ਗੁਰਦਾਸਪੁਰ (ਜੀਤ ਮਠਾਰੂ) : ਅੱਜ ਵਿਜੀਲੈਂਸ ਵੱਲੋਂ ਗੁਰਦਾਸਪੁਰ ਹਲਕੇ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਕੋਲੋਂ ਕਰੀਬ 7 ਘੰਟੇ ਪੁੱਛਗਿੱਛ ਕੀਤੀ ਗਈ ਹੈ ਜਿਸ ਦੇ ਬਾਅਦ ਵਿਧਾਇਕ ਨੂੰ ਆਪਣੀ ਜਾਇਦਾਦ ਦੇ ਵੇਰਵੇ ਦੇਣ ਲਈ 7 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨਾਂ ਤੋਂ ਇਕ ਚਿੱਠੀ ਕਾਫੀ ਵਾਇਰਲ ਹੋ ਰਹੀ ਸੀ ਜਿਸ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਵਿਜੀਲੈਂਸ ਨੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਉਨ੍ਹਾਂ ਦੇ ਪਿਤਾ ਗੁਰਮੀਤ ਸਿੰਘ ਪਾਹੜਾ, ਭਰਾ ਬਲਜੀਤ ਸਿੰਘ ਪਾਹੜਾ, ਤਾਏ ਦੇ ਲੜਕੇ ਜਗਬੀਰ ਸਿੰਘ ਜੱਗੀ ਪਾਹੜਾ ਸਮੇਤ ਹੋਰ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ਦੇ ਵੇਰਵੇ ਮੰਗੇ ਸਨ।
ਇਸ ਉਪਰੰਤ ਹੁਣ ਵਿਜੀਲੈਂਸ ਵੱਲੋਂ ਹੁਣ ਵਿਧਾਇਕ ਪਾਹੜਾ, ਉਨ੍ਹਾਂ ਦੇ ਪਿਤਾ ਗੁਰਮੀਤ ਸਿੰਘ ਪਾਹੜਾ, ਭਰਾ ਬਲਜੀਤ ਸਿੰਘ ਪਾਹੜਾ ਅਤੇ ਤਾਏ ਦੇ ਲੜਕੇ ਜਗਬੀਰ ਸਿੰਘ ਜੱਗੀ ਪਾਹੜਾ ਨੂੰ ਗੁਰਦਾਸਪੁਰ ਪੁਲਸ ਹੈਡਕੁਆਟਰ ਵਿਚ ਵਿਜੀਲੈਂਸ ਦਫ਼ਤਰ ਵਿਖੇ ਬੁਲਾਇਆ ਗਿਆ ਸੀ। ਇਸ ਤਹਿਤ ਅੱਜ ਪਾਹੜਾ ਆਪਣੇ ਪਰਿਵਾਰ ਦੇ 3 ਮੈਂਬਰਾਂ ਸਮੇਤ ਸਵੇਰੇ ਕਰੀਬ 9:30 ਵਜੇ ਵਿਜੀਲੈਂਸ ਦਫ਼ਤਰ ਪਹੁੰਚੇ ਜਿਥੇ ਪਹਿਲਾਂ ਕਰੀਬ ਢਾਈ ਤੋਂ 3 ਘੰਟੇ ਡੀ.ਐੱਸ.ਪੀ ਨਿਰਮਲ ਸਿੰਘ ਨੇ ਉਨ੍ਹਾਂ ਕੋਲੋਂ ਬਾਰੀਕੀ ਨਾਲ ਪੁੱਛਗਿਛ ਕੀਤੀ। ਇਸ ਉਪਰੰਤ ਐੱਸ.ਐੱਸ.ਪੀ ਵਰਿੰਦਰ ਕੁਮਾਰ ਨੇ ਵੀ ਗੁਰਦਾਸਪੁਰ ਪਹੁੰਚ ਕੇ ਪੁੱਛਗਿਛ ਕੀਤੀ। ਇਹ ਜਾਂਚ ਅਤੇ ਪੁੱਛਗਿਛ ਕਰੀਬ 7 ਘੰਟੇ ਤੱਕ ਜਾਰੀ ਰਹੀ ਜਿਸ ਦੇ ਬਾਅਦ ਕਰੀਬ 4:30 ਵਜੇ ਪਾਹੜਾ ਤੇ ਉਨਾਂ ਦੇ ਹੋਰ ਸਾਥੀ ਬਾਹਰ ਆਏ। ਪਤਾ ਲੱਗਾ ਹੈ ਕਿ ਜਾਂਚ ਦੌਰਾਨ ਪਹਿਲਾਂ ਕੁਝ ਸਵਾਲ ਪਾਹੜਾ ਸਮੇਤ ਸਾਰੇ ਮੈਂਬਰਾਂ ਨੂੰ ਇਕੱਠੇ ਪੁੱਛੇ ਗਏ ਜਿਸ ਦੇ ਬਾਅਦ ਵਿਚ ਉਨ੍ਹਾਂ ਨੂੰ ਇੱਕਲੇ ਇਕੱਲੇ ਬਿਠਾ ਕੇ ਵੀ ਪੁੱਛਗਿਛ ਕੀਤੀ ਗਈ। ਸਾਰਾ ਦਿਨ ਇਹ ਚਰਚਾ ਵੀ ਰਹੀ ਕਿ ਪਾਹੜਾ ਦੇ ਦਫ਼ਤਰ ਪਹੁੰਚਣ ਮੌਕੇ ਵਿਜੀਲੈਂਸ ਦੇ ਇਕ ਅਧਿਕਾਰੀ ਨੇ ਉਨ੍ਹਾਂ ਨੂੰ ਸੈਲੂਟ ਮਾਰਿਆ।
ਕੀ ਕਹਿਣਾ ਹੈ ਵਿਧਾਇਕ ਪਾਹੜਾ ਦਾ?
ਵਿਜੀਲੈਂਸ ਦਫ਼ਤਰ ਦੇ ਬਾਹਰ ਵਿਧਾਇਕ ਪਾਹੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਜੀਲੈਂਸ ਦਾ ਅਧਿਕਾਰ ਹੈ ਕਿ ਉਹ ਕਿਸੇ ਸ਼ਿਕਾਇਤ ਦੀ ਜਾਂਚ ਲਈ ਉਨ੍ਹਾਂ ਨੂੰ ਪੁੱਛਗਿਛ ਲਈ ਬੁਲਾ ਸਕਦੀ ਹੈ। ਉਨਾਂ ਕਿਹਾ ਕਿ ਅੱਜ ਉਨਾਂ ਨੇ ਸਮੇਂ ਸਿਰ ਪਹੁੰਚ ਕੇ ਜਾਂਚ ਵਿਚ ਸਹਿਯੋਗ ਕੀਤਾ ਹੈ ਅਤੇ ਵਿਜੀਲੈਂਸ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ ਜੋ ਵੀ ਸਵਾਲ ਪੁੱਛੇ ਸਨ, ਉਨਾਂ ਦੇ ਸਪੱਸ਼ਟ ਜੁਆਬ ਦੇ ਦਿੱਤੇ ਹਨ। ਜਾਇਦਾਦਾਂ ਦੇ ਵੇਰਵੇ ਲੈਣ ਲਈ ਵਿਜੀਲੈਂਸ ਨੇ ਉਨਾਂ ਨੂੰ ਕੁਝ ਪ੍ਰੋਫਾਰਮੇ ਦਿੱਤੇ ਹਨ ਜਿਨ੍ਹਾਂ ਨੂੰ ਭਰ ਕੇ 7 ਦਿਨਾਂ ਵਿਚ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ। ਪਾਹੜਾ ਨੇ ਕਿਹਾ ਕਿ ਉਹ ਹਮੇਸ਼ਾ ਇਮਾਨਦਾਰ ਰਹੇ ਹਨ, ਅੱਜ ਵੀ ਇਮਾਨਦਾਰ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਇਮਾਨਦਾਰੀ ਦਾ ਪੱਲਾ ਨਹੀਂ ਛੱਡਣਗੇ।
ਇਹ ਵੀ ਪੜ੍ਹੋ : ਮਾਨ ਸਰਕਾਰ ਵੱਲੋਂ ਉਦਯੋਗਿਕ ਵਿਕਾਸ ਤੇ ਰੋਜ਼ਗਾਰ ਨੂੰ ਹੁਲਾਰਾ ਦੇਣ ਲਈ ਵੱਡੀ ਪਹਿਲਕਦਮੀ, ਕੀਤਾ ਇਹ ਐਲਾਨ
ਉਨ੍ਹਾਂ ਦੇ ਪੂਰੇ ਪਰਿਵਾਰ ਨੇ ਲੋਕਾਂ ਦੀ ਸੇਵਾ ਕੀਤੀ ਹੈ ਜਿਸ ਦੀ ਬਦੌਲਤ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਮੁੜ ਵਿਧਾਇਕ ਬਣਾਇਆ ਹੈ। ਪਾਹੜਾ ਨੇ ਕਿਹਾ ਕਿ ਵਿਜੀਲੈਂਸ ਜਿੰਨੀ ਵਾਰ ਵੀ ਬੁਲਾਵੇਗੀ, ਉਹ ਓਨੀ ਵਾਰ ਹੀ ਪੇਸ਼ ਹੋਣਗੇ ਅਤੇ ਜਾਂਚ ਖ਼ਤਮ ਹੋਣ ਤੱਕ ਗੁਰਦਾਸਪੁਰ ਹੀ ਰਹਿਣਗੇ ਕਿਉਂਕਿ ਉਨ੍ਹਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ। ਵਿਜੀਲੈਂਸ ਅਧਿਕਾਰੀ ਵੱਲੋਂ ਸਲੂਟ ਮਾਰੇ ਜਾਣ ਦੇ ਸਬੰਧ ਵਿਚ ਉਨ੍ਹਾਂ ਕਿਹਾ ਕਿ ਉਹ ਕੋਈ ਦੋਸ਼ੀ ਨਹੀਂ ਹਨ ਸਗੋਂ ਇਕ ਮੌਜੂਦਾ ਵਿਧਾਇਕ ਹਨ, ਜੇਕਰ ਕਿਸੇ ਅਧਿਕਾਰੀ ਨੇ ਸੈਲੂਟ ਮਾਰਿਆ ਹੈ ਤਾਂ ਇਸ ਵਿਚ ਪ੍ਰੋਟੋਕੋਲ ਦੀ ਪਾਲਣਾ ਕੀਤੀ ਹੈ ਨਾ ਕਿ ਕੋਈ ਗੁਨਾਹ ਕੀਤਾ ਹੈ। ਪਾਹੜਾ ਨੇ ਇਥੋਂ ਤੱਕ ਕਿਹਾ ਕਿ ਇਸ ਮਾਮਲੇ ਵਿਚ ਗਲਤ ਪ੍ਰਚਾਰ ਕਰਨ ਵਾਲਿਆਂ ਨੂੰ ਅਦਾਲਤੀ
ਨੋਟਿਸ ਵੀ ਭੇਜਣਗੇ।
ਕੀ ਕਹਿਣਾ ਹੈ ਵਿਜੀਲੈਂਸ ਦੇ ਐੱਸ.ਐੱਸ.ਪੀ ਦਾ?
ਵਿਜੀਲੈਂਸ ਦੇ ਐੱਸ.ਐੱਸ.ਪੀ ਵਰਿੰਦਰ ਕੁਮਾਰ ਨੇ ਕਿਹਾ ਕਿ ਅੱਜ ਪੂਰੇ ਨਿਯਮਾਂ ਤਹਿਤ ਪੁੱਛਗਿਛ ਕੀਤੀ ਗਈ ਹੈ ਅਤੇ ਪਾਹੜਾ ਨੂੰ ਉਨ੍ਹਾਂ ਦੀ ਜਾਇਦਾਦ ਦੇ ਮੁਕੰਮਲ ਵੇਰਵੇ ਦੇਣ ਲਈ ਪ੍ਰੋਫਾਰਮੇ ਦੇ ਦਿੱਤੇ ਗਏ ਹਨ ਜਿਨਾਂ ਨੂੰ ਭਰ ਕੇ ਵਿਧਾਇਕ ਵੱਲੋਂ 7 ਦਿਨਾਂ ਵਿਚ ਜਮਾਂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਹੜਾ ਖਿਲਾਫ਼ ਆਮਦਨ ਤੋਂ ਜਿਆਦਾ ਸੰਪਤੀ ਬਣਾਉਣ ਦੇ ਮਾਮਲੇ ਵਿਚ ਜਾਂਚ ਚਲ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਜਾਂਚ ਪੂਰੀ ਤਰ੍ਹਾਂ ਨਿਰਪੱਖ ਹੈ।
ਵਿਜੀਲੈਂਸ ਦੀ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ, ਰਿਸ਼ਵਤ ਲੈਂਦਿਆਂ ASI ਨੂੰ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ
NEXT STORY