ਮੋਗਾ, (ਆਜ਼ਾਦ)- ਬਸਤੀ ਗੋਬਿੰਦਗੜ੍ਹ ਮੋਗਾ ਨਿਵਾਸੀ ਇਕ ਔਰਤ ਨੇ ਆਪਣੇ ਪਤੀ ਨੂੰ ਘਰੇਲੂ ਸਾਮਾਨ ਲਿਜਾਣ ਤੋਂ ਰੋਕਣ 'ਤੇ ਪਤੀ ਅਤੇ ਉਸ ਦੇ ਸਹੁਰੇ ਪਰਿਵਾਰ ਵੱਲੋਂ ਉਸ ਨੂੰ ਕਮਰੇ 'ਚ ਬੰਨ੍ਹ ਕੇ ਕੁੱਟਮਾਰ ਕਰ ਕੇ ਜ਼ਖ਼ਮੀ ਕੀਤੇ ਜਾਣ ਦਾ ਦੋਸ਼ ਲਾਇਆ ਹੈ।
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ 14 ਸਾਲ ਪਹਿਲਾਂ ਰਾਜਵਿੰਦਰ ਸਿੰਘ ਪੁੱਤਰ ਸਾਹਿਬ ਦਿਆਲ ਨਿਵਾਸੀ ਬਸਤੀ ਗੋਬਿੰਦਗੜ੍ਹ, ਮੋਗਾ ਦੇ ਨਾਲ ਹੋਇਆ ਸੀ। ਉਸ ਦੇ ਦੋ ਬੱਚੇ ਹਨ। ਉਸ ਦਾ ਪਤੀ ਅਕਸਰ ਹੀ ਉਸ ਨੂੰ ਲੰਮੇ ਸਮੇਂ ਤੋਂ ਤੰਗ-ਪ੍ਰੇਸ਼ਾਨ ਕਰਦਾ ਆ ਰਿਹਾ ਹੈ। ਬੀਤੀ 31 ਜੁਲਾਈ ਨੂੰ ਉਹ ਘਰ 'ਚੋਂ ਐਕਟਿਵਾ ਸਕੂਟਰੀ, ਗੈਸ ਸਿੰਲਡਰ, ਸੋਨੇ ਦੀ ਚੇਨੀ, ਕਾਂਟੇ ਆਦਿ ਸਾਮਾਨ ਚੁੱਕ ਕੇ ਬਾਹਰ ਲਿਜਾਣ ਲੱਗਾ, ਜਿਸ 'ਤੇ ਜਦੋਂ ਮੈਂ ਉਸ ਨੂੰ ਰੋਕਿਆ ਤਾਂ ਉਸ ਨੇ ਅਤੇ ਸਹੁਰੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਮੇਰੀ ਕੁੱਟਮਾਰ ਕੀਤੀ ਅਤੇ ਮੇਰੇ ਪਤੀ ਨੇ ਰਸੋਈ 'ਚੋਂ ਤੇਜ਼ਧਾਰ ਚਾਕੂ ਚੁੱਕ ਮੇਰੀ ਬਾਂਹ 'ਤੇ ਮਾਰਿਆ ਅਤੇ ਮੈਨੂੰ ਕਮਰੇ 'ਚ ਬੰਦ ਕਰ ਦਿੱਤਾ, ਜਿਸ 'ਤੇ ਮੈਂ ਰੌਲਾ ਪਾਇਆ ਤਾਂ ਕਥਿਤ ਦੋਸ਼ੀ ਉੱਥੋਂ ਭੱਜ ਗਏ। ਮੈਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ ਅਤੇ ਅਸੀਂ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ।
ਘਟਨਾ ਦੀ ਜਾਣਕਾਰੀ ਮਿਲਣ 'ਤੇ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਵਰਿੰਦਰ ਕੁਮਾਰ ਪੁਲਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਅਤੇ ਪੀੜਤਾ ਤੋਂ ਪੁੱਛਗਿੱਛ ਕਰ ਕੇ ਉਸ ਦੇ ਬਿਆਨ ਦਰਜ ਕੀਤੇ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੀੜਤਾ ਦੇ ਪਤੀ ਰਾਜਵਿੰਦਰ ਸਿੰਘ, ਬਿੱਟੂ, ਚਰਨ, ਬੇਬੀ, ਕਿਰਨਾ (ਜੇਠ-ਜਠਾਣੀ) ਨਿਵਾਸੀ ਬਸਤੀ ਗੋਬਿੰਦਗੜ੍ਹ, ਮੋਗਾ ਖਿਲਾਫ ਬੰਧਕ ਬਣਾ ਕੇ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।
ਟ੍ਰੈਫਿਕ ਪੁਲਸ ਨੇ ਵਾਹਨਾਂ ਦੇ ਕੀਤੇ ਚਲਾਨ
NEXT STORY