ਬਟਾਲਾ/ਧਾਰੀਵਾਲ, (ਬੇਰੀ, ਖੋਸਲਾ, ਬਲਬੀਰ)- ਅਨਾਜ ਮੰਡੀ ਧਾਰੀਵਾਲ ਦੀ ਗਰਾਊਂਡ ਵਿਚ ਪਨਗ੍ਰੇਨ ਵਿਭਾਗ ਵੱਲੋਂ ਸਟੋਰ ਕੀਤੀ ਸਰਕਾਰੀ ਕਣਕ ਦੀਆਂ ਬੋਰੀਆਂ ਨੂੰ ਅਣਪਛਾਤੇ ਚੋਰਾਂ ਵੱਲੋਂ ਚੋਰੀ ਕਰਨ ਦੀ ਅਸਫਲ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਏ. ਐੱਫ. ਐੱਸ. ਓ. ਧਾਰੀਵਾਲ ਪ੍ਰਦੀਪ ਖੰਨਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪਨਗ੍ਰੇਨ ਵੱਲੋਂ ਪੀ. ਡੀ. ਐੱਸ. ਕੋਟੇ ਦੀ ਖਰੀਦੀ ਕਣਕ ਅਨਾਜ ਮੰਡੀ ਧਾਰੀਵਾਲ ਵਿਚ ਰੱਖੀ ਹੋਈ ਹੈ ਅਤੇ ਅੱਜ ਤੜਕੇ ਲਗਭਗ 4:30 ਵਜੇ ਕੁਝ ਵਿਅਕਤੀ ਇਕ ਛੋਟਾ ਟਰੱਕ ਲੈ ਕੇ ਜਦ ਗਰਾਊਂਡ ਵਿਖੇ ਰੱਖੀ ਕਣਕ ਦੀਆਂ ਬੋਰੀਆਂ ਨੂੰ ਟਰੱਕ ਵਿਚ ਲੋਡ ਕਰ ਰਹੇ ਸਨ ਤਾਂ ਵਿਭਾਗ ਵੱਲੋਂ ਰੱਖੇ ਤਿੰਨ ਚੌਕੀਦਾਰ ਜੁਗਰਾਜ ਸਿੰਘ, ਗੁਰਪ੍ਰੀਤ ਸਿੰਘ ਅਤੇ ਰਿੰਕੂ ਨੇ ਜਦ ਉਕਤ ਚੋਰਾਂ ਨੂੰ ਲਲਕਾਰਿਆਂ ਤਾਂ ਚੋਰਾਂ ਵੱਲੋਂ ਟਰੱਕ ਨੂੰ ਮੌਕੇ ਤੋਂ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਟਰੱਕ ਥੋੜ੍ਹੀ ਦੂਰੀ 'ਤੇ ਜਾ ਕੇ ਪਲਟ ਗਿਆ, ਜਿਸ ਕਾਰਨ ਚੋਰ ਟਰੱਕ ਉਥੇ ਛੱਡ ਕੇ ਮੌਕੇ 'ਤੇ ਫਰਾਰ ਹੋ ਗਏ। ਅਧਿਕਾਰੀ ਖੰਨਾ ਨੇ ਦੱਸਿਆ ਕਿ ਉਕਤ ਚੌਕੀਦਾਰਾਂ ਨੇ ਇਸ ਘਟਨਾ ਦੀ ਜਾਣਕਾਰੀ ਤੁਰੰਤ ਵਿਭਾਗ ਨੂੰ ਦਿੱਤੀ, ਜਿਸ ਤੋਂ ਬਾਅਦ ਇੰਸਪੈਕਟਰ ਪ੍ਰਤੀਕ ਮਹਾਜਨ ਵੱਲੋਂ ਇਸ ਮਾਮਲੇ ਸਬੰਧੀ ਥਾਣਾ ਧਾਰੀਵਾਲ ਦੀ ਪੁਲਸ ਨੂੰ ਲਿਖਤੀ ਸੂਚਿਤ ਕਰਨ 'ਤੇ ਪੁਲਸ ਨੇ ਟਰੱਕ ਅਤੇ ਚੋਰੀ ਕੀਤੀਆਂ ਕਣਕ ਦੀਆਂ ਬੋਰੀਆਂ ਨੂੰ ਕਬਜ਼ੇ ਵਿਚ ਲੈ ਲਿਆ। ਇਸ ਸਬੰਧੀ ਥਾਣਾ ਧਾਰੀਵਾਲ ਦੇ ਮੁਖੀ ਅਮਨਦੀਪ ਸਿੰਘ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਗੈਰ-ਕਾਨੂੰਨੀ ਮਾਈਨਿੰਗ, 3 ਪਰਚੇ ਦਰਜ
NEXT STORY