ਫ਼ਰੀਦਕੋਟ, (ਹਾਲੀ)- ਬੀਤੇ 3-4 ਦਿਨਾਂ ਤੋਂ ਸਮੋਗ ਕਾਰਨ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਸੂਬੇ ਵਿਚ ਸਮੋਗ ਦਾ ਕਹਿਰ ਵਧਦਾ ਜਾ ਰਿਹਾ ਹੈ। ਇਸ ਕਾਰਨ ਮੰਗਲਵਾਰ ਨੂੰ ਆਵਾਜਾਈ ਪ੍ਰਭਾਵਿਤ ਰਹੀ।
ਮੌਸਮ ਵਿਭਾਗ ਅਨੁਸਾਰ ਅਗਲੇ ਤਿੰਨ-ਚਾਰ ਦਿਨਾਂ ਤੱਕ ਸਮੋਗ ਦਾ ਪ੍ਰਭਾਵ ਰਹਿਣ ਦੇ ਆਸਾਰ ਹਨ ਤੇ ਮੀਂਹ ਹੋਣ ਦੀ ਅਜੇ ਤੱਕ ਕੋਈ ਸੰਭਾਵਨਾ ਨਹੀਂ ਬਣ ਰਹੀ। ਸੜਕਾਂ 'ਤੇ ਸਮੋਗ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਬਚਾਅ ਲਈ ਜ਼ਿਲਾ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਇੰਤਜ਼ਾਮ ਨਹੀਂ ਕੀਤੇ ਹਨ। ਵਾਹਨਾਂ ਦੀ ਰਫਤਾਰ ਵੀ ਹੌਲੀ ਪੈ ਗਈ ਤੇ ਵਾਹਨ ਚਾਲਕ ਸਵੇਰੇ ਕਰੀਬ 10 ਵਜੇ ਤੱਕ ਸੜਕਾਂ 'ਤੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਲੰਘਦੇ ਹੋਏ ਵਿਖਾਈ ਦਿੱਤੇ ਅਤੇ ਲੋਕ ਇਕ-ਦੂਜੇ ਦੇ ਪਿਛੇ ਵਾਹਨ ਲਾ ਕੇ ਚੱਲ ਰਹੇ ਸਨ। ਜ਼ਿਆਦਾਤਰ ਵਾਹਨਾਂ ਦੇ ਪਿਛੇ ਰਿਫਲੈਕਟਰ ਨਾ ਲੱਗੇ ਹੋਣ ਕਾਰਨ ਪਿਛੇ ਆ ਰਹੇ ਵਾਹਨਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਕੀ ਕਹਿੰਦੇ ਹਨ ਟ੍ਰੈਫ਼ਿਕ ਇੰਚਾਰਜ
ਇਸ ਸਬੰਧੀ ਟ੍ਰੈਫਿਕ ਇੰਚਾਰਜ ਸੁਖਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਸਮੋਗ ਕਾਰਨ ਵਾਹਨਾਂ 'ਤੇ ਰਿਫਲੈਕਟਰ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਸਮੋਗ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਵ੍ਹੀਕਲਾਂ ਦੀਆਂ ਲਾਈਟਾਂ ਜਗਾ ਕੇ ਚੱਲਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਮਿੱਥੇ ਸਮੇਂ ਤੋਂ ਕਈ ਘੰਟੇ ਦੇਰੀ ਨਾਲ ਚੱਲੀਆਂ ਗੱਡੀਆਂ
ਕੋਟਕਪੂਰਾ, (ਨਰਿੰਦਰ)-ਬੀਤੀ ਸ਼ਾਮ ਤੋਂ ਪਈ ਸੰਘਣੀ ਧੁੰਦ ਕਾਰਨ ਜਿਥੇ ਸੜਕੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਉਥੇ ਇਸ ਦਾ ਰੇਲਵੇ ਆਵਾਜਾਈ 'ਤੇ ਵੀ ਭਾਰੀ ਅਸਰ ਵੇਖਣ ਨੂੰ ਮਿਲਿਆ। ਇਸ ਧੁੰਦ ਕਰਕੇ ਸੁਸਤ ਹੋਈ ਰਫ਼ਤਾਰ ਕਾਰਨ ਜ਼ਿਆਦਾਤਰ ਰੇਲ ਗੱਡੀਆਂ ਆਪਣੇ ਮਿੱਥੇ ਸਮੇਂ ਤੋਂ ਕਈ ਘੰਟੇ ਦੇਰੀ ਨਾਲ ਚੱਲੀਆਂ। ਇਸ ਤੋਂ ਇਲਾਵਾ ਕੁਝ ਗੱਡੀਆਂ ਨੂੰ ਰਸਤੇ ਵਿਚੋਂ ਹੀ ਵਾਪਸ ਜਾਣਾ ਪਿਆ। ਸਟੇਸ਼ਨ ਮਾਸਟਰ ਰਾਮਕੇਸ਼ ਮੀਨਾ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੰਬਈ ਤੋਂ ਫ਼ਿਰੋਜ਼ਪੁਰ ਜਾਣ ਵਾਲੀ ਪੰਜਾਬ ਮੇਲ ਐਕਸ-ਪ੍ਰੈੱਸ ਗੱਡੀ ਆਪਣੇ ਮਿੱਥੇ ਸਮੇਂ ਤੋਂ ਢਾਈ ਘੰਟੇ ਦੇਰੀ ਨਾਲ ਪਹੁੰਚੀ ਅਤੇ ਫ਼ਿਰੋਜ਼ਪੁਰ ਤੋਂ ਵਾਇਆ ਦਿੱਲੀ ਹੋ ਕੇ ਛਿੰਦਵਾੜਾ ਜਾਣ ਵਾਲੀ ਰੇਲ ਗੱਡੀ ਆਪਣੇ ਮਿੱਥੇ ਸਮੇਂ ਤੋਂ 8 ਘੰਟੇ ਦੇਰੀ ਨਾਲ ਪਹੁੰਚੀ। ਇਸ ਤੋਂ ਇਲਾਵਾ ਜੰਮੂ ਤੋਂ ਬਠਿੰਡਾ ਜਾਣ ਵਾਲੀ ਜੰਮੂ ਤਵੀ ਐਕਸ-ਪ੍ਰੈੱਸ ਢਾਈ ਘੰਟੇ ਦੇਰੀ ਨਾਲ, ਬਠਿੰਡਾ ਤੋਂ ਫ਼ਾਜ਼ਿਲਕਾ ਜਾਣ ਵਾਲੀ ਰੇਲ ਗੱਡੀ ਡੇਢ ਘੰਟਾ ਅਤੇ ਫ਼ਾਜ਼ਿਲਕਾ ਤੋਂ ਰਿਵਾੜੀ ਜਾਣ ਵਾਲੀ ਰੇਲ ਗੱਡੀ ਡੇਢ ਘੰਟਾ ਦੇਰੀ ਨਾਲ ਚੱਲੀ। ਇਸ ਤੋਂ ਇਲਾਵਾ ਦਿੱਲੀ ਤੋਂ ਫ਼ਾਜ਼ਿਲਕਾ ਜਾਣ ਵਾਲੀ ਰੇਲ ਗੱਡੀ ਨੂੰ ਬਠਿੰਡਾ ਵਿਖੇ ਹੀ ਰੋਕ ਦਿੱਤਾ ਗਿਆ ਤੇ ਇਹ ਗੱਡੀ ਫ਼ਾਜ਼ਿਲਕਾ ਲਈ ਰਵਾਨਾ ਨਹੀਂ ਹੋ ਸਕੀ। ਉਨ੍ਹਾਂ ਦੱਸਿਆ ਕਿ ਜੇਕਰ ਧੁੰਦ ਇਸੇ ਤਰ੍ਹਾਂ ਰਹੀ ਤਾਂ ਗੱਡੀਆਂ ਹੋਰ ਵੀ ਲੇਟ ਹੋ ਸਕਦੀਆਂ ਹਨ।
ਧੂੰਏਂ ਤੇ ਧੁੰਦ ਨੇ ਲੋਕਾਂ ਦਾ ਕੀਤਾ ਜਿਊਣਾ ਮੁਹਾਲ
ਗਿੱਦੜਬਾਹਾ, (ਕੁਲਭੂਸ਼ਨ)-ਬੀਤੇ 5-6 ਦਿਨਾਂ ਤੋਂ ਆਸਮਾਨ ਵਿਚ ਫੈਲੇ ਧੂੰਏਂ ਅਤੇ ਧੁੰਦ ਨੇ ਜ਼ਿੰਦਗੀ ਦੀ ਰਫ਼ਤਾਰ ਨੂੰ ਹੌਲੀ ਕਰ ਦਿੱਤਾ ਹੈ। ਜਿਥੇ ਵਾਹਨ ਚਾਲਕਾਂ ਨੂੰ ਧੁੰਦ ਕਾਰਨ ਵਾਹਨ ਚਲਾਉਣ ਵਿਚ ਪ੍ਰੇਸ਼ਾਨੀ ਆ ਰਹੀ ਹੈ, ਉਥੇ ਹੀ ਕਿਸਾਨਾਂ ਵੱਲੋਂ ਮਚਾਈ ਜਾ ਰਹੀ ਝੋਨੇ ਦੀ ਪਰਾਲੀ ਤੋਂ ਉੱਠਦੇ ਜ਼ਹਿਰੀਲੇ ਧੂੰਏਂ ਨੇ ਲੋਕਾਂ ਦਾ ਜਿਊਣਾ ਮੁਹਾਲ ਕੀਤਾ ਹੋਇਆ ਹੈ।
ਗਿੱਦੜਬਾਹਾ ਇਲਾਕੇ ਵਿਚ ਅੱਜ ਲਗਾਤਾਰ 5ਵੇਂ ਦਿਨ ਪਈ ਧੁੰਦ ਕਾਰਨ ਲੋਕਾਂ ਨੂੰ ਆਵਾਜਾਈ ਵਿਚ ਦਿੱਕਤਾਂ ਆ ਰਹੀਆਂ ਹਨ। ਧੁੰਦ ਕਾਰਨ ਸਭ ਤੋਂ ਜ਼ਿਆਦਾ ਬੁਰਾ ਹਾਲ ਸਕੂਲੀ ਵਿਦਿਆਰਥੀਆਂ, ਰੋਜ਼ਾਨਾ ਯਾਤਰੀਆਂ ਤੇ ਬਜ਼ੁਰਗਾਂ ਦਾ ਹੋ ਰਿਹਾ ਹੈ, ਜਦਕਿ ਸ਼ਾਮ ਸਮੇਂ ਆਸਮਾਨ ਵਿਚ ਫੈਲਣ ਵਾਲਾ ਧੂੰਆਂ ਸਾਹ ਦੇ ਮਰੀਜ਼ਾਂ ਦੇ ਨਾਲ-ਨਾਲ ਆਮ ਲੋਕਾਂ ਲਈ ਪ੍ਰੇਸ਼ਾਨੀ ਦਾ ਸਬਬ ਬਣਿਆ ਹੋਇਆ ਹੈ। ਗਿੱਦੜਬਾਹਾ ਇਲਾਕੇ ਵਿਚ ਅੱਜ ਸਾਰੀ ਕਾਇਨਾਤ ਧੁੰਦ ਦੀ ਚਾਦਰ ਵਿਚ ਲਿਪਟੀ ਹੋਈ ਸੀ, ਜਦਕਿ ਸੂਰਜ ਦੇਵਤਾ ਵੀ ਇਲਾਕੇ ਵਿਚ ਕਰੀਬ 12 ਵਜੇ ਦੇ ਆਸ-ਪਾਸ ਪ੍ਰਗਟ ਹੋਏ।
ਭੀਖ ਮੰਗਣ ਵਾਲਿਆਂ ਖਿਲਾਫ਼ ਫ਼ਰੀਦਕੋਟ ਪ੍ਰਸ਼ਾਸਨ ਹੋਇਆ ਸਖਤ
NEXT STORY