ਪਟਿਆਲਾ (ਬਲਜਿੰਦਰ) - ਸਾਲ 2017 ਪਟਿਆਲਾ ਲਈ ਸਿਆਸੀ ਪੱਖੋਂ ਕਾਫੀ ਗਰਮ ਰਿਹਾ। ਜ਼ਿਲੇ ਵਿਚ ਅਨੇਕਾਂ ਰਾਜਨੀਤਕ ਗਤੀਵਿਧੀਆਂ ਰਹੀਆਂ। ਇਸੇ ਸਾਲ ਵਿਧਾਨ ਸਭਾ ਅਤੇ ਨਗਰ ਨਿਗਮ ਚੋਣਾਂ ਹੋਈਆਂ। ਇਨ੍ਹਾਂ 'ਤੇ ਪੂਰੀ ਤਰ੍ਹਾਂ ਕਾਂਗਰਸ ਪਾਰਟੀ ਦਾ ਕਬਜ਼ਾ ਰਿਹਾ। ਸਾਲ 2017 ਪਟਿਆਲਾ ਲਈ ਇਸ ਕਰ ਕੇ ਵੀ ਖਾਸ ਕਿਹਾ ਜਾ ਸਕਦਾ ਹੈ ਕਿਉਂਕਿ ਸ਼ਾਹੀ ਸ਼ਹਿਰ ਪਟਿਆਲਾ ਨੂੰ 10 ਸਾਲਾਂ ਬਾਅਦ ਮੁੜ ਮੁੱਖ ਮੰਤਰੀ ਮਿਲਿਆ। ਵਿਧਾਨ ਸਭਾ ਚੋਣਾਂ ਵਿਚ ਵੀ ਕਾਂਗਰਸ ਨੂੰ ਜ਼ਿਲੇ ਦੀਆਂ 8 'ਚੋਂ 7 ਸੀਟਾਂ 'ਤੇ ਜਿੱਤ ਪ੍ਰਾਪਤ ਹੋਈ।
ਹਾਲ ਹੀ ਵਿਚ ਹੋਈਆਂ ਨਿਗਮ ਚੋਣਾਂ 'ਚ ਕਾਂਗਰਸ ਨੂੰ 60 ਵਿਚੋਂ 59 ਸੀਟਾਂ ਮਿਲੀਆਂ। ਅਕਾਲੀ ਦਲ ਲਈ ਇਹ ਸਾਲ ਕੋਈ ਵਧੀਆ ਨਹੀਂ ਕਿਹਾ ਜਾ ਸਕਦਾ। ਜਿੱਥੇ 10 ਸਾਲਾਂ ਬਾਅਦ ਅਕਾਲੀ-ਭਾਜਪਾ ਗਠਜੋੜ ਸੱਤਾ ਤੋਂ ਬਾਹਰ ਹੋਇਆ, ਉਥੇ ਪਿਛਲੇ ਸਾਲ ਐੱਸ. ਜੀ. ਪੀ. ਸੀ. ਦਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੁੰਗਰ ਨੂੰ ਬਣਾ ਕੇ ਜਿਹੜਾ ਪਟਿਆਲਵੀਆਂ ਨੂੰ ਮਾਣ ਦਿੱਤਾ ਗਿਆ ਸੀ, ਉਹ ਵੀ ਇਸ ਵਾਰ ਹੱਥੋਂ ਨਿਕਲ ਗਿਆ। ਅਕਾਲੀ ਦਲ ਲਈ ਰਾਹਤ ਦੀ ਕਿਰਨ ਬਣ ਦੇ ਉੱਭਰੇ ਹਲਕਾ ਸਨੌਰ ਦੇ ਨੌਜਵਾਨ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ। ਉਹ ਜ਼ਿਲੇ ਦੇ ਸਭ ਤੋਂ ਘੱਟ ਉਮਰ ਦੇ ਵਿਧਾਇਕ ਬਣੇ। ਅਕਾਲੀ ਦਲ ਖਿਲਾਫ ਝੁੱਲ ਰਹੀ ਹਨੇਰੀ ਵਿਚ ਆਪਣੀ ਹਿੰਮਤ ਸਦਕਾ ਜਿੱਤ ਕੇ ਆਏ ਅਤੇ ਹਲਕੇ ਦੀ ਆਵਾਜ਼ ਬੁਲੰਦ ਕਰਦੇ ਰਹੇ।
ਸਰਕਾਰ ਦੀਆਂ ਪਹਿਲੀਆਂ 2 ਪੁਜ਼ੀਸ਼ਨਾਂ ਪਟਿਆਲਾ ਕੋਲ
ਸਾਲ 2017 ਪਟਿਆਲਾ ਲਈ ਸੱਤਾ ਪੱਖੋਂ ਕਾਫੀ ਕਾਰਗਰ ਰਿਹਾ। ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਸਰਕਾਰ 'ਚ ਪਹਿਲੀਆਂ 2 ਪੁਜ਼ੀਸ਼ਨਾਂ ਪਟਿਆਲਾ ਕੋਲ ਹਨ। ਪਟਿਆਲਾ ਸ਼ਹਿਰੀ ਤੋਂ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਜਿੱਥੇ ਮੁੱਖ ਮੰਤਰੀ ਬਣੇ, ਉਥੇ ਦਿਹਾਤੀ ਦੇ ਵਿਧਾਇਕ ਬ੍ਰਹਮ ਮਹਿੰਦਰਾ ਨੂੰ ਸਰਕਾਰ ਵਿਚ ਦੂਜੀ ਪੁਜ਼ੀਸ਼ਨ ਮਿਲੀ। ਪਿਛਲੇ ਕਈ ਸਾਲਾਂ ਤੋਂ ਸ਼ਹਿਰ ਨੂੰ ਪੰਜਾਬ ਦੀ ਸੱਤਾ ਵਿਚ ਭਾਗੀਦਾਰੀ ਨਹੀਂ ਮਿਲੀ ਸੀ, ਜਿੰਨੀ ਕਿ ਕਦੇ ਪਟਿਆਲਾ ਕੋਲ ਹੁੰਦੀ ਸੀ। ਇਸ ਸਾਲ ਫਿਰ ਤੋਂ ਪਟਿਆਲਾ ਰਾਜਨੀਤੀ ਦਾ ਕੇਂਦਰ ਬਣ ਗਿਆ ਹੈ।
ਅਕਾਲੀ ਦਲ ਲਈ ਬਹੁਤਾ ਵਧੀਆ ਨਹੀਂ ਰਿਹਾ ਸਾਲ
ਸ਼੍ਰੋਮਣੀ ਅਕਾਲੀ ਦਲ ਲਈ ਸਾਲ 2017 ਕੋਈ ਬਹੁਤਾ ਵਧੀਆ ਨਹੀਂ ਰਿਹਾ। ਪਹਿਲਾਂ ਵਿਧਾਨ ਸਭਾ ਚੋਣਾਂ ਵਿਚ 8 ਵਿਚੋਂ 7 ਸੀਟਾਂ ਅਕਾਲੀ ਦਲ ਹਾਰ ਗਿਆ। ਉਸ ਤੋਂ ਬਾਅਦ ਨਗਰ ਨਿਗਮ ਚੋਣਾਂ ਵਿਚ ਵੀ ਬਿਲਕੁਲ ਸਫਾਇਆ ਹੋ ਗਿਆ। ਇਕੋ-ਇਕ ਖਬਰ ਸੁਖਦ ਰਹੀ। ਉਹ ਸੀ ਹਲਕਾ ਸਨੌਰ ਤੋਂ ਨੌਜਵਾਨ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਜਿੱਤਣ ਦੀ। ਸਿਵਾਏ ਇਸ ਦੇ ਹੋਰ ਕੋਈ ਵੀ ਖਬਰ ਅਕਾਲੀਆਂ ਲਈ ਵਧੀਆ ਨਹੀਂ ਆਈ।
ਆਮ ਆਦਮੀ ਪਾਰਟੀ ਵੀ ਰਹੀ ਖਾਲੀ ਹੱਥ
ਸਾਲ 2017 ਦੇ ਸ਼ੁਰੂ ਵਿਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਹਵਾ ਚੱਲੀ ਸੀ। ਸਾਲ ਖਤਮ ਹੁੰਦੇ ਸਿਆਸੀ ਪੱਖ ਤੋਂ ਬਿਲਕੁਲ ਖਾਲੀ ਰਹੀ। ਪਹਿਲਾਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦਾ ਕੋਈ ਵਿਧਾਇਕ ਨਹੀਂ ਜਿੱਤਿਆ। ਉਸ ਤੋਂ ਬਾਅਦ ਨਗਰ ਨਿਗਮ ਚੋਣਾਂ ਵਿਚ ਜਿੱਤ ਤਾਂ ਦੂਰ ਦੀ ਗੱਲ ਸੀ, ਉਸ ਦੇ ਉਮੀਦਵਾਰਾਂ ਨੂੰ ਸਨਮਾਨਜਨਕ ਵੋਟਾਂ ਵੀ ਨਹੀਂ ਹਾਸਲ ਹੋ ਸਕੀਆਂ। ਜ਼ਿਆਦਾਤਰ ਉਮੀਦਵਾਰਾਂ ਦੀਆਂ ਤਾਂ ਜ਼ਮਾਨਤਾਂ ਜ਼ਬਤ ਹੋ ਗਈਆਂ।
ਘਰ ਦੇ ਤਾਲੇ ਤੋੜ ਕੇ ਸੋਨਾ ਤੇ ਨਕਦੀ ਚੋਰੀ
NEXT STORY