ਬਟਾਲਾ (ਬਿਊਰੋ) :ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਅੰਦਰ ਖੇਡ ਸੱਭਿਆਚਾਰ ਪੈਦਾ ਕਰਨ ਲਈ ਸਫਲ ਯਤਨ ਕੀਤੇ ਗਏ ਹਨ। ਜਿਸ ਦੇ ਚੱਲਦਿਆਂ ਖੇਡਾਂ ਦਾ ਬਜਟ ਵਧਾਇਆ ਗਿਆ ਕਾਰਗਾਰ ਨਵੀਂ ਖੇਡ ਨੀਤੀ ਬਣਾਉਣ ਲਈ ਮਾਹਿਰਾਂ ਦੀ ਕਮੇਟੀ ਬਣਾਈ ਗਈ ਹੈ। ਇਹ ਗੱਲ ਅੱਜ ਕੋਟਲਾ ਸ਼ਾਹੀਆ ਵਿਖੇ ਸੁਰਜੀਤ ਸਪਰੋਟਸ ਐਸੋਸੀਏਸ਼ਨ (ਰਜਿ) ਬਟਾਲਾ ਵੱਲੋਂ ਕਰਵਾਈਆਂ ਜਾ ਰਹੀਆਂ 29ਵੀਆਂ ਕਮਲਜੀਤ ਖੇਡਾਂ ਦੇ ਤੀਜੇ ਦਿਨ ਸੰਬੋਧਨ ਕਰਦਿਆਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖੇਡਾਂ ’ਚ ਮੋਹਰੀ ਸੂਬਾ ਬਣਾਉਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਤਹਿਤ ‘ਖੇਡਾਂ ਵਤਨ ਪੰਜਾਬ ਦੀਆਂ’ ਕਰਵਾਈਆਂ ਗਈਆਂ ਜਿਸ ਦੌਰਾਨ 9961 ਜੇਤੂ ਖਿਡਾਰੀਆਂ ਨੂੰ 6.85 ਕਰੋੜ ਰੁਪਏ ਦੇ ਇਨਾਮ ਵੰਡੇ ਗਏ ਅਤੇ ਰਾਸ਼ਟਰਮੰਡਲ ਖੇਡਾਂ ਦੇ ਜੇਤੂਆਂ ਨੂੰ 9.30 ਕਰੋੜ ਰੁਪਏ ਦੀ ਇਨਾਮ ਰਾਸ਼ੀ ਦਿੱਤੀ ਗਈ। ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵਜ਼ੀਫ਼ਾ ਸਕੀਮ ਸ਼ੁਰੂ ਕੀਤੀ ਗਈ ਜਿਸ ਅਧੀਨ ਸੀਨੀਅਰ ਨੈਸ਼ਨਲ ਚੈਂਪੀਅਨ ਨੂੰ 8000 ਰੁਪਏ ਮਹੀਨਾ ਤੇ ਜੂਨੀਅਰ ਨੈਸ਼ਨਲ ਚੈਂਪੀਅਨ ਨੂੰ 6000 ਰੁਪਏ ਮਹੀਨਾ ਵਜ਼ੀਫ਼ਾ ਦਿੱਤਾ ਜਾਵੇਗਾ। ਖੇਡ ਵਿਭਾਗ ਜਲਦ ਹੀ 220 ਕੋਚ ਭਰਤੀ ਕਰਨ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ ਵਿਚ ਵੱਡਾ ਨਾਂ ਸਨ ਰਣਜੀਤ ਸਿੰਘ ਬ੍ਰਹਮਪੁਰਾ, ਅਜਿਹਾ ਰਿਹਾ ਸਿਆਸੀ ਸਫ਼ਰ
ਮੀਤ ਹੇਅਰ ਨੇ ਖੇਡਾਂ ਦੇ ਪ੍ਰਬੰਧਕਾਂ ਦੀ ਸਰਾਹਨਾ ਕਰਦਿਆਂ ਕਿਹਾ ਕਿ ਵਿਸ਼ਵ ਹਾਕੀ ਦੇ ਮਹਾਨ ਖਿਡਾਰੀ ਓਲੰਪੀਅਨ ਸੁਰਜੀਤ ਸਿੰਘ ਦੀ ਯਾਦ ’ਚ ਬਣੀ ਸੁਰਜੀਤ ਸਪਰੋਟਸ ਐਸੋਸੀਏਸ਼ਨ ਵੱਲੋਂ ਕੋਟਲ਼ਾ ਸ਼ਾਹੀਆ ਵਿਖੇ ਆਪਣੇ ਵਿੱਛੜੇ ਕੌਮੀ ਪੱਧਰ ਦੇ ਅਥਲੀਟ ਕਮਲਜੀਤ ਸਿੰਘ ਦੀ ਯਾਦ ’ਚ ਪਿਛਲੇ 30 ਸਾਲਾਂ ਤੋਂ ਖੇਡਾਂ ਕਰਵਾਉਣਾ ਬਹੁਤ ਵਧੀਆ ਉਪਰਾਲਾ ਹੈ। ਇਨ੍ਹਾਂ ਖੇਡਾਂ ਦੀ ਖ਼ਾਸੀਅਤ ਹੈ ਕਿ ਇਹ ਓਲੰਪਿਕ ਚਾਰਟਰ ਦੀਆਂ ਖੇਡਾਂ ਹਨ ਜਿਸ ਵਿੱਚ ਅਥਲੈਟਿਕਸ ਦੇ ਟਰੈਕ ਤੇ ਫੀਲਡ ਈਵੈਂਟਾਂ ਤੋਂ ਇਲਾਵਾ ਫ਼ੁਟਬਾਲ, ਹਾਕੀ, ਵਾਲੀਬਾਲ, ਕਬੱਡੀ ਤੇ ਨੈਟਬਾਲ ਦੇ ਮੁਕਾਬਲੇ ਕਰਵਾਏ ਜਾਣਗੇ। ਜੇਤੂਆਂ ਨੂੰ 18 ਲੱਖ ਰੁਪਏ ਦੇ ਨਗਦ ਇਨਾਮਾਂ ਤੋਂ ਇਲਾਵਾ ਪੁਸਤਕਾਂ ਵੀ ਇਨਾਮ ਵਿੱਚ ਦੇਣਾ ਬਹੁਤ ਵਧੀਆ ਉਪਰਾਲਾ ਹੈ।ਖਿਡਾਰੀਆਂ ਨੂੰ ਸਾਹਿਤ ਨਾਲ ਜੋੜਨ ਦੀ ਵਧੀਆ ਰੀਤ ਹੈ।ਪੰਜਾਬ ਨੂੰ ਖੇਡਾਂ ਵਿੱਚ ਅੱਗੇ ਲਿਜਾਣ ਲਈ ਅਜਿਹੇ ਖੇਡ ਮੇਲੇ ਬਹੁਤ ਜ਼ਰੂਰੀ ਹੈ। ਖੇਡ ਮੰਤਰੀ ਨੇ ਕਮਲਜੀਤ ਖੇਡਾਂ ਦੇ ਜੇਤੂਆਂ ਨੂੰ ਇਨਾਮ ਦੀ ਵੰਡ ਕੀਤੀ। ਵਿਧਾਇਕ ਅਤੇ ਖੇਡਾਂ ਦੇ ਮੁੱਖ ਪ੍ਰਬੰਧਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਖੇਡ ਮੰਤਰੀ ਦਾ ਖਿਡਾਰੀਆਂ ਦੀ ਹੱਲਾਸ਼ੇਰੀ ਕਰਨ ਅਤੇ ਸੂਬੇ ਵਿੱਚ ਖੇਡਾਂ ਦਾ ਮਾਹੌਲ ਪੈਦਾ ਕਰਨ ਲਈ ਧੰਨਵਾਦ ਕੀਤਾ।
ਅੱਜ ਦੇ ਮੁਕਾਬਲਿਆਂ ’ਚ 100 ਮੀਟਰ ਦੌੜ ’ਚ ਮੁੰਡਿਆਂ ’ਚ ਹਰਜੀਤ ਸਿੰਘ, ਅਮਨਦੀਪ ਸਿੰਘ ਤੇ ਬਿਕਰਮਜੀਤ ਸਿੰਘ, ਕੁੜੀਆਂ ਚ ਸਿਮਰਨਜੀਤ ਕੌਰ, ਰਾਧਾ ਦੇਵੀ ਤੇ ਸੰਦੀਪ ਕੌਰ, 5000 ਮੁੰਡਿਆਂ ’ਚ ਕਰਮ ਸਿੰਘ, ਮਾਹਿਲ ਸਾਗਰ ਤੇ ਜਸ਼ਨਦੀਪ ਸਿੰਘ, 400 ਮੀਟਰ ਮੁੰਡਿਆਂ ’ਚ ਮਨਿੰਦਰ ਸਿੰਘ, ਜਗਵਿੰਦਰ ਕੌਰ ਤੇ ਮਿਥਨ, ਕੁੜੀਆਂ ’ਚ ਗੁਰਜੋਤ ਕੌਰ, ਸੁਖਵਿੰਦਰ ਕੌਰ ਤੇ ਬਲਜੀਤ ਕੌਰ, ਲੰਬੀ ਛਾਲ ਕੁੜੀਆਂ ’ਚ ਦੀਪਤੀ, ਲਵਪ੍ਰੀਤ ਕੌਰ ਤੇ ਕੋਮਲਪ੍ਰੀਤ ਕੌਰ, ਉੱਚੀ ਛਾਲ ਮੁੰਡਿਆਂ ’ਚ ਅਰਸ਼ਪ੍ਰੀਤ ਸਿੰਘ, ਹਨੀ ਕੁਮਾਰ ਤੇ ਗੁਰਸੇਵਕ ਸਿੰਘ, ਡਿਸਕਸ ਥਰੋਅ ਮੁੰਡਿਆਂ ’ਚ ਕਿਰਪਾਲ ਸਿੰਘ, ਬਲਰਾਜ ਦੀਪ ਸਿੰਘ ਤੇ ਦਵਿੰਦਰ ਸਿੰਘ, ਕੁੜੀਆਂ ’ਚ ਨਵਪ੍ਰੀਤ ਕੌਰ, ਨਵਦੀਪ ਕੌਰ ਤੇ ਗੁਰਮੀਤ ਕੌਰ, ਉੱਚੀ ਛਾਲ ਕੁੜੀਆਂ ’ਚ ਰਿੰਪਲ ਕੌਰ, ਹਰਪ੍ਰੀਤ ਕੌਰ ਤੇ ਕਮਲਜੀਤ ਕੌਰ, 1500 ਮੀਟਰ ਕੁੜੀਆਂ ’ਚ ਟਵਿੰਕਲ ਚੌਧਰੀ, ਅੰਜੂ ਯਾਦਵ ਤੇ ਮਨਦੀਪ ਕੌਰ ਅਤੇ 800 ਮੀਟਰ ਮੁੰਡਿਆਂ ’ਚ ਕਰਮ ਸਿੰਘ, ਰਨਜੋਤ ਤੇ ਗੁਰਬਾਜ਼ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ।
ਇਹ ਵੀ ਪੜ੍ਹੋ : MP ਪ੍ਰਨੀਤ ਕੌਰ ਨੇ ਸੰਸਦ ’ਚ ਚੁੱਕਿਆ ਕਿਸਾਨਾਂ ਦਾ ਮੁੱਦਾ, ਰੱਖੀਆਂ ਇਹ ਮੰਗਾਂ
ਇਸ ਮੌਕੇ ਪਨਸਪ ਚੇਅਰਮੈਨ ਬਲਬੀਰ ਸਿੰਘ ਪੰਨੂੰ, ਐੱਸ.ਡੀ.ਐੱਮ. ਬਟਾਲਾ ਸ਼ਾਇਰੀ ਭੰਡਾਰੀ, ਤਹਿਸੀਲਦਾਰ ਲਖਵਿੰਦਰ ਸਿੰਘ, ਬੀ.ਡੀ.ਪੀ.ਓ. ਮਿੱਤਰਪਾਲ ਸਿੰਘ, ਓਲੰਪੀਅਨ ਕੋਚ ਗੁਰਬਖਸ ਸਿੰਘ ਸੰਧੂ, ਲਾਇਨਜ ਕਲੱਬ ਦੇ ਪ੍ਰਧਾਨ ਨਰੇਸ਼ ਲੂਥਰਾ ਤੇ ਵੀ ਐੱਨ ਗੋਇਲ, ਸੁਰਜੀਤ ਸਪੋਟਸ ਐਸ਼ੋਸ਼ੀਏਸ਼ਨ ਰਜਿ. ਬਟਾਲਾ ਦੇ ਨੁਮਾਇੰਦੇ ਪਿਰਥੀਪਾਲ ਸਿੰਘ ਐਸ.ਪੀ. ਆਦਿ ਵੀ ਹਾਜ਼ਰ ਸਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਸਰਕਾਰੀ ਸਕੂਲਾਂ ’ਚ ਸਥਾਪਤ ਕੀਤੇ ਜਾਣਗੇ ਵਿੱਦਿਅਕ ਪਾਰਕ, 11 ਕਰੋੜ 79 ਲੱਖ ਰੁਪਏ ਦੀ ਗ੍ਰਾਂਟ ਜਾਰੀ
NEXT STORY