੀਪਕ ਕੁਮਾਰ, ਸੰਨੀ ਤਲਵੰਡੀ ਆਦਿ ਹਾਜ਼ਰ ਸਨ।
ਮੋਦੀ ਸਰਕਾਰ ਨੇ ਦੇਸ਼ ਨੂੰ ਬੁਰੇ ਦਿਨ ਦਿਖਾਏ : ਕਾਂਗਰਸੀ ਆਗੂ
NEXT STORY