ਨਸਰਾਲਾ, (ਚੁੰਬਰ)- ਨਸਰਾਲਾ ਵਿਖੇ ਇਕ ਲੋਹੇ ਦੇ ਪੁਰਜ਼ੇ ਬਣਾਉਣ ਵਾਲੀ ਕੇ. ਪੀ. ਇੰਡਸਟਰੀ ਵਿਚ ਕੰਮ ਕਰਦੇ ਸਮੇਂ ਖਰਾਦ ਗਰਾਈਂਡਰ ਦਾ ਬਲੇਡ ਟੁੱਟ ਕੇ ਵਰਕਰ ਦੇ ਲੱਗ ਜਾਣ ਕਾਰਨ ਉਸ ਦੀ ਮੌਤ ਹੋਣ ਦਾ ਦਰਦਨਾਕ ਸਮਾਚਾਰ ਹੈ। ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਪੁਲਸ ਚੌਕੀ ਮੰਡਿਆਲਾ ਦੇ ਏ. ਐੱਸ. ਆਈ. ਨੇ ਦੱਸਿਆ ਕਿ ਮ੍ਰਿਤਕ ਬਹਾਦਰ ਸਿੰਘ (27) ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਰੰਧਾਵਾ ਬਰੋਟਾ ਥਾਣਾ ਬੁੱਲ੍ਹੋਵਾਲ ਦਾ ਰਹਿਣ ਵਾਲਾ ਸੀ, ਜੋ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਉਕਤ ਫੈਕਟਰੀ ਵਿਚ ਕੰਮ 'ਤੇ ਆਇਆ ਅਤੇ ਅਚਾਨਕ ਕੰਮ ਕਰਦੇ ਸਮੇਂ ਖਰਾਦ ਗਰਾਈਂਡਰ ਦਾ ਬਲੇਡ ਟੁੱਟ ਕੇ ਉਸ ਦੀ ਧੌਣ 'ਤੇ ਲੱਗ ਗਿਆ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਤੁਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਮ੍ਰਿਤਕ ਦੇ ਪਿਤਾ ਚਰਨਜੀਤ, ਜੋ ਕਿ ਉਕਤ ਫੈਕਟਰੀ ਵਿਚ ਹੀ ਕੰਮ ਕਰਦੇ ਹਨ, ਅੱਜ ਛੁੱਟੀ 'ਤੇ ਹੋਣ ਕਾਰਨ ਘਰ ਸੀ, ਨੂੰ ਉਸ ਦੇ ਲੜਕੇ ਦੇ ਮਾਮੂਲੀ ਸੱਟ ਲੱਗਣ ਦੀ ਸੂਚਨਾ ਦੇ ਕੇ ਉਸ ਨੂੰ ਫੈਕਟਰੀ ਬੁਲਾਇਆ ਗਿਆ। ਜਿਥੇ ਉਸ ਨੂੰ ਪਤਾ ਲੱਗਾ ਕਿ ਉਸ ਦੇ ਲੜਕੇ ਦੀ ਖਰਾਦ ਮਸ਼ੀਨ ਹਾਦਸੇ 'ਚ ਮੌਤ ਹੋ ਚੁੱਕੀ ਹੈ ਤੇ ਉਸ ਦੀ ਮ੍ਰਿਤਕ ਦੇਹ ਫੈਕਟਰੀ ਮਾਲਕਾਂ ਨੇ ਗੱਡੀ ਵਿਚ ਰੱਖੀ ਹੋਈ ਹੈ। ਮ੍ਰਿਤਕ ਦੇ ਪਿਤਾ ਨੇ ਦੋਸ਼ ਲਾਇਆ ਕਿ ਉਕਤ ਮਸ਼ੀਨ, ਜਿਸ ਨੇ ਉਸ ਦੇ ਲੜਕੇ ਦੀ ਜਾਨ ਲੈ ਲਈ, 'ਤੇ ਕੋਈ ਸੁਰੱਖਿਆ ਦਾ ਇੰਤਜ਼ਾਮ ਨਹੀਂ ਸੀ।
ਇਸ ਮੌਤ ਦੀ ਖ਼ਬਰ ਸੁਣਦਿਆਂ ਹੀ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਦੇਖਦੇ ਹੀ ਦੇਖਦੇ ਸੈਂਕੜੇ ਪਿੰਡ ਵਾਸੀ ਅਤੇ ਹੋਰ ਆਸ-ਪਾਸ ਦੇ ਲੋਕ ਉਕਤ ਫੈਕਟਰੀ ਅੱਗੇ ਇਕੱਠੇ ਹੋ ਗਏ। ਇਸ ਮੌਤ ਦੀ ਸੂਚਨਾ ਮਿਲਦਿਆਂ ਸਾਰ ਹੀ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਪਵਨ ਕੁਮਾਰ ਆਦੀਆ ਵੀ ਮੌਕੇ 'ਤੇ ਪਹੁੰਚੇ ਤੇ ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪੁਲਸ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇਗਾ।
ਇਸ ਮੌਕੇ ਬਸਪਾ ਵੱਲੋਂ ਠੇਕੇਦਾਰ ਭਗਵਾਨ ਦਾਸ ਸਿੱਧੂ ਵੀ ਆਪਣੇ ਸਾਥੀਆਂ ਸਮੇਤ ਪੁੱਜੇ ਅਤੇ ਪੀੜਤ ਪਰਿਵਾਰ ਨੂੰ ਪਾਰਟੀ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਕਰਨ ਦੀ ਗੱਲ ਕਹੀ। ਪੁਲਸ ਪ੍ਰਸ਼ਾਸਨ ਵੱਲੋਂ ਡੀ. ਐੱਸ. ਪੀ. ਹਰਜਿੰਦਰ ਸਿੰਘ, ਐੱਸ. ਐੱਚ. ਓ. ਪ੍ਰਦੀਪ ਸਿੰਘ ਬੁੱਲ੍ਹੋਵਾਲ ਵੀ ਪੁੱਜੇ ਜਿਨ੍ਹਾਂ ਨੇ ਪੀੜਤ ਪਰਿਵਾਰ ਅਤੇ ਹਾਜ਼ਰ ਲੋਕਾਂ ਨੂੰ ਕਿਹਾ ਕਿ ਪੁਲਸ ਉਕਤ ਪਰਿਵਾਰ ਨਾਲ ਪੂਰਾ ਸਹਿਯੋਗ ਕਰੇਗੀ ਅਤੇ ਇਨਸਾਫ ਦਿਵਾਏਗੀ।
ਹਾਜ਼ਰ ਲੋਕਾਂ ਨੇ ਕਿਹਾ ਕਿ ਜੇਕਰ ਇਸ ਹੋਈ ਮੌਤ ਸਬੰਧੀ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ 'ਤੇ ਜਾਮ ਲਾ ਦੇਣਗੇ। ਪੁਲਸ ਨੇ ਇਸ ਦਰਦਨਾਕ ਮੌਤ ਸਬੰਧੀ ਆਪਣੀ ਕਾਰਵਾਈ ਆਰੰਭ ਕਰਦਿਆਂ ਲਾਸ਼ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਕੇ. ਪੀ. ਇੰਡਸਟਰੀ ਦੇ ਮੁਖੀ ਨਿਤਿਨ ਗੁਪਤਾ ਪੁੱਤਰ ਪ੍ਰਦੀਪ ਗੁਪਤਾ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਸਰਾਈਂ ਪਿੰਡ 'ਚ ਪਾਣੀ ਦੀ ਨਹੀਂ ਹੋ ਰਹੀ ਨਿਕਾਸੀ
NEXT STORY