ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਅੱਜ ਨਵਾਂਸ਼ਹਿਰ ਦੇ ਚੰਡੀਗੜ੍ਹ ਚੌਕ 'ਚ ਅਕਾਲੀ-ਭਾਜਪਾ ਦੇ ਵਰਕਰਾਂ ਨੇ ਚੱਕਾ ਜਾਮ ਕੀਤਾ, ਜਿਸ ਦੌਰਾਨ ਫਿਰੋਜ਼ਪੁਰ 'ਚ ਮੱਲਾਂਵਾਲਾ ਵਿਖੇ ਕਾਂਗਰਸੀਆਂ ਵੱਲੋਂ ਅਕਾਲੀ-ਭਾਜਪਾ ਦੇ ਆਗੂਆਂ 'ਤੇ ਜਾਨਲੇਵਾ ਹਮਲਾ ਕਰਨ ਤੇ ਕਤਲ ਕਰਨ ਦੀ ਕੋਸ਼ਿਸ਼ ਦੇ ਝੂਠੇ ਮਾਮਲੇ ਦਰਜ ਕਰਨ ਤੋਂ ਇਲਾਵਾ ਨਗਰ ਪੰਚਾਇਤ ਦੀਆਂ ਚੋਣਾਂ 'ਚ ਕਾਗਜ਼ ਦਾਖਲ ਕਰਨ ਲਈ ਅਕਾਲੀ-ਭਾਜਪਾ ਦੇ ਉਮੀਦਵਾਰਾਂ ਨੂੰ ਐੱਨ. ਓ. ਸੀ. ਜਾਰੀ ਨਾ ਕਰਨ ਦੇ ਵਿਰੋਧ 'ਚ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਹਲਕਾ ਬੰਗਾ ਦੇ ਵਿਧਾਇਕ ਡਾ. ਐੱਸ. ਕੇ. ਸੁੱਖੀ, ਨਵਾਂਸ਼ਹਿਰ ਦੇ ਇੰਚਾਰਜ ਜਰਨੈਲ ਸਿੰਘ ਵਾਹਿਦ ਤੇ ਜ਼ਿਲਾ ਅਕਾਲੀ ਦਲ ਦੇ ਪ੍ਰਧਾਨ ਬੁੱਧ ਸਿੰਘ ਬਲਾਕੀਪੁਰ ਦੀ ਅਗਵਾਈ 'ਚ ਅਕਾਲੀ-ਭਾਜਪਾ ਦੇ ਵਰਕਰਾਂ ਨੇ ਪੁਲਸ ਪ੍ਰਸ਼ਾਸਨ ਤੇ ਕਾਂਗਰਸ ਦੀ ਕੈਪਟਨ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਵਿਧਾਇਕ ਸੁੱਖੀ ਤੇ ਜਰਨੈਲ ਸਿੰਘ ਵਾਹਿਦ ਨੇ ਕਿਹਾ ਕਿ ਫਿਰੋਜ਼ਪੁਰ 'ਚ ਕਾਂਗਰਸ ਸਰਕਾਰ ਨੇ ਨਾ ਸਿਰਫ ਜਮਹੂਰੀਅਤ ਦਾ ਘਾਣ ਕਰ ਕੇ ਅਕਾਲੀ-ਭਾਜਪਾ ਦੇ ਉਮੀਦਵਾਰਾਂ ਨੂੰ ਕਾਗਜ਼ ਦਾਖਲ ਕਰਨ ਤੋਂ ਵਾਂਝਾ ਰੱਖਿਆ ਹੈ, ਸਗੋਂ ਵਿਰੋਧ ਕਰਨ 'ਤੇ ਪੁਲਸ ਜਬਰ ਕਰਵਾ ਕੇ ਆਗੂਆਂ 'ਤੇ ਕਤਲ ਦੀ ਕੋਸ਼ਿਸ਼ ਵਰਗੇ ਗੰਭੀਰ ਮਾਮਲੇ ਦਰਜ ਕਰਵਾ ਕੇ ਗੁੰਡਾਗਰਦੀ ਦੀ ਖੇਡ ਵੀ ਖੇਡੀ ਹੈ। ਇਸ ਦੇ ਵਿਰੋਧ 'ਚ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਜ਼ਿਲਾ ਹੈੱਡਕੁਆਰਟਰਾਂ 'ਤੇ ਧਰਨੇ ਤੇ ਅਣਮਿੱਥੇ ਸਮੇਂ ਤੱਕ ਟ੍ਰੈਫਿਕ ਜਾਮ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਤੱਕ ਮੌਜੂਦਾ ਸਰਕਾਰ ਆਗੂਆਂ 'ਤੇ ਦਰਜ ਝੂਠੇ ਮਾਮਲੇ ਰੱਦ ਨਹੀਂ ਕਰਦੀ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਜ਼ਿਲਾ ਅਕਾਲੀ ਦਲ ਦੇ ਪ੍ਰਧਾਨ ਬੁੱਧ ਸਿੰਘ ਬਲਾਕੀਪੁਰ, ਭਾਜਪਾ ਦੇ ਮੰਡਲ ਪ੍ਰਧਾਨ ਬਲਵੰਤ ਸਿੰਘ, ਐੱਸ.ਜੀ.ਪੀ.ਸੀ. ਦੇ ਮੈਂਬਰ ਗੁਰਬਖਸ਼ ਸਿੰਘ ਖਾਲਸਾ, ਪਰਮ ਸਿੰਘ ਖਾਲਸਾ, ਸੁਖਦੀਪ ਸਿੰਘ ਸ਼ਿਕਾਰ ਤੇ ਸੰਤੋਖ ਸਿੰਘ ਮੱਲਾਬੇਦੀਆਂ ਤੋਂ ਇਲਾਵਾ ਕੁਲਵਿੰਦਰ ਸਿੰਗਲਾ, ਕੁਲਜਿੰਦਰ ਲੱਕੀ, ਸ਼ੰਕਰ ਦੁੱਗਲ, ਮਨਜਿੰਦਰ ਸਿੰਘ ਵਾਲੀਆ, ਹਿੰਮਤ ਤੇਜਪਾਲ, ਬੌਬੀ, ਜਸਵਿੰਦਰ ਸਿੰਘ, ਸੋਹਨ ਲਾਲ ਢੱਡਾ, ਨਵਦੀਪ ਸਿੰਘ, ਬਲਵਿੰਦਰ ਸਿੰਘ ਮਹਾਲੋਂ ਆਦਿ ਹਾਜ਼ਰ ਸਨ।
ਸ਼ੱਕੀ ਹਾਲਤ 'ਚ ਮਿਲੇ ਦੋ ਨੌਜਵਾਨ, ਇਕ ਦੀ ਮੌਤ
NEXT STORY