ਟਾਂਡਾ ਉੜਮੁੜ, (ਗੁਪਤਾ)- ਸਬਜ਼ੀ ਮੰਡੀ ਟਾਂਡਾ ਦੀ ਖਸਤਾ ਹਾਲਤ 'ਚ ਕਈ ਸਾਲਾਂ ਤੋਂ ਸੁਧਾਰ ਨਾ ਹੋਣ ਕਾਰਨ ਅਤੇ ਇਸ ਦੀ ਜਲਦ ਮੁਰੰਮਤ ਕਰਵਾਉਣ ਸਬੰਧੀ ਸ਼ਿਵ ਸੈਨਾ (ਹਿੰਦੋਸਤਾਨ) ਦੇ ਜ਼ਿਲਾ ਚੇਅਰਮੈਨ ਵਿਕਾਸ ਜਸਰਾ ਦੀ ਅਗਵਾਈ ਵਿਚ ਮਾਰਕੀਟ ਕਮੇਟੀ ਦੇ ਗੇਟ ਅੱਗੇ ਭਾਰੀ ਇਕੱਠ ਹੋਇਆ, ਜਿਸ 'ਚ ਸਬਜ਼ੀ ਖਰੀਦਦਾਰਾਂ ਤੋਂ ਇਲਾਵਾ ਸ਼ਿਵ ਸੈਨਾ (ਦੋਆਬਾ) ਦੇ ਪ੍ਰਧਾਨ ਰਾਹੁਲ ਖੰਨਾ ਸ਼ਾਮਲ ਹੋਏ। ਉਨ੍ਹਾਂ ਰੋਸ ਪ੍ਰਗਟ ਕਰਦੇ ਹੋਏ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
ਹਾਜ਼ਰ ਇਕੱਠ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਖੰਨਾ ਨੇ ਕਿਹਾ ਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਮੰਡੀ ਦੀ ਖਸਤਾ ਹਾਲਤ ਬਾਰੇ ਜਾਣਕਾਰੀ ਦਿੱਤੀ ਗਈ ਹੈ ਪਰ ਅਜੇ ਤੱਕ ਇਸ ਦੀ ਮੁਰੰਮਤ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਨੂੰ ਸਬਜ਼ੀ ਦੇ ਆੜ੍ਹਤੀਆਂ ਅਤੇ ਠੇਕੇਦਾਰ ਤੋਂ ਕਾਫੀ ਆਮਦਨ ਹੋ ਰਹੀ ਹੈ, ਦੇ ਬਾਵਜੂਦ ਉਹ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਸਬਜ਼ੀ ਮੰਡੀ ਦੀ ਸ਼ੈੱਡ ਦੀਆਂ ਕਈ ਚਾਦਰਾਂ ਟੁੱਟੀਆਂ ਹੋਈਆਂ ਹਨ ਅਤੇ ਬਰਸਾਤ ਦੌਰਾਨ ਇਸ ਦੇ ਹੇਠਾਂ ਪਾਣੀ ਡਿੱਗਦਾ ਰਹਿੰਦਾ ਹੈ, ਜਿਸ ਕਾਰਨ ਸਬਜ਼ੀ ਵੇਚਣ ਆਏ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਦੇ ਚਾਰੋਂ ਪਾਸੇ ਦੀ ਸੜਕ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਬਰਸਾਤ ਦੌਰਾਨ ਚਿੱਕੜ ਨਾਲ ਭਰ ਜਾਣ ਕਰ ਕੇ ਸਬਜ਼ੀ ਖਰੀਦਦਾਰਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਵਿਕਾਸ ਜਸਰਾ ਨੇ ਕਿਹਾ ਕਿ ਮੰਡੀ ਠੇਕੇਦਾਰ ਦੇ ਕਰਿੰਦੇ ਆਮ ਲੋਕਾਂ ਨਾਲ ਬਦਸਲੂਕੀ ਕਰਦੇ ਰਹਿੰਦੇ ਹਨ, ਇਸ ਦੀ ਸ਼ਿਕਾਇਤ ਕਰਨ 'ਤੇ ਵੀ ਮਾਰਕੀਟ ਕਮੇਟੀ ਦੇ ਅਧਿਕਾਰੀ ਕੋਈ ਕਾਰਵਾਈ ਨਹੀਂ ਕਰ ਰਹੇ। ਇਸ ਸਮੇਂ ਜਿੰਦਰ ਬਣਿਆਲ, ਹਰਜੀਤ ਸਿੰਘ, ਸੁਧਾਂਸ਼ੂ ਮਲਹੋਤਰਾ, ਸੋਨੂੰ ਰਾਜਪੂਤ, ਸਾਗਰ, ਰਵੀ ਚੌਹਾਨ, ਵਿੱਕੀ ਕੁਮਾਰ, ਵਿਜੇ ਕੁਮਾਰ, ਭਰਤ ਕੁਮਾਰ, ਦੀਪਕ ਕੁਮਾਰ, ਅੰਕੁਸ਼ ਕੁਮਾਰ, ਕਾਰਤਿਕ, ਪ੍ਰਿੰਸ, ਮੁਕੇਸ਼, ਇੰਦਰਪਾਲ ਅਤੇ ਹੋਰ ਲੋਕਾਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਸਬਜ਼ੀ ਮੰਡੀ ਦੀ ਖਸਤਾ ਹਾਲਤ 'ਚ ਜਲਦ ਸੁਧਾਰ ਕੀਤਾ ਜਾਵੇ, ਨਹੀਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਕੀ ਕਹਿੰਦੇ ਹਨ ਅਧਿਕਾਰੀ : ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਦੇ ਸੈਕਟਰੀ ਸੁੱਚਾ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਦੀ ਹਾਲਤ ਸਬੰਧੀ ਸਰਕਾਰ ਨੂੰ ਲਿਖ ਕੇ ਭੇਜਿਆ ਹੋਇਆ ਹੈ। ਫੰਡ ਮੁਹੱਈਆ ਹੋਣ 'ਤੇ ਪਹਿਲ ਦੇ ਆਧਾਰ 'ਤੇ ਸ਼ੈੱਡ ਤੇ ਸੜਕ ਦੀ ਮੁਰੰਮਤ ਜਲਦ ਕਰਵਾ ਦਿੱਤੀ ਜਾਵੇਗੀ।
ਸਮੱਗਲਿੰਗ ਦੇ ਦੋਸ਼ 'ਚ 5 ਸਾਲ ਦੀ ਕੈਦ
NEXT STORY