6 ਦਸੰਬਰ ਨੂੰ ਅਯੁੱਧਿਆ ਵਿਚ ਰਾਮ ਲੱਲਾ ਨੂੰ ਅਸਥਾਈ ਟੈਂਟ ਵਿਚ ਬੈਠਿਆਂ 25 ਸਾਲ ਪੂਰੇ ਹੋ ਰਹੇ ਹਨ। ਆਜ਼ਾਦ ਭਾਰਤ ਵਿਚ ਪਿਛਲੇ 68 ਸਾਲਾਂ ਤੋਂ ਸੰਬੰਧਤ ਮਾਮਲਾ ਅਦਾਲਤ ਵਿਚ ਲਟਕ ਰਿਹਾ ਹੈ। ਇਸੇ ਪਿਛੋਕੜ ਵਿਚ ਸੁਪਰੀਮ ਕੋਰਟ ਵਿਚ ਵੀ ਆਖਰੀ ਸੁਣਵਾਈ 5 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ।
ਅਜਿਹੀ ਸਥਿਤੀ ਵਿਚ ਸੁਭਾਵਿਕ ਹੈ ਕਿ ਉਨ੍ਹਾਂ ਬਿੰਦੂਆਂ 'ਤੇ ਚਰਚਾ ਕੀਤੀ ਜਾਵੇ, ਜਿਹੜੇ ਸਥਾਪਿਤ ਤੌਰ 'ਤੇ ਨਿਰਵਿਵਾਦ ਹਨ। ਚਰਚਾ ਉਨ੍ਹਾਂ ਕਾਰਨਾਂ ਦੀ ਵੀ ਹੋਣੀ ਚਾਹੀਦੀ ਹੈ, ਜਿਨ੍ਹਾਂ ਨੇ ਵਿਵਾਦ ਨੂੰ ਜਨਮ ਦਿੱਤਾ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਭਗਵਾਨ ਸ਼੍ਰੀ ਰਾਮ ਕਰੋੜਾਂ ਭਾਰਤੀਆਂ ਲਈ ਨਾ ਸਿਰਫ ਪੂਜਨੀਕ ਹਨ, ਸਗੋਂ ਅਨੰਤਕਾਲ ਤੋਂ ਦੇਸ਼ ਦੇ ਆਦਰਸ਼ ਪੁਰਸ਼ ਵੀ ਹਨ। ਲੋਕਾਂ ਦੀ ਅਟੁੱਟ ਆਸਥਾ ਹੈ ਕਿ ਭਗਵਾਨ ਸ਼੍ਰੀ ਰਾਮ ਦਾ ਜਨਮ ਅਯੁੱਧਿਆ ਵਿਚ ਉਸੇ ਜਗ੍ਹਾ ਹੋਇਆ, ਜਿਸ ਨੂੰ ਵਿਗੜੇ ਸੈਕੁਲਰਿਜ਼ਮ ਨੇ ਅੱਜ ਵਿਵਾਦਪੂਰਨ ਬਣਾ ਦਿੱਤਾ ਹੈ।
ਉਂਝ ਤਾਂ ਗਾਂਧੀ ਜੀ ਦਾ ਸੱਤਿਆਗ੍ਰਹਿ ਅੰਦੋਲਨ 'ਸਤਯਮੇਵ ਜਯਤੇ' ਤੋਂ ਪ੍ਰੇਰਿਤ ਰਿਹਾ ਪਰ ਉਸ ਸੱਚ ਨੂੰ ਉਨ੍ਹਾਂ ਨੇ ਭਗਵਾਨ ਸ਼੍ਰੀ ਰਾਮ ਵਿਚ ਦੇਖਿਆ ਤੇ ਉਨ੍ਹਾਂ ਦੇ ਬਨਵਾਸ ਨੂੰ ਧਰਮ ਦੀ ਪਾਲਣਾ ਮੰਨਿਆ। ਇਸ ਲਈ ਉਨ੍ਹਾਂ ਨੇ ਰਾਮ ਰਾਜ ਦੀ ਕਲਪਨਾ ਕੀਤੀ। ਰਾਮ ਧੁਨ 'ਰਘੁਪਤੀ ਰਾਘਵ ਰਾਜਾ ਰਾਮ...' ਨੇ ਉਨ੍ਹਾਂ ਨੂੰ ਮਰਨ ਤਕ ਊਰਜਾ ਦਿੱਤੀ।
ਭਗਵਾਨ ਸ਼੍ਰੀ ਰਾਮ ਹੀ ਦੇਸ਼ ਦੀ ਮੂਲ ਸੱਭਿਅਤਾ, ਇਸ ਦੇ ਚਰਿੱਤਰ, ਪਰਿਵਾਰਕ-ਸਮਾਜਿਕ ਜੀਵਨ ਨੂੰ ਪਰਿਭਾਸ਼ਿਤ ਕਰਦੇ ਹਨ। ਇਹੋ ਵਜ੍ਹਾ ਹੈ ਕਿ ਦੇਸ਼ ਵਿਚ ਹਰਮਨਪਿਆਰੀਆਂ ਹਸਤੀਆਂ ਦੇ ਨਾਲ-ਨਾਲ ਜ਼ਿਆਦਾਤਰ ਲੋਕਾਂ ਦੇ ਨਾਂ ਨਾਲ 'ਰਾਮ' ਦਾ ਨਾਂ ਜੁੜਿਆ ਹੈ, ਚਾਹੇ ਯੂ. ਪੀ. ਦੇ ਰਾਜਪਾਲ ਰਾਮਨਾਇਕ ਹੋਣ, ਭਾਕਪਾ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਹੋਣ, ਬਸਪਾ ਦੇ ਬਾਨੀ ਸਵ. ਕਾਂਸ਼ੀ ਰਾਮ ਹੋਣ, ਸਮਾਜਵਾਦੀ ਰਾਮਮਨੋਹਰ ਲੋਹੀਆ ਹੋਣ, ਰਾਮਪ੍ਰਸਾਦ ਬਿਸਮਿਲ ਹੋਣ ਜਾਂ ਫਿਰ ਭਾਰਤੀ ਕੇਂਦਰੀ ਬੈਂਕ ਦੇ ਸਾਬਕਾ ਗਵਰਨਰ ਰਘੁਰਾਮ ਰਾਜਨ ਹੀ ਕਿਉਂ ਨਾ ਹੋਣ।
ਜਦ ਭਗਵਾਨ ਸ਼੍ਰੀ ਰਾਮ ਇਸ ਧਰਤੀ 'ਤੇ ਸੰਸਕ੍ਰਿਤੀ ਦਾ ਆਧਾਰ ਹਨ ਅਤੇ ਕਰੋੜਾਂ ਲੋਕਾਂ ਦੀ ਆਸਥਾ ਨੇ ਉਨ੍ਹਾਂ ਨੂੰ ਸਨਾਤਨੀ ਭਾਰਤ ਦਾ ਆਦਰਸ਼ ਨੁਮਾਇੰਦਾ ਬਣਾਇਆ ਹੈ, ਫਿਰ ਅਯੁੱਧਿਆ ਵਿਚ ਉਨ੍ਹਾਂ ਦੇ ਜਨਮ ਸਥਾਨ 'ਤੇ ਵਿਵਾਦ ਕਿਸ ਗੱਲ ਦਾ ਹੈ?
ਇਹ ਦ੍ਰਿਸ਼ਟਾਂਤ ਪੂਰੀ ਤਰ੍ਹਾਂ ਨਾਲ ਬੇਬੁਨਿਆਦ ਹੈ ਕਿ ਅਯੁੱਧਿਆ ਵਿਚ ਵਿਵਾਦ ਮਾਲਕੀ ਨੂੰ ਲੈ ਕੇ ਹੈ। ਇਥੇ ਅਦਾਲਤੀ ਲੜਾਈ ਕਿਸੇ ਜ਼ਮੀਨ ਦੇ ਟੁਕੜੇ 'ਤੇ ਕਬਜ਼ੇ ਲਈ ਨਹੀਂ ਹੋ ਰਹੀ, ਸਗੋਂ ਇਥੇ ਸਵਾਲ ਕਰੋੜਾਂ ਲੋਕਾਂ ਦੀ ਆਸਥਾ ਨਾਲ ਜੁੜਿਆ ਹੋਇਆ ਹੈ। ਭਾਰਤ ਵਿਚ ਅਜਿਹੀਆਂ ਕਈ ਮਿਸਾਲਾਂ ਹਨ, ਜਦੋਂ ਆਸਥਾ ਸਾਹਮਣੇ ਸੰਵਿਧਾਨਿਕ ਤੇ ਮੌਲਿਕ ਅਧਿਕਾਰ ਆਦਿ ਦੋਇਮ ਬਣ ਗਏ ਤੇ ਅਜਿਹਾ ਅੱਜ ਵੀ ਹੋ ਰਿਹਾ ਹੈ।
ਵੱਕਾਰੀ 'ਬੁੱਕਰ' ਪੁਰਸਕਾਰ ਨਾਲ ਸਨਮਾਨਿਤ ਲੇਖਕ ਸਲਮਾਨ ਰਸ਼ਦੀ ਦੇ ਨਾਵਲ 'ਸੈਟੇਨਿਕ ਵਰਸਿਜ਼' ਉੱਤੇ ਭਾਰਤ ਵਿਚ ਪਾਬੰਦੀ ਲਾ ਦਿੱਤੀ ਗਈ ਅਤੇ ਦਲੀਲ ਇਹ ਦਿੱਤੀ ਗਈ ਸੀ ਕਿ ਉਨ੍ਹਾਂ ਦਾ ਨਾਵਲ ਮੁਸਲਿਮ ਸਮਾਜ ਦੀ ਆਸਥਾ ਤੇ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੈ।
ਦੇਸ਼ ਵਿਚ ਮੁਸਲਿਮ ਆਬਾਦੀ 14 ਫੀਸਦੀ ਹੈ, ਭਾਵ ਉਨ੍ਹਾਂ ਦੀ ਆਸਥਾ ਨੂੰ ਧਿਆਨ ਵਿਚ ਰੱਖਦਿਆਂ ਦੇਸ਼ ਦੇ 86 ਫੀਸਦੀ ਨਾਗਰਿਕਾਂ ਦੇ 'ਪੜ੍ਹਨ ਦੇ ਅਧਿਕਾਰ' ਦਾ ਗਲਾ ਘੁੱਟ ਦਿੱਤਾ ਗਿਆ। ਇਸੇ ਤਰ੍ਹਾਂ ਭਾਰਤੀਆਂ ਨੂੰ ਤਸਲੀਮਾ ਨਸਰੀਨ ਦੀ ਕਿਤਾਬ 'ਲੱਜਾ' ਨੂੰ ਪੜ੍ਹਨ ਤੋਂ ਵੀ ਵਾਂਝੇ ਕਰ ਦਿੱਤਾ ਗਿਆ। ਇਥੋਂ ਤਕ ਕਿ ਤਸਲੀਮਾ ਉੱਤੇ ਮੁਸਲਿਮ ਕੱਟੜਪੰਥੀਆਂ ਨੇ ਹਮਲਾ ਵੀ ਕੀਤਾ, ਜਿਸ ਨੂੰ 'ਆਸਥਾ ਨਾਲ ਖਿਲਵਾੜ' ਦੇ ਨਾਂ 'ਤੇ ਜਾਇਜ਼ ਠਹਿਰਾਉਣ ਦੇ ਯਤਨ ਵੀ ਹੋਏ।
ਜਨਵਰੀ 2015 ਵਿਚ ਮੁੰਬਈ ਪੁਲਸ ਨੇ ਇਕ ਉਰਦੂ ਅਖਬਾਰ ਦੇ ਸੰਪਾਦਕ ਨੂੰ ਇਸ ਲਈ ਗ੍ਰਿਫਤਾਰ ਕਰ ਲਿਆ ਸੀ ਕਿਉਂਕਿ ਉਸ ਨੇ ਫ੍ਰੈਂਚ ਰਸਾਲੇ 'ਚਾਰਲੀ ਹੈਬਦੋ' ਵਿਚ ਛਪੇ ਪੈਗੰਬਰ ਸਾਹਿਬ ਦੇ ਵਿਵਾਦਪੂਰਨ ਕਾਰਟੂਨ ਨੂੰ ਦੁਬਾਰਾ ਛਾਪ ਦਿੱਤਾ ਸੀ। ਆਸਥਾ 'ਤੇ ਵਾਰ ਕਾਰਨ ਹੀ ਉਰਦੂ ਅਖਬਾਰ ਦੇ ਸੰਪਾਦਕ ਦੀ ਪ੍ਰਗਟਾਵੇ ਦੀ ਆਜ਼ਾਦੀ ਖੋਹ ਲਈ ਗਈ ਸੀ।
ਮਾਨਤਾ ਮੁਤਾਬਿਕ ਇਸਲਾਮ ਵਿਚ ਪੈਗੰਬਰ ਸਾਹਿਬ ਦੀ ਮੂਰਤੀ ਜਾਂ ਤਸਵੀਰ ਬਣਾਉਣਾ ਮਨ੍ਹਾ ਹੈ, ਇਹ ਵੱਖਰੀ ਗੱਲ ਹੈ ਕਿ ਤੁਰਕੀ ਦੇ ਇਕ ਵੱਡੇ ਅਜਾਇਬਘਰ ਵਿਚ 13ਵੀਂ-14ਵੀਂ ਸਦੀ ਦੌਰਾਨ ਬਣੀ ਪੈਗੰਬਰ ਸਾਹਿਬ ਦੀ ਪੇਂਟਿੰਗ ਅੱਜ ਵੀ ਮੌਜੂਦ ਹੈ।
ਅਯੁੱਧਿਆ ਹੀ ਭਗਵਾਨ ਸ਼੍ਰੀ ਰਾਮ ਦਾ ਜਨਮ ਅਸਥਾਨ ਹੈ, ਇਸ 'ਤੇ ਇਲਾਹਾਬਾਦ ਹਾਈਕੋਰਟ 30 ਸਤੰਬਰ 2010 ਨੂੰ ਆਪਣੀ ਮੋਹਰ ਵੀ ਲਾ ਚੁੱਕੀ ਸੀ, ਜਿਸ ਨੂੰ ਅਗਲੇ ਸਾਲ 9 ਮਈ 2011 ਵਿਚ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਗਈ ਅਤੇ ਹਾਈਕੋਰਟ ਦੇ ਫੈਸਲੇ 'ਤੇ ਰੋਕ ਲਾ ਦਿੱਤੀ ਗਈ। ਹਾਲ ਹੀ ਦੀਆਂ ਘਟਨਾਵਾਂ ਤੋਂ ਫਿਰ ਸਪੱਸ਼ਟ ਹੋਇਆ ਹੈ ਕਿ ਕਰੋੜਾਂ ਹਿੰਦੂਆਂ ਵਾਂਗ ਮੁਸਲਿਮ ਸਮਾਜ ਦਾ ਇਕ ਵੱਡਾ ਵਰਗ ਵੀ ਅਯੁੱਧਿਆ ਵਿਚ ਸ਼੍ਰੀ ਰਾਮ ਮੰਦਿਰ ਦੀ ਉਸਾਰੀ ਚਾਹੁੰਦਾ ਹੈ।
ਕਈ ਅਖੌਤੀ ਸੈਕੁਲਰਿਸਟ, ਉਦਾਰਵਾਦੀ ਅਤੇ ਪ੍ਰਗਤੀਸ਼ੀਲਵਾਦੀ ਭਗਵਾਨ ਸ਼੍ਰੀ ਰਾਮ ਦੀ ਹੋਂਦ ਅਤੇ ਅਯੁੱਧਿਆ ਵਿਚ ਉਨ੍ਹਾਂ ਦੇ ਜਨਮ ਦਾ ਸਬੂਤ ਮੰਗਦੇ ਹਨ। ਕੀ ਉਹ ਇਸ ਗੱਲ ਦਾ ਕੋਈ ਸਬੂਤ ਦੇ ਸਕਣਗੇ ਕਿ ਹਜ਼ਰਤਬਲ ਦਰਗਾਹ ਵਿਚ ਰੱਖੀਆਂ ਗਈਆਂ ਪਵਿੱਤਰ ਨਿਸ਼ਾਨੀਆਂ ਪੈਗੰਬਰ ਸਾਹਿਬ ਦੀਆਂ ਹੀ ਹਨ? ਜਾਂ ਫਿਰ ਪੈਗੰਬਰ ਸਾਹਿਬ ਦੇ ਯੇਰੂਸ਼ਲਮ ਦੀ ਅਲ-ਅਕਸਾ ਮਸਜਿਦ ਵਿਚ ਜੰਨਤ ਤੋਂ ਅਵਤਾਰ ਧਾਰਨ ਦਾ ਕੋਈ ਸਬੂਤ ਦੇ ਸਕਦੇ ਹਨ?
ਸਥਾਪਿਤ ਸੱਚ ਹੈ ਕਿ 1528 ਈਸਵੀ ਵਿਚ ਬਾਬਰ ਦੇ ਹੁਕਮ 'ਤੇ ਰਾਮ ਜਨਮ ਭੂਮੀ ਅਯੁੱਧਿਆ ਵਿਚ ਬਣੇ ਮੰਦਿਰ ਨੂੰ ਮੀਰ ਬਾਕੀ ਨੇ ਢਾਹ ਕੇ ਉਥੇ ਮਸਜਿਦ ਬਣਵਾਈ। ਇਸ ਮਸਜਿਦ ਨੂੰ ਖ਼ੁਦਾ ਦੀ ਇਬਾਦਤ ਲਈ ਨਹੀਂ ਬਣਾਇਆ ਗਿਆ ਸੀ, ਸਗੋਂ ਹਾਰੇ ਹੋਏ ਹਿੰਦੂਆਂ ਨੂੰ ਨੀਚਾ ਦਿਖਾਉਣ ਤੇ ਉਨ੍ਹਾਂ ਨੂੰ ਅਪਮਾਨਿਤ ਕਰਨ ਲਈ ਇਕ ਜੇਤੂ ਸਮਾਰਕ ਦੇ ਰੂਪ ਵਿਚ ਖੜ੍ਹੀ ਕੀਤਾ ਗਿਆ ਸੀ। ਲੱਗਭਗ 450 ਸਾਲਾਂ ਬਾਅਦ 6 ਦਸੰਬਰ 1992 ਨੂੰ ਹਜ਼ਾਰਾਂ ਹਿੰਦੂਆਂ ਦੀ ਕਈ ਦਹਾਕੇ ਪੁਰਾਣੀ ਭਾਵਨਾ ਅਚਾਨਕ ਭੜਕ ਉੱਠੀ ਤੇ ਮਸਜਿਦ ਦਾ ਢਾਂਚਾ ਢਹਿ-ਢੇਰੀ ਕਰ ਦਿੱਤਾ।
ਬ੍ਰਿਟਿਸ਼ ਰਾਜ ਦੌਰਾਨ ਰਾਮ ਗੋਪਾਲ ਸਿੰਘ ਵਲੋਂ ਅਦਾਲਤ ਵਿਚ ਕੇਸ ਦਾਇਰ ਕੀਤੇ ਜਾਣ 'ਤੇ ਬ੍ਰਿਟਿਸ਼ ਸਰਕਾਰ ਨੇ 1936 ਵਿਚ ਵਿਵਾਦ ਵਾਲੀ ਜਗ੍ਹਾ 'ਤੇ ਨਮਾਜ਼ ਪੜ੍ਹਨ ਦੀ ਪਾਬੰਦੀ ਲਾ ਦਿੱਤੀ ਸੀ। ਉਸ ਤੋਂ ਬਾਅਦ ਆਜ਼ਾਦ ਭਾਰਤ ਵਿਚ ਕਾਂਗਰਸ ਦੀ ਸਰਕਾਰ ਨੇ ਵਿਵਾਦ ਵਾਲੀ ਜਗ੍ਹਾ ਦੇ 100 ਮੀਟਰ ਦਾਇਰੇ ਵਿਚ ਮੁਸਲਮਾਨਾਂ ਦੇ ਦਾਖਲ ਹੋਣ 'ਤੇ ਰੋਕ ਲਾ ਦਿੱਤੀ।
ਬਾਬਰ ਦੇ ਨਾਂ 'ਤੇ ਖੜ੍ਹੇ ਉਸ ਢਾਂਚੇ ਵਿਚ 1936 ਤੋਂ ਬਾਅਦ ਕਦੇ ਨਮਾਜ਼ ਨਹੀਂ ਪੜ੍ਹੀ ਗਈ। 1949 ਵਿਚ ਇਸ ਬੰਦ ਢਾਂਚੇ ਅੰਦਰ ਰਾਮ ਲੱਲਾ ਦੀ ਮੂਰਤੀ ਪ੍ਰਗਟ ਹੋਈ। ਉਦੋਂ ਅਦਾਲਤ ਦੇ ਹੁਕਮ 'ਤੇ ਵਿਵਾਦਪੂਰਨ ਢਾਂਚੇ ਤੋਂ ਬਾਹਰ 6 ਦਸੰਬਰ 1992 ਤਕ ਲਗਾਤਾਰ ਪੂਜਾ ਹੁੰਦੀ ਰਹੀ।
ਵਿਵਾਦਪੂਰਨ ਢਾਂਚਾ ਡਿੱਗਣ ਤੋਂ ਬਾਅਦ ਦਾਇਰ ਕੀਤੇ ਗਏ ਸਾਰੇ ਮੁਕੱਦਮਿਆਂ ਨੂੰ ਇਕ ਹੀ ਅਦਾਲਤ ਵਿਚ ਜੋੜ ਦਿੱਤਾ ਗਿਆ। ਉਦੋਂ ਮੁਸਲਿਮ ਭਾਈਚਾਰੇ ਵਲੋਂ ਇਹ ਵਾਅਦਾ ਕੀਤਾ ਗਿਆ ਕਿ ਜੇਕਰ ਇਹ ਸਿੱਧ ਹੋ ਜਾਵੇ ਕਿ ਉਕਤ ਵਿਵਾਦਪੂਰਨ ਜਗ੍ਹਾ ਉੱਤੇ ਪਹਿਲਾਂ ਮੰਦਿਰ ਸੀ ਤਾਂ ਮੁਸਲਮਾਨ ਆਪਣਾ ਦਾਅਵਾ ਵਾਪਿਸ ਲੈ ਲੈਣਗੇ। ਡੇਗੇ ਗਏ ਢਾਂਚੇ ਦੇ ਮਲਬੇ 'ਚੋਂ ਨਿਕਲੇ ਇਕ ਮੋਟੇ ਪੱਥਰ ਉੱਤੇ ਦਰਜ ਸ਼ਬਦਾਂ ਤੋਂ ਉਥੇ ਹਿੰਦੂ ਮੰਦਿਰ ਹੋਣ ਦੇ ਸਬੂਤ ਮਿਲੇ ਸਨ।
ਉਸ ਸ਼ਿਲਾਲੇਖ 'ਤੇ 20 ਲਾਈਨਾਂ ਵਿਚ 30 ਸ਼ਲੋਕ ਘੜੇ ਹੋਏ ਸਨ, ਜੋ 11ਵੀਂ-12ਵੀਂ ਸਦੀ ਦੀ ਨਾਗਰੀ ਲਿੱਪੀ ਵਿਚ ਸਨ। ਸ਼ੁਰੂ ਵਿਚ 20 ਛੰਦ ਰਾਜਾ ਗੋਬਿੰਦ ਚੰਦਰ ਗੜਵਾਲ (1114-54) ਅਤੇ ਉਨ੍ਹਾਂ ਦੇ ਖਾਨਦਾਨ ਦੀ ਤਾਰੀਫ ਵਿਚ ਲਿਖੇ ਗਏ ਸਨ। 21ਵਾਂ ਛੰਦ ਇਸ ਤਰ੍ਹਾਂ ਹੈ :
''ਵਾਮਨ ਅਵਤਾਰ (ਬੌਣੇ ਬ੍ਰਾਹਮਣ ਦੇ ਰੂਪ ਵਿਚ ਵਿਸ਼ਨੂੰ ਦੇ ਅਵਤਾਰ) ਦੇ ਚਰਨਾਂ ਵਿਚ ਸੀਸ ਝੁਕਾਉਣ ਤੋਂ ਬਾਅਦ ਆਪਣੀ ਆਤਮਾ ਦੀ ਮੁਕਤੀ ਲਈ ਰਾਜੇ (ਗੋਬਿੰਦ ਚੰਦਰ ਗੜਵਾਲ) ਨੇ ਅਯੁੱਧਿਆ ਵਿਚ ਵਿਸ਼ਨੂੰ ਹਰੀ (ਸ਼੍ਰੀ ਰਾਮ) ਦੇ ਸੋਨੇ ਦੇ ਗੁੰਬਦ ਵਾਲੇ ਅਦਭੁੱਤ ਮੰਦਿਰ ਦਾ ਨਿਰਮਾਣ ਕਰਵਾਇਆ। ਇਹ ਇਕ ਅਜਿਹਾ ਵਿਸ਼ਾਲ ਮੰਦਿਰ ਹੈ ਕਿ ਇਸ ਵਰਗਾ ਇਤਿਹਾਸ ਵਿਚ ਪਹਿਲਾਂ ਕਿਸੇ ਰਾਜੇ ਨੇ ਨਹੀਂ ਬਣਵਾਇਆ।''
ਵਿਵਾਦ ਵਾਲੀ ਜਗ੍ਹਾ 'ਤੇ ਮੰਦਿਰ ਹੋਣ ਦਾ ਸਬੂਤ ਮਿਲਣ ਮਗਰੋਂ ਬਾਬਰੀ ਐਕਸ਼ਨ ਕਮੇਟੀ ਨੇ ਸੁਰ ਬਦਲਦਿਆਂ ਇਹ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਕਿ ਉਸ ਨੂੰ ਵਿਵਾਦ ਵਾਲੀ ਜਗ੍ਹਾ ਦਾ ਮਾਲਕਾਨਾ ਹੱਕ ਚਾਹੀਦਾ ਹੈ। ਰਾਮ ਜਨਮ ਭੂਮੀ ਵਿਵਾਦ ਦਾ ਸਰਵ-ਪ੍ਰਵਾਨਿਤ ਹੱਲ ਕੱਢਣ ਵਿਚ ਕਥਿਤ ਸੈਕੁਲਰ ਅਤੇ ਤੁਸ਼ਟੀਕਰਨ ਵਾਲੀ ਸਿਆਸਤ ਵੱਡੀ ਰੁਕਾਵਟ ਹੈ। ਇਹ ਸਥਿਤੀ ਖੱਬੇਪੱਖੀਆਂ ਦੇ ਗੁੰਮਰਾਹਕੁੰਨ ਪ੍ਰਚਾਰ ਅਤੇ ਸਬੂਤਾਂ ਨੂੰ ਨਕਾਰਨ ਦੇ ਮਾੜੇ ਯਤਨਾਂ ਕਾਰਨ ਪੈਦਾ ਹੋਈ।
ਪਿਛਲੇ ਸਾਲ ਦੇਸ਼ ਦੇ ਪ੍ਰਸਿੱਧ ਖੁਰਾਖੋਜ ਸ਼ਾਸਤਰੀ ਅਤੇ ਭਾਰਤੀ ਖੁਰਾਖੋਜ ਸਰਵੇਖਣ ਵਿਭਾਗ ਦੇ ਸਾਬਕਾ ਨਿਰਦੇਸ਼ਕ ਡਾਕਟਰ ਕੇ. ਕੇ. ਮੁਹੰਮਦ ਨੇ ਦਾਅਵਾ ਕੀਤਾ ਸੀ ਕਿ ਅਯੁੱਧਿਆ ਵਿਚ 1976-77 ਵਿਚ ਖੋਦਾਈ ਸਮੇਂ ਮੰਦਿਰ ਵਾਲੀ ਜਗ੍ਹਾ 'ਤੇ 14 ਥੰਮ੍ਹ ਮਿਲੇ ਸਨ, ਜਿਨ੍ਹਾਂ ਤੋਂ ਸਪੱਸ਼ਟ ਹੋ ਗਿਆ ਸੀ ਕਿ ਬਾਬਰੀ ਮਸਜਿਦ ਇਕ ਮੰਦਿਰ ਦੇ ਮਲਬੇ 'ਤੇ ਉਸਾਰੀ ਗਈ ਸੀ।
ਜੇ ਭਾਰਤ ਵਿਚ ਇਕ ਘੱਟਗਿਣਤੀ ਫਿਰਕੇ ਦੀਆਂ ਮਜ਼੍ਹਬੀ ਭਾਵਨਾਵਾਂ, ਮਾਨਤਾਵਾਂ ਅਤੇ ਆਸਥਾ ਨੂੰ ਧਿਆਨ ਵਿਚ ਰੱਖਣ ਦੀ ਦਲੀਲ ਦੇ ਕੇ 'ਲੱਜਾ', 'ਸੈਟੇਨਿਕ ਵਰਸਿਜ਼' ਵਰਗੀਆਂ ਕਿਤਾਬਾਂ ਤੇ ਪੈਗੰਬਰ ਸਾਹਿਬ ਦੇ ਕਾਰਟੂਨ 'ਤੇ ਪਾਬੰਦੀ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਹੈ ਤਾਂ ਇਹੋ ਦਲੀਲ ਕਰੋੜਾਂ ਬਹੁਗਿਣਤੀ ਹਿੰਦੂਆਂ ਲਈ ਅਯੁੱਧਿਆ, ਮਥੁਰਾ ਅਤੇ ਕਾਸ਼ੀ ਵਿਚ ਲਾਗੂ ਕਿਉਂ ਨਹੀਂ ਹੁੰਦੀ? ਇਸ ਦੇ ਲਈ ਹਿੰਦੂ ਸਮਾਜ ਦਾ ਉਹ ਵਰਗ ਵਿਆਪਕ ਤੌਰ 'ਤੇ ਜੁਆਬਦੇਹ ਹੈ, ਜਿਹੜਾ ਆਪਣੀ ਹਿੰਦੂ ਵਿਰੋਧੀ ਮਾਨਸਿਕਤਾ ਕਾਰਨ ਦੇਸ਼ ਦੇ ਮੁਸਲਿਮ ਸਮਾਜ ਨੂੰ ਗੁੰਮਰਾਹ ਕਰ ਰਿਹਾ ਹੈ।
ਅਨੋਖੀ ਅਧਿਆਪਨ ਪ੍ਰਤਿਭਾ ਦੀ ਮਾਲਕ ਸੀ 'ਸਿਸਟਰ ਨਿਵੇਦਿਤਾ'
NEXT STORY