ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ) - ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸੂਬੇ ਦੇ ਲੋਕਾਂ ਨਾਲ ਆਪਣੇ ਚੋਣ ਮੈਨੀਫੈਸਟੋ 'ਚ ਇਹ ਵਾਅਦਾ ਕੀਤਾ ਸੀ ਕਿ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਕਾਂਗਰਸ ਦੀ ਸਰਕਾਰ ਆਉਣ 'ਤੇ ਪੜ੍ਹੇ-ਲਿਖੇ ਨੌਜਵਾਨ ਵਰਗ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ ਤੇ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ। ਘਰ-ਘਰ ਜਾ ਕੇ ਕਾਂਗਰਸੀ ਆਗੂਆਂ ਨੇ ਸਰਕਾਰੀ ਨੌਕਰੀਆਂ ਦੇਣ ਲਈ ਫਾਰਮ ਭਰੇ ਸਨ। ਲੋਕਾਂ ਦੀਆਂ ਵੋਟਾਂ ਬਟੋਰ ਕੇ ਜਦ ਕਾਂਗਰਸ ਨੇ ਪੰਜਾਬ ਦਾ ਰਾਜ ਭਾਗ ਸੰਭਾਲ ਲਿਆ ਤਾਂ ਕੁਰਸੀ ਦੇ ਨਸ਼ੇ 'ਚ ਲੋਕਾਂ ਨਾਲ ਕੀਤੇ ਵਾਅਦੇ ਭੁੱਲ ਗਏ ਅਤੇ ਅੱਖਾਂ ਫੇਰ ਲਈਆਂ। ਲੱਖਾਂ ਰੁਪਏ ਪੜ੍ਹਾਈ ਅਤੇ ਕੋਰਸਾਂ 'ਤੇ ਖਰਚ ਕਰਨ ਵਾਲੇ ਪੜ੍ਹੇ—ਲਿਖੇ ਲੜਕੇ-ਲੜਕੀਆਂ ਨੂੰ ਸਰਕਾਰੀ ਨੌਕਰੀਆਂ ਤਾਂ ਕੀ ਦੇਣੀਆਂ ਸਨ, ਸਗੋਂ ਉਲਟਾ ਜਿਨ੍ਹਾਂ ਕੋਲ ਨੌਕਰੀਆਂ ਸਨ, ਉਨ੍ਹਾਂ ਦੀਆਂ ਨੌਕਰੀਆਂ ਵੀ ਖੋਹੀਆਂ ਜਾ ਰਹੀਆਂ ਹਨ। ਇਸ ਦੀ ਮਿਸਾਲ ਸੂਬੇ ਭਰ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਤੋਂ ਮਿਲਦੀ ਹੈ। ਸਰਕਾਰੀ ਨੌਕਰੀਆਂ ਤੇ ਰੁਜ਼ਗਾਰ ਦੇ ਵਾਅਦੇ ਕਰਨ ਵਾਲੀ ਕਾਂਗਰਸ ਸਰਕਾਰ ਦੇ ਰਾਜ 'ਚ ਇਨ੍ਹਾਂ ਵਰਕਰਾਂ ਤੇ ਹੈਲਪਰਾਂ ਦਾ ਭਵਿੱਖ ਦਾਅ 'ਤੇ ਲੱਗਾ ਹੋਇਆ ਹੈ ਤੇ ਪੰਜਾਬ 'ਚ ਇਸ ਵੇਲੇ ਸਭ ਤੋਂ ਭੱਖਦਾ ਮਸਲਾ ਬਣਿਆ ਹੋਇਆ ਹੈ।
ਨੌਕਰੀਆਂ ਬਚਾਉਣ ਲਈ ਰੁਲ ਰਹੀਆਂ ਸੜਕਾਂ 'ਤੇ
ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਸੰਘਰਸ਼ ਤੇਜ਼ ਕੀਤਾ ਹੋਇਆ ਹੈ ਅਤੇ ਆਪਣੀਆਂ ਨੌਕਰੀਆਂ ਬਚਾਉਣ ਲਈ ਸੜਕਾਂ 'ਤੇ ਰੁਲ ਰਹੀਆਂ ਹਨ। ਧਰਨੇ-ਮੁਜ਼ਾਹਰੇ ਤੇ ਰੋਸ ਰੈਲੀਆਂ ਦਾ ਸਿਲਸਿਲਾ ਜਾਰੀ ਹੈ ਤੇ ਸਰਕਾਰ ਦੇ ਪੁਤਲੇ ਸਾੜੇ ਜਾ ਰਹੇ ਹਨ। ਸੜਕਾਂ 'ਤੇ ਟ੍ਰੈਫਿਕ ਜਾਮ ਹੋ ਰਿਹਾ ਪਰ ਕਈ ਦਿਨ ਬੀਤਣ ਦੇ ਬਾਵਜੂਦ ਸਰਕਾਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੰਨ 'ਤੇ ਜੂੰ ਨਹੀਂ ਸਰਕੀ ਤੇ ਮਸਲੇ ਦਾ ਹੱਲ ਕਰਨ ਬਾਰੇ ਗੱਲਬਾਤ ਲਈ ਸੱਦਾ ਵੀ ਨਹੀਂ ਦਿੱਤਾ ਗਿਆ।
42 ਸਾਲ ਪਹਿਲਾਂ ਸ਼ੁਰੂ ਹੋਈ ਸੀ ਆਈ. ਸੀ. ਡੀ. ਐੱਸ. ਸਕੀਮ
ਛੋਟੇ ਬੱਚਿਆਂ ਦੇ ਵਿਕਾਸ, ਉਨ੍ਹਾਂ ਦੀ ਸਾਂਭ-ਸੰਭਾਲ ਤੇ ਪ੍ਰੀ-ਸਕੂਲ ਸਿੱਖਿਆ ਦੇਣ ਲਈ ਕੇਂਦਰ ਸਰਕਾਰ ਨੇ 2 ਅਕਤੂਬਰ 1975 'ਚ ਆਈ. ਸੀ. ਡੀ. ਐੱਸ. ਸਕੀਮ ਦੇਸ਼ ਭਰ ਦੇ ਸਾਰੇ ਸੂਬਿਆਂ 'ਚ ਸ਼ੁਰੂ ਕਰ ਕੇ ਆਂਗਣਵਾੜੀ ਸੈਂਟਰ ਖੋਲ੍ਹੇ ਸਨ। ਪੰਜਾਬ 'ਚ 26 ਹਜ਼ਾਰ 700 ਆਂਗਣਵਾੜੀ ਸੈਂਟਰ ਹਨ। ਇੰਨੇ ਸਾਲ ਬੀਤਣ ਦੇ ਬਾਵਜੂਦ ਸਰਕਾਰ ਨੇ ਵਰਕਰਾਂ/ਹੈਲਪਰਾਂ ਨੂੰ ਪੱਕਾ ਨਹੀਂ ਕੀਤਾ ਤੇ ਬਹੁਤ ਘੱਟ ਮਾਣ-ਭੱਤਾ ਦੇ ਕੇ ਕਈ ਹੋਰ ਵਿਭਾਗਾਂ ਦਾ ਕੰਮ ਵੀ ਕਰਵਾਇਆ ਹੈ। ਕੇਂਦਰ ਸਰਕਾਰ ਵਰਕਰ ਨੂੰ 3000 ਰੁਪਏ ਤੇ ਪੰਜਾਬ ਸਰਕਾਰ 2600 ਰੁਪਏ ਦੇ ਰਹੀ ਹੈ।
ਸਰਕਾਰ ਨੇ ਆਂਗਣਵਾੜੀ ਸੈਂਟਰਾਂ ਵੱਲ ਨਹੀਂ ਦਿੱਤਾ ਧਿਆਨ
ਹੁਣ ਭਾਵੇਂ ਪੰਜਾਬ ਸਰਕਾਰ ਨੇ 3 ਤੋਂ 5 ਸਾਲ ਤੱਕ ਦੇ ਬੱਚੇ ਸਰਕਾਰੀ ਪ੍ਰਾਇਮਰੀ ਸਕੂਲਾਂ 'ਚ ਦਾਖਲ ਕਰਨ ਤੇ ਪ੍ਰੀ-ਨਰਸਰੀ ਕਲਾਸਾਂ ਸ਼ੁਰੂ ਕਰਨ ਦਾ ਹੁਕਮ ਦੇ ਦਿੱਤਾ ਹੈ ਪਰ ਪਹਿਲਾਂ ਕਦੇ ਵੀ ਆਂਗਣਵਾੜੀ ਸੈਂਟਰਾਂ ਵੱਲ ਸਰਕਾਰ ਨੇ ਧਿਆਨ ਨਹੀਂ ਦਿੱਤਾ। ਪ੍ਰੀ-ਸਕੂਲ ਸਿੱਖਿਆ ਤਾਂ ਵਰਕਰਾਂ ਵੀ ਦੇ ਰਹੀਆਂ ਹਨ ਪਰ ਸਰਕਾਰ ਨੇ ਹੁਣ ਤੱਕ ਨਾ ਤਾਂ ਪ੍ਰੀ ਸਕੂਲ ਕਿੱਟਾਂ, ਵਰਦੀਆਂ ਤੇ ਬੱਚਿਆਂ ਨੂੰ ਕਿਤਾਬਾਂ ਦਿੱਤੀਆਂ ਤੇ ਨਾ ਹੀ ਫਰਨੀਚਰ ਜਾਂ ਕੋਈ ਸਹੂਲਤ ਦਿੱਤੀ।
ਉੱਚ ਵਿੱਦਿਆ ਪ੍ਰਾਪਤ ਹਨ ਵਰਕਰਾਂ
ਆਂਗਣਵਾੜੀ ਵਰਕਰਾਂ ਜਿਨ੍ਹਾਂ ਕੋਲ ਬੱਚਿਆਂ ਦੀ ਸਾਂਭ-ਸੰਭਾਲ ਦਾ ਲੰਮਾ ਤਜਰਬਾ ਹੈ, ਉੱਚ ਵਿੱਦਿਆ ਪ੍ਰਾਪਤ ਹਨ। ਵੱਡੀ ਗਿਣਤੀ 'ਚ ਵਰਕਰਾਂ ਡਬਲ ਐੱਮ. ਏ., ਐੱਮ. ਫਿਲ., ਬੀ. ਏ., ਬੀ. ਐੱਡ. ਹਨ ਤੇ ਕਈਆਂ ਨੇ ਹੋਰ ਕੋਰਸ ਤੇ ਡਿਗਰੀਆਂ ਕੀਤੀਆਂ ਹੋਈਆਂ ਹਨ। ਕੁਝ ਨੇ ਪੀ. ਐੱਚ. ਡੀ. ਵੀ ਕੀਤੀ ਹੈ। ਅਨੇਕਾਂ ਵਰਕਰਾਂ ਸੁਪਰਵਾਈਜ਼ਰ ਤੇ ਸੀ. ਡੀ. ਪੀ. ਓ. ਬਣ ਚੁੱਕੀਆਂ ਹਨ।
ਪੁਲਸ ਵਰ੍ਹਾਉਂਦੀ ਹੈ ਡੰਡੇ
ਆਂਗਣਵਾੜੀ ਵਰਕਰ ਤੇ ਹੈਲਪਰ ਦੀ ਅਸਾਮੀ 'ਤੇ ਸਿਰਫ਼ ਇਕੱਲੀਆਂ ਔਰਤਾਂ ਹੀ ਕੰਮ ਕਰ ਰਹੀਆਂ ਹਨ। ਸਾਡੀਆਂ ਸਰਕਾਰਾਂ ਤੇ ਸਿਆਸੀ ਆਗੂ ਉਂਝ ਔਰਤਾਂ ਦੇ ਮਾਣ-ਸਨਮਾਨ ਦੀ ਗੱਲ ਕਰਦੇ ਹਨ ਪਰ ਤਸਵੀਰ ਦਾ ਦੂਜਾ ਪਾਸਾ ਕੁਝ ਹੋਰ ਹੈ ਕਿਉਂਕਿ ਵਰਕਰਾਂ/ਹੈਲਪਰਾਂ 'ਤੇ ਪੁਲਸ ਸਰਕਾਰ ਦੇ ਕਹਿਣ 'ਤੇ ਡੰਡੇ ਵਰ੍ਹਾਉਂਦੀ ਹੈ।
ਹਾਈਵੇ ਸੈਕਸ ਰੈਕਟ ਦਾ ਭਾਂਡਾ ਭੱਜਾ, ਸਰਗਣੇ ਸਣੇ 4 ਗ੍ਰਿਫਤਾਰ
NEXT STORY