ਲੁਧਿਆਣਾ (ਗਣੇਸ਼): ਵ੍ਰਿੰਦਾਵਨ ਵਿਚ ਯਮੁਨਾ ਨਦੀ ਵਿਚ ਹੋਏ ਦਰਦਨਾਕ ਕਿਸ਼ਤੀ ਹਾਦਸੇ ਤੋਂ ਬਾਅਦ ਹਾਲਾਤ ਹੋਰ ਵੀ ਗ਼ਮਗੀਨ ਹੁੰਦੇ ਜਾ ਰਹੇ ਹਨ। ਲੁਧਿਆਣਾ ਤੋਂ ਗਏ ਯਸ਼ ਭੱਲਾ ਦੇ ਪਿਤਾ ਨੇ ਦੱਸਿਆ ਕਿ ਐਤਵਾਰ ਸਵੇਰ ਤੱਕ ਰੈਸਕਿਊ ਟੀਮਾਂ ਨੇ ਦੋ ਹੋਰ ਲਾਸ਼ਾਂ ਬਰਾਮਦ ਕੀਤੀਆਂ ਹਨ। ਮ੍ਰਿਤਕਾਂ ਦੀ ਪਛਾਣ ਰਿਸ਼ਭ ਸ਼ਰਮਾ (ਜਗਰਾਓਂ) ਅਤੇ ਡਿੰਕੀ (ਲੁਧਿਆਣਾ) ਵਜੋਂ ਹੋਈ ਹੈ। ਯਸ਼ ਭੱਲਾ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ, ਜਿਸ ਕਾਰਨ ਪਰਿਵਾਰ ਡੂੰਘੇ ਸਦਮੇ ਵਿਚ ਹੈ। ਪਿਤਾ ਨੇ ਸਰਕਾਰ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ। ਉਨ੍ਹਾਂ ਦੱਸਿਆ ਕਿ ਯਸ਼ ਪੜ੍ਹਾਈ ਦੇ ਨਾਲ-ਨਾਲ ਢੋਲਕੀ ਵਜਾਉਂਦਾ ਸੀ ਅਤੇ ਪਰਿਵਾਰ ਦਾ ਬਹੁਤ ਹੀ ਹੋਣਹਾਰ ਬੱਚਾ ਹੈ। ਘਰ ਵਿਚ ਉਸ ਦਾ ਇਕ ਵੱਡਾ ਭਰਾ ਵੀ ਹੈ ਅਤੇ ਪੂਰਾ ਪਰਿਵਾਰ ਉਸ ਦੀ ਸਲਾਮਤੀ ਦੀ ਦੁਆ ਕਰ ਰਿਹਾ ਹੈ।
ਹਾਦਸੇ ਦੇ ਕਾਰਨਾਂ ਬਾਰੇ ਪਿਤਾ ਨੇ ਦੱਸਿਆ ਕਿ ਕਿਸ਼ਤੀ ਪੁਲ਼ ਨਾਲ ਟਕਰਾਉਣ ਕਾਰਨ ਹਾਦਸਾ ਵਾਪਰਿਆ। ਉਸ ਸਮੇਂ ਤੇਜ਼ ਹਵਾ ਚੱਲ ਰਹੀ ਸੀ, ਜਿਸ ਕਾਰਨ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਪਲਟ ਗਈ। ਦੂਜੀ ਕਿਸ਼ਤੀ ਤੋਂ ਲੋਕਾਂ ਦੀ ਜਾਨ ਬਚਾਉਣ ਲਈ ਰੱਸੀਆਂ ਸੁੱਟੀਆਂ ਗਈਆਂ, ਜਿਨ੍ਹਾਂ ਦੀ ਮਦਦ ਨਾਲ ਕੁਝ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਇਸ ਹਾਦਸੇ ਤੋਂ ਬਾਅਦ ਪੀੜਤ ਪਰਿਵਾਰਾਂ ਦਾ ਬੁਰਾ ਹਾਲ ਹੈ, ਜਿਨ੍ਹਾਂ ਘਰਾਂ ਦੇ ਚਿਰਾਗ ਬੁੱਝ ਗਏ ਹਨ, ਉੱਥੇ ਮਾਤਮ ਪਸਰਿਆ ਹੋਇਆ ਹੈ ਅਤੇ ਪਰਿਵਾਰਕ ਮੈਂਬਰ ਰੋ-ਰੋ ਕੇ ਬੇਸੁੱਧ ਹਨ। ਪ੍ਰਸ਼ਾਸਨ ਵੱਲੋਂ ਸਰਚ ਆਪ੍ਰੇਸ਼ਨ ਲਗਾਤਾਰ ਜਾਰੀ ਹੈ ਅਤੇ ਟੀਮਾਂ ਦੀ ਗਿਣਤੀ ਵੀ ਵਧਾ ਦਿੱਤੀ ਗਈ ਹੈ, ਪਰ ਲਾਪਤਾ ਲੋਕਾਂ ਦੇ ਪਰਿਵਾਰਾਂ ਦੀ ਬੇਚੈਨੀ ਹਰ ਪਲ ਵਧਦੀ ਜਾ ਰਹੀ ਹੈ। ਦੱਸ ਦਈਏ ਕਿ ਇਸ ਹਾਦਸੇ ਵਿਚ 10 ਮੌਤਾਂ ਦੀ ਪਹਿਲਾਂ ਹੀ ਪੁਸ਼ਟੀ ਹੋ ਚੁੱਕੀ ਹੈ।
ਅੰਮ੍ਰਿਤਸਰ ਏਅਰਪੋਰਟ ’ਤੇ ‘ਬਰਡ-ਹਿੱਟ’ ਅਤੇ ਗੈਰ-ਕਾਨੂੰਨੀ ਨਿਰਮਾਣਾਂ ’ਤੇ ਲੱਗੇਗੀ ਰੋਕ, ਮੈਨੇਜਮੈਂਟ ਹੋਈ ਸਖ਼ਤ
NEXT STORY