'ਆਮ ਆਦਮੀ ਪਾਰਟੀ' (ਆਪ), ਜਿਸ ਨੇ ਪੰਜਾਬ 'ਚ ਲੋਕਾਂ ਦੀਆਂ ਉਮੀਦਾਂ ਕਾਫੀ ਵਧਾ ਦਿੱਤੀਆਂ ਸਨ, ਜੋ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਵਲੋਂ ਵਾਰੀ-ਵਾਰੀ ਸੱਤਾ ਦਾ ਮਜ਼ਾ ਲੈਣ ਦਾ ਇਕ ਚੰਗਾ ਬਦਲ ਲੱਭ ਰਹੇ ਸਨ, ਦੀਆਂ ਉਮੀਦਾਂ ਨੂੰ ਝੁਠਲਾ ਦਿੱਤਾ ਹੈ। ਤਾਨਾਸ਼ਾਹੀ ਢੰਗ ਨਾਲ ਵਿਰੋਧੀ ਧਿਰ ਦੇ ਨੇਤਾ ਨੂੰ ਬਦਲਣ ਦੇ ਮੱਦੇਨਜ਼ਰ 'ਆਪ' ਦੀ ਪੰਜਾਬ ਇਕਾਈ 'ਚ ਬਗਾਵਤ ਕਾਰਨ ਪੈਦਾ ਹੋਇਆ ਸੰਕਟ ਇਸ ਦੇ ਕੱਫਣ 'ਚ ਆਖਰੀ ਕਿੱਲ ਸਿੱਧ ਹੋ ਸਕਦਾ ਹੈ। ਵਿਰੋਧੀ ਧਿਰ ਦੇ ਨੇਤਾ ਨੂੰ ਬਦਲਣਾ ਵਿਧਾਇਕਾਂ ਅਤੇ ਪਾਰਟੀ ਆਗੂਆਂ ਦਾ ਵਿਸ਼ੇਸ਼ ਅਧਿਕਾਰ ਹੈ, ਇਸ ਤੱਥ ਤੋਂ ਜ਼ਿਆਦਾ ਸੁਖਪਾਲ ਸਿੰਘ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾਉਣ ਦਾ ਰਵੱਈਆ ਤਾਨਾਸ਼ਾਹੀ ਸੀ, ਜੋ ਨਿੰਦਣਯੋਗ ਹੈ। ਉਨ੍ਹਾਂ ਨੂੰ ਹਟਾ ਕੇ ਹਰਪਾਲ ਸਿੰਘ ਚੀਮਾ ਨੂੰ ਨਿਯੁਕਤ ਕਰਨ ਨਾਲ ਪਾਰਟੀ ਵਰਕਰਾਂ 'ਚ ਕਾਫੀ ਰੋਸ ਪੈਦਾ ਹੋ ਗਿਆ। ਇਸ ਤਬਦੀਲੀ ਦਾ ਐਲਾਨ ਪਾਰਟੀ ਦੇ ਸੀਨੀਅਰ ਆਗੂ ਅਤੇ ਪਾਰਟੀ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਵਲੋਂ ਇਕ ਟਵੀਟ ਦੇ ਜ਼ਰੀਏ ਕੀਤਾ ਗਿਆ। ਪਾਰਟੀ ਵਿਧਾਇਕ ਹੋਣ ਦੇ ਨਾਤੇ ਕੰਵਰ ਸੰਧੂ ਨੇ ਬਾਅਦ 'ਚ ਮੀਡੀਆ ਨੂੰ ਦੱਸਿਆ ਕਿ ਇਸ ਤਬਦੀਲੀ ਬਾਰੇ ਸੂਚਨਾ ਪੱਤਰ ਪਾਰਟੀ ਹਾਈਕਮਾਨ ਵਲੋਂ ਵਿਧਾਇਕਾਂ, ਜਿਨ੍ਹਾਂ ਨੂੰ ਆਪਣਾ ਨੇਤਾ ਚੁਣਨ ਦਾ ਹੱਕ ਹੁੰਦਾ ਹੈ, ਦੀ 'ਸਹਿਮਤੀ' ਲੈਣ ਤੋਂ ਕਾਫੀ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੱਤਾ ਗਿਆ ਸੀ।
ਸੁਖਪਾਲ ਖਹਿਰਾ ਨੂੰ ਲੰਘੇ ਵੀਰਵਾਰ ਵਿਧਾਇਕਾਂ ਦੀ ਮੀਟਿੰਗ 'ਚ ਬੁਲਾਇਆ ਗਿਆ ਸੀ ਤਾਂ ਕਿ ਉਹ ਆਪਣੀ ਨਾਰਾਜ਼ਗੀ ਜ਼ਾਹਿਰ ਕਰ ਸਕਣ ਅਤੇ ਭਵਿੱਖ ਲਈ ਰਣਨੀਤੀ 'ਤੇ ਫੈਸਲਾ ਲੈ ਸਕਣ ਪਰ ਪਾਰਟੀ ਦੀ ਭਰੋਸੇਯੋਗਤਾ ਨੂੰ ਪਹਿਲਾਂ ਹੀ ਕਾਫੀ ਠੇਸ ਲੱਗ ਚੁੱਕੀ ਸੀ। ਅਸਲ 'ਚ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਨੇੜਲੇ ਸਹਿਯੋਗੀਆਂ ਨੇ ਜਿਸ ਤਰ੍ਹਾਂ ਪੰਜਾਬ 'ਚ ਪਾਰਟੀ ਮਾਮਲਿਆਂ ਦੀ ਮੈਨੇਜਮੈਂਟ ਕੀਤੀ ਹੈ, ਉਸ ਦਾ ਨਤੀਜਾ ਚੰਗਾ ਨਹੀਂ ਨਿਕਲਿਆ।
ਉਨ੍ਹਾਂ ਨੇ ਪਾਰਟੀ ਦੀ ਪੰਜਾਬ ਇਕਾਈ ਨਾਲ ਬਹੁਤ ਬੇਇਨਸਾਫੀ ਵਾਲਾ ਰਵੱਈਆ ਕੀਤਾ, ਜਦਕਿ ਇਸ ਸੂਬੇ 'ਚ ਪਾਰਟੀ ਨੇ 4 ਲੋਕ ਸਭਾ ਸੀਟਾਂ ਜਿੱਤੀਆਂ ਅਤੇ ਇਹ ਦੇਸ਼ ਦਾ ਇਕੋ-ਇਕ ਦੂਜਾ ਸੂਬਾ ਹੈ, ਜਿਥੇ ਇਸ ਦੇ ਵਿਧਾਇਕ ਰਾਜ ਵਿਧਾਨ ਸਭਾ 'ਚ ਹਨ। ਜਿਸ ਤਰ੍ਹਾਂ ਪਾਰਟੀ ਨੇ ਪੰਜਾਬ 'ਚ ਆਪਣੇ ਬਾਨੀ ਨੇਤਾਵਾਂ 'ਚੋਂ ਇਕ ਅਤੇ ਪਾਰਟੀ ਦੀ ਸੂਬਾ ਇਕਾਈ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਆਧਾਰ 'ਤੇ ਹਟਾਇਆ, ਆਪਣੇ ਦੋ ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਕੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਚੁਣਨ ਵਾਸਤੇ ਪੰਜਾਬ ਤੋਂ ਬਾਹਰਲੇ ਨੇਤਾਵਾਂ ਨੂੰ ਨਿਯੁਕਤ ਕੀਤਾ, ਉਸ ਨਾਲ ਪਾਰਟੀ ਇਕ ਤੋਂ ਬਾਅਦ ਦੂਜੇ ਸੰਕਟ 'ਚ ਘਿਰਦੀ ਗਈ।
ਇਕ ਸਮਾਂ ਅਜਿਹਾ ਵੀ ਸੀ, ਜਦੋਂ ਪਾਰਟੀ ਨੇ ਸੂਬੇ 'ਚ ਵਿਧਾਨ ਸਭਾ ਚੋਣਾਂ ਜਿੱਤਣ ਲਈ ਹੋਰਨਾਂ ਪਾਰਟੀਆਂ ਨਾਲੋਂ ਕਾਫੀ ਪਹਿਲਾਂ ਵਿਧੀਪੂਰਵਕ ਤਿਆਰੀ ਸ਼ੁਰੂ ਕਰ ਦਿੱਤੀ ਸੀ ਅਤੇ ਸਫਲਤਾਪੂਰਵਕ ਬੂਥਾਂ ਦੇ ਲਿਹਾਜ਼ ਨਾਲ ਕਮੇਟੀਆਂ ਕਾਇਮ ਕੀਤੀਆਂ। ਪਾਰਟੀ ਨੇ ਸਮਰਥਨ ਹਾਸਲ ਕਰਨ ਲਈ ਦਿਹਾਤੀ ਇਲਾਕਿਆਂ 'ਚ ਬਹੁਤ ਜ਼ਿਆਦਾ ਕੰਮ ਕੀਤੇ।
ਇਸ ਨੂੰ ਵਿਦੇਸ਼ਾਂ 'ਚ ਰਹਿਣ ਵਾਲੇ ਭਾਰਤੀਆ ਤੋਂ ਵੀ ਭਾਰੀ ਸਮਰਥਨ ਮਿਲਿਆ ਪਰ ਜਿਸ ਢੰਗ ਨਾਲ ਇਸ ਦੇ ਕੇਂਦਰੀ ਨੇਤਾਵਾਂ ਨੇ ਸੂਬੇ ਦੇ ਨੇਤਾਵਾਂ ਨਾਲ ਸਲੂਕ ਕੀਤਾ, ਉਸ ਦੇ ਮੱਦੇਨਜ਼ਰ ਪਾਰਟੀ ਦਾ ਸਮਰਥਨ ਆਧਾਰ ਘਟਣ ਲੱਗਾ, ਫਿਰ ਵੀ 'ਆਪ' ਵਿਧਾਨ ਸਭਾ 'ਚ ਦੂਜੀ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰਨ 'ਚ ਸਫਲ ਰਹੀ।
ਅਜਿਹਾ ਲੱਗਦਾ ਹੈ ਕਿ ਕੇਂਦਰੀ ਲੀਡਰਸ਼ਿਪ ਨੇ ਅਤੀਤ 'ਚ ਆਪਣੇ ਤਾਨਾਸ਼ਾਹੀ ਰਵੱਈਏ ਤੋਂ ਕੋਈ ਸਬਕ ਨਹੀਂ ਸਿੱਖਿਆ ਅਤੇ ਅਜਿਹੀ ਸੰਭਾਵਨਾ ਹੈ ਕਿ ਹੁਣ ਤਾਜ਼ਾ ਕਾਰਵਾਈ ਨਾਲ ਸੂਬੇ 'ਚ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਸਥਾਈ ਨੁਕਸਾਨ ਪੁੱਜੇਗਾ। ਪਾਰਟੀ ਨੂੰ ਸੋਸ਼ਲ ਮੀਡੀਆ 'ਤੇ ਵੀ ਬਹੁਤ ਜ਼ਿਆਦਾ ਭਰੋਸਾ ਸੀ ਅਤੇ ਉਹ ਇਸ ਦੀ ਵਰਤੋਂ ਐਲਾਨ ਕਰਨ ਲਈ ਕਰਦੀ ਰਹੀ।
ਤਾਜ਼ਾ ਸੰਕਟ 'ਤੇ ਇਸ ਦੀ ਪ੍ਰਤੀਕਿਰਿਆ ਵੀ ਟਵੀਟ ਦੇ ਰੂਪ 'ਚ ਸਾਹਮਣੇ ਆਈ, ਜਿਸ 'ਚ ਕਿਹਾ ਗਿਆ ਕਿ ''ਕੋਈ ਪ੍ਰਵਾਹ ਨਹੀਂ ਕਿ ਉਹ ਕਿੰਨੀ ਕੋਸ਼ਿਸ਼ ਕਰਦੇ ਹਨ। ਇਕ ਗੱਲ ਸਪੱਸ਼ਟ ਕੀਤੀ ਜਾਣੀ ਚਾਹੀਦੀ ਹੈ ਕਿ 'ਆਪ' ਆਪਣੇ ਸਵੈਮ ਸੇਵਕਾਂ ਤੋਂ ਤਾਕਤ ਹਾਸਲ ਕਰਦੀ ਹੈ ਅਤੇ ਹਰੇਕ ਸਵੈਮ ਸੇਵਕ ਦਾ ਇਕੋ ਹੀਰੋ ਹੈ, ਉਹ ਹਨ ਅਰਵਿੰਦ ਕੇਜਰੀਵਾਲ। ਕੋਈ ਵੀ ਸਵੈਮ ਸੇਵਕ ਕਿਸੇ ਅਜਿਹੇ ਵਿਅਕਤੀ ਦਾ ਸਮਰਥਨ ਨਹੀਂ ਕਰੇਗਾ, ਜੋ ਕੇਜਰੀਵਾਲ ਅਤੇ ਉਨ੍ਹਾਂ ਦੀ ਸੈਨਾ ਵਿਚਾਲੇ ਭਾਵਨਾਤਮਕ ਡੋਰ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ।''
ਅਧਿਕਾਰਤ ਟਵੀਟ ਪਾਰਟੀ ਲੀਡਰਸ਼ਿਪ ਦੇ ਤਾਨਾਸ਼ਾਹੀ ਵਾਲੇ ਰਵੱਈਏ ਨੂੰ ਦਰਸਾਉਂਦਾ ਹੈ, ਜੋ ਕਾਂਗਰਸ ਦੇ ਨਾਲ-ਨਾਲ ਅਕਾਲੀਆਂ 'ਚ ਇਸ ਰਵੱਈਏ ਦਾ ਜੀਅ-ਜਾਨ ਨਾਲ ਵਿਰੋਧ ਕਰਦਾ ਹੈ। ਸੋਸ਼ਲ ਮੀਡੀਆ 'ਤੇ ਕੇਜਰੀਵਾਲ ਦੇ ਕੱਟੜ ਸਮਰਥਕਾਂ ਅਤੇ ਉਨ੍ਹਾਂ ਵਰਗੀ ਸਿਆਸਤ ਦੇ ਵਿਰੋਧੀਆਂ ਵਿਚਾਲੇ ਇਕ ਤਰ੍ਹਾਂ ਦੀ ਜੰਗ ਛਿੜ ਗਈ ਹੈ।
ਪੰਜਾਬ ਦੇ ਲੋਕਾਂ ਲਈ 'ਆਪ' ਦੀਆਂ ਘਟਨਾਵਾਂ ਬਹੁਤ ਨਿਰਾਸ਼ ਕਰਨ ਵਾਲੀਆਂ ਹਨ। ਪਾਰਟੀ ਤੋਂ ਲੋਕਾਂ ਦਾ ਮੋਹ ਭੰਗ ਗੁਰਦਾਸਪੁਰ ਲੋਕ ਸਭਾ ਸੀਟ ਤੇ ਸ਼ਾਹਕੋਟ ਵਿਧਾਨ ਸਭਾ ਸੀਟ ਲਈ ਹੋਈਆਂ ਉਪ-ਚੋਣਾਂ 'ਚ ਮਿਲੇ ਬਹੁਤ ਘੱਟ ਜਨ-ਸਮਰਥਨ ਤੋਂ ਨਜ਼ਰ ਆਉਂਦਾ ਹੈ। ਜੇ ਪਾਰਟੀ ਇਕ ਵਿਵਹਾਰਿਕ ਅਤੇ ਭਰੋਸੇਯੋਗ ਬਦਲ ਮੁਹੱਈਆ ਕਰਵਾਉਣ ਦਾ ਸੁਪਨਾ ਦੇਖਦੀ ਹੈ ਤਾਂ ਇਸ ਨੂੰ ਪੰਜਾਬ 'ਚ ਖੁਦ ਨੂੰ ਲੱਭਣਾ ਪਵੇਗਾ।
vipinpubby@gmail.com
ਇਮਰਾਨ ਖਾਨ : 'ਆਗ਼ਾਜ਼ ਤੋ ਅੱਛਾ ਹੈ, ਅੰਜਾਮ ਖ਼ੁਦਾ ਜਾਨੇ'
NEXT STORY