ਹੁਸ਼ਿਆਰਪੁਰ(ਘੁੰਮਣ)— ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਕਿਹਾ ਕਿ ਜ਼ਿਲੇ ਵਿਚ ਟ੍ਰੈਫਿਕ ਨਿਯਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ ਕਿਉਂਕਿ ਸੜਕ ਹਾਦਸਿਆਂ ਦਾ ਮੁੱਖ ਕਾਰਨ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਹੈ। ਉਹ ਮੰਗਲਵਾਰ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਤਹਿਤ ਪਿਛਲੇ ਇਕ ਮਹੀਨੇ ਦੌਰਾਨ 6001 ਚਲਾਨ ਕੱਟੇ ਗਏ ਹਨ ਅਤੇ ਵਿੱਢੀ ਗਈ ਇਹ ਮੁਹਿੰਮ ਭਵਿੱਖ ਵਿਚ ਵੀ ਜਾਰੀ ਰਹੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਨਾਲ ਦੁਰਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ਵਿਚ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ 11 ਸੰਭਾਵਿਤ ਦੁਰਘਟਨਾ ਖੇਤਰਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਖੇਤਰਾਂ 'ਚ ਵਾਹਨ ਚਾਲਕਾਂ ਨੂੰ ਸੁਚੇਤ ਕਰਨ ਲਈ ਜਾਗਰੂਕਤਾ ਫਲੈਕਸ ਬੋਰਡ ਵੀ ਲਾਏ ਜਾਣਗੇ।
ਉਨ੍ਹਾਂ ਨੇ ਸੰਬੰਧਤ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਓਵਰਲੋਡ ਅਤੇ ਹਾਈ ਸਪੀਡ ਵਾਹਨਾਂ ਦੇ ਚਲਾਨ ਕੱਟੇ ਜਾਣ। ਉਨ੍ਹਾਂ ਨੇ ਕਿਹਾ ਕਿ ਓਵਰਲੋਡ ਅਤੇ ਹਾਈ ਸਪੀਡ ਵਾਹਨ ਜਿੱਥੇ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ, ਉਥੇ ਓਵਰਲੋਡ ਵਾਹਨਾਂ ਨਾਲ ਸੜਕਾਂ ਜਲਦੀ ਖਰਾਬ ਹੋ ਜਾਂਦੀਆਂ ਹਨ। ਉਨ੍ਹਾਂ ਮੁਕੇਰੀਆਂ ਅਤੇ ਤਲਵਾੜਾ ਖੇਤਰਾਂ ਸਮੇਤ ਜ਼ਿਲੇ ਵਿਚ ਕ੍ਰੈਸ਼ਰ ਨੂੰ ਢੋਹਣ ਵਾਲੇ ਓਵਰਲੋਡ ਵਾਹਨਾਂ 'ਤੇ ਵੀ ਨਾਕੇ ਲਾ ਕੇ ਕਾਰਵਾਈ ਕਰਨ ਦੀ ਹਦਾਇਤ ਕੀਤੀ।
ਉਜਵਲ ਨੇ ਹਿਮਾਚਲ ਪ੍ਰਦੇਸ਼ ਸਥਿਤ ਮਾਤਾ ਚਿੰਤਪੂਰਨੀ ਦੇ ਮੇਲੇ ਦੌਰਾਨ ਟ੍ਰੈਫਿਕ ਸਮੱਸਿਆ ਲਈ ਪੁਖਤਾ ਪ੍ਰਬੰਧ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਉਨ੍ਹਾਂ ਕਿਹਾ ਕਿ 24 ਅਗਸਤ ਤੋਂ ਸ਼ੁਰੂ ਹੋਣ ਵਾਲੇ ਇਸ ਮੇਲੇ ਦੌਰਾਨ ਸੜਕ ਦੇ ਆਲੇ-ਦੁਆਲੇ ਕਿਸੇ ਨੂੰ ਵੀ ਬਿਨਾਂ ਪ੍ਰਵਾਨਗੀ ਡੀ. ਜੇ. ਸਿਸਟਮ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿਉਂਕਿ ਕਈ ਵਾਰ ਡੀ. ਜੇ. 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਗੀਤ ਚਲਾ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਸਬ- ਡਵੀਜ਼ਨ ਪੱਧਰ 'ਤੇ ਬਿਨਾਂ ਬੱਸ ਅੱਡੇ ਤੋਂ ਸੜਕ ਉਪਰ ਹੀ ਸਵਾਰੀਆਂ ਚੁੱਕਣ ਵਾਲੀਆਂ ਬੱਸਾਂ ਦੇ ਚਲਾਨ ਕੱਟਣ ਦੀ ਹਦਾਇਤ ਵੀ ਕੀਤੀ।
ਇਸ ਮੌਕੇ ਐੱਸ. ਡੀ. ਐੱਮ. ਹੁਸ਼ਿਆਰਪੁਰ ਜਿਤੇਂਦਰ ਜੋਰਵਾਲ, ਐੱਸ. ਡੀ. ਐੱਮ. ਦਸੂਹਾ ਹਿਮਾਂਸ਼ੂ ਅਗਰਵਾਲ, ਐੱਸ. ਡੀ. ਐੱਮ. ਮੁਕੇਰੀਆਂ ਸ਼੍ਰੀਮਤੀ ਕੋਮਲ ਮਿੱਤਲ, ਐੱਸ. ਡੀ. ਐੱਮ. ਗੜ੍ਹਸ਼ੰਕਰ ਹਰਦੀਪ ਸਿੰਘ ਧਾਲੀਵਾਲ, ਜ਼ਿਲਾ ਟਰਾਂਸਪੋਰਟ ਅਫਸਰ, ਅਸ਼ਵਨੀ ਕਪੂਰ ਆਦਿ ਸਮੇਤ ਸੜਕ ਸੁਰੱਖਿਆ ਕਮੇਟੀ ਦੇ ਮੈਂਬਰ ਹਾਜ਼ਰ ਸਨ।
ਸ੍ਰੀ ਹੇਮਕੁੰਟ ਸਾਹਿਬ 'ਚ ਲਾਪਤਾ ਹੋਏ ਸ਼ਰਧਾਲੂਆਂ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਪੰਜਾਬ ਸਰਕਾਰ : ਮਜੀਠੀਆ
NEXT STORY