ਜਲੰਧਰ (ਬੁਲੰਦ)— ਵਿਜੀਲੈਂਸ ਵਿਭਾਗ ਇਨ੍ਹੀਂ ਦਿਨੀਂ ਸਵਾਲਾਂ ਦੇ ਘੇਰੇ 'ਚ ਹਨ। ਸਵਾਲ ਟਰਾਂਸਪੋਰਟ ਵਿਭਾਗ ਨਾਲ ਜੁੜੇ ਸੂਤਰ ਉਠਾ ਰਹੇ ਹਨ। ਬਿਨਾਂ ਕਿਸੇ ਸ਼ੱਕ ਟਰਾਂਸਪੋਰਟ ਵਿਭਾਗ 'ਚ ਇਕ ਪ੍ਰਾਈਵੇਟ ਏਜੰਟ ਅਤੇ ਕਰਮਚਾਰੀ ਹੀ ਕੰਮ ਕਰ ਰਹੇ ਹਨ ਪਰ ਇਨ੍ਹਾਂ ਸਾਰਿਆਂ 'ਤੇ ਸਰਕਾਰੀ ਅਧਿਕਾਰੀਆਂ ਅਤੇ ਸਰਕਾਰੀ ਬਾਬੂਆਂ ਦੀ ਨਜ਼ਰਸਾਨੀ ਰਹਿੰਦੀ ਹੈ ਪਰ ਵਿਜੀਲੈਂਸ ਵਿਭਾਗ ਵੱਲੋਂ 29 ਅਪ੍ਰੈਲ ਨੂੰ ਜੋ ਰੇਡ ਟਰਾਂਸਪੋਰਟ ਵਿਭਾਗ 'ਚ ਕੀਤੀ ਗਈ ਸੀ, ਉਸ 'ਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਪਰ 27 ਮਾਰਚ ਨੂੰ ਜਦੋਂ ਵਾਹਨ ਟੈਸਟਿੰਗ ਟਰੈਕ 'ਤੇ ਰੇਡ ਕੀਤੀ ਗਈ ਤਾਂ ਇਕ ਪ੍ਰਾਈਵੇਟ ਏਜੰਟ ਅਤੇ ਉਸ ਕੋਲੋਂ ਪੁੱਛਗਿੱਛ ਤੋਂ ਬਾਅਦ ਪ੍ਰਾਈਵੇਟ ਕੰਪਨੀ ਦੇ 2 ਕਰਮਚਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਵਿਜੀਲੈਂਸ ਕਰਮਚਾਰੀ ਪਾ ਰਹੇ ਹਨ ਵਗਾਰਾਂ
ਮਾਮਲੇ ਬਾਰੇ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਵਿਜੀਲੈਂਸ ਦੀ ਸਖਤੀ ਤੋਂ ਬਾਅਦ ਖੁਦ ਵਿਜੀਲੈਂਸ ਕਰਮਚਾਰੀ ਨੇ ਵਿਭਾਗ 'ਚ ਵਗਾਰਾਂ ਪਾਉਣ ਦਾ ਅਜਿਹਾ ਦੌਰ ਚਲਾਇਆ ਜੋ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੋਈ ਆਪਣੇ ਰਿਸ਼ਤੇਦਾਰ ਦਾ ਇਕ ਦਿਨ 'ਚ ਲਰਨਿੰਗ ਲਾਇਸੈਂਸ ਲੈ ਰਿਹਾ ਹੈ, ਕੋਈ ਜ਼ੀਰੋ ਤੋਂ 10 ਤੱਕ ਦੇ ਫੈਂਸੀ ਨੰਬਰਾਂ ਨੂੰ ਆਪਣੇ ਨਿੱਜੀ ਵਾਹਨਾਂ 'ਤੇ ਲਾ ਰਿਹਾ ਹੈ ਅਤੇ ਸਰਕਾਰੀ ਫੀਸ ਤੱਕ ਨਹੀਂ ਦਿੱਤੀ ਜਾ ਰਹੀ। ਇਕ ਕਰਮਚਾਰੀ ਨੇ ਤਾਂ ਟਰੈਕ 'ਤੇ ਆ ਕੇ ਸਾਫ ਕਿਹਾ ਕਿ ਸਾਡੇ ਕੋਲੋਂ ਸਰਕਾਰੀ ਫੀਸ ਮੰਗਣ ਦਾ ਨਤੀਜਾ ਹੀ ਤੁਸੀਂ ਭੁਗਤ ਰਹੇ ਹੋ ਅਤੇ ਅੱਗੇ ਵੀ ਭੁਗਤੋਗੇ।
ਜੇਕਰ ਤਬਾਦਲੇ ਹੋ ਗਏ ਤਾਂ ਜਾਂਚ ਠੰਡੇ ਬਸਤੇ 'ਚ ਜਾਏਗੀ
ਅਜਿਹੀ ਚਰਚਾ ਹੈ ਕਿ ਅਗਲੇ ਕੁਝ ਦਿਨਾਂ 'ਚ ਵਿਭਾਗ 'ਚ ਤਬਾਦਲੇ ਹੋ ਸਕਦੇ ਹਨ ਤੇ ਹੋ ਸਕਦਾ ਹੈ ਕਿ ਵਿਜੀਲੈਂਸ ਵਿਭਾਗ 'ਚ ਵੀ ਤਬਾਦਲੇ ਹੋਣ। ਜੇਕਰ ਅਜਿਹਾ ਹੁੰਦਾ ਹੈ ਤਾਂ 4 ਮਹੀਨੇ ਪਹਿਲਾਂ ਜੋ ਵਿਜੀਲੈਂਸ ਨੇ ਰੇਡ ਕੀਤੀ ਸੀ, ਜਿਸ ਦਾ ਅੱਜ ਤੱਕ ਕੋਈ ਵੱਡਾ ਸਾਰਥਿਕ ਨਤੀਜਾ ਸਾਹਮਣੇ ਨਹੀਂ ਆ ਸਕਿਆ। ਜੇਕਰ ਤਬਾਦਲੇ ਹੋ ਗਏ ਤਾਂ ਨਵੇਂ ਅਧਿਕਾਰੀ ਆ ਕੇ ਵਿਜੀਲੈਂਸ ਵਿਭਾਗ 'ਚ ਜੁਆਇਨ ਕਰਦੇ ਹਨ ਤਾਂ ਉਹ ਕਿਵੇਂ ਸਾਰੇ ਕੇਸ ਦੀ ਨਿਰਪੱਖ ਜਾਂਚ ਕਰਵਾ ਸਕਦੇ ਹਨ।
ਜਨਤਾ ਦਾ ਕੰਮ ਲਟਕਿਆ
ਵਿਜੀਲੈਂਸ ਰੇਡ ਤੋਂ ਬਾਅਦ ਜਨਤਾ ਦੀ ਪ੍ਰੇਸ਼ਾਨੀ ਵਧੀ ਹੈ। ਪਹਿਲੇ ਦੋ ਮਹੀਨੇ ਤਾਂ ਲੋਕਾਂ ਦਾ ਟਰਾਂਸਪੋਰਟ ਵਿਭਾਗ ਵਿਚ ਕੋਈ ਕੰਮ ਹੀ ਨਹੀਂ ਹੋ ਸਕਿਆ ਕਿਉਂਕਿ ਕਾਫੀ ਰਿਕਾਰਡ ਵਿਜੀਲੈਂਸ ਜ਼ਬਤ ਕਰਕੇ ਲੈ ਗਈ ਸੀ। ਇਸ ਤੋਂ ਬਾਅਦ ਪਿਛਲੇ ਮਹੀਨੇ ਫਿਰ ਹੋਈ ਰੇਡ ਨਾਲ ਵਿਭਾਗੀ ਕਰਮਚਾਰੀਆਂ 'ਚ ਦਹਿਸ਼ਤ ਹੈ ਤੇ ਕੋਈ ਕੰਮ ਦੀ ਜ਼ਿੰਮੇਵਾਰੀ ਨਹੀਂ ਲੈ ਰਿਹਾ। ਲੋਕਾਂ ਨੂੰ ਤਿੰਨ-ਤਿੰਨ ਮਹੀਨੇ ਆਰਸੀ ਹੀ ਨਹੀਂ ਮਿਲ ਰਹੀ। ਹਾਲ ਇਹ ਹੈ ਕਿ ਵਿਭਾਗ 'ਚ ਸੁਧਾਰ ਆਉਣ ਦੀ ਬਜਾਏ ਵਿਗਾੜ ਹੀ ਆਇਆ ਹੈ।
ਹੋਵੇਗੀ ਵੱਡੀ ਕਾਰਵਾਈ: ਐੱਸ. ਐੱਸ. ਪੀ.
ਮਾਮਲੇ ਬਾਰੇ ਐੱਸ. ਐੱਸ. ਪੀ. ਵਿਜੀਲੈਂਸ ਦਲਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਵਿਜੀਲੈਂਸ ਦੀ ਜਾਂਚ ਜਾਰੀ ਹੈ ਅਤੇ ਜਦੋਂ ਵੀ ਹੋਵੇਗੀ ਵੱਡੀ ਕਾਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਵਿਜੀਲੈਂਸ ਕਰਮਚਾਰੀਆਂ ਵੱਲੋਂ ਵਗਾਰਾਂ ਪਾਉਣ ਦੀਆਂ ਖਬਰਾਂ 'ਚ ਕੋਈ ਸੱਚਾਈ ਨਹੀਂ ਹੈ ਅਤੇ ਜੇਕਰ ਹੈ ਤਾਂ ਉਸ ਦੀ ਸ਼ਿਕਾਇਤ ਉਨ੍ਹਾਂ ਨੂੰ ਕੀਤੀ ਜਾਵੇ।
ਉਨ੍ਹਾਂ ਨੇ ਕਿਹਾ ਕਿ ਤਬਾਦਲੇ ਤਾਂ ਹੁੰਦੇ ਰਹਿੰਦੇ ਹਨ, ਉਸ ਨਾਲ ਜਾਂਚ 'ਤੇ ਕੋਈ ਅਸਰ ਨਹੀਂ ਹੋਵੇਗਾ।
ਕਿਉਂ ਨਹੀਂ ਫੜਿਆ ਕੋਈ ਸਰਕਾਰੀ ਬਾਬੂ
ਵਿਜੀਲੈਂਸ ਵਿਭਾਗ ਦੀ ਕਾਰਵਾਈ 'ਤੇ ਟਰਾਂਸਪੋਰਟ ਵਿਭਾਗ 'ਚ ਚਰਚਾ ਚੱਲ ਰਹੀ ਹੈ ਕਿ ਕੀ ਭ੍ਰਿਸ਼ਟਾਚਾਰ ਲਈ ਸਿਰਫ ਪ੍ਰਾਈਵੇਟ ਏਜੰਟ ਜਾਂ ਪ੍ਰਾਈਵੇਟ ਕਰਮਚਾਰੀ ਹੀ ਜ਼ਿੰਮੇਵਾਰ ਹਨ। ਮਾਮਲੇ ਬਾਰੇ ਵਿਭਾਗ 'ਚ ਕੰਮ ਕਰਨ ਵਾਲੇ ਕੁਝ ਪ੍ਰਾਈਵੇਟ ਕਰਮਚਾਰੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਜੇਕਰ ਅਸਲੀਅਤ 'ਚ ਭ੍ਰਿਸ਼ਟਾਚਾਰ ਹੈ ਤਾਂ ਉਸ ਦਾ ਗੜ੍ਹ ਤਹਿਸੀਲ 'ਚ ਬਣਿਆ ਟਰਾਂਸਪੋਰਟ ਆਫਿਸ ਹੈ, ਜਿੱਥੇ ਸਰਕਾਰੀ ਅਤੇ ਪ੍ਰਾਈਵੇਟ ਕਰਮਚਾਰੀ ਮੋਟੇ ਪੈਸੇ ਬਣਾਉਂਦੇ ਹਨ। ਹੈਰਾਨੀ ਵਾਲੀ ਗੱਲ ਹੈ ਕਿ ਟਰਾਂਸਪੋਰਟ ਆਫਿਸ 'ਚ ਰੇਡ ਦੌਰਾਨ ਵਿਜੀਲੈਂਸ ਨੇ ਇਕ ਵੀ ਕਰਮਚਾਰੀ ਗ੍ਰਿਫਤਾਰ ਨਹੀਂ ਕੀਤਾ ਅਤੇ ਗ੍ਰਿਫਤਾਰ ਵੀ ਕੀਤਾ ਤਾਂ ਲਾਇਸੈਂਸ ਦੀ ਟੈਸਟਿੰਗ ਦੇ ਨਾਂ 'ਤੇ ਪੈਸੇ ਲੈਣ ਵਾਲੇ ਛੋਟੇ ਏਜੰਟ ਅਤੇ ਪ੍ਰਾਈਵੇਟ ਕੰਪਨੀ ਦੇ ਕਰਮਚਾਰੀਆਂ ਨੂੰ। ਅਜਿਹੇ 'ਚ ਵਿਜੀਲੈਂਸ ਦੀ ਕਾਰਵਾਈ ਛੋਟੇ ਪ੍ਰਾਈਵੇਟ ਏਜੰਟਾਂ ਤੱਕ ਹੀ ਸੀਮਤ ਰਹਿਣ 'ਤੇ ਸਵਾਲ ਉਠ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਐੱਸ. ਸੀ. ਵਿੰਗ ਦੇ ਅਹੁਦੇਦਾਰਾਂ ਦੀ ਦੂਜੀ ਸੂਚੀ ਦਾ ਐਲਾਨ
NEXT STORY