ਜਲੰਧਰ, (ਸ਼ੋਰੀ)— ਸਰਕਾਰ ਦੇ ਲੱਖ ਦਾਅਵਿਆਂ ਦੇ ਬਾਵਜੂਦ ਸਿਵਲ ਹਸਪਤਾਲ ਦੇ ਹਾਲਾਤ ਸੁਧਰਨ ਦਾ ਨਾਂ ਨਹੀਂ ਲੈ ਰਹੇ। ਇਸ ਵਾਰ ਤਾਂ ਵੱਡੀ ਲਾਪ੍ਰਵਾਹੀ ਵੇਖਣ ਨੂੰ ਮਿਲ ਰਹੀ ਹੈ, ਜਿਸ ਕਾਰਨ ਨਵ-ਜਨਮੇ ਬੱਚਿਆਂ ਦਾ ਜੀਵਨ ਖਤਰੇ ਵਿਚ ਪੈ ਰਿਹਾ ਹੈ। ਜਾਣਕਾਰੀ ਮੁਤਾਬਿਕ ਸਿਵਲ ਹਸਪਤਾਲ ਦੇ ਜੱਚਾ ਬੱਚਾ ਵਾਰਡ ਵਿਚ ਨਵ-ਜਨਮੇ ਬੱਚਿਆਂ, ਜਿਨ੍ਹਾਂ ਦਾ ਭਾਰ ਪੈਦਾ ਹੋਣ ਦੌਰਾਨ 5 ਕਿਲੋ ਤੋਂ ਘੱਟ ਹੋਵੇ। ਅਜਿਹੇ ਬੱਚਿਆਂ ਨੂੰ ਵੈਂਟੀਲੇਟਰ ਵਿਚ ਰੱਖ ਕੇ ਇਲਾਜ ਕੀਤਾ ਜਾਂਦਾ ਹੈ ਪਰ ਸਿਵਲ ਹਸਪਤਾਲ ਵਿਚ ਬੱਚਿਆਂ ਵਾਲੇ ਵਾਰਡ ਵਿਚ ਅਜਿਹੇ ਵੈਂਟੀਲੇਟਰ ਹੀ ਨਹੀਂ ਹਨ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅਜਿਹੇ ਨਵ-ਜਨਮੇ ਬੱਚਿਆਂ ਨੂੰ ਪੈਦਾ ਹੋਣ ਤੋਂ ਬਾਅਦ ਉਨ੍ਹਾਂ 'ਤੇ ਨਜ਼ਰ ਰੱਖ ਕੇ ਬੈਠਾ ਕੁੱਝ ਸਟਾਫ ਆਪਣੇ ਖਾਸਮਖਾਸ ਪ੍ਰਾਈਵੇਟ ਹਸਪਤਾਲਾਂ ਵਿਚ ਬੱਚਿਆਂ ਨੂੰ ਭੇਜ ਦਿੰਦਾ ਹੈ। ਜਿੱਥੇ ਬੱਚਿਆਂ ਦੇ ਇਲਾਜ ਲਈ ਮੋਟਾ ਪੈਸਾ ਖਰਚ ਕਰਕੇ ਮਾਪਿਆਂ ਨੂੰ ਪ੍ਰੇਸ਼ਾਨ ਹੋਣਾ ਪੈਂਦਾ ਹੈ।
ਕੰਪਨੀ ਵਾਲਿਆਂ ਨੇ ਵੈਂਟੀਲੇਟਰ ਨਹੀਂ ਭੇਜੇ : ਐੱਮ. ਐੱਸ. ਡਾ. ਬਾਵਾ
ਇਸ ਮਾਮਲੇ ਬਾਰੇ ਜਦੋਂ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ (ਐੱਮ. ਐੱਸ.) ਡਾ. ਕੇ. ਐੱਸ. ਬਾਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਟੈਂਡਰ ਕੱਢ ਕੇ ਇਕ ਕੰਪਨੀ ਨੂੰ ਠੇਕਾ ਦੇ ਦਿੱਤਾ ਹੈ, ਪਰ ਕੰਪਨੀ ਵਾਲਿਆਂ ਨੇ ਅਜੇ ਤਕ ਵੈਂਟੀਲੇਟਰ ਨਹੀਂ ਭੇਜੇ। ਨਵ-ਜਨਮੇ ਬੱਚਿਆਂ ਦੀ ਸਿਹਤ ਪ੍ਰਤੀ ਸਿਹਤ ਵਿਭਾਗ ਗੰਭੀਰ ਹੈ। ਉਹ ਜਲਦੀ ਹੀ ਉਕਤ ਕੰਪਨੀ ਨਾਲ ਗੱਲ ਕਰਕੇ ਇਸ ਸਮੱਸਿਆ ਦਾ ਹੱਲ ਕਰਨਗੇ।
ਸੰਸਦ ਮੈਂਬਰ ਦੇ ਫੰਡ 'ਚੋਂ ਵੀ ਆ ਚੁੱਕੇ ਹਨ ਲੱਖਾਂ
ਪਤਾ ਲੱਗਾ ਹੈ ਕਿ ਸੰਸਦ ਮੈਂਬਰ ਨਰੇਸ਼ ਕੁਮਾਰ ਗੁਜਰਾਲ ਨੇ ਕੁੱਝ ਸਮਾਂ ਪਹਿਲਾਂ ਲੱਖਾਂ ਰੁਪਏ ਦੇ ਫੰਡ ਸਿਵਲ ਹਸਪਤਾਲ ਨੂੰ ਜਾਰੀ ਕੀਤੇ ਸਨ ਤਾਂ ਜੋ ਤੁਰੰਤ ਵੈਂਟੀਲੇਟਰ ਖਰੀਦ ਕੇ ਬੱਚਿਆਂ ਦੀ ਜ਼ਿੰਦਗੀ ਬਚਾਈ ਜਾ ਸਕੇ ਪਰ ਅਜੇ ਤਕ ਹਸਪਤਾਲ ਵਿਚ ਵੈਂਟੀਲੇਟਰ ਨਾ ਆਉਣ ਕਾਰਨ ਨਵ-ਜਨਮੇ ਬੱਚਿਆਂ ਦੇ ਮਾਪੇ ਕਰਜ਼ਾ ਲੈ ਕੇ ਆਪਣੇ ਬੱਚਿਆਂ ਦਾ ਇਲਾਜ ਕਰਵਾਉਣ ਲਈ ਮਜਬੂਰ ਨਜ਼ਰ ਆ ਰਹੇ ਹਨ।
ਸਾਊਦੀ ਅਰਬ 'ਚ ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਮੌਤ
NEXT STORY