ਜਲੰਧਰ (ਇੰਟਰਨੈਸ਼ਨਲ ਡੈਸਕ): ਸਾਲ 2022 ਖ਼ਤਮ ਹੋਣ ਦੇ ਕੰਢੇ ’ਤੇ ਹੈ ਅਤੇ ਨਵਾਂ ਸਾਲ ਬਰੂਹਾਂ 'ਤੇ ਖੜ੍ਹਾ ਹੈ, ਉਮੀਦ ਕਰਦੇ ਹਾਂ ਕਿ ਆਉਣ ਵਾਲਾ ਸਾਲ 2023 ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ। ਉੱਥੇ ਹੀ ਜਾਂਦਾ-ਜਾਂਦਾ ਸਾਲ 2022 ਕਈ ਕੌੜੀਆਂ ਯਾਦਾਂ ਵੀ ਦੇ ਗਿਆ, ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਵਿਦੇਸ਼ ਦੀ ਧਰਤੀ ’ਤੇ ਕਦੇ ਨਾ ਭੁੱਲਣ ਯੋਗ ਹਾਦਸੇ ਵਾਪਰੇ। ਇਨ੍ਹਾਂ ਹਾਦਸਿਆਂ ’ਚ ਜਿੱਥੇ ਪੰਜਾਬੀਆਂ ਦੀਆਂ ਕੀਮਤੀ ਜਾਨਾਂ ਗਈਆਂ, ਉੱਥੇ ਹੀ ਪੰਜਾਬ ’ਚ ਵੱਸਦੇ ਇਨ੍ਹਾਂ ਨੌਜਵਾਨਾਂ ਦੇ ਪਰਿਵਾਰ ਵੀ ਉਜਾੜ ਕੇ ਰੱਖ ਦਿੱਤੇ। ਅੱਜ ‘ਜਗ ਬਾਣੀ’ ਤੁਹਾਨੂੰ ਸਾਲ 2022 ’ਚ ਵਿਦੇਸ਼ਾਂ ਵਿਚ ਵਾਪਰੇ ਉਨ੍ਹਾਂ ਦਿਲ ਕੰਬਾਊ ਹਾਦਸਿਆਂ ਬਾਰੇ ਜਾਣੂ ਕਰਵਾਉਣ ਜਾ ਰਿਹਾ ਹੈ, ਜਿਨ੍ਹਾਂ ਨੂੰ ਸਹਿਜੇ ਭੁਲਾਇਆ ਨਹੀਂ ਜਾ ਸਕਦਾ।
ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਫਰੀਦਕੋਟ ਦੇ ਨੌਜਵਾਨ ਦੀ ਮੌਤ
ਜਨਵਰੀ ਮਹੀਨੇ ਕੈਨੇਡਾ ਦੇ ਬਰੈਂਪਟਨ ਵਿਖੇ ਮੇਵਿਸ/ਕਲੇਮਨਟਾਇਨ (Mavis/ Clementine) ਖੇਤਰ ਵਿਚ ਵਾਪਰੇ ਸੜਕ ਹਾਦਸੇ ਵਿਚ ਸੁਮੀਤ ਕਟਾਰੀਆ ਨਾਂ ਦੇ ਇਕ ਅੰਤਰਰਾਸ਼ਟਰੀ ਵਿਦਿਆਰਥੀ ਦੀ ਮੌਤ ਹੋ ਗਈ ਸੀ। ਮ੍ਰਿਤਕ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਸੀ। ਸੁਮੀਤ ਕੈਨੇਡਾ ਵਿਖੇ 2018 ਵਿਚ ਅੰਤਰ-ਰਾਸ਼ਟਰੀ ਵਿਦਿਆਰਥੀ ਦੇ ਵਜੋਂ ਆਇਆ ਸੀ ਅਤੇ ਉਹ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਕੈਨੇਡਾ 'ਚ ਮੋਗਾ ਦੇ ਨਵਕਿਰਨ ਸਿੰਘ ਦੀ ਪਾਣੀ 'ਚ ਡੁੱਬਣ ਕਾਰਨ ਮੌਤ
ਮਈ ਮਹੀਨੇ ਓਨਟਾਰੀਓ ਸੂਬੇ ਦੇ ਬਰੈਂਪਟਨ ਦੇ ਏਲਡਰੇਡੋ ਪਾਰਕ (Eldorado Park) ਵਿਖੇ ਕ੍ਰੈਡਿਟ ਵੈਲੀ ਨਦੀ 'ਚ ਡੁੱਬਣ ਕਾਰਨ ਪੰਜਾਬੀ ਮੂਲ ਦੇ ਅੰਤਰਰਾਸ਼ਟਰੀ ਵਿਦਿਆਰਥੀ ਨਵਕਿਰਨ ਸਿੰਘ ਉਮਰ (20) ਸਾਲ ਦੀ ਮੌਤ ਹੋ ਗਈ ਸੀ। ਨੌਜਵਾਨ ਦੀ ਲਾਸ਼ ਸਟੀਲਜ਼/ ਕ੍ਰੈਡਿਟ ਵਿਉ ( Steeles/Credit View) ਲਾਗੇ ਏਲਡਰੇਡੋ ਪਾਰਕ 'ਚੋਂ ਬਰਾਮਦ ਹੋਈ ਸੀ। ਮ੍ਰਿਤਕ ਨੌਜਵਾਨ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਬੱਧਨੀ ਕਲਾਂ ਨਾਲ ਸਬੰਧ ਰੱਖਦਾ ਸੀ।
ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ
ਕੈਨੇਡਾ ਵਿਖੇ ਜੁਲਾਈ ਮਹੀਨੇ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਤਰਨਤਾਰਨ ਦੇ ਨੌਜਵਾਨ ਦੀ ਮੌਤ ਹੋ ਗਈ ਸੀ। ਹਾਦਸਾ ਵਾਪਰਨ ਤੋਂ ਬਾਅਦ ਟਰੱਕ ਨੂੰ ਭਿਆਨਕ ਅੱਗ ਲੱਗ ਗਈ ਸੀ। ਅੱਗ ਦੀਆਂ ਲਪਟਾਂ ਵਿਚ ਨੌਜਵਾਨ ਵੀ ਸੜ੍ਹ ਕੇ ਸੁਆਹ ਹੋ ਗਿਆ ਸੀ। ਮ੍ਰਿਤਕ ਦੀ ਪਛਾਣ ਰਿਸ਼ਵ ਸ਼ਰਮਾ ਪੁੱਤਰ ਰਵਿੰਦਰ ਸ਼ਰਮਾ ਵਜੋਂ, ਜਿਸ ਦੀ ਉਮਰ 26 ਸਾਲ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ’ਤੇ ਗਿਆ ਸੀ। ਮੌਂਟਰੀਅਲ ਵਿਖੇ ਜਾ ਕੇ ਉਸਦਾ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਨੂੰ ਜ਼ਬਰਦਸਤ ਅੱਗ ਲੱਗ ਗਈ ਅਤੇ ਉਸ ਦੀ ਮੌਤ ਹੋ ਗਈ ਸੀ। ਘਰ ਵਿੱਚ ਉਸਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਸੁਨਹਿਰੀ ਭਵਿੱਖ ਲਈ ਕੈਨੇਡਾ ਗਏ 2 ਪੰਜਾਬੀ ਵਿਦਿਆਰਥੀਆਂ ਦੀ ਮੌਤ
ਕੈਨੇਡਾ 'ਚ ਅਗਸਤ ਮਹੀਨੇ ਵਾਪਰੇ 2 ਵੱਖ-ਵੱਖ ਸੜਕ ਹਾਦਸਿਆਂ ਵਿਚ ਭਾਰਤ ਦੇ ਹਰਿਆਣਾ ਸੂਬੇ ਨਾਲ ਸਬੰਧਤ 2 ਪੰਜਾਬੀ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਇਕ ਨੌਜਵਾਨ ਵਿਦਿਆਰਥੀ, ਜੋ ਸੇਂਟ ਜੌਨਜ਼ ਨਿਊਫਾਊਂਡਲੈਂਡ ਕੈਨੇਡਾ ਵਿੱਚ ਇੱਕ ਕਾਰ ਹਾਦਸੇ ਵਿੱਚ ਮਾਰਿਆ ਗਿਆ ਸੀ, ਉਸ ਦੀ ਪਛਾਣ ਸੰਦੀਪ ਸਿੰਘ ਧਾਲੀਵਾਲ ਪੁੱਤਰ ਬਹਾਦਰ ਸਿੰਘ ਵਜੋਂ ਹੋਈ ਸੀ। ਇਸ ਨੌਜਵਾਨ ਦਾ ਭਾਰਤ ਤੋਂ ਪਿਛੋਕੜ ਹਰਿਆਣਾ ਰਾਜ ਦੇ ਪਿੰਡ ਅਲੀਕਾ ਜ਼ਿਲ੍ਹਾ ਸਿਰਸਾ ਸੀ। ਜੋ ਸਾਲ 2021 ਵਿਚ ਸਤੰਬਰ ਮਹੀਨੇ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਪੜ੍ਹਾਈ ਲਈ ਕੈਨੇਡਾ ਆਇਆ ਸੀ। ਉਥੇ ਹੀ ਬਿਟ੍ਰਿਸ਼ ਕੋਲੰਬੀਆ ਵਿਖੇ ਵਾਪਰੇ ਇਕ ਹੋਰ ਹਾਦਸੇ ਵਿਚ ਨੌਜਵਾਨ ਜਸਕੀਰਤ ਸਿੰਘ, ਜੋ ਵਿਦਿਆਰਥੀ ਵੀਜ਼ੇ 'ਤੇ ਸਾਲ 2018 ਵਿਚ ਕੈਨੇਡਾ ਵਿਚ ਪੜ੍ਹਾਈ ਲਈ ਆਇਆ ਸੀ, ਦੀ ਮੌਤ ਹੋ ਗਈ। ਜਸਕੀਰਤ ਦਾ ਪਿਛੋਕੜ ਅੰਬਾਲਾ ਨਾਲ ਦੱਸਿਆ ਜਾਂਦਾ ਹੈ।
ਅਮਰੀਕਾ 'ਚ ਅਗਵਾ ਕੀਤੇ ਗਏ ਪੰਜਾਬੀ ਪਰਿਵਾਰ ਦੀ ਮੌਤ
ਅਕਤੂਬਰ ਮਹੀਨੇ ਅਮਰੀਕਾ ਦੇ ਕੈਲੀਫੋਰਨੀਆ 'ਚ ਟਾਂਡਾ ਦੇ ਹਰਸੀ ਪਿੰਡ ਨਾਲ ਸਬੰਧਿਤ ਪਰਿਵਾਰ ਅਗਵਾ ਹੋ ਗਿਆ ਸੀ, ਜਿਨ੍ਹਾਂ ਲਾਸ਼ਾਂ ਬਾਅਦ ਵਿਚ ਬਰਾਮਦ ਹੋ ਗਈਆਂ ਸਨ। ਮਰਸਡ ਕਾਉਂਟੀ ਸ਼ੈਰਿਫ ਵਰਨੇ ਵਾਰਨੇਕੇ ਨੇ ਦੱਸਿਆ ਸੀ ਕਿ 8 ਮਹੀਨਿਆਂ ਦੀ ਅਰੂਹੀ ਢੇਰੀ, ਉਸ ਦੀ ਮਾਂ ਜਸਲੀਨ ਕੌਰ (27), ਪਿਤਾ ਜਸਦੀਪ ਸਿੰਘ (36) ਅਤੇ ਜਸਦੀਪ ਦੇ ਭਰਾ ਅਮਨਦੀਪ ਸਿੰਘ (39) ਦੀਆਂ ਲਾਸ਼ਾਂ ਇੰਡੀਆਨਾ ਰੋਡ ਐਂਡ ਹਚਿਨਸਨ ਰੋਡ ਨੇੜੇ ਇੱਕ ਬਾਗ ਵਿੱਚੋਂ ਸ਼ਾਮ ਦੇ ਸਮੇਂ ਬਰਾਮਦ ਕੀਤੀਆਂ ਗਈਆਂ ਸਨ। ਬਾਗ ਦੇ ਨੇੜੇ ਖੇਤ ਵਿੱਚ ਕੰਮ ਕਰ ਰਹੇ ਇੱਕ ਮਜ਼ਦੂਰ ਨੇ ਲਾਸ਼ਾਂ ਦੇਖੀਆਂ ਅਤੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ। ਸਾਰੀਆਂ ਲਾਸ਼ਾਂ ਇਕੱਠੀਆਂ ਮਿਲੀਆਂ ਸਨ।
ਕੈਨੇਡਾ 'ਚ ਲਾਪਤਾ ਹੋਈ 23 ਸਾਲਾ ਪੰਜਾਬਣ ਜਸਵੀਰ ਪਰਮਾਰ ਦੀ ਮਿਲੀ ਲਾਸ਼
ਕਈ ਦਿਨਾਂ ਤੋਂ ਲਾਪਤਾ 23 ਸਾਲਾ ਪੰਜਾਬਣ ਜਸਵੀਰ ਪਰਮਾਰ ਦੀ ਪੁਲਸ ਵੱਲੋਂ ਮ੍ਰਿਤਕ ਦੇਹ ਬਰਾਮਦ ਕੀਤੀ ਗਈ ਸੀ। ਸਰੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਨੂੰ 29 ਨਵੰਬਰ 2022 ਨੂੰ ਪੱਛਮੀ ਵੈਨਕੂਵਰ ਵਿਚ ਇਕ ਕੁੜੀ ਦੀ ਮ੍ਰਿਤਕ ਦੇਹ ਮਿਲੀ ਸੀ, ਜਿਸ ਦੀ ਬਾਅਦ ਵਿਚ ਪਛਾਣ ਸਰੀ ਤੋਂ ਕਈ ਦਿਨਾਂ ਤੋਂ ਲਾਪਤਾ ਹੋਈ ਜਸਵੀਰ ਪਰਮਾਰ ਵਜੋਂ ਹੋਈ ਸੀ। ਜਸਵੀਰ ਪਰਮਾਰ ਸਰੀ ਦੀ ਰਹਿਣ ਵਾਲੀ ਸੀ ਅਤੇ ਉਸ ਨੇ ਆਖਰੀ ਵਾਰ 22 ਨਵੰਬਰ ਨੂੰ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਸੀ।
ਕੈਨੇਡਾ 'ਚ 18 ਸਾਲਾ ਮਹਿਕਪ੍ਰੀਤ ਸੇਠੀ ਦਾ ਕਤਲ
24 ਨਵੰਬਰ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਸੂਬੇ ਵਿਚ ਇਕ 18 ਸਾਲਾ ਪੰਜਾਬੀ ਮੂਲ ਦੇ ਨੌਜਵਾਨ ਮਹਿਕਪ੍ਰੀਤ ਸੇਠੀ ਹਾਈ ਸਕੂਲ ਦੀ ਪਾਰਕਿੰਗ ਵਿਚ ਇਕ ਨੌਜਵਾਨ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਪਰਿਵਾਰ 8 ਸਾਲ ਪਹਿਲਾਂ ਦੁਬਈ ਤੋਂ ਕੈਨੇਡਾ ਆਇਆ ਸੀ ਅਤੇ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਹੈ। ਮਹਿਕਪ੍ਰੀਤ ਦੇ ਪਿਤਾ ਹਰਸ਼ਪ੍ਰੀਤ ਨੇ ਕਿਹਾ, "ਮੈਂ ਇਸ ਉਮੀਦ ਨਾਲ ਕੈਨੇਡਾ ਆਇਆ ਸੀ ਕਿ ਮੇਰੇ ਬੱਚਿਆਂ ਦਾ ਭਵਿੱਖ ਬਿਹਤਰ ਹੋਵੇਗਾ, ਉਹ ਸੁਰੱਖਿਅਤ ਰਹਿਣਗੇ... ਹੁਣ ਮੈਨੂੰ ਪਛਤਾਵਾ ਹੋ ਰਿਹਾ ਹੈ ਕਿ ਮੈਂ ਆਪਣੇ ਬੱਚਿਆਂ ਸਮੇਤ ਇਸ ਦੇਸ਼ ਵਿੱਚ ਕਿਉਂ ਆਇਆ ਹਾਂ।"
ਸੁਨਹਿਰੀ ਭਵਿੱਖ ਲਈ ਕੈਨੇਡਾ ਗਏ 20 ਸਾਲਾ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ 'ਚ ਮੌਤ
ਕੈਨੇਡਾ ਦੇ ਟੋਰਾਂਟੋ ਵਿਖੇ ਨਵੰਬਰ ਮਹੀਨੇ ਵਾਪਰੇ ਇਕ ਸੜਕ ਹਾਦਸੇ ਵਿਚ 20 ਸਾਲਾ ਭਾਰਤੀ ਨੌਜਵਾਨ ਕਾਰਤਿਕ ਸੈਣੀ ਦੀ ਮੌਤ ਹੋ ਗਈ ਸੀ। ਕਾਰਤਿਕ ਸੈਣੀ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਆਇਆ ਸੀ ਅਤੇ ਸਾਇਕਲ ਚਲਾਉਂਦੇ ਸਮੇਂ ਇਕ ਪਿੱਕ-ਅਪ ਟਰੱਕ ਦੇ ਨਾਲ ਟੱਕਰ ਵਿਚ ਉਸ ਦੀ ਮੌਤ ਹੋ ਗਈ ਸੀ। ਕਾਰਤਿਕ ਸੈਣੀ ਭਾਰਤ ਤੋਂ ਹਰਿਆਣਾ ਦੇ ਸੂਬੇ ਕਰਨਾਲ ਦਾ ਰਹਿਣ ਵਾਲਾ ਸੀ ਅਤੇ ਉਹ 2021 ਵਿੱਚ ਕੈਨੇਡਾ ਪੜ੍ਹਾਈ ਕਰਨ ਲਈ ਆਇਆ ਸੀ।
ਕੈਨੇਡਾ ਦੇ ਐਡਮਿੰਟਨ 'ਚ 24 ਸਾਲਾ ਪੰਜਾਬੀ ਗੱਭਰੂ ਦਾ ਗੋਲੀਆਂ ਮਾਰ ਕੇ ਕਤਲ
ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿਚ 3 ਦਸੰਬਰ ਦੀ ਰਾਤ ਨੂੰ 24 ਸਾਲਾ ਪੰਜਾਬੀ ਨੌਜਵਾਨ ਸਨਰਾਜ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਐਡਮਿੰਟਨ ਪੁਲਸ ਨੂੰ 3 ਦਸੰਬਰ ਨੂੰ 51 ਸਟਰੀਟ ਤੇ 13 ਐਵੇਨਿਊ ਦੇ ਖੇਤਰ ਵਿਚ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਮੌਕੇ 'ਤੇ ਪੁੱਜੀ ਪੁਲਸ ਨੂੰ ਉੱਥੇ ਜ਼ਖ਼ਮੀ ਹਾਲਤ ਵਿਚ ਇਕ ਨੌਜਵਾਨ ਮਿਲਿਆ, ਜਿਸ ਦੀ ਬਾਅਦ ਵਿਚ ਪਛਾਣ ਸਨਰਾਜ ਸਿੰਘ ਵਜੋਂ ਹੋਈ। ਉਸਦੇ ਕਈ ਗੋਲੀਆਂ ਵੱਜੀਆਂ ਹੋਈਆਂ ਸਨ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਕੈਨੇਡਾ 'ਚ ਪੰਜਾਬਣ ਗਗਨਦੀਪ ਕੌਰ ਦੀ ਸੜਕ ਹਾਦਸੇ 'ਚ ਮੌਤ
ਪੰਜਾਬ ਤੋਂ ਪੜ੍ਹਾਈ ਕਰਨ ਲਈ ਕੈਨੇਡਾ ਆਈ 29 ਸਾਲਾ ਗਗਨਦੀਪ ਕੌਰ ਦੀ 5 ਦਸੰਬਰ ਨੂੰ ਸੜਕ ਹਾਦਸੇ ਵਿਚ ਮੌਤ ਹੋ ਗਈ। ਗਗਨਦੀਪ ਕੌਰ ਕੈਨੇਡਾ ਦੇ ਮਾਂਟਰੀਅਲ ਵਿਚ ਇਕੱਲੀ ਰਹਿੰਦੀ ਸੀ। ਉਹ 5 ਦਸੰਬਰ ਦੀ ਸਵੇਰ ਨੂੰ ਕੰਮ 'ਤੇ ਜਾ ਰਹੀ ਸੀ ਅਤੇ ਸੜਕ ਪਾਰ ਕਰਦੇ ਸਮੇਂ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗਗਨ ਆਪਣੇ ਪਿੱਛੇ ਆਪਣੇ ਪਤੀ ਅਤੇ 6 ਸਾਲ ਦੀ ਧੀ ਨੂੰ ਛੱਡ ਗਈ ਹੈ।
ਕੈਨੇਡਾ 'ਚ ਪੰਜਾਬਣ ਨਾਲ ਵਾਪਰਿਆ ਭਾਣਾ, 2 ਬੱਚਿਆਂ ਦੀ ਮਾਂ ਨੇ ਦੁਨੀਆ ਨੂੰ ਕਿਹਾ ਅਲਵਿਦਾ
ਜ਼ਿਲ੍ਹਾ ਮੋਗਾ ਦੇ ਪਿੰਡ ਰੋਲੀ ਦੀ ਵਸਨੀਕ ਸਰਬਜੀਤ ਕੌਰ ਦੀ ਦਸੰਬਰ ਮਹੀਨੇ ਵਿਨੀਪੈਗ, ਕੈਨੇਡਾ ਵਿੱਚ ਵਾਪਰੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਸਰਬਜੀਤ ਕੌਰ ਆਪਣੀ ਕਾਰ ਵਿੱਚ ਕੰਮ ਤੋਂ ਘਰ ਪਰਤ ਰਹੀ ਸੀ ਤਾਂ ਗਲਤ ਦਿਸ਼ਾ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਵਾਹਨ ਨੇ ਸਰਬਜੀਤ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਸਰਬਜੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਸਰਬਜੀਤ ਕੌਰ ਦਾ ਮੋਗਾ ਨੇੜਲੇ ਪਿੰਡ ਰੋਲੀ ਵਿੱਚ ਵਿਆਹ ਹੋਇਆ ਸੀ ਅਤੇ ਉਹ ਆਪਣੇ 2 ਬੱਚਿਆਂ ਸਮੇਤ 2012 ਵਿੱਚ ਆਪਣੇ ਪਤੀ ਨਾਲ ਕੈਨੇਡਾ ਵਿੱਚ ਪੀ.ਆਰ. ਕਰਨ ਗਈ ਸੀ।
ਕੈਨੇਡਾ 'ਚ 21 ਸਾਲਾ ਸਿੱਖ ਕੁੜੀ ਦਾ ਗੋਲੀਆਂ ਮਾਰ ਕੇ ਕਤਲ
ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਚ 21 ਸਾਲਾ ਕੈਨੇਡੀਅਨ ਸਿੱਖ ਕੁੜੀ ਪਵਨਪ੍ਰੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੀਲ ਰੀਜ਼ਨਲ ਪੁਲਸ ਮੁਤਾਬਕ ਇਹ ਘਟਨਾ 3 ਦਸੰਬਰ ਨੂੰ ਰਾਤ 10:40 ਵਜੇ ਦੇ ਕਰੀਬ ਕ੍ਰੈਡਿਟਵਿਊ ਰੋਡ ਅਤੇ ਬ੍ਰਿਟਾਨੀਆ ਰੋਡ ਨੇੜੇ ਗੈਸ ਸਟੇਸ਼ਨ 'ਤੇ ਵਾਪਰੀ ਸੀ। ਪਵਨਪ੍ਰੀਤ ਕੌਰ ਬਰੈਂਪਟਨ ਦੀ ਵਸਨੀਕ ਸੀ। ਪਵਨਪ੍ਰੀਤ ਕੌਰ ਪੰਜਾਬ ਦੇ ਜ਼ਿਲ੍ਹਾ ਖੰਨਾ ਦੇ ਪਿੰਡ ਕਾਲੜ ਨਾਲ ਸਬੰਧ ਰੱਖਦੀ ਸੀ।
ਕੈਨੇਡਾ 'ਚ ਫਰੀਦਕੋਟ ਦੇ ਗੱਭਰੂ ਨਾਲ ਵਾਪਰਿਆ ਭਾਣਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਪੰਜਾਬ ਤੋਂ ਪਿਛਲੇ ਮਹੀਨੇ ਹੀ ਕੈਨੇਡਾ ਆਏ ਇੱਕ 30 ਸਾਲਾ ਇਕ ਸਿੱਖ ਨੌਜਵਾਨ ਦੀ ਮਿਸੀਸਾਗਾ ਵਿੱਚ ਇੱਕ ਟਰਾਂਸਪੋਰਟ ਟਰੱਕ ਦੀ ਲਪੇਟ ਵਿੱਚ ਆਉਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਪੀਲ ਰੀਜਨਲ ਪੁਲਸ ਨੇ ਦੱਸਿਆ ਕਿ 13 ਦਸੰਬਰ ਨੂੰ ਸਵੇਰੇ 7 ਵਜੇ ਤੋਂ ਪਹਿਲਾਂ ਕੋਰਟਨੀਪਾਰਕ ਡਰਾਈਵ ਅਤੇ ਐਡਵਰਡਜ਼ ਬੁਲੇਵਾਰਡ ਵਿਖੇ ਵਾਪਰੇ ਹਾਦਸੇ ਵਿਚ ਮਨਪ੍ਰੀਤ ਸਿੰਘ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ।
ਕੈਨੇਡਾ 'ਚ ਬੱਸ ਪਲਟਣ ਕਾਰਨ ਬਾਬਾ ਬਕਾਲਾ ਸਾਹਿਬ ਦੇ ਨੌਜਵਾਨ ਦੀ ਮੌਤ
ਕ੍ਰਿਸਮਸ ਦੀ ਸ਼ਾਮ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ “ਬਹੁਤ ਬਰਫੀਲੇ” ਹਾਈਵੇਅ ਉੱਤੇ ਇੱਕ ਬੱਸ ਪਲਟਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਉਥੇ ਹੀ ਇਸ ਬੱਸ ਹਾਦਸੇ ਵਿਚ ਪੰਜਾਬ ਦੇ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਚਾਰ ਮਹੀਨੇ ਪਹਿਲਾਂ ਵਰਕ ਪਰਮਿਟ ‘ਤੇ ਕੈਨੇਡਾ ਪੁੱਜੇ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁਤਾਲਾ ਦੀ ਪੱਤੀ ਰਾਜਪੁਰਾ ਦੇ ਵਸਨੀਕ ਕਰਨਜੋਤ ਸਿੰਘ ਉਰਫ ਵਿੱਕੀ (42) ਦੀ ਮੌਤ ਹੋ ਗਈ ਹੈ।
ਮਾਹਿਲਪੁਰ ਵਿਖੇ ਬੈਂਕ ਦੀ ਕੰਧ ਪਾੜ ਕੇ ਲੁੱਟ ਦੀ ਕੋਸ਼ਿਸ਼, ਅਚਾਨਕ ਸਾਇਰਨ ਵੱਜਣ ਕਾਰਨ ਲੁਟੇਰੇ ਹੋਏ ਫਰਾਰ
NEXT STORY