ਫਿਰੋਜ਼ਪੁਰ/ਜ਼ੀਰਾ (ਕੁਲਦੀਪ, ਅਕਾਲੀਆਂਵਾਲਾ, ਕਾਲੀਆ, ਗੁਰਮੇਲ, ਧੰਜੂ, ਜਸਪਾਲ)—'ਪੰਜਾਬ ਕੇਸਰੀ' ਗਰੁੱਪ ਦੁਆਰਾ ਜੰਮੂ ਕਸ਼ਮੀਰ ਅਤੇ ਦੇਸ਼ 'ਚ ਸਮੇਂ-ਸਮੇਂ 'ਤੇ ਵਾਪਰਣ ਵਾਲੀਆਂ ਦੁੱਖਦਾਈ ਘਟਨਾਵਾਂ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਮੱਦਦ ਲਈ 2 ਅਕਤੂਬਰ 1999 ਨੂੰ ਸ਼ੁਰੂ ਕੀਤੀ ਰਾਹਤ ਮੁਹਿੰਮ 19ਵੇਂ ਸਾਲ ਵਿਚ ਦਾਖਲ ਹੋ ਗਈ ਹੈ। ਇਸ ਦੌਰਾਣ ਵੱਖ-ਵੱਖ ਇਲਾਕਿਆਂ ਵਿਚ ਸਰਹੱਦੀ ਤੇ ਅੱਤਵਾਦ ਪੀੜਤ ਲੋਕਾਂ ਨੂੰ ਰਾਹਤ ਸਮੱਗਰੀ ਦੇ 448 ਟਰੱਕ ਵੰਡੇ ਜਾ ਚੁੱਕੇ ਹਨ। ਅੱਜ ਇਸ ਮੁਹਿੰਮ ਦੇ 19ਵੇਂ ਸਾਲ ਵਿਚ ਸ਼ਾਮਲ ਹੋਣ ਮੌਕੇ ਜ਼ੀਰਾ ਤੋਂ 'ਜਗ ਬਾਣੀ' ਦੇ ਪ੍ਰਤੀਨਿਧੀ ਦਵਿੰਦਰ ਅਕਾਲੀਆਂਵਾਲਾ ਅਤੇ ਅਸ਼ੋਕ ਕਥੂਰੀਆ ਦੇ ਯਤਨਾਂ ਸਦਕਾ ਜ਼ੀਰਾ ਨਿਵਾਸੀਆਂ ਨੇ ਇਕ ਟਰੱਕ ਰਾਹਤ ਸਮੱਗਰੀ ਦਾ ਯੋਗਦਾਨ ਪਾ ਕੇ ਸਪੱਸ਼ਟ ਕੀਤਾ ਕਿ ਦਾਨ ਪੁੰਨ ਵਿਚ ਪੰਜਾਬੀ ਬਾਕੀ ਲੋਕਾਂ ਦੇ ਮੁਕਾਬਲੇ ਦਰਿਆ ਦਿਲ ਹਨ। ਇਸ ਟਰੱਕ ਨੂੰ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ 'ਪੰਜਾਬ ਕੇਸਰੀ' ਪੱਤਰ ਸਮੂਹ ਦੇ ਮੁਖੀ ਸ਼੍ਰੀ ਵਿਜੇ ਕੁਮਾਰ ਚੋਪੜਾ ਨੇ ਝੰਡੀ ਵਿਖਾ ਕੇ ਜੰਮੂ ਕਸ਼ਮੀਰ ਦੇ ਲਈ ਰਵਾਨਾ ਕੀਤਾ।
ਇਸ ਮੌਕੇ ਸ਼੍ਰੀ ਵਿਜੇ ਚੋਪੜਾ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜੇ ਤਕ ਸਾਡੇ ਲੋਕ ਸਰਕਾਰਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੁਲਤਾਂ ਤੋਂ ਵਾਂਝੇ ਹਨ। ਇਸ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਅਜਿਹੇ ਉਪਰਾਲੇ ਕਰਨੇ ਪੈ ਰਹੇ ਹਨ। ਉਨਾਂ ਕਿਹਾ ਕਿ ਇਸ ਮੁਹਿੰਮ ਦੇ ਇੰਨਾ ਲੰਮਾਂ ਸਮਾਂ ਚੱਲਣ ਵਿਚ ਸਮੁਹ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਜਿਹੜੇ ਦਾਨ ਦਿੰਦੇ ਹਨ ਅਤੇ ਉਨ੍ਹਾਂ ਨੂੰ ਉਥੇ ਜਾ ਕੇ ਹਾਲਾਤ ਵੇਖਣੇ ਚਾਹੀਦੇ ਹਨ ਤਾਂ ਪਤਾ ਲੱਗੇਗਾ ਕਿ ਸਾਡੇ ਗੁਆਂਢੀ ਰਾਜ ਵਿਚ ਲੋਕ ਕਿੰਨੀ ਗੁਰਬਤ ਭਰੀ ਜਿੰਦਗੀ ਬਤੀਤ ਕਰ ਰਹੇ ਹਨ। ਇਨ੍ਹਾਂ ਸਰਹੱਦ ਦੇ ਰਾਖੇ ਬਣ ਕੇ ਬੈਠੇ ਲੋਕਾਂ ਦੀ ਸਾਨੂੰ ਹਰ ਸੰਭਵ ਮੱਦਦ ਕਰਨੀ ਚਾਹੀਦੀ ਹੈ।
18 ਸਾਲਾਂ ਦੌਰਾਣ ਇਸ ਸਾਰੀ ਮੁਹਿੰਮ ਵਿਚ ਅਹਿਮ ਯੋਗਦਾਨ ਪਾਉਣ ਅਤੇ 448 ਟਰੱਕ ਜੰਮੂ ਕਸ਼ਮੀਰ ਦੇ ਜੋਖ਼ਮ ਭਰੇ ਸਰਹੱਦੀ ਇਲਾਕਿਆਂ ਵਿਚ ਜਾ ਕੇ ਵੰਡਣ ਵਾਲੇ ਜੇ. ਬੀ. ਸਿੰਘ ਚੌਧਰੀ ਦਾ ਇਸ ਮੌਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਦੌਰਾਨ ਕਈ ਵਾਰ ਹੋ ਰਹੀ ਗੋਲੀਬਾਰੀ ਦੌਰਾਨ ਵੀ ਪੀੜਤ ਲੋਕਾਂ ਨੂੰ ਰਾਹਤ ਵੰਡੀ ਗਈ ਹੈ। ਇਸ ਮੌਕੇ ਜਲੰਧਰ ਤੋਂ ਫਿਲਪਾ ਤੇ ਕਸ਼ਮੀਰੀ ਲਾਲ ਵੀ ਇਥੇ ਪੁਹੰਚੇ ਹੋਏ ਸਨ।
ਇਸ ਰਾਹਤ ਸਮੱਗਰੀ ਵਿਚ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ, ਬਾਬਾ ਗੁਰਦੀਪ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ, ਅਸ਼ੋਕ ਕੁਮਾਰ ਕਥੂਰੀਆ, ਜੈਨ ਵਿਦਿਅਕ ਸੰਸਥਾਵਾਂ ਜ਼ੀਰਾ, ਭਾਰਤ ਵਿਕਾਸ ਪ੍ਰੀਸ਼ਦ, ਸੇਵਾ ਭਾਰਤੀ ਸਹਾਰਾ ਕਲੱਬ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਤੋਂ ਇਲਾਵਾ ਫਿਰੋਜ਼ਪੁਰ ਤੋਂ ਕਰਾਈਮ ਅਤੇ ਕੁਰੱਪਸ਼ਨ ਫੋਰਮ ਦੇ ਪੰਜਾਬ ਪ੍ਰਧਾਨ ਸ਼ੇਰੂ ਕੱਕੜ ਤੇ ਉਸ ਦੇ ਸਾਥੀਆਂ ਨੇ ਵੀ ਯੋਗਦਾਨ ਪਾਇਆ।
ਇਸ ਮੌਕੇ ਜਿਥੇ ਅਸ਼ੋਕ ਕਥੂਰੀਆ ਨੇ ਨੇੜਲੇ ਭਵਿੱਖ ਵਿਚ ਇਕ ਟਰੱਕ ਹੋਰ ਰਾਹਤ ਸਮੱਗਰੀ ਭੇਜੇ ਜਾਣ ਦਾ ਵਾਅਦਾ ਕੀਤਾ, ਉਥੇ ਕੌਂਸਲਰ ਰਾਜੇਸ਼ ਢੰਡ ਨੇ ਵੀ ਇਸ ਮੁਹਿੰਮ ਵਿਚ ਵੱਧ-ਚੜ੍ਹ ਕੇ ਹਿੱਸਾ ਪਾਉਣ ਦੀ ਗੱਲ ਆਖੀ। ਜੋਗਿੰਦਰ ਸਿੰਘ ਪੱਪੂ ਕਾਹਨੇਵਾਲਾ ਨੇ ਪਿੰਡ ਅਕਾਲੀਆਂਵਾਲਾ ਦੇ ਨਿਵਾਸੀਆਂ ਵੱਲੋਂ ਹਰ ਸਾਲ ਆਯੋਜਿਤ ਕਰਵਾਏ ਜਾਂਦੇ ਵਿਆਹ ਸਮਾਗਮਾਂ 'ਤੇ ਵੀ ਇਕ ਟਰੱਕ ਰਾਹਤ ਸਮੱਗਰੀ ਭੇਜਣ ਦਾ ਐਲਾਨ ਕੀਤਾ। ਇਸ ਸਮਾਗਮ 'ਚ ਸਾਬਕਾ ਮੰਤਰੀ ਜਥੇਦਾਰ ਇੰਦਰਜੀਤ ਸਿੰਘ ਜ਼ੀਰਾ, ਸਾਬਕਾ ਵਿਧਾਇਕ ਨਰੇਸ਼ ਕਟਾਰੀਆ, ਹਰੀਸ਼ ਜੈਨ ਗੋਗਾ ਪ੍ਰਧਾਨ ਟਰੱਕ ਯੂਨੀਅਨ, ਅਕਾਲੀ ਆਗੂ ਪੱਪੂ ਕਾਹਨੇਵਾਲਾ ਅਤੇ ਗੁਰਮੇਲ ਸ਼ੇਖਵਾਂ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਮਾਸਟਰ ਗੁਰਪ੍ਰੀਤ ਸਿੰਘ ਜੱਜ, ਸੁਰਿੰਦਰ ਸਿੰਘ ਜੌੜਾ ਮੈਂਬਰ ਪੀ. ਪੀ. ਸੀ. ਸੀ. ਪੰਜਾਬ ਆਦਿ ਹਾਜ਼ਰ ਸਨ। ਇਸ ਸਮਾਗਮ 'ਚ ਲੋਕ ਚੇਤਨਾ ਮੰਚ ਦੇ ਵਰਕਰ ਪਰਵਿੰਦਰ ਖੁੱਲ੍ਹਰ, ਚਮਕੌਰ ਸਿੰਘ, ਹਰਜਿੰਦਰ ਪਾਲ ਆਵਾਣ, ਜਸਬੀਰ ਸਿੰਘ ਜੋਸਣ ਅਤੇ ਕਾਲਾ ਕੜਮਾਂ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਸ਼ਹਿਰ ਦੀਆਂ ਵੱਖ-ਵੱਖ਼ ਸੰਸਥਾਵਾਂ ਨੇ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦਾ ਜ਼ੀਰਾ ਪਹੁੰਚਣ 'ਤੇ ਸਨਮਾਨ ਚਿੰਨ੍ਹ ਭੇਟ ਕਰ ਕੇ ਦਿਲੀ ਪਿਆਰ ਤੇ ਸਤਿਕਾਰ ਦਾ ਇਜ਼ਹਾਰ ਕੀਤਾ।
'ਸ੍ਰੀ ਅਕਾਲ ਤਖ਼ਤ ਸਾਹਿਬ ਲੰਗਾਹ ਨੂੰ ਅਜਿਹੀ ਸਜ਼ਾ ਲਗਾਵੇ ਕਿ ਲੋਕ ਦੰਦਾਂ ਥੱਲੇ ਜੀਭ ਲੈ ਲੈਣ'
NEXT STORY