ਪਟਿਆਲਾ, (ਜੋਸਨ)- ਨਗਰ ਨਿਗਮ ਚੋਣਾਂ ਨੂੰ ਲੈ ਕੇ ਜਿੱਥੇ ਪਟਿਆਲਾ ਸ਼ਹਿਰ ਵਿਚ ਸਿਆਸਤ ਜ਼ੋਰਾਂ 'ਤੇ ਹੈ, ਉਥੇ ਹੀ ਕਾਂਗਰਸ ਪਾਰਟੀ ਲਈ ਟਿਕਟਾਂ ਦੀ ਵੰਡ ਵੱਡੀ ਸਿਰਦਰਦੀ ਬਣੀ ਹੋਈ ਹੈ। ਸ਼ਹਿਰ ਦੇ ਲਗਭਗ ਹਰੇਕ ਵਾਰਡ 'ਚੋਂ ਅੱਧੀ ਦਰਜਨ ਤੋਂ ਵੱਧ ਆਗੂ ਉਮੀਦਵਾਰੀ ਲਈ ਦਾਅਵਾ ਠੋਕ ਰਹੇ ਹਨ। ਇਸ ਕਰ ਕੇ ਮੋਤੀ ਮਹਿਲ ਲਈ ਵੱਡੀ ਪ੍ਰੇਸ਼ਾਨੀ ਖੜ੍ਹੀ ਹੋ ਗਈ ਹੈ ਕਿ ਟਿਕਟਾਂ ਦੀ ਵੰਡ ਨੂੰ ਕਿਵੇਂ ਨੇਪਰੇ ਚਾੜ੍ਹਿਆ ਜਾਵੇ?
ਇਸ ਸਮੇਂ ਨਿਗਮ ਚੋਣਾਂ ਨੂੰ ਲੈ ਕੇ ਸਥਿਤੀ ਬਹੁਤ ਹੀ ਦਿਲਚਸਪ ਬਣੀ ਹੋਈ ਹੈ। ਸ਼ਹਿਰ ਦੇ 60 ਵਾਰਡਾਂ 'ਚੋਂ ਕਰੀਬ 300 ਤੋਂ ਵੱਧ ਆਗੂ ਉਮੀਦਵਾਰ ਬਣਨ ਲਈ ਲਾਈਨ ਵਿਚ ਹਨ। ਖੁਦ ਆਗੂ ਹੀ ਨਹੀਂ, ਬਲਕਿ ਕਈ ਵਾਰਡਾਂ ਤੋਂ ਉਨ੍ਹਾਂ ਦੀਆਂ ਪਤਨੀਆਂ ਵੀ ਰੇਸ ਵਿਚ ਹਨ। ਸਰਕਾਰ ਨੇ ਮਹਿਲਾਵਾਂ ਦਾ 50 ਫੀਸਦੀ ਰਾਖਵਾਂਕਰਨ ਕਰ ਕੇ ਸਥਿਤੀ ਨੂੰ ਹੋਰ ਵੀ ਭੰਬਲਭੂਸੇ ਵਾਲੀ ਬਣਾ ਦਿੱਤਾ ਹੈ। ਉਧਰ ਨਵੀਂ ਵਾਰਡਬੰਦੀ ਤੋਂ ਕਈ ਕਾਂਗਰਸੀ ਵੀ ਨਿਰਾਸ਼ਾ ਦੇ ਆਲਮ ਵਿਚ ਹਨ। ਅਜਿਹੇ ਆਗੂ ਜਿਨ੍ਹਾਂ ਦੇ ਵਾਰਡਾਂ ਮਹਿਲਾਵਾਂ ਲਈ ਰਾਖਵੇਂ ਹੋ ਗਏ ਹਨ, ਉਨ੍ਹਾਂ ਆਪਣੀਆਂ ਪਤਨੀਆਂ ਨੂੰ ਸਰਗਰਮ ਕਰ ਦਿੱਤਾ ਹੈ।
ਦੂਜੇ ਪਾਸੇ ਚੋਣਾਂ ਸਿਰ 'ਤੇ ਆਉਣ ਦੇ ਬਾਵਜੂਦ ਵੀ ਅਜੇ ਤੱਕ ਕਿਸੇ ਵੀ ਆਗੂ ਨੂੰ ਮੋਤੀ ਬਾਗ ਪੈਲਸ ਵੱਲੋਂ ਥਾਪੜਾ ਨਹੀਂ ਦਿੱਤਾ ਗਿਆ। ਇੱਕਾ-ਦੁੱਕਾ ਆਗੂਆਂ ਨੂੰ ਛੱਡ ਕੇ ਬਾਕੀ ਹਰੀ ਝੰਡੀ ਦੀ ਉਡੀਕ ਵਿਚ ਹਨ। ਉਮੀਦਵਾਰੀ ਦੇ ਚਾਹਵਾਨ ਆਗੂ ਮਹਿਲ ਦੇ ਗੇੜੇ ਕੱਢ ਰਹੇ ਹਨ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਆਗੂਆਂ ਨੂੰ ਟਿਕਟਾਂ ਸਬੰਧੀ ਗੱਲ ਕਰਨ ਵਾਸਤੇ ਮਹਾਰਾਣੀ ਪ੍ਰਨੀਤ ਕੌਰ ਸਮਾਂ ਨਹੀਂ ਦੇ ਰਹੇ।
5-5 ਸੀਨੀਅਰ ਨੇਤਾਵਾਂ ਦੇ ਘਰ ਇੱਕੋ ਵਾਰਡ 'ਚ ਹੀ ਆਏ : ਸ਼ਹਿਰ ਦੀ ਹੋਈ ਨਵੀਂ ਵਾਰਡਬੰਦੀ ਵਿਚ ਕਈ ਵਾਰਡ ਅਜਿਹੇ ਬਣ ਗਏ ਹਨ, ਜਿੱਥੇ ਕਈ 4-4 ਜਾਂ 5-5 ਸੀਨੀਅਰ ਆਗੂਆਂ ਦੇ ਘਰ ਇੱਕੋ ਵਾਰਡ 'ਚ ਆ ਗਏ ਹਨ। ਮੋਤੀ ਮਹਿਲ ਲਈ ਇਸ ਸਥਿਤੀ ਨਾਲ ਨਿਪਟਣਾ ਸੌਖਾ ਨਹੀਂ ਹੋਵੇਗਾ। ਉਧਰ ਕਈ ਕਾਂਗਰਸੀ ਆਗੂ ਇਹ ਮੰਨ ਕੇ ਟਿਕਟ ਦਾ ਦਾਅਵਾ ਠੋਕ ਰਹੇ ਹਨ ਕਿ ਸਰਕਾਰ ਹੋਣ ਕਾਰਨ ਆਸਾਨੀ ਨਾਲ ਜਿੱਤਿਆ ਜਾ ਸਕਦਾ ਹੈ। ਸ਼ਹਿਰ ਦੇ ਕਈ ਵਾਰਡ ਅਜਿਹੇ ਹਨ, ਜਿਥੇ ਅਕਾਲੀ ਉਮੀਦਵਾਰ ਨੂੰ ਜਿੱਤਣਾ ਔਖਾ ਨਹੀਂ ਹੋਏਗਾ। ਇਨ੍ਹਾਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਫਿਲਹਾਲ ਕਿਸੇ ਵੀ ਲਾਈਨ ਵਿਚ ਨਹੀਂ ਗਿਣਿਆ ਜਾ ਰਿਹਾ।
ਅਕਾਲੀ ਉਮੀਦਵਾਰ ਅਜੇ ਠੰਡੇ : ਜੇਕਰ ਅਕਾਲੀ ਆਗੂਆਂ ਦੀ ਗੱਲ ਕਰੀਏ ਤਾਂ ਇਨ੍ਹਾਂ ਚੋਣਾਂ ਵਿਚ ਪੁਰਾਣੇ ਜਿੱਤੇ ਕੌਂਸਲਰਾਂ ਵਿਚੋਂ ਅੱਧੇ ਤਾਂ ਆਪਣੀ ਦਾਅਵੇਦਾਰੀ ਜਤਾ ਰਹੇ ਹਨ। ਅਕਾਲੀ ਲੀਡਰਸ਼ਿਪ ਦਾ ਦਾਅਵਾ ਹੈ ਕਿ ਕਾਰਪੋਰੇਸ਼ਨ ਚੋਣਾਂ ਪੂਰੇ ਜ਼ੋਰਾਂ ਨਾਲ ਲੜੀਆਂ ਜਾਣਗੀਆਂ। ਕੁੱਝ ਕੁ ਦਾ ਮੰਨਣਾ ਹੈ ਕਿ ਜਿੱਤ ਯਕੀਨਨ ਨਹੀਂ ਹੈ। ਚੋਣਾਂ ਵਿਚ ਪੈਸਾ ਖਰਾਬ ਕਰਨ ਵਾਲਾ ਕੰਮ ਹੈ। ਆਮ ਆਦਮੀ ਪਾਰਟੀ ਚੋਣਾਂ ਨੂੰ ਲੈ ਕੇ ਖੁਦ ਦੁਚਿੱਤੀ ਵਿਚ ਹੈ ਕਿ ਰਣਨੀਤੀ ਕਿਵੇਂ ਸ਼ੁਰੂ ਕੀਤੀ ਜਾਵੇ? ਭਾਜਪਾ ਦਾ ਹਾਲ ਵੀ ਬਹੁਤਾ ਵਧੀਆ ਨਹੀਂ ਹੈ। ਉਨ੍ਹਾਂ ਆਪਣੇ ਉਮੀਦਵਾਰਾਂ ਬਾਰੇ ਅਜੇ ਵੀ ਪੱਤੇ ਨਹੀਂ ਖੋਲ੍ਹੇ। ਭਾਜਪਾ ਖੇਮੇ ਵਿਚ ਪੂਰੀ ਤਰ੍ਹਾਂ ਸ਼ਾਂਤੀ ਹੈ।
ਜ਼ਿਲਾ ਕਾਂਗਰਸ ਨੇ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ
ਪਹਿਲੇ ਦਿਨ 150 ਤੋਂ ਵੱਧ ਫਾਰਮ ਵਿਕੇ
ਪਟਿਆਲਾ, (ਰਾਜੇਸ਼)-ਬੇਸ਼ੱਕ ਪੰਜਾਬ ਚੋਣ ਕਮਿਸ਼ਨ ਨੇ ਅਜੇ ਪਟਿਆਲਾ ਨਗਰ ਨਿਗਮ ਦੀਆਂ ਚੋਣਾਂ ਦਾ ਐਲਾਨ ਨਹੀਂ ਕੀਤਾ ਪਰ ਜ਼ਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਵੱਲੋਂ ਨਗਰ ਨਿਗਮ ਚੋਣਾਂ ਲੜਨ ਦੇ ਇਛੁੱਕ ਉਮੀਦਵਾਰਾਂ ਤੋਂ ਅਰਜ਼ੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜ਼ਿਲਾ ਕਾਂਗਰਸ ਨੇ ਇਕ ਫਾਰਮ ਦੀ ਕੀਮਤ 1000 ਰੁਪਏ ਰੱਖੀ ਹੈ। ਪਹਿਲੇ ਦਿਨ 150 ਦੇ ਲਗਭਗ ਫਾਰਮ ਵਿਕੇ।
ਅਮਰ ਆਸ਼ਰਮ ਸਾਹਮਣੇ ਸਥਿਤ ਜ਼ਿਲਾ ਕਾਂਗਰਸ ਦੇ ਦਫ਼ਤਰ 'ਚ ਬੇਸ਼ੱਕ ਜ਼ਿਲਾ ਪ੍ਰਧਾਨ ਪ੍ਰੇਮ ਕਿਸ਼ਨ ਪੁਰੀ ਬੀਮਾਰ ਹੋਣ ਕਾਰਨ ਖੁਦ ਨਹੀਂ ਆਏ ਪਰ ਮੋਤੀ ਬਾਗ ਦੇ ਅਤਿ ਕਰੀਬੀ ਸੁਰਿੰਦਰ ਸਿੰਘ ਘੁੰਮਣ ਅਤੇ ਐੈੱਸ. ਐੈੱਸ. ਵਾਲੀਆ ਦੀ ਅਗਵਾਈ ਵਾਲੀ ਟੀਮ ਨੇ ਵਰਕਰਾਂ ਨੂੰ ਫਾਰਮ ਦਿੱਤੇ। ਉਨ੍ਹਾਂ ਨੂੰ 30 ਨਵੰਬਰ ਤੱਕ ਆਪਣੇ ਫਾਰਮ ਭਰ ਕੇ ਜਮ੍ਹਾ ਕਰਵਾਉਣ ਲਈ ਕਿਹਾ ਗਿਆ ਹੈ ਤਾਂ ਜੋ ਇਹ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਭੇਜੇ ਜਾ ਸਕਣ।
ਸੂਤਰਾਂ ਅਨੁਸਾਰ ਪਟਿਆਲਾ ਨਗਰ ਨਿਗਮ ਦੀਆਂ ਟਿਕਟਾਂ ਦੇਣ ਲਈ ਪ੍ਰਦੇਸ਼ ਕਾਂਗਰਸ ਕਮੇਟੀ ਨੇ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਅਤੇ ਮਹਾਰਾਣੀ ਪ੍ਰਨੀਤ ਕੌਰ ਸ਼ਾਮਲ ਹਨ। ਪਟਿਆਲਾ ਚੋਣ ਲਈ ਸਾਧੂ ਸਿੰਘ ਧਰਮਸੌਤ ਨੂੰ ਇੰਚਾਰਜ ਮੰਤਰੀ ਲਾਇਆ ਗਿਆ ਹੈ।
ਅਕਾਲੀ ਦਲ ਸੁਤੰਤਰ ਨੇ ਨਗਰ ਕੌਂਸਲ ਖਿਲਾਫ ਜੰਮ ਕੇ ਕੀਤੀ ਨਾਅਰੇਬਾਜ਼ੀ
NEXT STORY