ਇਕ ਪਾਸੇ ਦੇਸ਼ ’ਚ ਹੱਤਿਆ, ਲੁੱਟ-ਖੋਹ, ਜਬਰ-ਜ਼ਨਾਹ ਵਰਗੇ ਅਪਰਾਧ ਜ਼ੋਰਾਂ ’ਤੇ ਹਨ ਤਾਂ ਦੂਜੇ ਪਾਸੇ ਕਾਨੂੰਨ ਦੀ ਰਖਵਾਲੀ ਪੁਲਸ ਵੀ ਅਪਰਾਧੀ ਅਨਸਰਾਂ ਦੇ ਹੱਥੋਂ ਸੁਰੱਖਿਅਤ ਨਹੀਂ ਹੈ ਅਤੇ ਅਪਰਾਧੀ ਅਨਸਰਾਂ ਵਲੋਂ ਛਾਪੇਮਾਰੀ ਕਰਨ ਦੇ ਲਈ ਜਾਣ ਵਾਲੀ ਪੁਲਸ ’ਤੇ ਹਮਲੇ ਕੀਤੇ ਜਾ ਰਹੇ ਹਨ। ਇਨ੍ਹਾਂ ਦੀਆਂ ਇਕ ਸਾਲ ’ਚ ਕੁਝ ਘਟਨਾਵਾਂ ਹੇਠਾਂ ਦਰਜ ਹਨ :
18 ਜਨਵਰੀ, 2025 ‘ਲੁਧਿਆਣਾ’ (ਪੰਜਾਬ) ਦੇ ਪਿੰਡ ‘ਕਮਾਲਪੁਰ’ ’ਚ ਇਕ ਮੁਲਜ਼ਮ ਨੂੰ ਫੜਨ ਗਈ ਪੁਲਸ ਟੀਮ ’ਤੇ ਮੁਲਜ਼ਮ ਦੇ 12 ਸਾਥੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਐੱਸ. ਐੱਚ. ਓ. ਸਮੇਤ 4 ਪੁਲਸ ਮੁਲਾਜ਼ਮ ਜ਼ਖਮੀ ਕਰ ਦਿੱਤੇ।
* 2 ਅਪ੍ਰੈਲ 2025 ਨੂੰ ‘ਸੀਕਰ’ (ਰਾਜਸਥਾਨ) ਦੇ ‘ਅਜੀਤਗੜ੍ਹ’ ’ਚ ਇਕ ਬਦਮਾਸ਼ ਨੂੰ ਫੜਨ ਗਈ ਪੁਲਸ ’ਤੇ ਬਦਮਾਸ਼ ਦੇ ਸਾਥੀਆਂ ਨੇ ਹਮਲਾ ਕਰ ਕੇ ਪੁਲਸ ਦੀਆਂ ਤਿੰਨ ਗੱਡੀਆਂ ਤੋੜ ਦਿੱਤੀਆਂ ਤੇ ਅਨੇਕ ਪੁਲਸ ਜਵਾਨਾਂ ਨੂੰ ਜ਼ਖਮੀ ਕਰ ਦਿੱਤਾ।
* 22 ਮਈ, 2025 ਨੂੰ ‘ਬੇਗੂਸਰਾਹੇ’ (ਬਿਹਾਰ) ‘ਮੱਲ੍ਹੀਪੁਰ ਬਿਨ ਟੋਲੀ’ ਪਿੰਡ ’ਚ ਨਾਜਾਇਜ਼ ਸ਼ਰਾਬ ਦੇ ਧੰਦੇਬਾਜ਼ਾਂ ਨੂੰ ਫੜਨ ਗਈ ਪੁਲਸ ਟੀਮ ’ਤੇ ਸ਼ਰਾਬੀਆਂ ਨੇ ਹਮਲਾ ਕਰ ਕੇ ਅਨੇਕ ਪੁਲਸ ਮੁਲਾਜ਼ਮਾਂ ਨੂੰ ਜ਼ਖਮੀ ਕਰ ਦਿੱਤਾ।
* 27 ਮਈ, 2025 ਨੂੰ ‘ਗਾਜ਼ੀਆਬਾਦ’ (ਉੱਤਰ ਪ੍ਰਦੇਸ਼) ‘ਨਾਹਲ’ ਪਿੰਡ ’ਚ ਵਾਹਨ ਚੋਰੀ ਦੇ ਦੋ ਦਰਜਨ ਤੋਂ ਵੱਧ ਮਾਮਲਿਆਂ ’ਚ ਲੋੜੀਂਦੇ ਗੈਂਗਸਟਰ ਨੂੰ ਗ੍ਰਿਫਤਾਰ ਕਰਨ ਲਈ ਪਹੁੰਚੀ ਪੁਲਸ ਟੀਮ ’ਤੇ ਗੈਂਗਸਟਰ ਦੇ ਸਾਥੀਆਂ ਨੇ ਹਮਲਾ ਕਰ ਦਿੱਤਾ ਅਤੇ ਇਕ ਕਾਂਸਟੇਬਲ ਸੌਰਵ ਕੁਮਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।
* 20 ਦਸੰਬਰ, 2025 ਨੂੰ ‘ਸਪੋਲ’ (ਬਿਹਾਰ) ’ਚ ‘ਤ੍ਰਿਵੇਣੀ ਗੰਜ’ ਦੇ ‘ਨਰਹਾ ਟੋਲਾ’ ’ਚ ਸ਼ਰਾਬ ਦੇ ਧੰਦੇਬਾਜ਼ਾਂ ਨੇ ਨਾਜਾਇਜ਼ ਦੇਸੀ ਸ਼ਰਾਬ ਨੂੰ ਨਸ਼ਟ ਕਰ ਰਹੇ ਪੁਲਸ ਕਰਮਚਾਰੀਆਂ ’ਤੇ ਹਮਲਾ ਕਰ ਕੇ ਇਕ ਸਬ ਇੰਸਪੈਕਟਰ ਸਮੇਤ 4 ਪੁਲਸ ਕਰਮਚਾਰੀਆਂ ਨੂੰ ਜ਼ਖਮੀ ਕਰ ਦਿੱਤਾ ਅਤੇ ਪੁਲਸ ਦੀ ਗੱਡੀ ਨੂੰ ਵੀ ਨੁਕਸਾਨ ਪਹੁੰਚਾਇਆ।
* 23 ਦਸੰਬਰ, 2025 ‘ਮਊ’ (ਉੱਤਰ ਪ੍ਰਦੇਸ਼) ’ਚ ‘ਰਾਨੀਪੁਰ’ ਥਾਣਾ ਖੇਤਰ ਦੇ ਪਿੰਡ ‘ਪਿਰੂਆ’ ’ਚ ਧੋਖਾਦੇਹੀ ਦੇ ਮੁਲਜ਼ਮ ਨੂੰ ਫੜਨ ਗਈ ਪੁਲਸ ਟੀਮ ’ਤੇ ਮੁਲਜ਼ਮ ਦੇ ਸਾਥੀਆਂ ਨੇ ਹਮਲਾ ਕਰ ਕੇ ਕਈ ਪੁਲਸ ਮੁਲਾਜ਼ਮਾਂ ਨੂੰ ਜ਼ਖਮੀ ਕਰ ਦਿੱਤਾ।
* 25 ਦਸੰਬਰ, 2025 ਨੂੰ ‘ਮੇਰਠ’ (ਉੱਤਰ ਪ੍ਰਦੇਸ਼) ’ਚ ਵੱਖ-ਵੱਖ ਮਾਮਲਿਆਂ ’ਚ ਲੋੜੀਂਦੇ 3 ਮੁਲਜ਼ਮਾਂ ਨੂੰ ਫੜਨ ਗਈ ਪੁਲਸ ਟੀਮ ਦੇ ਮੈਂਬਰਾਂ ਨੂੰ ਘੇਰ ਕੇ ਬਦਮਾਸ਼ਾਂ ਨੇ ਨਾ ਸਿਰਫ ਉਨ੍ਹਾਂ ਨਾਲ ਮਾਰਕੁੱਟ ਕੀਤੀ ਅਤੇ ਉਨ੍ਹਾਂ ਦੀ ਗੱਡੀ ਤੋੜ ਦਿੱਤੀ ਸਗੋਂ ਇਕ ਸਿਪਾਹੀ ਦੀ ਵਰਦੀ ਵੀ ਫਾੜ ਦਿੱਤੀ।
* 31 ਦਸੰਬਰ, 2025 ਨੂੰ ‘ਸਮਸਤੀਪੁਰ’ (ਬਿਹਾਰ) ’ਚ ਇਕ ਸ਼ਰਾਬ ਸਮੱਗਲਰ ਦੇ ਟਿਕਾਣੇ ’ਤੇ ਛਾਪੇਮਾਰੀ ਕਰਨ ਗਈ ਪੁਲਸ ਦੀ ਟੀਮ ’ਤੇ ਸ਼ਰਾਬ ਦੇ ਧੰਦੇਬਾਜ਼ ਅਤੇ ਉਸ ਦੇ ਸਾਥੀਆਂ ਨੇ ਪਥਰਾਅ ਕਰ ਕੇ ਇਕ ਸਿਪਾਹੀ ਅਤੇ ਪੁਲਸ ਵਾਹਨ ਦੇ ਡਰਾਈਵਰ ਸਮੇਤ 5 ਪੁਲਸ ਮੁਲਾਜ਼ਮਾਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ।
* 9 ਜਨਵਰੀ, 2026 ਨੂੰ ‘ਪਲਵਲ’ (ਹਰਿਆਣਾ) ਦੇ ‘ਮੁੰਡਕਟੀ’ ਥਾਣਾ ਖੇਤਰ ’ਚ ਨਾਜਾਇਜ਼ ਸ਼ਰਾਬ ਫੜਨ ਗਈ ਪੁਲਸ ਟੀਮ ਨੂੰ ਸਮੱਗਲਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਗਾਲ੍ਹਾਂ ਕੱਢਣ ਤੋਂ ਇਲਾਵਾ ਉਨ੍ਹਾਂ ’ਤੇ ਚਾਕੂਆਂ ਅਤੇ ਲਾਠੀ-ਡੰਡਿਆਂ ਨਾਲ ਹਮਲਾ ਕਰ ਦਿੱਤਾ ਅਤੇ ਇਕ ਸਿਪਾਹੀ ਦੀ ਵਰਦੀ ਵੀ ਫਾੜ ਦਿੱਤੀ।
* 11 ਜਨਵਰੀ, 2026 ਨੂੰ ‘ਔਰੰਗਾਬਾਦ’ (ਬਿਹਾਰ) ਦੇ ‘ਨਥੁਨੀ ਬੀਘਾ’ ਪਿੰਡ ’ਚ ਸ਼ਰਾਬ ਦੀ ਗੈਰ-ਕਾਨੂੰਨ ਵਿਕਰੀ ਦੀ ਸੂਚਨਾ ਮਿਲਣ ’ਤੇ ਛਾਪਾ ਮਾਰਨ ਪਹੁੰਚੀ ਪੁਲਸ ਦੀ ਟੀਮ ’ਤੇ ਸ਼ਰਾਬ ਸਮੱਗਲਰ ਦੇ ਆਦਮੀਆਂ ਨੇ ਚੋਰ-ਚੋਰ ਚਿਲਾਉਂਦੇ ਹੋਏ ਉਨ੍ਹਾਂ ’ਤੇ ਲਾਠੀ-ਇੱਟਾਂ ਅਤੇ ਪੱਥਰਾਂ ਦੀ ਵਾਛੜ ਕਰ ਦਿੱਤੀ ਜਿਸ ਨਾਲ 2 ਪੁਲਸ ਜਵਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਏ ਅਤੇ ਪੁਲਸ ਦੀ ਗੱਡੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।
* 11 ਜਨਵਰੀ ਨੂੰ ‘ਰਤਲਾਮ’ (ਮੱਧ ਪ੍ਰਦੇਸ਼) ’ਚ ਨਸ਼ੀਲੇ ਪਦਾਰਥਾਂ ਦੀ ਚੈਕਿੰਗ ਦੇ ਲਈ ਇਕ ਕਾਰ ਨੂੰ ਰੋਕਣ ’ਤੇ ਬਦਮਾਸ਼ਾਂ ਨੇ ਪੁਲਸ ’ਤੇ ਪਥਰਾਅ ਕਰ ਕੇ ਇਕ ਪੁਲਸ ਕਰਮਚਾਰੀ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ।
ਦੇਸ਼ ਦੀ ਰੱਖਿਆ ਕਰਨ ਵਾਲੇ ਪੁਲਸ ਮੁਲਾਜ਼ਮਾਂ ’ਤੇ ਹਮਲੇ ਯਕੀਨਣ ਹੀ ਅਪਰਾਧੀ ਅਨਸਰਾਂ ਦੀ ਵਧ ਰਹੀ ਹਿੰਮਤ ਅਤੇ ਕਾਨੂੰਨ ਦਾ ਡਰ ਖਤਮ ਹੋ ਜਾਣ ਦਾ ਹੀ ਨਤੀਜਾ ਹੈ। ਇਸ ਲਈ ਅਜਿਹੇ ਅਪਰਾਧੀਆਂ ਨਾਲ ਨਜਿੱਠਣ ਲਈ ਸਖਤ ਵਿਵਸਥਾਵਾਂ ਵਾਲਾ ਕਾਨੂੰਨ ਬਣਾਉਣ ਦੀ ਲੋੜ ਹੈ ਤਾਂ ਕਿ ਅਜਿਹਾ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ। ਇਸ ਨਾਲ ਹੋਰਨਾਂ ਅਪਰਾਧੀਆਂ ਨੂੰ ਨਸੀਹਤ ਮਿਲੇਗੀ ਅਤੇ ਅਜਿਹੀਆਂ ਘਟਨਾਵਾਂ ’ਤੇ ਲਗਾਮ ਲੱਗ ਸਕੇਗੀ।
–ਵਿਜੇ ਕੁਮਾਰ
ਕਿਵੇਂ ਹੱਲ ਹੋਵੇ ਭਾਰਤ ’ਚ ਦੂਸ਼ਿਤ ਪਾਣੀ ਦੀ ਸਮੱਸਿਆ?
NEXT STORY