ਬਨੂੜ (ਗੁਰਪਾਲ) : ਬਨੂੜ ਦੇ ਵਾਰਡ ਨੰਬਰ ਇਕ ਅਧੀਨ ਪੈਂਦੇ ਹਵੇਲੀ ਬਸੀ ਦੇ ਵਸਨੀਕ ਬਾਲੀ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਜ਼ਿਲ੍ਹਾ ਮੋਹਾਲੀ ਦੇ ਪੁਲਸ ਮੁਖੀ ਡਾਕਟਰ ਸੰਦੀਪ ਕੁਮਾਰ ਗਰਗ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਆਪਣੇ ਇਕਲੌਤੇ ਪੁੱਤਰ ਕਰਨਪ੍ਰੀਤ ਸਿੰਘ ਦੀ ਮੌਤ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਬਾਰੇ ਬਨੂੜ ਵਿਖੇ ਸੱਦੀ ਹੋਈ ਪਿੰਡ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬਾਲੀ ਸਿੰਘ ਅਤੇ ਉਸਦੀ ਪਤਨੀ ਨਿਰਮੈਲ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਕਰਨਪ੍ਰੀਤ ਸਿੰਘ ਚਾਰ ਭੈਣਾਂ ਦਾ ਇਕਲੋਤਾ ਭਰਾ ਸੀ। ਉਨ੍ਹਾਂ ਦੱਸਿਆ ਕਿ 24 ਮਈ 2024 ਨੂੰ ਮੇਰੇ ਪੁੱਤਰ ਕਰਨਪ੍ਰੀਤ ਸਿੰਘ ਨੂੰ ਉਸਦੇ ਦੋਸਤ ਦਾ ਫੋਨ ਆਇਆ ਕਿ ਉਸਨੇ ਨਵਾਂ ਮੋਬਾਇਲ ਖਰੀਦਿਆ ਹੈ ਅਤੇ ਜਿਸ ਦੀ ਉਸਨੇ ਪਾਰਟੀ ਦੇਣੀ ਹੈ ਜਿਸ ਤੋਂ ਬਾਅਦ ਮੇਰਾ ਪੁੱਤਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਉਸ ਨੌਜਵਾਨ ਵੱਲੋਂ ਬੁਲਾਈ ਗਈ ਥਾਂ 'ਤੇ ਚਲਿਆ ਗਿਆ। ਉਨ੍ਹਾਂ ਦੱਸਿਆ ਕਿ ਮੇਰੇ ਪੁੱਤਰ ਦੇ ਦੋਸਤਾਂ ਨੇ ਉਸ ਨੂੰ ਸ਼ਰਾਬ ਵਿਚ ਕੋਈ ਜ਼ਹਿਰੀਲੀ ਦੀ ਚੀਜ਼ ਪਿਲਾਉਣ ਉਪਰੰਤ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਸ ਨੂੰ ਦੈੜੀ ਰੋਡ ਤੇ ਖੇਤਾਂ ਵਿਚ ਚਾਦਰ ਲਪੇਟ ਕੇ ਗੰਭੀਰ ਹਾਲਤ ਵਿਚ ਛੱਡ ਕੇ ਫਰਾਰ ਹੋ ਗਏ। ਜਿਸ ਨੂੰ ਦੇਖ ਕੇ ਉਥੋਂ ਗੁਜਰ ਰਹੇ ਪਿੰਡ ਦੁਰਾਲੀ ਦੇ ਵਸਨੀਕ ਭੁਪਿੰਦਰ ਸਿੰਘ ਨੇ ਤਕਰੀਬਨ ਰਾਤ 8:51 ਮਿੰਟ 'ਤੇ ਮੇਰੀ ਪਤਨੀ ਨਿਰਮੈਲ ਕੌਰ ਨੂੰ ਫੋਨ 'ਤੇ ਦੱਸਿਆ ਕਿ ਤੁਹਾਡੇ ਪੁੱਤਰ ਨੂੰ ਕਾਫੀ ਸੱਟਾਂ ਲੱਗੀਆਂ ਹੋਈਆਂ ਹਨ ਜਿਸ ਤੋਂ ਬਾਅਦ ਅਸੀਂ ਦੋਵੇਂ ਜਣੇ ਜਦੋਂ ਘਟਨਾ ਸਥਾਨ 'ਤੇ ਪਹੁੰਚੇ ਤਾਂ ਦੇਖਿਆ ਕਿ ਉਸਦੇ ਦੋਸਤ ਜਿਨ੍ਹਾਂ ਨੇ ਮੇਰੇ ਪੁੱਤਰ ਨੂੰ ਫੋਨ ਕਰਕੇ ਪਾਰਟੀ ਦੇਣ ਲਈ ਬੁਲਾਇਆ ਸੀ ਉਹ ਉਥੇ ਖੜ੍ਹੇ ਸਨ, ਜਿਸ ਤੋਂ ਬਾਅਦ ਅਸੀਂ ਆਪਣੇ ਪੁੱਤਰ ਨੂੰ ਚੁੱਕ ਕੇ ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ 'ਤੇ ਸਥਿਤ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿੱਥੋਂ ਉਸ ਨੂੰ ਚੰਡੀਗੜ੍ਹ ਪੀ. ਜੀ. ਆਈ. ਲਈ ਰੈਫਰ ਕਰ ਦਿੱਤਾ।
ਮ੍ਰਿਤਕ ਨੌਜਵਾਨ ਦੇ ਮਾਪਿਆਂ ਨੇ ਦੱਸਿਆ ਕਿ ਅਗਲੇ ਦਿਨ 25 ਮਈ ਨੂੰ ਉਸਦੇ ਪੁੱਤਰ ਦੀ ਇਲਾਜ ਦੌਰਾਨ ਮੌਤ ਹੋ ਗਈ।ਜਿਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਐਰੋ ਸਿਟੀ ਬਾਕਰਪੁਰ ਥਾਣਾ ਵਿਖੇ ਕਰਵਾਈ ਗਈ ਜਿਸ ਵਿਚ ਜਾਂਚ ਅਧਿਕਾਰੀ ਏ. ਐੱਸ. ਆਈ. ਸੋਹਨ ਲਾਲ ਨੇ ਇਸ ਦਾ ਹਾਦਸਾ ਕੇਸ ਬਣਾ ਕੇ ਦਰਜ ਕਰ ਲਿਆ । ਉਸ ਮੌਕੇ ਜਦੋਂ ਐੱਫ. ਆਈ. ਆਰ ਵਿਚ ਬਿਆਨ ਲਏ ਗਏ ਸੀ ਉਸ ਸਮੇਂ ਮੈਂ ਆਪਣੇ ਪੁੱਤਰ ਦੀ ਮੌਤ ਕਾਰਨ ਸਦਮੇ ਵਿਚ ਸੀ ਅਤੇ ਆਪਣੇ ਹੋਸ਼ ਵਿਚ ਨਹੀਂ ਸੀ। ਮੈਨੂੰ ਐੱਸ. ਐੱਚ. ਓ. ਸਾਹਿਬ ਨੇ ਜ਼ੁਬਾਨੀ ਕਿਹਾ ਕਿ ਪਹਿਲਾਂ ਅਸੀਂ ਹਾਦਸੇ ਦਾ ਕੇਸ ਐੱਫ. ਆਈ. ਆਰ. ਦਰਜ ਕਰ ਲੈਂਦੇ ਹਾਂ ਬਾਅਦ ਵਿਚ ਇਸ ਨੂੰ ਕਤਲ ਕੇਸ ਦੀ ਧਾਰਾ ਵਿਚ ਤਬਦੀਲ ਕਰ ਲਵਾਂਗੇ ਅਤੇ ਸੋਹਣ ਲਾਲ ਵੱਲੋਂ ਮੁਲਜ਼ਮਾਂ ਖ਼ਿਲਾਫ ਬਣਦੀ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਮੈਨੂੰ ਧਮਕੀਆਂ ਦੇ ਰਿਹਾ ਸੀ ਕਿ ਜੇਕਰ ਮੈਂ ਦੋ ਲਾਈਨਾਂ ਲਿਖ ਦਿੱਤੀਆਂ ਤਾਂ ਮੈਂ ਤੈਨੂੰ ਕੋਈ ਕਲੇਮ ਨਹੀਂ ਲੈਣ ਦੇਵਾਂਗਾ ਤੂੰ ਜਿੱਥੇ ਮਰਜ਼ੀ ਤੱਕ ਪਹੁੰਚ ਕਰ ਲਵੀਂ। ਪੀੜਤ ਮਾਪਿਆਂ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਸਦੇ ਪੁੱਤਰ ਦਾ ਕਤਲ ਹੋਇਆ ਹੈ ਜਿਸ ਦੀ ਉਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਦੇ ਕੇ ਜਾਂਚ ਕਰਨ ਦੀ ਮੰਗ ਕੀਤੀ ਤਾਂ ਜੋ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਸਕੇ।
ਭ੍ਰਿਸ਼ਟਾਚਾਰ ਮਾਮਲੇ 'ਚ ਗ੍ਰਿਫ਼ਤਾਰ ਸਾਬਕਾ PCS ਅਧਿਕਾਰੀ ਇਕਬਾਲ ਸੰਧੂ ਇਕ ਦਿਨ ਦੇ ਪੁਲਸ ਰਿਮਾਂਡ 'ਤੇ
NEXT STORY