ਗੋਨਿਆਣਾ, (ਗੋਰਾ ਲਾਲ)- ਥਾਣਾ ਨੇਹੀਆਂ ਵਾਲਾ ਅਧੀਨ ਪੈਂਦੇ ਪਿੰਡ ਖਿਆਲੀ ਵਾਲਾ ਤੋਂ ਪਿੰਡ ਢੇਲਵਾਂ ਨੂੰ ਜਾਣ ਵਾਲੀ ਲਿੰਕ ਸੜਕ 'ਚ ਤਿੰਨ ਕਨਾਲਾਂ ਤੋਂ ਵੱਧ ਜ਼ਮੀਨ ਰਲਾਉਣ ਨੂੰ ਲੈ ਕੇ ਚੱਲ ਰਿਹਾ ਸੰਘਰਸ਼ ਵਿਵਾਦ ਦਾ ਰੂਪ ਲੈ ਰਿਹਾ ਹੈ, ਜਿਸ ਕਾਰਨ ਅੱਜ ਇਕੋ ਪਰਿਵਾਰ ਦੇ ਤਿੰਨ ਮੈਂਬਰ ਵਾਟਰ ਵਰਕਸ ਵਾਲੀ ਟੈਂਕੀ 'ਤੇ ਉਸ ਵੇਲੇ ਜਾ ਚੜ੍ਹੇ ਜਦੋਂ ਅੱਜ ਸਬੰਧਿਤ ਵਿਭਾਗ ਆਪਣੇ ਸਾਜੋ-ਸਾਮਾਨ ਨਾਲ ਕੁਝ ਘਰਾਂ ਦੀ ਖਾਲੀ ਪਈ ਜ਼ਮੀਨ 'ਤੇ ਸੜਕ ਬਣਾਉਣ ਲਈ ਪੁੱਜ ਗਏ।
ਇਸ ਮੌਕੇ ਜਗਦੀਸ਼ ਐੱਸ. ਡੀ. ਓ, ਚੰਦਰਮੋਹਨ ਜੇ. ਈ., ਪੀ. ਡਬਲਿਊ. ਡੀ. ਅਤੇ ਸਬੰਧਿਤ ਵਿਭਾਗ ਦੇ ਕਰਮਚਾਰੀ ਮੌਜੂਦ ਸਨ। ਮਿਲੀ ਜਾਣਕਾਰੀ ਅਨੁਸਾਰ ਪਿਛਲੀ ਅੱਧੀ ਸਦੀ ਤੋਂ ਰਹਿੰਦੇ ਲੋਕਾਂ ਦੀ ਜ਼ਮੀਨ ਨੂੰ ਬਿਨਾਂ ਕਿਸੇ ਐਕਵਾਇਰਮੈਂਟ ਦੇ ਸੜਕ ਦਾ ਰੂਪ ਦੇ ਦਿੱਤਾ ਗਿਆ ਸੀ, ਇਥੇ ਹੀ ਬਸ ਨਹੀਂ ਪਿਛਲੇ ਸਾਲ ਸਬੰਧਿਤ ਵਿਭਾਗ ਦੀ ਹਾਜ਼ਰੀ 'ਚ ਉੁਕਤ ਜ਼ਮੀਨ ਖਾਲੀ ਕਰ ਕੇ ਸਰਕਾਰੀ ਜਗ੍ਹਾ 'ਤੇ ਇੱਟਾਂ ਦਾ ਖੜਵੰਜਾ ਲਗਾ ਦਿੱਤਾ ਗਿਆ ਸੀ, ਜਿਸ ਕਾਰਨ ਕੁਝ ਦਿਨ ਪਹਿਲਾਂ ਮਾਣਯੋਗ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਚੰਡੀਗੜ੍ਹ ਸਬੰਧਿਤ ਵਿਭਾਗ ਅਤੇ ਪਿੰਡ ਖਿਆਲੀ ਵਾਲਾ ਦੀ ਪੰਚਾਇਤ ਨੂੰ ਇਕ ਹੁਕਮ ਜਾਰੀ ਕੀਤਾ ਕਿ ਜੇਕਰ ਉਹ ਚਾਹੁਣ ਤਾਂ ਉਹ ਪੰਚਾਇਤੀ ਜਗ੍ਹਾ 'ਤੇ ਸੜਕ ਬਣਾ ਸਕਦੇ ਹਨ।
ਪੀ. ਡਬਲਿਊ. ਦੀ ਇਸ ਕਾਰਵਾਈ ਤੋਂ ਅੱਕੇ ਤਿੰਨ ਕਨਾਲਾਂ ਸੱਤ ਮਰਲੇ ਜ਼ਮੀਨ ਦੇ ਮਾਲਕ, ਜਿਨ੍ਹਾਂ 'ਚ ਸਤਨਾਮ ਸਿੰਘ (ਗਾਡਰ ਸਿੰਘ) ਪੁੱਤਰ ਨੀਲਾ ਸਿੰਘ, ਗਮਦੂਰ ਸਿੰਘ ਪੁੱਤਰ ਡਿਪਟੀ ਸਿੰਘ ਅਤੇ ਲਾਭ ਕੌਰ ਪਤਨੀ ਸੋਹਣ ਸਿੰਘ ਵਾਸੀਆਨ ਖਿਆਲੀ ਵਾਲਾ ਦੁਪਹਿਰ ਤਿੰਨ ਕੁ ਵਜੇ ਪਿੰਡ ਦੀ ਵਾਟਰ ਵਰਕਸ ਵਾਲੀ ਟੈਂਕੀ 'ਤੇ ਚੜ੍ਹ ਗਏ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਸਰਕਾਰ ਅਤੇ ਸਬੰਧਿਤ ਵਿਭਾਗ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸਬੰਧਿਤ ਵਿਭਾਗ ਨੇ ਆਪਣੇ ਸਾਜੋ ਸਾਮਾਨ ਨਾਲ ਤੁਰੰਤ ਵਾਪਸੀ ਕਰ ਲਈ, ਸੂਚਨਾ ਮਿਲਣ 'ਤੇ ਸੁਖਚਰਨ ਸਿੰਘ ਚੰਨੀ ਨਾਇਬ ਤਹਿਸੀਲਦਾਰ ਅਤੇ ਭਾਰੀ ਗਿਣਤੀ 'ਚ ਪੁਲਸ ਪਹੁੰਚ ਗਈ, ਆਖਰਕਾਰ ਪੀ. ਡਬਲਿਊ. ਡੀ. ਦੇ ਅਧਿਕਾਰੀਆਂ ਨੂੰ ਪਿੰਡ ਵਾਸੀਆਂ ਦੀ ਮੰਗ ਅੱਗੇ ਝੁੱਕਣਾ ਪਿਆ ਕਿ ਜਿਥੇ ਧਰਨਾਕਾਰੀ ਚਾਹੁੰਦੇ ਹਨ, ਵਿਭਾਗੀ ਕਾਰਵਾਈ ਅਨੁਸਾਰ ਉਥੇ ਹੀ ਸੜਕ ਬਣਾਈ ਜਾਵੇਗੀ।
ਇਸ ਸਬੰਧੀ ਜਦੋਂ ਇੰਦਰਜੀਤ ਸਿੰਘ ਐਕਸੀਅਨ ਪੀ. ਡਬਲਿਊ. ਡੀ. ਨਾਲ ਸਪੰਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਮੰਗ ਮੰਨ ਲਈ ਗਈ ਹੈ, ਪਿੰਡ ਦੀ ਪੰਚਾਇਤੀ ਜ਼ਮੀਨ 'ਚ ਹੀ ਸੜਕ ਬਣਾਈ ਜਾਵੇਗੀ। ਟੈਂਕੀ 'ਤੇ ਚੜ੍ਹੇ ਇਕੋ ਪਰਿਵਾਰ ਦੇ ਤਿੰਨ ਮੈਂਬਰ ਹੇਠਾਂ ਉੱਤਰ ਆਏ, ਜਿਸ ਦੀ ਅਗਲੀ ਕਾਰਵਾਈ ਦੌਰਾਨ ਇਹ ਕੰਮ ਰੋਕ ਕੇ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਹੀ ਹੋਵੇਗਾ।
ਕਿਸਾਨਾਂ ਦੀ ਫਸਲ ਨੂੰ ਪਕਾਉਣ ਲਈ ਪੁਲਸ ਦੀ ਅਗਵਾਈ 'ਚ ਖੇਤੀਬਾੜੀ ਵਿਭਾਗ ਨੇ ਕੀਤੀ ਛਾਪਾਮਾਰੀ
NEXT STORY