ਮੋਹਾਲੀ (ਰਣਬੀਰ) : ਨੇੜਲੇ ਪਿੰਡ ਦੇ ਨੌਜਵਾਨ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ 2.60 ਲੱਖ ਰੁਪਏ ਦੀ ਠੱਗੀ ਦੇ ਮਾਮਲੇ ’ਚ ਸੋਹਾਣਾ ਪੁਲਸ ਨੇ ਈ.ਐੱਸ.ਆਈ. ਮੋਹਾਲੀ ਦੇ ਮੁਲਾਜ਼ਮ ਸਣੇ ਦੋ ਮੁਲਜ਼ਮਾਂ ’ਚੇ ਪਰਚਾ ਦਰਜ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਪਿੰਡ ਸੈਦਪੁਰ ਮੋਹਾਲੀ ਜਗਦੀਸ਼ ਸਿੰਘ ਤੇ ਵਾਸੀ ਸੈਕਟਰ -24 ਸੀ ਦੇ ਦੀਪਕ ਵਜੋਂ ਹੋਈ ਹੈ।
ਪਿੰਡ ਸੈਦਪੁਰ ਦੇ ਰਣਧੀਰ ਸਿੰਘ ਮੁਤਾਬਕ ਈ.ਐੱਸ.ਆਈ. ਮੋਹਾਲੀ ਦੇ ਮੁਲਾਜ਼ਮ ਜਗਦੀਸ਼ ਸਿੰਘ ਨਾਲ ਉਸ ਦੀ ਜਾਣ ਪਛਾਣ ਹੈ। ਉਸ ਦਾ ਲੜਕਾ ਮਨਦੀਪ ਸਿੰਘ 12ਵੀਂ ਪਾਸ ਹੈ। ਉਸ ਨੇ ਬੇਟੇ ਦੀ ਸਰਕਾਰੀ ਨੌਕਰੀ ਲਈ ਜਗਦੀਸ਼ ਨਾਲ ਗੱਲ ਕੀਤੀ। ਮੁਲਜ਼ਮ ਨੇ ਉਸ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਚੌਕੀਦਾਰ ਦੀਆਂ ਪੋਸਟਾਂ ਨਿਕਲਣ ਦੀ ਜਾਣਕਾਰੀ ਦਿੱਤੀ। ਉਸ ਨੇ ਮਨਦੀਪ ਦਾ ਫਾਰਮ ਭਰ ਕੇ 5 ਲੱਖ ਰੁਪਏ ਦੀ ਮੰਗ ਕੀਤੀ ਤੇ ਕਿਹਾ ਕਿ ਉਹ ਮਨਦੀਪ ਨੂੰ ਖ਼ੁਦ ਭਰਤੀ ਕਰਵਾ ਦੇਵੇਗਾ। ਉਸ ਨੇ ਪੇਪਰ ’ਚ ਸਿਰਫ਼ ਹਾਜ਼ਰੀ ਭਰਨ ਜਾਣਾ ਹੈ। ਉਸ ਦੀਆਂ ਗੱਲਾਂ ’ਤੇ ਯਕੀਨ ਕਰ ਕੇ ਉਸ ਨੇ ਚਾਰ ਲੱਖ ਰੁਪਏ ਦੇ ਦਿੱਤੇ।
ਜਦੋਂ ਭਰਤੀ ਦੇ ਨਤੀਜੇ ਆਏ ਤਾਂ ਉਹ ਹੈਰਾਨ ਰਹਿ ਗਏ ਕਿਉਂਕਿ ਉਮੀਦਵਾਰਾਂ ਦੀ ਲਿਸਟ ’ਚ ਮਨਦੀਪ ਦਾ ਨਾਮ ਨਹੀਂ ਸੀ। ਉਸ ਨੇ ਜਗਦੀਸ਼ ਨਾਲ ਗੱਲ ਕੀਤੀ ਤਾਂ ਉਸ ਨੇ ਤਸੱਲੀ ਬਖ਼ਸ਼ ਜਵਾਬ ਨਹੀਂ ਦਿੱਤਾ। ਉਸ ਨੇ 7 ਮਈ 2024 ਨੂੰ ਮੁਲਜ਼ਮ ਖ਼ਿਲਾਫ਼ ਜ਼ਿਲ੍ਹਾ ਪੁਲਸ ਮੁਖੀ ਨੂੰ ਸ਼ਿਕਾਇਤ ਦਿੱਤੀ ਤਾਂ ਉਸ ਨੇ 40 ਹਜ਼ਾਰ ਵਾਪਸ ਕਰ ਦਿੱਤੇ ਤੇ ਜਾਂਚ ’ਚ ਸ਼ਾਮਲ ਹੋ ਕੇ ਇਕ ਮਹੀਨੇ ਅੰਦਰ ਸਾਰੀ ਰਕਮ ਮੋੜਨ ਦੀ ਗੱਲ ਕੀਤੀ। ਉਸ ਨੇ ਦੱਸਿਆ ਕਿ ਨੌਕਰੀ ਦਿਵਾਉਣ ਲਈ ਕਿਸੇ ਦੀਪਕ ਕੁਮਾਰ ਨੂੰ 4 ਲੱਖ ਰੁਪਏ ਦਿੱਤੇ ਸਨ। ਇਸ ਸਬੰਧੀ ਜਦੋਂ ਦੀਪਕ ਨਾਲ ਗੱਲ ਕੀਤੀ ਤਾਂ ਉਸ ਨੇ ਰਕਮ ਲੈਣ ਦੀ ਗੱਲ ਮੰਨਦਿਆਂ ਖਾਤੇ ’ਚੋਂ ਇਕ ਲੱਖ ਰੁਪਏ ਰਣਧੀਰ ਦੇ ਖਾਤੇ ’ਚ ਟ੍ਰਾਂਸਫਰ ਕਰ ਦਿੱਤੇ ਪਰ ਬਾਕੀ ਰਹਿੰਦੇ 2.60 ਲੱਖ ਰੁਪਏ ਵਾਅਦਾ ਕਰਨ ਦੇ ਬਾਵਜੂਦ ਵਾਪਸ ਨਹੀਂ ਕੀਤੇ ਤਾਂ ਰਣਧੀਰ ਨੇ ਮੁੜ ਤੋਂ ਦਰਖਾਸਤ ਦਿੱਤੀ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰ ਲਿਆ।
'ਜੇ ਮੇਰੇ ਪਤੀ ਗਲਤ ਹੋਏ ਤਾਂ...', ਰਿਤੂ ਬਾਠ ਨੇ ਕਰ'ਤੀ CBI ਜਾਂਚ ਦੀ ਮੰਗ
NEXT STORY