ਬਲਾਚੌਰ (ਤਰਸੇਮ, ਕਟਾਰੀਆ) : ਸਰਕਾਰ ਪ੍ਰਸ਼ਾਸਨ ਅਤੇ ਵਿਭਾਗ ਵਲੋਂ ਭਾਵੇਂ ਸ਼ਿਕਾਰ ਕਰਨ 'ਤੇ ਪਾਬੰਦੀ ਲਾਈ ਹੋਈ ਹੈ ਪਰ ਫਿਰ ਵੀ ਕੁਝ ਪਿੰਡਾਂ ਦੇ ਸ਼ਿਕਾਰੀ ਬਿਨਾਂ ਕਿਸੇ ਡਰ ਦੇ ਬੇਜ਼ੁਬਾਨ ਪੰਛੀਆਂ ਅਤੇ ਵੱਡੇ ਜਾਨਵਰਾਂ ਦਾ ਬੇਰਹਿਮੀ ਨਾਲ ਸ਼ਿਕਾਰ ਕਰਦੇ ਹਨ। ਪਿੰਡ ਪੋਜੇਵਾਲ ਦੇ ਨੇੜੇ ਬਣਾਈਆਂ ਪਾਣੀ ਦੀਆਂ ਖੇਲਾਂ 'ਚ ਜਦੋਂ ਕੋਈ ਜਾਨਵਰ ਰਾਤ ਨੂੰ ਪਾਣੀ ਪੀਣ ਲਈ ਆਉਂਦਾ ਹੈ ਤਾਂ ਲੁਕ ਕੇ ਬੈਠੇ ਸ਼ਿਕਾਰੀ ਅਤੇ ਕੁੱਤੇ ਰਾਤ ਨੂੰ ਹਮਲਾ ਕਰ ਕੇ ਉਨ੍ਹਾਂ ਨੂੰ ਮਾਰ ਦਿੰਦੇ ਹਨ।
ਲੋਕਾਂ ਨੇ ਦੱਸਿਆ ਕਿ ਬੀਤੀ ਰਾਤ ਪੋਜੇਵਾਲ ਦੇ ਜੰਗਲ ਸਾਈਡ ਨੂੰ ਵਾਟਰ ਸਪਲਾਈ ਦੇ ਟਿਊਬਵੈੱਲ 'ਤੇ ਬਣੇ ਪਾਣੀ ਦੀ ਖੇਲ੍ਹ 'ਤੇ ਇਕ ਨੀਲ ਗਾਂ ਪਾਣੀ ਪੀਣ ਲਈ ਆਈ ਤਾਂ ਉੱਥੇ ਆਸ-ਪਾਸ ਹੀ ਬੈਠੇ ਸ਼ਿਕਾਰੀਆਂ ਵਲੋਂ ਉਸ ਨੂੰ ਗੋਲੀ ਮਾਰ ਕੇ ਫਟੜ ਕਰ ਦਿੱਤਾ ਗਿਆ ਅਤੇ ਫਿਰ ਉਸ ਨੂੰ ਪਾਣੀ ਦੀ ਖੇਲ 'ਚ ਹੀ ਕੁਹਾੜਿਆਂ ਨਾਲ ਮਾਰ ਕੇ ਘੜੀਸ ਕੇ 200 ਮੀਟਰ ਝਾੜੀਆਂ 'ਚ ਲੈ ਗਏ, ਜਿੱਥੇ ਉਸ ਦੀ ਖੱਲ ਲਾਹ ਲਈ ਅਤੇ ਬਾਕੀ ਪਿੰਜਰ ਛੱਡ ਗਏ। ਜਦੋਂ ਤੜਕੇ ਕੁਝ ਲੋਕਾਂ ਨੇ ਝਾੜੀਆਂ 'ਚ ਦੇਖਿਆ ਤਾਂ ਨੀਲ ਗਾਂ ਦਾ ਸ਼ਿਕਾਰ ਕਰ ਕੇ ਵੱਢ-ਟੁੱਕ ਕੀਤੀ ਹੋਈ ਸੀ ਅਤੇ ਖੂਨ ਨਾਲ ਧਰਤੀ ਲਾਲ ਹੋਈ ਪਈ ਸੀ। ਬਾਕੀ ਨੀਲ ਗਾਂ ਦਾ ਪਿੰਜਰ ਅਤੇ ਸਰੀਰ ਦੇ ਟੁਕੜੇ ਪਏ ਸੀ।
ਸਵੇਰੇ 8 ਵਜੇ ਪਤਾ ਲੱਗਣ 'ਤੇ ਜਦੋਂ ਇਸ ਪ੍ਰਤੀਨਿਧੀ ਵਲੋਂ ਦੇਖਿਆ ਗਿਆ ਤਾਂ ਪਾਣੀ ਵਾਲੇ ਖੇਲ 'ਚ ਵੀ ਖੂਨ ਡੁੱਲ੍ਹਿਆ ਹੋਇਆ ਸੀ ਅਤੇ ਉੱਥੇ ਨੀਲ ਗਾਂ ਨੂੰ ਘੜੀਸ ਕੇ ਅੱਗੇ ਝਾੜੀਆਂ 'ਚ ਵੱਢ-ਟੁੱਕ ਕੀਤੀ ਸੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਪਿੰਡਾਂ ਦੇ ਕੁਝ ਲੋਕ ਅਤੇ ਸ਼ਿਕਾਰੀ ਰਾਤਾਂ ਨੂੰ ਗੋਲੇ ਦੱਬਕੇ ਅਤੇ ਕੜਿੱਕੇ ਲਾ ਕੇ ਜਾਨਵਾਰਾਂ ਨੂੰ ਮਾਰਦੇ ਹਨ। ਲੋਕਾਂ ਨੇ ਕਿਹਾ ਕਿ ਵੇਲੇ-ਕੁ-ਵੇਲੇ ਹੋਰ ਕਿਸੇ ਪਸ਼ੂ ਚਰਾਉਣ ਵਾਲੇ ਦਾ ਵੀ ਕੜਿੱਕੇ 'ਚ ਫਸ ਕੇ ਨੁਕਸਾਨ ਹੋ ਸਕਦਾ ਹੈ। ਕੁਝ ਲੋਕਾਂ ਨੇ ਇਸ ਨੂੰ ਆਪਣਾ ਧੰਦਾ ਬਣਾਇਆ ਹੋਇਆ ਹੈ। ਲੋਕਾਂ ਦੀ ਮੰਗ ਹੈ ਕਿ ਇਨ੍ਹਾਂ ਸ਼ਿਕਾਰੀਆਂ ਨੂੰ ਫੜ੍ਹ ਕੇ ਪ੍ਰਸ਼ਾਸਨ ਸਖਤ ਕਾਰਵਾਈ ਕਰੇ।
CAA ਨੂੰ ਲੈ ਕੇ ਸੁਖਬੀਰ ਬਾਦਲ 'ਤੇ ਵਰ੍ਹੇ ਮਨਪ੍ਰੀਤ ਬਾਦਲ (ਵੀਡੀਓ)
NEXT STORY