ਜਲੰਧਰ, (ਗੁਲਸ਼ਨ)- ਸੋਮਵਾਰ ਸਵੇਰੇ ਸਿਟੀ ਸਟੇਸ਼ਨ ’ਤੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਨੌਜਵਾਨ ਟਰੇਨ ਦੇ ਹੇਠਾਂ ਵੜ ਗਿਆ, ਜਿਸ ਨੂੰ ਕੱਢਣ ਲਈ ਪੁਲਸ ਕਰਮਚਾਰੀਆਂ ਨੂੰ 20 ਮਿੰਟ ਤੱਕ ਸਖ਼ਤ ਮੁਸ਼ੱਕਤ ਕਰਨੀ ਪਈ।
ਜਾਣਕਾਰੀ ਮੁਤਾਬਕ ਅੰਮ੍ਰਿਤਸਰ ਤੋਂ ਚੱਲ ਕੇ ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਪਹੁੰਚੀ ਅਮਰਪਾਲੀ ਐਕਸਪ੍ਰੈੱਸ (15708) ਪਲੇਟਫਾਰਮ ਨੰਬਰ 2 ’ਤੇ ਖੜ੍ਹੀ ਸੀ। ਇੰਨੇ ਨੂੰ ਇਕ ਨੌਜਵਾਨ ਭੱਜਦਾ ਹੋਇਆ ਆਇਆ ਅਤੇ ਰੇਲਵੇ ਲਾਈਨਾਂ ’ਤੇ ਛਾਲ ਮਾਰ ਦਿੱਤੀ। ਵੇਖਦੇ ਹੀ ਵੇਖਦੇ ਉਹ ਇੰਜਣ ਦੇ ਨਾਲ ਵਾਲੇ ਕੋਚ ਹੇਠਾਂ ਵੜ ਗਿਆ। ਇਹ ਦੇਖ ਕੇ ਉਥੇ ਖੜ੍ਹੇ ਲੋਕਾਂ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ। ਸੂਚਨਾ ਮਿਲਣ ’ਤੇ ਆਰ. ਪੀ. ਐੱਫ. ਤੇ ਜੀ. ਆਰ. ਪੀ. ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਨੌਜਵਾਨ ਨੂੰ ਲੱਭਣ ਲੱਗੇ। ਕਾਫੀ ਦੇਰ ਬਾਅਦ ਪਤਾ ਲੱਗਾ ਕਿ ਉਹ ਇੰਜਣ ਦੇ ਨਾਲ ਵਾਲੇ ਕੋਚ ਹੇਠਾਂ ਵੜਿਆ ਹੋਇਆ ਹੈ। ਮੌਕੇ ’ਤੇ ਹਾਜ਼ਰ ਲੋਕਾਂ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਕਿਸੇ ਯਾਤਰੀ ਦਾ ਮੋਬਾਇਲ ਚੋਰੀ ਕਰ ਕੇ ਭੱਜਾ ਤੇ ਟਰੇਨ ਹੇਠਾਂ ਵੜ ਗਿਆ।
ਟਰੇਨ ਹੇਠਾਂ ਵੜੇ ਨੌਜਵਾਨ ਨੂੰ ਪੁਲਸ ਕਰਮਚਾਰੀਆਂ ਨੇ ਪਿਆਰ ਨਾਲ ਬਾਹਰ ਆਉਣ ਲਈ ਕਿਹਾ ਪਰ ਉਹ ਨਹੀਂ ਮੰਨਿਆ। ਫਿਰ ਪੁਲਸ ਨੇ ਸਖ਼ਤੀ ਵਰਤਦਿਆਂ 20 ਮਿੰਟਾਂ ਦੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਟਰੇਨ ਹੇਠੋਂ ਕੱਢਿਆ। ਇਸ ਤੋਂ ਬਾਅਦ ਪੁਲਸ ਕਰਮਚਾਰੀ ਉਸ ਨੂੰ ਥਾਣੇ ਲੈ ਗਏ। ਇਸ ਸਾਰੇ ਹੰਗਾਮੇ ਕਾਰਨ ਅਮਰਪਾਲੀ ਐਕਸਪ੍ਰੈੱਸ ਤਕਰੀਬਨ 20 ਮਿੰਟ ਦੀ ਦੇਰੀ ਨਾਲ ਰਵਾਨਾ ਹੋਈ। ਓਧਰ ਥਾਣਾ ਜੀ. ਆਰ. ਪੀ. ਦੀ ਪੁਲਸ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਮਾਨਸਿਕ ਰੋਗੀ ਹੈ ਤੇ ਨਸ਼ੇੜੀ ਕਿਸਮ ਦਾ ਹੈ। ਮੋਬਾਇਲ ਚੋਰੀ ਕਰਨ ਵਾਲੀ ਕੋਈ ਗੱਲ ਸਾਹਮਣੇ ਨਹੀਂ ਆਈ ਅਤੇ ਨਾ ਹੀ ਕਿਸੇ ਯਾਤਰੀ ਨੇ ਸ਼ਿਕਾਇਤ ਕੀਤੀ ਹੈ। ਇਸ ਲਈ ਉਸ ਨੂੰ ਬਿਨਾਂ ਕਾਰਵਾਈ ਛੱਡ ਦਿੱਤਾ ਗਿਆ।
ਨਵਜੰਮੀ ਬੱਚੀ ਨੂੰ ਪਲਾਟ ’ਚ ਸੁੱਟਣ ਵਾਲੀ ਤੇ ਉਸ ਦਾ ਆਸ਼ਿਕ ਗ੍ਰਿਫਤਾਰ
NEXT STORY