ਸਮਰਾਲਾ (ਗਰਗ, ਬੰਗੜ)-ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਚੇਅਰਮੈਨ ਭੁਪਿੰਦਰ ਸਿੰਘ ਕੁਲਾਰ ਨੇ ਕਿਸਾਨਾਂ ਨੂੰ ਨਵੇਂ ਸਾਲ ਦਾ ਤੋਹਫਾ ਦਿੰਦਿਆਂ ਕਿਹਾ ਕਿ ਚੜ੍ਹਦੇ ਸਾਲ 1 ਜਨਵਰੀ ਤੋਂ ਵੇਰਕਾ ਵਲੋਂ ਕਿਸਾਨਾਂ ਨੂੰ ਖੁਰਾਕ 'ਤੇ ਪ੍ਰਤੀ ਕੁਇੰਟਲ 100 ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ, ਜੋ ਕਿ 1 ਜਨਵਰੀ ਤੋਂ ਲਾਗੂ ਹੋਵੇਗੀ।ਉਨ੍ਹਾਂ ਕਿਹਾ ਕਿ ਸਾਡਾ ਮਕਸਦ ਕਿਸਾਨਾਂ ਨੂੰ ਲਾਭ ਦੇਣਾ ਹੈ, ਜਿਸ ਤਹਿਤ ਅਸੀਂ ਕਿਸਾਨਾਂ ਨੂੰ ਸਸਤੀ ਫੀਡ ਮੁਹੱਈਆ ਕਰਵਾ ਰਹੇ ਹਾਂ। ਉਨ੍ਹਾਂ ਕਿਹਾ ਕਿ ਵੇਰਕਾ ਦੇ ਫੀਡ ਉਤਪਾਦਨ ਕੇਂਦਰਾਂ ਦੀ ਲਗਾਤਾਰ ਚੈਕਿੰਗ ਕੀਤੀ ਜਾਂਦੀ ਹੈ, ਤਾਂ ਜੋ ਕਿਸੇ ਕਿਸਮ ਦੀ ਅਣਗਹਿਲੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਸਾਨਾਂ ਤੇ ਦੁੱਧ ਉਤਪਾਦਕਾਂ ਨੂੰ ਦੁੱਧ ਦੀ ਗੁਣਵੱਤਾ ਨੂੰ ਸੁਧਾਰਨ ਦੀ ਅਪੀਲ ਵੀ ਕੀਤੀ।
ਵੇਰਕਾ ਮਿਲਕ ਪਲਾਂਟ ਲੁਧਿਆਣਾ ਨੇ ਪਿੰਡ ਉਟਾਲਾਂ ਵਿਖੇ ਦੁੱਧ ਸ਼ੀਤਲ ਕੇਂਦਰ ਦਾ ਉਦਘਾਟਨ ਕਰਦਿਆਂ ਜਨਰਲ ਮੈਨੇਜਰ ਐੱਚ. ਐੱਸ. ਸੰਧੂ ਨੇ ਕਿਹਾ ਕਿ ਕਿਸਾਨਾਂ ਤੇ ਵੇਰਕਾ ਦਾ ਨਹੁੰ-ਮਾਸ ਦਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਇਹ ਦੁੱਧ ਸ਼ੀਤਲ ਕੇਂਦਰ ਸ਼ੁਰੂ ਹੋਣ ਨਾਲ ਜਿਥੇ ਇਲਾਕੇ ਦੇ ਦੁੱਧ ਉਤਪਾਦਕਾਂ ਤੇ ਕਿਸਾਨਾਂ ਨੂੰ ਲਾਭ ਹੋਵੇਗਾ, ਉਥੇ ਹੀ ਵੇਰਕਾ ਦੇ ਉਤਪਾਦਾਂ ਦੀ ਉਪਲਬਧਤਾ ਹੋਣ ਕਾਰਨ ਗਾਹਕਾਂ ਨੂੰ ਵੀ ਫਾਇਦਾ ਹੋਵੇਗਾ।
ਉਨ੍ਹਾਂ ਕਿਹਾ ਕਿ ਸਿਰਫ ਵੇਰਕਾ ਹੀ ਕਿਸਾਨਾਂ ਤੇ ਦੁੱਧ ਉਤਪਾਦਕਾਂ ਨੂੰ ਬੋਨਸ ਦਿੰਦਾ ਹੈ, ਜਦਕਿ ਪ੍ਰਾਈਵੇਟ ਅਦਾਰੇ ਬੋਨਸ ਆਦਿ ਦੇਣ ਤੋਂ ਕੋਹਾਂ ਦੂਰ ਹਨ। ਉਨ੍ਹਾਂ ਦੁੱਧ ਉਤਪਾਦਕਾਂ ਨੂੰ ਮੰਦੀ ਦੀ ਹਾਲਤ 'ਚੋਂ ਨਿਕਲਣ ਲਈ ਵੇਰਕੇ ਨਾਲ ਜੁੜਨ ਤੇ ਲਗਾਤਾਰ ਜੁੜੇ ਰਹਿਣ ਦੀ ਅਪੀਲ ਵੀ ਕੀਤੀ। ਵੇਰਕਾ ਮਿਲਕ ਪਲਾਂਟ ਲੁਧਿਆਣਾ ਦੇ ਡਾਇਰੈਕਟਰ ਗੁਰਚਰਨ ਸਿੰਘ ਬਾਠ ਨੇ ਕਿਹਾ ਕਿ ਇਹ ਦੁੱਧ ਸ਼ੀਤਲ ਕੇਂਦਰ 15 ਸਾਲਾਂ ਤੋਂ ਵੇਰਕਾ ਲਈ ਸੇਵਾਵਾਂ ਦੇ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਕੁਝ ਕਾਰਨਾਂ ਕਰਕੇ ਇਹ ਕੇਂਦਰ ਬੰਦ ਕਰ ਦਿੱਤਾ ਗਿਆ ਸੀ, ਜਿਸਨੂੰ ਅੱਜ ਮੁੜ ਚਾਲੂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਕਿਸੇ ਵੀ ਕਿੱਤੇ ਨੂੰ ਵਫਾਦਾਰੀ ਤੇ ਇਮਾਨਦਾਰੀ ਨਾਲ ਕਰਨ ਦੀ ਜ਼ਰੂਰਤ ਹੁੰਦੀ ਹੈ। ਪ੍ਰੋਗਰਾਮ ਦੇ ਅੰਤ 'ਚ ਦੁੱਧ ਸ਼ੀਤਲ ਕੇਂਦਰ ਦੇ ਹਰਬੰਸ ਸਿੰਘ ਸਾਬਕਾ ਚੇਅਰਮੈਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਅਵਤਾਰ ਸਿੰਘ, ਅਮਰਜੀਤ ਸਿੰਘ ਜਨਰਲ ਮੈਨੇਜਰ, ਕੁਲਵੀਰ ਸਿੰਘ ਹੇੜੀਆਂ ਡਾਇਰੈਕਟਰ, ਕਰਮਜੀਤ ਸਿੰਘ ਸਲਾਣਾ ਡਾਇਰੈਕਟਰ, ਜਗਜੀਤ ਸਿੰਘ ਦਾਖਾਂ ਡਾਇਰੈਕਟਰ, ਜਗਦੀਪ ਸਿੰਘ ਡੇਹਲੋਂ ਡਾਇਰੈਕਟਰ, ਹਰਿੰਦਰ ਸਿੰਘ ਮੈਨੇਜਰ ਪ੍ਰਕਿਓਰਮੈਂਟ, ਸੰਜੇ ਘੋਸ਼, ਡਿਪਟੀ ਮੈਨੇਜਰ ਪ੍ਰਕਿਓਰਮੈਂਟ ਅਤੇ ਚੇਤਨ ਦਾਸ, ਡਿਪਟੀ ਮੈਨੇਜਰ ਪ੍ਰਕਿਓਰਮੈਂਟ, ਮਾਸਟਰ ਰਤਨ ਸਿੰਘ, ਡਾ. ਕੁਲਜੀਤ ਮੀਆਂਪੁਰੀ, ਕੁਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਸੱਜਣ ਤੇ ਦੁੱਧ ਉਤਪਾਦਕ ਹਾਜ਼ਰ ਸਨ।
ਅੰਗਹੀਣਾਂ ਨੂੰ ਹੱਕ ਦੇਣ 'ਚ ਸਰਕਾਰਾਂ ਖੁਦ 'ਅੰਗਹੀਣ'
NEXT STORY