ਰੂਪਨਗਰ, (ਕੈਲਾਸ਼)- ਸ਼ਹਿਰ 'ਚ ਪਏ ਮੀਂਹ ਕਾਰਨ ਜਿਥੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ, ਉਥੇ ਹੀ ਸ਼ਹਿਰ ਨਿਵਾਸੀਆਂ ਲਈ ਮੁਸੀਬਤਾਂ ਦਾ ਪਹਾੜ ਟੁੱਟ ਗਿਆ। ਲੋਕ ਪੂਰਾ ਦਿਨ ਘਰਾਂ 'ਚ ਦਾਖਲ ਹੋਏ ਗੰਦੇ ਪਾਣੀ ਨੂੰ ਬਾਹਰ ਕੱਢਣ 'ਚ ਲੱਗੇ ਰਹੇ ਤੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦੇ ਲੋਕਾਂ ਨੇ ਜ਼ਿਲਾ ਪ੍ਰਸ਼ਾਸਨ ਤੇ ਨਗਰ ਕੌਂਸਲ ਵਿਰੁੱਧ ਰੋਸ ਪ੍ਰਗਟ ਕੀਤਾ।
ਜਾਣਕਾਰੀ ਅਨੁਸਾਰ ਅੱਜ ਸਵੇਰ ਤੋਂ ਹੀ ਸ਼ਹਿਰ 'ਚ ਤੇਜ਼ ਮੀਂਹ ਸ਼ੁਰੂ ਹੋ ਗਿਆ ਸੀ, ਜੋ ਦੁਪਹਿਰ ਤੱਕ ਪੈਂਦਾ ਰਿਹਾ। ਲਗਾਤਾਰ ਮੀਂਹ ਕਾਰਨ ਸ਼ਹਿਰ ਦੇ ਸਾਰੇ ਨੀਵੇਂ ਇਲਾਕਿਆਂ 'ਚ ਪਾਣੀ ਜਮ੍ਹਾ ਹੋ ਗਿਆ ਤੇ ਸੜਕਾਂ ਨੇ ਨਦੀਆਂ ਦਾ ਰੂਪ ਧਾਰਨ ਕਰ ਲਿਆ। ਲੋਕਾਂ ਦੇ ਘਰਾਂ 'ਚ ਦਾਖਲ ਹੋ ਰਹੇ ਗੰਦੇ ਪਾਣੀ ਨੂੰ ਰੋਕਣ ਲਈ ਲੋਕਾਂ ਨੂੰ ਖੁਦ ਪ੍ਰਬੰਧ ਕਰਨੇ ਪਏ। ਦਸਮੇਸ਼ ਕਾਲੋਨੀ ਦੇ ਨਿਵਾਸੀਆਂ ਨੇ ਮੀਂਹ ਦਾ ਪਾਣੀ ਘਰਾਂ 'ਚ ਦਾਖਲ ਹੋਣ ਕਾਰਨ ਜ਼ਿਲਾ ਪ੍ਰਸ਼ਾਸਨ ਤੇ ਨਗਰ ਕੌਂਸਲ ਵਿਰੁੱਧ ਰੋਸ ਪ੍ਰਗਟ ਕੀਤਾ। ਇਸ ਮੌਕੇ ਰਜਿੰਦਰ ਸਿੰਘ, ਦਲੀਪ ਸਿੰਘ, ਬਲਵੀਰ ਸਿੰਘ, ਰਾਜ ਰਾਣੀ, ਸੰਤੋਸ਼ ਕੌਰ, ਕਮਲੇਸ਼ ਕੌਰ, ਹਰੀਸ਼ ਕੁਮਾਰ ਤੇ ਹੋਰ ਕਾਲੋਨੀ ਨਿਵਾਸੀਆਂ ਨੇ ਕਿਹਾ ਕਿ ਉਹ 25 ਸਾਲਾਂ ਤੋਂ ਮੀਂਹ ਦੇ ਦਿਨਾਂ 'ਚ ਨਰਕਮਈ ਜੀਵਨ ਜੀਅ ਰਹੇ ਹਨ ਤੇ ਕਈ ਵਾਰ ਜ਼ਿਲਾ ਪ੍ਰਸ਼ਾਸਨ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤੇ ਗਏ। ਸਾਬਕਾ ਐੱਮ. ਸੀ. ਦੇ ਸਮੇਂ ਇਕ ਨਾਲੇ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਦੂਜੇ 'ਚ ਸੀਵਰੇਜ ਪਾਇਆ ਗਿਆ ਪਰ ਨਾਲੇ ਦਾ ਨਿਰਮਾਣ ਲਟਕਿਆ ਹੋਇਆ ਹੈ, ਜਿਸ ਕਾਰਨ ਮੁਹੱਲਾ ਮਾਤਾ ਰਾਣੀ, ਨੌਂਗਜ਼ਾ ਪੀਰ, ਨਹਿਰੂ ਨਗਰ, ਪੀ.ਐੱਨ.ਬੀ. ਤੇ ਉੱਚੇ ਖੇਤਰਾਂ ਦਾ ਪਾਣੀ ਦਸਮੇਸ਼ ਕਾਲੋਨੀ 'ਚ ਆ ਜਾਂਦਾ ਹੈ। 6 ਮਹੀਨਿਆਂ ਤੋਂ ਕਾਲੋਨੀ ਨਿਵਾਸੀ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਉਕਤ ਸਮੱਸਿਆ ਸਬੰਧੀ ਗੇੜੇ ਲਾ ਰਹੇ ਹਨ ਪਰ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਇਸ ਤੋਂ ਇਲਾਵਾ ਸ਼ਹਿਰ ਦੀ ਪ੍ਰੀਤ ਕਾਲੋਨੀ, ਪਬਲਿਕ ਕਾਲੋਨੀ, ਰਣਜੀਤ ਐਵੀਨਿਊ ਆਦਿ ਖੇਤਰਾਂ 'ਚ ਵੀ ਪਾਣੀ ਭਰਿਆ ਹੋਇਆ ਸੀ।
ਨਾਜਾਇਜ਼ ਕਬਜ਼ੇ ਛੁਡਾਉਣ ਲਈ ਪ੍ਰਸ਼ਾਸਨ ਵੱਲੋਂ ਨਿਸ਼ਾਨਦੇਹੀ ਸ਼ੁਰੂ
NEXT STORY