ਮੋਹਾਲੀ (ਜਸਬੀਰ ਜੱਸੀ) : ਵਿਜੀਲੈਂਸ ਮੋਹਾਲੀ ਦੀ ਟੀਮ ਵਲੋਂ ਬਠਿੰਡਾ ਪੁਲਸ ਦੇ ਦੋ ਥਾਣੇਦਾਰਾਂ ਨੂੰ ਇਕ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਹੈ। ਬਠਿੰਡਾ-ਮਲੋਟ ਰਿੰਗ ਰੋਡ 'ਤੇ ਸਥਿਤ ਥਾਣਾ ਸਦਰ ਦੀ ਇਮਾਰਤ 'ਚ ਬਣੇ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ 'ਤੇ ਮੋਹਾਲੀ ਵਿਜੀਲੈਂਸ ਫਲਾਇੰਗ ਸਕੁਐਡ ਦੀ ਟੀਮ ਵਲੋਂ ਇਹ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਬਠਿੰਡਾ ਦੀ ਹੀ ਰਹਿਣ ਵਾਲੀ ਇਕ ਮਹਿਲਾ ਰੀਤੂ ਰਾਣੀ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਕਰਦਿਆਂ ਥਾਣੇਦਾਰ ਸਤਰੂਪ ਸਿੰਘ ਅਤੇ ਰੀਡਰ ਗੁਰਚਰਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ, ਹਾਲਾਂਕਿ ਇਸ ਮਾਮਲੇ 'ਚ ਵਿਜੀਲੈਂਸ ਦੀ ਟੀਮ ਵਲੋਂ ਥਾਣਾ ਮੁਖੀ ਕਥਿਤ ਕਲੀਨ ਚਿੱਟ ਦੇਣ ਦੇ ਮਾਮਲੇ 'ਚ ਸ਼ਿਕਾਇਤਕਰਤਾ ਨੇ ਉਂਗਲ ਉਠਾਉਂਦਿਆਂ ਕਿਹਾ ਕਿ ਉਕਤ ਥਾਣਾ ਮੁਖੀ ਸਮੇਤ ਮੁਨਸ਼ੀ ਨੂੰ ਇਸ ਕੇਸ 'ਚ ਗ੍ਰਿਫ਼ਤਾਰ ਕਰਵਾਉਣ ਲਈ ਹਰ ਵਾਹ ਲਗਾਉਣਗੇ।
ਇਸ ਕਾਰਵਾਈ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਰੀਤੂ ਰਾਣੀ ਨੇ ਦਸਿਆ ਕਿ ਉਸਦੇ 18 ਸਾਲਾਂ ਪੁੱਤਰ ਖ਼ਿਲਾਫ਼ ਇਕ ਕੁੜੀ ਦੀ ਭੱਦੀ ਵੀਡੀਓ ਨੂੰ ਵਾਇਰਲ ਕਰਨ ਦੇ ਦੋਸ਼ਾਂ ਹੇਠ 27 ਜੁਲਾਈ ਨੂੰ ਪਰਚਾ ਦਰਜ ਕੀਤਾ ਗਿਆ ਸੀ। ਹੁਣ ਉਸਦੀ ਗ੍ਰਿਫ਼ਤਾਰੀ ਦਾ ਡਰਾਵਾ ਦੇ ਕੇ ਥਾਣੇਦਾਰ ਸਤਰੂਪ ਸਿੰਘ, ਰੀਡਰ ਗੁਰਚਰਨ ਸਿੰਘ, ਮੁਨਸ਼ੀ ਅਤੇ ਐੱਸ. ਐੱਚ. ਓ. ਵਲੋਂ ਇਕ ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ। ਪਰਿਵਾਰ ਅਨੁਸਾਰ ਨੌਜਵਾਨ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ਇਕ ਫੋਟੋ ਫੈਲਾਉਣ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਇਸ ਮਾਮਲੇ 'ਚ ਉਸਦੀ ਸੁਰੱਖਿਆ ਲਈ 1 ਲੱਖ ਰੁਪਏ ਦੀ ਮੰਗ ਕਰ ਰਹੀ ਸੀ। ਜਿਸ ਤੋਂ ਬਾਅਦ ਉਨ੍ਹਾਂ ਵਲੋਂ ਮੋਹਾਲੀ ਵਿਜੀਲੈਂਸ ਵਿਭਾਗ ਨਾਲ ਸੰਪਰਕ ਕੀਤਾ ਗਿਆ, ਜਿਸ ਨੇ ਦੋਹਾਂ ਮੁਲਜ਼ਮ ਥਾਣੇਦਾਰਾਂ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ 1 ਲੱਖ ਦੀ ਰਿਸ਼ਵਤ ਲੈਂਦਿਆ ਗ੍ਰਿਫ਼ਤਾਰ ਕਰ ਲਿਆ ਅਤੇ ਮੋਹਾਲੀ ਲਿਆਂਦਾ ਗਿਆ। ਇਸ ਸਬੰਧ ਵਿਚ ਉਕਤ ਥਾਣੇਦਾਰਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਮੋਹਾਲੀ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਹਾਂ ਮੁਲਜ਼ਮਾਂ ਨੂੰ ਵੀਰਵਾਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਬਲੈਰੋ ਤੇ ਮੋਟਰਸਾਈਕਲ ਦੀ ਟੱਕਰ ’ਚ ਮੋਟਰਸਾਈਕਲ ਸਵਾਰ ਜ਼ਖਮੀ
NEXT STORY