ਮਹਿਲਕਲਾਂ (ਵਿਵੇਕ ਸਿੰਧਵਾਨੀ, ਰਵੀ) : ਮਹਿਲਕਲਾਂ ਵਿਖੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਸਬਜ਼ੀਆਂ ਦੇ ਬੀਜ ਲੈਣ ਆਏ ਇਕ ਬਜ਼ੁਰਗ ਦੀ ਮੌਤ ਹੋ ਗਈ। ਥਾਣਾ ਮਹਿਲਕਲਾਂ ਵਿਖੇ ਕੁਲਦੀਪ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਸਹਿਜੜਾ ਨੇ ਬਿਆਨ ਦਰਜ ਕਰਵਾਇਆ ਹੈ ਕਿ 6 ਜੂਨ ਨੂੰ ਸਵੇਰੇ ਕਰੀਬ 8:30 ਵਜੇ ਉਸ ਦਾ ਪਿਤਾ ਹਰਨੇਕ ਸਿੰਘ ਵਾਸੀ ਸਹਿਜੜਾ ਸਾਈਕਲ ''ਤੇ ਸਬਜ਼ੀਆਂ ਦੇ ਬੀਜ ਲੈਣ ਲਈ ਮਹਿਲਕਲਾਂ ਆਇਆ ਸੀ। ਬਿਆਨ ਅਨੁਸਾਰ, ਜਦੋਂ ਹਰਨੇਕ ਸਿੰਘ ਰਾਏਕੋਟ ਰੋਡ ਬਰਨਾਲਾ ਨੇੜੇ ਬਿਜਲੀ ਗਰਿੱਡ ਮਹਿਲਕਲਾਂ ਕੋਲ ਪੁੱਜਾ ਤਾਂ ਇੱਕ ਅਣਪਛਾਤੇ ਵਾਹਨ ਦੇ ਅਣਪਛਾਤੇ ਚਾਲਕ ਨੇ ਤੇਜ਼ ਰਫ਼ਤਾਰ ਨਾਲ ਪਿੱਛੋਂ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਹਰਨੇਕ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸਾ ਵਾਪਰਨ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਪੁਲਸ ਨੇ ਕੁਲਦੀਪ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਾਹਨ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਮਹਿਲਕਲਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹ ਆਸਪਾਸ ਦੇ ਸੀ.ਸੀ.ਟੀ.ਵੀ. ਫੁਟੇਜ ਖੰਗਾਲ ਰਹੇ ਹਨ ਤਾਂ ਜੋ ਦੋਸ਼ੀ ਵਾਹਨ ਅਤੇ ਉਸ ਦੇ ਚਾਲਕ ਦੀ ਪਛਾਣ ਕੀਤੀ ਜਾ ਸਕੇ। ਉਨ੍ਹਾਂ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਸ ਨਾਲ ਸਾਂਝੀ ਕਰਨ।
ਅਗਨੀਵੀਰ ਭਰਤੀ ਦੇ ਚਾਹਵਾਨਾਂ ਲਈ ਬੇਹੱਦ ਅਹਿਮ ਖ਼ਬਰ
NEXT STORY