ਲੁਧਿਆਣਾ (ਅਨਿਲ) : ਥਾਣਾ ਲਾਡੋਵਾਲ ਦੇ ਅਧੀਨ ਆਉਂਦੀ ਹੰਬੜਾਂ ਪੁਲਸ ਚੌਕੀ ਨੇ ਬੀਤੀ ਰਾਤ ਹਥਿਆਰ ਦੀ ਨੋਕ ’ਤੇ ਰਾਹਗੀਰਾਂ ਨੂੰ ਡਰਾ ਧਮਕਾ ਕੇ ਲੁੱਟਣ ਵਾਲੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਇਕ ਵਿਅਕਤੀ ਜੋ ਲੋਕਾਂ ਤੋਂ ਲੁੱਟੇ ਹੋਏ ਮੋਬਾਇਲ ਫੋਨ ਵੇਚਣ ਲਈ ਹੰਬੜਾਂ ਸੂਆ ਪੁਲੀ ਦੇ ਕੋਲ ਖੜ੍ਹਾ ਹੋਇਆ ਹੈ, ਜਿਸ ’ਤੇ ਚੌਕੀ ਇੰਚਾਰਜ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੌਕੇ ’ਤੇ ਛਾਪੇਮਾਰੀ ਕੀਤੀ। ਇਥੇ ਇਕ ਵਿਅਕਤੀ ਪੁਲਸ ਟੀਮ ਨੂੰ ਦੇਖ ਕੇ ਪਿੱਛੇ ਮੁੜ ਕੇ ਭੱਜਣ ਲੱਗਾ ਪਰ ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਉਸ ਨੂੰ ਕਾਬੂ ਕਰਕੇ ਜਦੋਂ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਦੋ ਮੋਬਾਇਲ ਅਤੇ ਇਕ ਤੇਜ਼ਧਾਰ ਹਥਿਆਰ ਬਰਾਮਦ ਕੀਤਾ ਗਿਆ।
ਪੁਲਸ ਨੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਦੀ ਪਛਾਣ ਰਾਜਵਿੰਦਰ ਸਿੰਘ ਰਾਜੂ ਪੁੱਤਰ ਜੰਗ ਸਿੰਘ ਵਾਸੀ ਪਿੰਡ ਤੁਗਲ ਜਗਰਾਓਂ ਹਾਲ ਵਾਸੀ ਕਿਰਾਏਦਾਰ ਕੁਲਦੀਪ ਸਿੰਘ ਡ੍ਰਾਈਵਰ ਸਿੱਧਵਾਂ ਬੇਟ ਵਜੋਂ ਕੀਤੀ ਗਈ। ਮੁਲਜ਼ਮ ਖ਼ਿਲਾਫ ਥਾਣਾ ਲਾਡੋਵਾਲ ਵਿਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਰਾਜਵਿੰਦਰ ਪਿਛਲੇ ਲੰਬੇ ਸਮੇਂ ਤੋਂ ਲੁੱਟ ਦੀਆਂ ਵਾਰਦਾਤਾਂ ਕਰਕੇ ਲੋਕਾਂ ਨੂੰ ਲੁੱਟਦਾ ਆ ਰਿਹਾ ਹੈ ਜਿਸ ’ਤੇ ਪਹਿਲਾਂ ਵੀ ਦੋ ਲੁੱਟ ਦੇ ਕੇਸ ਥਾਣਾ ਸਿਟੀ ਜਗਰਾਓਂ ਵਿਚ ਦਰਜ ਹੈ ਜਿਸ ਵਿਚ ਮੁਲਜ਼ਮ ਜ਼ਮਾਨਤ ’ਤੇ ਬਾਹਰ ਆਇਆ ਹੋਇਆ ਹੈ। ਮੁਲਜ਼ਮ ਨਸ਼ਾ ਕਰਨ ਦਾ ਵੀ ਆਦੀ ਹੈ। ਅੱਜ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂਕਿ ਉਸ ਤੋਂ ਹੋਰ ਪੁੱਛਗਿਛ ਕੀਤੀ ਜਾ ਸਕੇ।
ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਜਲੰਧਰ ਵਿਖੇ 17 ਹੋਰ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ
NEXT STORY