ਚੰਡੀਗੜ੍ਹ (ਬਿਊਰੋ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ ਵਿਚ ਸਥਾਪਤ ਕੀਤੀ ਜਾਣ ਵਾਲੀ ਖੇਡ ਯੂਨੀਵਰਸਿਟੀ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਯੂਨੀਵਰਸਿਟੀ ਦੀ ਸਥਾਪਨਾ ਲਈ ਕੀਤੇ ਜਾਣ ਵਾਲੇ ਕੰਮਾਂ ਵਿਚ ਤਾਲਮੇਲ ਬਿਠਾਉਣ ਲਈ ਕਾਇਮ ਕੀਤੀ ਸੰਚਾਲਨ ਕਮੇਟੀ ਨਾਲ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਅਕਤੂਬਰ ਮਹੀਨੇ ਵਿਚ ਉਲੰਪੀਅਨ ਅਤੇ ਸੀਨੀਅਰ ਖੇਡ ਪ੍ਰਸ਼ਾਸਕ ਰਣਧੀਰ ਸਿੰਘ ਦੀ ਅਗਵਾਈ ਵਿਚ ਸੰਚਾਲਨ ਕਮੇਟੀ ਦਾ ਗਠਨ ਕੀਤਾ ਸੀ ਤਾਂ ਕਿ ਤਜਵੀਜ਼ਤ ਯੂਨੀਵਰਸਿਟੀ ਦਾ ਖਰੜਾ ਬਿੱਲ ਤਿਆਰ ਕੀਤਾ ਜਾ ਸਕੇ। ਖੇਡ ਯੂਨੀਵਰਸਿਟੀ ਦੀ ਸਥਾਪਨਾ ਲਈ ਬਣਾਈ ਸੰਚਾਲਨ ਕਮੇਟੀ ਨੇ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਉਨ੍ਹਾਂ ਵੱਲੋਂ ਖੇਡ ਯੂਨੀਵਰਸਿਟੀ ਦੇ ਸੰਸਥਾਗਤ ਡਿਜ਼ਾਈਨ ਅਤੇ ਕੋਰਸਾਂ ਦੀ ਬਣਤਰ ਬਾਰੇ ਖੇਡ ਖੇਤਰ ਵਿਚ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਣ ਵਾਲੀਆਂ ਯੂਨੀਵਰਸਿਟੀਆਂ ਜਿਵੇਂ ਕਿ ਲਫਬਰੋ ਯੂਨੀਵਰਸਿਟੀ ਯੂ. ਕੇ. ਅਤੇ ਵਿਕਟੋਰੀਆ ਯੂਨੀਵਰਸਿਟੀ ਆਸਟ੍ਰੇਲੀਆ ਨਾਲ ਤਾਲਮੇਲ ਕੀਤੇ ਜਾਣ ਦਾ ਪ੍ਰਸਤਾਵ ਹੈ। ਰਣਧੀਰ ਸਿੰਘ ਨੇ ਦੱਸਿਆ ਕਿ ਕਮੇਟੀ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਲਫਬਰੋ ਯੂਨੀਵਰਸਿਟੀ ਦੇ ਕੁਲਪਤੀ ਅਤੇ ਆਈ. ਏ. ਏ. ਐੱਫ. ਦੇ ਮੁਖੀ ਲਾਰਡ ਸੈਬੇਸਟੀਅਨ ਕੋ ਨੂੰ ਇਸ ਸਬੰਧ ਵਿਚ ਸਹਿਯੋਗ ਦੇਣ ਲਈ ਪੱਤਰ ਲਿਖਣ।
ਮੁੱਖ ਮੰਤਰੀ ਨੇ ਕਮੇਟੀ ਦੇ ਮੈਂਬਰਾਂ ਨੂੰ ਆਖਿਆ ਕਿ ਮੁਲਕ ਅਤੇ ਵਿਦੇਸ਼ਾਂ ਦੀਆਂ ਖੇਡ ਯੂਨੀਵਰਸਿਟੀਆਂ ਦੇ ਮਾਡਲ ਦਾ ਅਧਿਐਨ ਕਰਨ ਤੋਂ ਬਾਅਦ ਵਿਆਪਕ ਰੂਪ ਵਿਚ ਸੰਕਲਪ ਪੱਤਰ ਤਿਆਰ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦਾ ਯਤਨ ਹੋਵੇਗਾ ਕਿ ਜੁਲਾਈ, 2018 ਤੋਂ ਅਕਾਦਮਿਕ ਸੈਸ਼ਨ ਸ਼ੁਰੂ ਕਰ ਕੇ ਵਿਦਿਆਰਥੀਆਂ ਦੇ ਦਾਖਲੇ ਕੀਤੇ ਜਾ ਸਕਣ।
ਕਾਰ 'ਚ 20 ਪੇਟੀਆਂ ਨਾਜਾਇਜ਼ ਸ਼ਰਾਬ ਲਿਜਾਂਦਾ 1 ਅੜਿੱਕੇ
NEXT STORY