ਨਵਾਂਸ਼ਹਿਰ: ਹਲਕਾ ਨਵਾਂਸ਼ਹਿਰ ਦੇ ਵਿਧਾਇਕ ਡਾ. ਨਛੱਤਰ ਪਾਲ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਆਗਾਮੀ 2027 ਦੀ ਮਰਦਮਸ਼ੁਮਾਰੀ (16ਵੀਂ ਭਾਰਤੀ ਜਨਗਣਨਾ) ਦੇ ਫਾਰਮਾਂ ਵਿਚ ਵੱਡੇ ਸੁਧਾਰ ਕਰਨ ਦੀ ਮੰਗ ਕੀਤੀ ਹੈ।
ਡਾ. ਪਾਲ ਨੇ ਜਨਗਣਨਾ ਲਈ ਤਿਆਰ ਕੀਤੇ ਗਏ ਡਿਜੀਟਲ ਅਤੇ ਪ੍ਰਿੰਟ ਫਾਰਮਾਂ ਵਿਚ ਅਪਮਾਨਜਨਕ ਅਤੇ ਗ਼ੈਰ-ਸੰਵਿਧਾਨਕ ਸ਼ਬਦਾਂ ਦੀ ਵਰਤੋਂ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲੇ (ਅੱਤਿਆਚਾਰ ਰੋਕੂ) ਐਕਟ, 1989 ਤਹਿਤ ਅਜਿਹੇ ਸ਼ਬਦਾਂ ਦੀ ਵਰਤੋਂ ਕਾਨੂੰਨੀ ਤੌਰ 'ਤੇ ਵਰਜਿਤ ਹੈ ਅਤੇ ਇਹ ਸੰਵਿਧਾਨ ਦੀ ਧਾਰਾ 14 ਅਤੇ 15 ਤਹਿਤ ਮਿਲੇ ਬਰਾਬਰੀ ਦੇ ਅਧਿਕਾਰ ਦੀ ਉਲੰਘਣਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਭਾਈਚਾਰੇ ਦੀ ਸਹੀ ਪਛਾਣ ਅਤੇ ਗਿਣਤੀ ਯਕੀਨੀ ਬਣਾਉਣ ਲਈ ਮਰਦਮਸ਼ੁਮਾਰੀ ਦੇ ਫਾਰਮਾਂ ਵਿਚ 'ਰਵਿਦਾਸੀਆ ਧਰਮ' ਅਤੇ 'ਆਦਿ ਧਰਮ' ਨੂੰ ਵਿਸ਼ੇਸ਼ ਅਤੇ ਵੱਖਰੇ ਧਰਮਾਂ ਵਜੋਂ ਸ਼ਾਮਲ ਕੀਤਾ ਜਾਵੇ। ਡਾ. ਪਾਲ ਨੇ ਜ਼ੋਰ ਦੇ ਕੇ ਕਿਹਾ ਕਿ ਕਿਉਂਕਿ ਜਨਗਣਨਾ ਦਾ ਪਹਿਲਾ ਪੜਾਅ ਅਪ੍ਰੈਲ 2026 ਵਿਚ ਸ਼ੁਰੂ ਹੋਣ ਜਾ ਰਿਹਾ ਹੈ, ਇਸ ਲਈ ਸਮਾਂ ਰਹਿੰਦਿਆਂ ਇਨ੍ਹਾਂ ਗ਼ੈਰ-ਸੰਵਿਧਾਨਕ ਸ਼ਬਦਾਂ ਨੂੰ ਹਟਾ ਕੇ ਸਤਿਕਾਰਯੋਗ ਸ਼ਬਦਾਵਲੀ ਲਿਖੀ ਜਾਣੀ ਚਾਹੀਦੀ ਹੈ।
ਘਨੌਲੀ ਬੈਰੀਅਰ ’ਤੇ ਵੇਰਕਾ ਗੱਡੀ ਤੇ ਟਰੱਕ ਦੀ ਟੱਕਰ ਹੋਣ ਕਾਰਨ ਵਾਪਰਿਆ ਸੜਕ ਹਾਦਸਾ
NEXT STORY