ਫ਼ਰੀਦਕੋਟ (ਹਾਲੀ) - ਫ਼ਰੀਦਕੋਟ ਰਿਆਸਤ ਦੇ ਆਖ਼ਰੀ ਰਾਜਾ ਹਰਿੰਦਰ ਸਿੰਘ ਬਰਾੜ ਵੱਲੋਂ ਤਿੰਨ ਦਹਾਕੇ ਪਹਿਲਾਂ ਰਿਆਸਤ ਦੀ ਜਾਇਦਾਦ ਅਤੇ ਸਾਂਭ-ਸੰਭਾਲ ਸਬੰਧੀ ਕੀਤੀ ਵਸੀਅਤ ਰੱਦ ਹੋਣ ਨਾਲ ਇਸ ਜਾਇਦਾਦ ਸਬੰਧੀ ਪਰਿਵਾਰਕ ਵਿਵਾਦ ਗਰਮਾ ਗਿਆ ਹੈ ਅਤੇ ਨਾਲ ਹੀ ਦੇਸ਼ ਭਰ 'ਚ ਰਿਆਸਤ ਦੀਆਂ ਸ਼ਾਹੀ ਇਮਾਰਤਾਂ, ਮਹਿਲ, ਕਿਲੇ, ਅਸਲੇ ਅਤੇ ਜ਼ਮੀਨਾਂ ਸਾਂਭ ਰਹੇ 400 ਤੋਂ ਵੱਧ ਰਿਆਸਤ ਦੇ ਮੁਲਾਜ਼ਮਾਂ ਦੇ ਭਵਿੱਖ 'ਤੇ ਤਲਵਾਰ ਲਟਕ ਗਈ ਹੈ।
1 ਮਾਰਚ ਤੋਂ ਬਾਅਦ ਟਰੱਸਟ ਕਾਨੂੰਨੀ ਤੌਰ 'ਤੇ ਸ਼ਾਹੀ ਜਾਇਦਾਦ ਨੂੰ ਨਹੀਂ ਵਰਤ ਸਕੇਗਾ ਅਤੇ ਨਾ ਹੀ ਟਰੱਸਟ ਦੇ ਖਾਤਿਆਂ ਵਿਚ ਜਮ੍ਹਾ ਪੈਸਾ ਕੱਢਵਾ ਸਕੇਗਾ। ਟਰੱਸਟ ਦਾ ਹਰ ਮਹੀਨੇ ਦਾ ਖਰਚਾ 1 ਕਰੋੜ ਰੁਪਏ ਹੈ। ਮੋਹਾਲੀ ਦੀ ਜ਼ਿਲਾ ਅਦਾਲਤ ਵੱਲੋਂ ਫਰੀਦਕੋਟ ਰਿਆਸਤ ਦੇ ਆਖਰੀ ਮਹਾਰਾਜਾ ਹਰਿੰਦਰ ਸਿੰਘ ਬਰਾੜ ਦੀ ਵਸੀਅਤ ਨੂੰ ਹੇਠਲੀ ਅਦਾਲਤ ਵੱਲੋਂ ਰੱਦ ਕਰਨ ਦੇ ਫੈਸਲੇ ਨੂੰ ਸਹੀ ਠਹਿਰਾਇਆ ਗਿਆ ਹੈ ਅਤੇ ਟਰੱਸਟ ਦੀ ਅਪੀਲ ਖਾਰਿਜ ਕਰ ਦਿੱਤੀ ਹੈ।
ਅਦਾਲਤ ਦੇ ਫੈਸਲੇ ਮੁਤਾਬਕ ਫਰੀਦਕੋਟ ਰਿਆਸਤ ਦੇ ਰਾਜੇ ਦੀ ਜਾਇਦਾਦ ਹੁਣ ਸ਼ਾਹੀ ਪਰਿਵਾਰ ਦੇ ਕਾਨੂੰਨੀ ਵਾਰਿਸਾਂ ਵਿਚ ਬਰਾਬਰ ਵੰਡੀ ਜਾਵੇਗੀ। ਬੇਸ਼ੁਮਾਰ ਜਾਇਦਾਦ ਨੂੰ ਸੂਬਾ ਸਰਕਾਰ ਆਪਣੇ ਕਬਜ਼ੇ 'ਚ ਵੀ ਲੈ ਸਕਦੀ ਹੈ। ਰਾਜਾ ਹਰਿੰਦਰ ਸਿੰਘ ਬਰਾੜ ਵੱਲੋਂ 1 ਜੂਨ, 1986 ਨੂੰ ਵਸੀਅਤ ਨੰ. 41 ਰਾਹੀਂ ਆਪਣੀ ਸਮੁੱਚੀ ਜਾਇਦਾਦ ਦੀ ਸਾਂਭ-ਸੰਭਾਲ ਲਈ ਮਹਾਰਾਵਲ ਖੇਵਾ ਜੀ ਟਰੱਸਟ ਦਾ ਗਠਨ ਕੀਤਾ ਸੀ। ਇਸ ਵਸੀਅਤ ਮੁਤਾਬਕ ਇਸ ਰਿਆਸਤ ਦੇ ਆਖਰੀ ਰਾਜੇ ਕੋਲ 25 ਹਜ਼ਾਰ ਕਰੋੜ ਤੋਂ ਵੱਧ ਦੀ ਜਾਇਦਾਦ ਮੌਜੂਦ ਹੈ, ਜਿਸ ਵਿਚ 3 ਹਜ਼ਾਰ ਏਕੜ ਜ਼ਮੀਨ, 1 ਹਵਾਈ ਅੱਡਾ, 3 ਵਿਦੇਸ਼ੀ ਜਹਾਜ਼, 2 ਕਿਲੇ, ਰਾਜ ਮਹਿਲ, ਹੀਰੇ, ਸੋਨਾ, ਚਾਂਦੀ ਅਤੇ 2 ਦਰਜਨ ਤੋਂ ਵੱਧ ਦੇਸ਼ ਭਰ ਵਿਚ ਆਲੀਸ਼ਾਨ ਇਮਾਰਤਾਂ, ਅਸਲਾਖਾਨਾ, ਅਜੈਬ ਘਰ ਪ੍ਰਮੁੱਖ ਤੌਰ 'ਤੇ ਸ਼ਾਮਲ ਹਨ।
ਰਾਜੇ ਦੇ ਟਰੱਸਟ ਨੇ 1200 ਏਕੜ ਜ਼ਮੀਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਖੋਜ ਕਾਰਜਾਂ ਵਾਸਤੇ 30 ਸਾਲ ਲਈ ਠੇਕੇ 'ਤੇ ਦਿੱਤੀ ਹੈ। ਮਹਾਰਾਜਾ ਹਰਿੰਦਰ ਸਿੰਘ ਵੱਲੋਂ ਸਥਾਪਤ ਕੀਤੇ ਟਰੱਸਟ ਅਤੇ ਸ਼ਾਹੀ ਵਸੀਅਤ ਨੂੰ ਉਨ੍ਹਾਂ ਦੀ ਲੜਕੀ ਅੰਮ੍ਰਿਤ ਕੌਰ ਨੇ ਅਦਾਲਤ 'ਚ ਚੁਣੌਤੀ ਦਿੱਤੀ ਸੀ, ਜਿਸ 'ਚ ਰਾਜ ਕੁਮਾਰੀ ਅੰਮ੍ਰਿਤ ਕੌਰ ਕੇਸ ਜਿੱਤ ਗਈ ਸੀ। ਅੰਮ੍ਰਿਤ ਕੌਰ ਨੇ ਟਰੱਸਟ 'ਤੇ ਸ਼ਾਹੀ ਜਾਇਦਾਦ ਨੂੰ ਖੁਰਦ-ਬੁਰਦ ਕਰਨ ਦਾ ਦੋਸ਼ ਲਾਇਆ ਸੀ।
ਅੰਮ੍ਰਿਤ ਕੌਰ ਨੇ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਟਰੱਸਟ ਦੀ ਐਕਵਾਇਰ ਕੀਤੀ 100 ਏਕੜ ਜ਼ਮੀਨ ਉੱਪਰ ਵੀ ਇਤਰਾਜ਼ ਪ੍ਰਗਟ ਕੀਤਾ ਸੀ। ਆਉਣ ਵਾਲੇ ਦਿਨਾਂ 'ਚ ਸ਼ਾਹੀ ਜਾਇਦਾਦ ਨੂੰ ਵੰਡਣ ਅਤੇ ਆਪਣੇ ਕਬਜ਼ੇ 'ਚ ਲੈਣ ਲਈ ਨਵਾਂ ਵਿਵਾਦ ਸ਼ੁਰੂ ਹੋਣ ਦੀ ਸੰਭਾਵਨਾ ਹੈ ਕਿਉਂਕਿ ਹਾਲ ਦੀ ਘੜੀ ਸ਼ਾਹੀ ਜਾਇਦਾਦਾਂ ਉੱਪਰ ਟਰੱਸਟ ਪੂਰੀ ਤਰ੍ਹਾਂ ਕਾਬਜ਼ ਹੈ।
ਜ਼ਿਕਰਯੋਗ ਹੈ ਕਿ ਰਾਜਾ ਹਰਿੰਦਰ ਸਿੰਘ ਬਰਾੜ ਦੀ 1989 ਵਿਚ ਹੋਈ ਮੌਤ ਤੋਂ ਬਾਅਦ ਟਰੱਸਟ ਨੇ ਸ਼ੀਸ਼ ਮਹਿਲ ਅਤੇ ਰਾਜ ਮਹਿਲ ਸਮੇਤ ਕੁਝ ਇਮਾਰਤਾਂ ਨੂੰ ਮੁਕੰਮਲ ਤੌਰ 'ਤੇ ਸੀਲ ਕਰ ਦਿੱਤਾ ਹੈ। ਕੋਈ ਵੀ ਵਿਅਕਤੀ ਰਾਜ ਮਹਿਲ ਵਿਚ ਦਾਖਲ ਨਹੀਂ ਹੋ ਸਕਦਾ। ਰਾਜ ਮਹਿਲ ਦੁਨੀਆ ਦੀਆਂ ਵਿਲੱਖਣ ਇਮਾਰਤਾਂ 'ਚੋਂ ਇਕ ਹੈ ਪਰ ਫ਼ਰੀਦਕੋਟ ਦੇ ਲੋਕ ਕਦੇ ਉਸ ਨੂੰ ਦੇਖ ਨਹੀਂ ਸਕੇ। ਇਸ ਕਾਰਵਾਈ ਕਰ ਕੇ ਇਲਾਕੇ ਦੇ ਲੋਕਾਂ ਵਿਚ ਵੀ ਟਰੱਸਟ ਖਿਲਾਫ਼ ਕਾਫ਼ੀ ਰੋਸ ਸੀ।
ਟਰੱਸਟ ਨੇ ਕਿਲੇ 'ਚ ਆਮ ਲੋਕਾਂ ਦੇ ਜਾਣ 'ਤੇ ਵੀ ਪਾਬੰਦੀ ਲਾਈ ਹੈ, ਜਦਕਿ ਦੇਸ਼ ਭਰ 'ਚੋਂ ਸੈਲਾਨੀਆਂ ਨੂੰ ਕਿਲੇ ਜਾਂ ਸ਼ਾਹੀ ਇਮਾਰਤਾਂ ਦਿਖਾਉਣ ਲਈ ਕਿਤੇ ਕੋਈ ਪਾਬੰਦੀ ਨਹੀਂ ਹੈ। ਰਾਜੇ ਦੀ ਲੜਕੀ ਅੰਮ੍ਰਿਤ ਕੌਰ ਨੇ ਕਿਹਾ ਕਿ ਲੋਕਾਂ ਨੂੰ ਰਿਆਸਤ ਤੋਂ ਦੂਰ ਕਰਨਾ ਅਤੇ ਰਿਆਸਤ ਦੀ ਸਮੁੱਚੀ ਜਾਇਦਾਦ ਉੱਪਰ ਕੁਝ ਕੁ ਹੀ ਲੋਕਾਂ ਦਾ ਕਬਜ਼ਾ ਹੋਣ ਤੋਂ ਸਪੱਸ਼ਟ ਸੀ ਕਿ ਵਸੀਅਤ ਅਤੇ ਟਰੱਸਟ ਫਰਜ਼ੀ ਹਨ ਅਤੇ ਇਹ ਫਰੀਦਕੋਟ ਰਿਆਸਤ ਦੀ ਸ਼ਾਨ ਤੇ ਉਮੀਦਾਂ 'ਤੇ ਖਰੇ ਨਹੀਂ ਉੱਤਰੇ।
ਉਨ੍ਹਾਂ ਕਿਹਾ ਕਿ ਰਾਜਾ ਹਰਿੰਦਰ ਸਿੰਘ ਬਰਾੜ ਨੇ ਕਦੇ ਵੀ ਕੋਈ ਵਸੀਅਤ ਨਹੀਂ ਕੀਤੀ ਬਲਕਿ ਉਸ ਦੀ ਬੇਸ਼ੁਮਾਰ ਦੌਲਤ ਨੂੰ ਹਾਸਲ ਕਰਨ ਲਈ ਫਰਜ਼ੀ ਦਸਤਾਵੇਜ਼ ਤਿਆਰ ਕੀਤੇ ਗਏ ਸਨ। ਉਨ੍ਹਾਂ ਅਦਾਲਤ ਦੇ ਫੈਸਲੇ ਦਾ ਵੀ ਸਵਾਗਤ ਕੀਤਾ ਹੈ। ਰਿਆਸਤ ਦੇ ਰਾਜੇ ਵੱਲੋਂ ਲਿਖੀ ਵਸੀਅਤ ਅਨੁਸਾਰ ਉਸ ਤੋਂ ਪਹਿਲਾਂ ਵੀ ਸ਼ਾਹੀ ਘਰਾਣੇ ਨੇ ਕੁਝ ਵਸੀਅਤਾਂ ਕੀਤੀਆਂ ਸੀ ਪਰ ਆਪਣੇ ਲੜਕੇ ਦੀ ਅਕਤੂਬਰ 1981 ਵਿਚ ਮੌਤ ਕਾਰਨ ਰਾਜਾ ਹਰਿੰਦਰ ਸਿੰਘ ਨੇ ਦੁਬਾਰਾ ਵਸੀਅਤ ਲਿਖਣ ਦੀ ਗੱਲ ਕਹੀ।
ਵਸੀਅਤ 'ਚ ਹਰਿੰਦਰ ਸਿੰਘ ਬਰਾੜ ਨੇ ਆਪਣੀ ਲੜਕੀ ਦੀਪਇੰਦਰ ਕੌਰ ਨੂੰ ਟਰੱਸਟ ਦੀ ਚੇਅਰਪਰਸਨ, ਰਾਜ ਕੁਮਾਰੀ ਮਹੀਪਇੰਦਰ ਕੌਰ ਨੂੰ ਉਪ ਚੇਅਰਪਰਸਨ ਬਣਾਇਆ ਸੀ, ਜਦਕਿ ਰਾਜ ਕੁਮਾਰੀ ਅੰਮ੍ਰਿਤ ਕੌਰ ਨੂੰ ਸਮੁੱਚੀ ਸ਼ਾਹੀ ਜਾਇਦਾਦ 'ਚੋਂ ਬੇਦਖ਼ਲ ਕਰ ਦਿੱਤਾ ਸੀ। ਬਾਅਦ 'ਚ ਅੰਮ੍ਰਿਤਪਾਲ ਕੌਰ ਨੇ ਵਸੀਅਤ, ਟਰੱਸਟ ਅਤੇ ਆਪਣੀ ਬੇਦਖ਼ਲੀ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਸੀ।
ਕੈਂਟਰ ਤੇ ਮੋਟਰਸਾਈਕਲ ਦੀ ਟੱਕਰ 'ਚ 4 ਸਾਲਾ ਬੱਚੇ ਦੀ ਮੌਤ
NEXT STORY