ਸ੍ਰੀ ਫਤਿਹਗੜ੍ਹ ਸਾਹਿਬ/ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ): ਸਿੱਖ ਪੰਥ ਦੀ ਇਹ ਤ੍ਰਾਸਦੀ ਰਹੀ ਹੈ ਕਿ ਉਸਨੇ ਗੁਰਧਾਮਾਂ ਦੀਆਂ ਸੁੰਦਰ ਇਮਾਰਤਾਂ ਬਣਾਉਣ ਲਈ ਇਤਿਹਾਸ ਦੀਆਂ ਉਹ ਵਿਰਾਸਤੀ ਨਿਸ਼ਾਨੀਆਂ ਵੀ ਨੇਸਤੋ ਨਾਬੂਦ ਕਰ ਦਿੱਤੀਆਂ ਜੋ ਆਪਣੇ ਕਲਾਵੇ ’ਚ ਉਨ੍ਹਾਂ ਪੀੜਗ੍ਰਸਤ ਘਟਨਾਵਾਂ ਦੀਆਂ ਸ਼ਾਹਦੀਆਂ ਸਮੋਈ ਬੈਠੀਆਂ ਹਨ। ਜੋ ਤਵਾਰੀਖ਼ ਦੀਆਂ ਘਟਨਾਵਾਂ ਨੂੰ ਆਪ ਮੁਹਾਰੇ ਬਿਆਨਦੀਆਂ ਸਨ। ਚਮਕੌਰ ਦੀ ਕੱਚੀ ਗੜ੍ਹੀ ਤੇ ਸਰਹਿੰਦ ਦਾ ਠੰਡਾ ਬੁਰਜ ਕੌਮ ਦਾ ਅਦੁਭਤ ਵਿਰਾਸਤੀ ਸਰਮਾਇਆ ਕਰੀਬ ਚਾਰ ਦਹਾਕੇ ਪਹਿਲਾਂ ਤਵਾਰੀਖ਼ ਦਾ ਚਸ਼ਮਦੀਦ ਗਵਾਹ ਬਣ ਕੇ ਅਵਾਮ ਦੀ ਅਦਾਲਤ ਸ਼ਾਹਦੀ ਭਰ ਰਹੇ ਸਨ। ਕਾਸ਼! ਅਸੀਂ ਉਸ ਨੂੰ ਸਾਂਭ ਲੈਂਦੇ ਤਾਂ ਅੱਜ ਇਤਿਹਾਸ ਦੀ ਤਸਵੀਰ ਕੁਝ ਹੋਰ ਹੁੰਦੀ ਪਰ ਇਹ ਸਮੁੱਚੀ ਕੌਮ ਦਾ ਦੁਖਾਂਤ ਹੈ ਕਿ ਅਸੀਂ ਉਸ ਵਡਮੁੱਲੇ ਸਰਮਾਏ ਨੂੰ ਨਹੀਂ ਸਾਂਭ ਸਕੇ ਪਰ ਇਸ ਤੋਂ ਵੀ ਵੱਡਾ ਦੁਖਾਂਤ ਇਹ ਹੈ ਕਿ ਇਸ ਤਰਜ਼ ਦੀਆਂ ਅਸੀਂ ਉਨ੍ਹਾਂ ਯਾਦਗਾਰਾਂ ਨੂੰ ਸੰਭਾਲਣ ਪ੍ਰਤੀ ਵੀ ਗੰਭੀਰ ਨਹੀ, ਜੋ ਅੱਜ ਮੌਜੂਦ ਹਨ ਜੋਕਿ ਜਲਦੀ ਹੀ ਮਲਬੇ ਦਾ ਢੇਰ ਬਣਨ ਦੇ ਕੰਢੇ ’ਤੇ ਹਨ। ਇਨ੍ਹਾਂ ’ਚੋਂ ਇਕ ਹੈ ਦੀਵਾਨ ਟੋਡਰ ਮੱਲ ਦੀ ਜਹਾਜ਼ ਹਵੇਲੀ।
ਇਹ ਵੀ ਪੜ੍ਹੋ : ਪਾਕਿ ’ਚ ਸਰਕਾਰੀ ਅਦਾਰਿਆਂ ਅੰਦਰ ਸਿੱਖਾਂ ਨੂੰ ਸ੍ਰੀ ਸਾਹਿਬ ਪਹਿਨਣ ’ਤੇ ਰੋਕ ਦੀ ਸ਼੍ਰੋਮਣੀ ਕਮੇਟੀ ਵੱਲੋਂ ਨਿੰਦਾ
ਇਹ ਅੱਜ ਆਪਣੀ ਦੁਰਦਸ਼ਾ ’ਤੇ ਖੁਦ ਹੰਝੂ ਵਹਾ ਰਹੀ ਹੈ। ਅਜੇ ਕੁਝ ਕੁ ਵਰ੍ਹਿਆਂ ਦੀ ਗੱਲ ਹੈ ਕਿ ਇਹ ਅੱਜ ਆਪਣੀ ਹਸਤੀ ਮਿਟਾ ਚੁੱਕੀ ਹੁੰਦੀ ਜੇ ਮਨੁੱਖਤਾ ਦੇ ਸੱਚੇ-ਸੁੱਚੇ ਹਮਦਰਦ ਇਸਦੇ ਹੱਕ ’ਚ ਆਵਾਜ਼ ਬੁਲੰਦ ਕਰ ਕੇ, ਇਸਨੂੰ ਲੈਂਡ ਮਾਫੀਏ ਤੋਂ ਨਾ ਛੁਡਵਾਉਂਦੇ ਅਤੇ ਐੱਸ.ਜੀ.ਪੀ.ਸੀ. ਇਸ 20 ਲੱਖ ’ਚ ਵਿਕ ਚੁੱਕੀ ਜਹਾਜ਼ ਹਵੇਲੀ ਦੀ ਕੀਮਤ ਅਦਾ ਕਰ ਕੇ ਇਸਨੂੰ ਮਹਿਫੂਜ਼ ਰੱਖਣ ’ਚ ਸਹਾਈ ਨਾ ਹੁੰਦੀ। ਇਸ ਤੋਂ ਪਹਿਲਾਂ ਵੀ ਇਸਦੀ ਕਿਸੇ ਨੇ ਸਾਰ ਨਹੀਂ ਸੀ ਪੁੱਛੀ। ਇਹ ਇਕ ਕੋਨੇ ਤੋਂ ਮਲਬਾ ਹੋ ਕੇ ਰਹਿ ਚੁੱਕੀ ਸੀ। ਜਿਸ ਹਵੇਲੀ ਨੂੰ ਜਹਾਜ਼ ਦੀ ਹਮਸ਼ਕਲ ਹੋਣ ਦੇ ਨਾਤੇ ਜਹਾਜ਼ ਹਵੇਲੀ ਕਰ ਕੇ ਜਾਣਦੇ ਸਨ ਉਸਦਾ ਨਾਮੋ ਨਿਸ਼ਾਨ ਵੀ ਖ਼ਤਮ ਹੋ ਰਿਹਾ ਸੀ।
ਸਮੇਂ ਨੇ ਮੁੜ ਕਰਵਟ ਲਈ ਪੁਰਾਤੱਤਵ ਵਿਭਾਗ ਅਤੇ ਐੱਸ.ਜੀ.ਪੀ.ਸੀ. ਨੇ ਸਾਂਝਾ ਉਪਰਾਲਾ ਕਰ ਕੇ ਇਸ ਦਾ ਨਵੀਨੀਕਰਨ ਕਰਨ ਦਾ ਸੰਕਲਪ ਲਿਆ ਜੋ ਕਿ ਦੋ ਵਰ੍ਹੇ ਪਹਿਲਾਂ ਲੀਗਲ ਅਤੇ ਕਾਨੂੰਨੀ ਪਰਿਕ੍ਰਿਆ ਦੀ ਭੇਟਾ ਚੜ੍ਹ ਗਿਆ। ਅੱਜ ਜੋ ਇਨਸਾਨ ਨਿੱਕੀਆਂ ਜ਼ਿੰਦਾਂ ਦੇ ਵੱਡੇ ਸਾਕੇ ਨੂੰ ਨਤਮਸਤਕ ਹੋਣ ਲਈ ਸ੍ਰੀ ਫਤਿਹਗੜ੍ਹ ਸਾਹਿਬ ਦੀ ਮੁਕੱਦਸ ਧਰਤੀ ’ਤੇ ਪੁੱਜਦਾ ਹੈ, ਉਹ ਇਸ ਜਹਾਜ਼ ਹਵੇਲੀ ਦੀ ਤ੍ਰਾਸਦੀ ਤੱਕ ਕੇ ਭਾਵਾਨਤਮਕ ਤੌਰ ’ਤੇ ਰੂਹੋਂ ਰੋਂਦਾ ਹੈ।
ਇਤਿਹਾਸ ਦੇ ਪੰਨੇ ਪੁਕਾਰ-ਪੁਕਾਰ ਕੇ ਦੱਸਦੇ ਹਨ ਕਿ ਉਹ ਉਸ ਦੀਵਾਨ ਟੋਡਰ ਮੱਲ ਦੀ ਹਵੇਲੀ ਹੈ ਜਿਸਨੇ ਪਿੰਡ ਅੱਤੇਵਾਲੀ ਦੇ ਚੌਧਰੀ ਅੱਤੇ ਕੋਲੋਂ 2.15 ਮੀਟਰ ਥਾਂ ਖੜ੍ਹੀਆਂ ਮੋਹਰਾਂ 78,000 ਗਿਣਤੀ, ਵਜ਼ਨ 78 ਕਿਲੋ ਰਿਕਾਰਡ ਕੀਤਾ ਗਿਆ ਜੋਕਿ ਗੁਰੂ ਜੀ ਦੇ ਲਾਲਾਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੇ ਸਸਕਾਰ ਲਈ ਇਹ ਜ਼ਮੀਨ ਖ਼ਰੀਦੀ ਗਈ ਸੀ। ਜਦੋਂ ਉਨ੍ਹਾਂ ਦਾ ਸਸਕਾਰ ਹੋ ਰਿਹਾ ਸੀ ਉਦੋਂ ਦੀਵਾਨ ਟੋਡਰ ਮੱਲ, ਬਾਬਾ ਮੋਤੀ ਰਾਮ ਮਹਿਰਾ ਦੇ ਪਰਿਵਾਰ ਤੋਂ ਬਿਨਾਂ ਭਾਈ ਰਾਮਾ, ਭਾਈ ਸੰਤੋਖਾ ਤੇ ਇਕ ਅੱਤੇਵਾਲੀ ਦਾ ਪਠਾਣ ਹੀ ਮੌਜੂਦ ਸਨ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵਾਪਰੀ ਘਟਨਾ ਦੀ ਵਾਇਰਲ ਵੀਡੀਓ ਸਬੰਧੀ ਕੀਤੀ ਇਹ ਅਪੀਲ
ਅੱਜ ਉਸ ਧਰਤੀ ਨੂੰ ਸਿਜਦਾ ਕਰਨ ਵਾਲਿਆਂ ਦੀ ਗਿਣਤੀ ਬੇਸ਼ੁਮਾਰ ਹੈ ਪਰ ਲੋੜ ਹੈ ਇਸ ਹਜ਼ੂਮ ’ਚੋਂ ਉਨ੍ਹਾਂ ਦਰਦਮੰਦਾਂ ਦੀ ਜੋ ਖੜ੍ਹੀਆਂ ਮੋਹਰਾਂ ਵਿਛਾ ਕੇ ਜ਼ਮੀਨ ਖ਼ਰੀਦਣ ਵਾਲੇ ਦੀ ਵਿਰਾਸਤ ਦੀ ਹਿਫਾਜ਼ਤ ਲਈ ਸਾਹਮਣੇ ਆ ਸਕਣ। ਜੇਕਰ ਅਜਿਹਾ ਨਾ ਹੋਇਆ ਤਾਂ ਆਉਣ ਵਾਲੀਆਂ ਨਸਲਾਂ ਕਦੇ ਸਾਨੂੰ ਮੁਆਫ਼ ਨਹੀਂ ਕਰਨਗੀਆਂ। ਸਾਹਿਬਜ਼ਾਦਿਆਂ ਤੇ ਮਾਤਾ ਜੀ ਦੇ ਅੰਤਿਮ ਸੰਸਕਾਰ ਲਈ ਦੀਵਾਨ ਟੋਡਰ ਮੱਲ ਵਲੋਂ ਖ਼ਰੀਦੀ ਜ਼ਮੀਨ ਲੋਕਾਈ ਦੇ ਇਤਿਹਾਸ ’ਚ ਅੱਜ ਤੱਕ ਸਭ ਤੋਂ ਮਹਿੰਗੇ ਮੁੱਲ ਵਿਕੀ ਜ਼ਮੀਨ ਹੈ। ਇਸ ਸਸਕਾਰ ਦੀ ਰਸਮ ਨਿਭਾਉਣ ਤੋਂ ਬਾਅਦ ਦੀਵਾਨ ਜੀ ਨੂੰ ਹਕੂਮਤ ਦੀ ਵੱਡੀ ਨਫ਼ਰਤ ਦਾ ਜਿੱਥੇ ਵਪਾਰਕ ਪੱਖੋਂ ਸਾਹਮਣਾ ਕਰਨਾ ਪਿਆ ਉੱਥੇ ਉਹ ਆਰਥਕ ਪੱਖੋਂ ਇਕ ਸੇਠ ਤੋਂ ਗੁਰਬਤ ਮਾਰੇ ਦਰਵੇਸ਼ ਵਰਗੀ ਜ਼ਿੰਦਗੀ ਗੁਜ਼ਾਰਨ ਲਈ ਮਜਬੂਰ ਹੋ ਗਿਆ।
ਨੋਟ :ਦੀਵਾਨ ਟੋਡਰ ਮੱਲ ਦੀ ਹਵੇਲੀ ਦੀ ਅਣਦੇਖੀ ਲਈ ਕੌਣ ਜ਼ਿੰਮੇਵਾਰ ?
ਪਾਕਿ ’ਚ ਸਰਕਾਰੀ ਅਦਾਰਿਆਂ ਅੰਦਰ ਸਿੱਖਾਂ ਨੂੰ ਸ੍ਰੀ ਸਾਹਿਬ ਪਹਿਨਣ ’ਤੇ ਰੋਕ ਦੀ ਸ਼੍ਰੋਮਣੀ ਕਮੇਟੀ ਵੱਲੋਂ ਨਿੰਦਾ
NEXT STORY