ਇਹ ਹਰਿਆਣਾ ਦੀ ਡੁੱਬਦੀ ਸਕੂਲੀ ਸਿੱਖਿਆ ਦਾ ਇਕ ਭਿਆਨਕ ਅਤੇ ਡਰਾਉਣਾ ਰੂਪ ਹੈ ਕਿ ਹਿਸਾਰ ਦੇ ਇਕ ਪ੍ਰਾਈਵੇਟ ਸਕੂਲ ਦੇ ਦੋ ਵਿਦਿਆਰਥੀਆਂ ਨੇ ਗੁਰੂ ਪੂਰਨਿਮਾ ਵਾਲੇ ਦਿਨ ਸਕੂਲ ਦੇ ਪ੍ਰਿੰਸੀਪਲ ਦੀ ਦਿਨ-ਦਿਹਾੜੇ ਚਾਕੂ ਮਾਰ ਕੇ ਇਸ ਲਈ ਹੱਤਿਆ ਕਰ ਦਿੱਤੀ ਕਿਉਂਕਿ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਸਕੂਲ ’ਚ ਵਾਲ ਕਟਵਾ ਕੇ ਆਉਣ ਅਤੇ ਸਹੀ ਢੰਗ ਨਾਲ ਵਰਦੀ ਪਹਿਨਣ ਲਈ ਕਿਹਾ ਸੀ। ਸਕੂਲਾਂ ’ਚ ਬੱਚਿਆਂ ਕੋਲੋਂ ਹੀ ਅਧਿਆਪਕ ਸੁਰੱਖਿਅਤ ਨਹੀਂ ਹਨ ਤਾਂ ਸਿੱਖਿਆ ਵਰਗੀ ਵੱਡੀ ਜ਼ਿੰਮੇਵਾਰੀ ਨਿਭਾਉਣ ਵਾਲੇ ਅਧਿਆਪਕਾਂ ਦੀ ਸੁਰੱਖਿਆ ਸਰਕਾਰ ਕਿਵੇਂ ਯਕੀਨੀ ਕਰੇਗੀ?
ਇੰਨਾ ਹੀ ਨਹੀਂ, ਨਤੀਜਿਆਂ ਦੇ ਮਾਮਲੇ ’ਚ ਵੀ ਹਰਿਆਣਾ ਦੀ ਸਕੂਲੀ ਸਿੱਖਿਆ ਪੂਰੀ ਤਰ੍ਹਾਂ ਪੱਟੜੀ ਤੋਂ ਲੱਥ ਚੁੱਕੀ ਹੈ। ਹਰਿਆਣਾ ਸਿੱਖਿਆ ਬੋਰਡ ਦੇ ਤਾਜ਼ਾ ਐਲਾਨੇ 11ਵੀਂ ਜਮਾਤ ਦੇ ਨਤੀਜੇ ਇਸ ਕੌੜੀ ਸੱਚਾਈ ਨੂੰ ਉਜਾਗਰ ਕਰਦੇ ਹਨ ਕਿ ਸੂਬੇ ਦੀ ਸਰਕਾਰੀ ਸਿੱਖਿਆ ਵਿਵਸਥਾ ਦੀਆਂ ਜੜ੍ਹਾਂ ਖੋਖਲੀਆਂ ਹੋ ਚੁੱਕੀਆਂ ਹਨ। ਇਸ ਸਾਲ ਦੇ ਨਤੀਜਿਆਂ ’ਚ 18 ਸਰਕਾਰੀ ਸਕੂਲ ਅਜਿਹੇ ਰਹੇ ਜਿੱਥੇ ਇਕ ਵੀ ਵਿਦਿਆਰਥੀ ਪਾਸ ਨਹੀਂ ਹੋਇਆ, ਉਥੇ 82 ਸਕੂਲਾਂ ’ਚ 35 ਫੀਸਦੀ ਤੋਂ ਘੱਟ ਵਿਦਿਆਰਥੀ ਹੀ ਪਾਸ ਹੋ ਸਕੇ। ਇਹ ਕੋਈ ਇੱਕਾ-ਦੁੱਕਾ ਮਾਮਲਾ ਨਹੀਂ ਸਗੋਂ ਅੱਜ ਦੇ ਦਿਨ ਹਰਿਆਣਾ ਦੀ ਸਿੱਖਿਆ ਵਿਵਸਥਾ ’ਚ ਡੂੰਘਾਈ ਨਾਲ ਫੈਲੀ ਹੋਈ ਹੈ ਅਸਫਲਤਾ ਹੈ।
ਕਾਂਗਰਸ ਦੇ ਰਾਜਕਾਲ ’ਚ ਸਿੱਖਿਆ ਦੀ ਧੁਰੀ ਵਜੋਂ ਪੂਰੇ ਦੇਸ਼ ’ਚ ਉਭਰੇ ਹਰਿਆਣਾ ਦੇ ਸਰਕਾਰੀ ਸਕੂਲਾਂ ’ਚ ਬੀਤੇ 10 ਸਾਲਾਂ ਤੋਂ ਸਿੱਖਿਆ ਇਕ ਗੰਭੀਰ ਸੰਕਟ ’ਚ ਫਸੀ ਹੋਈ ਹੈ ਪਰ ਭਾਜਪਾ ਦੀ ਮੌਜੂਦਾ ਸਰਕਾਰ ਸੁੱਤੀ ਹੋਈ ਹੈ। ਦੱਖਣੀ ਹਰਿਆਣਾ ਦੇ ਨੂਹ ਦੇ ਸ਼ਿਕੋਹਪੁਰ ਇਲਾਕੇ ਦੇ ਇਕ ਸੀਨੀਅਰ ਸੈਕੰਡਰੀ ਸਕੂਲ ’ਚ ਸਿਰਫ ਇਕ ਵਿਦਿਆਰਥਣ ਪਾਸ ਹੋ ਸਕੀ। ਓਥਾ ਅਤੇ ਨੂਹ ਇਲਾਕੇ ’ਚ ਸਭ 13 ਵਿਦਿਆਰਥੀ ਫੇਲ ਹੋ ਗਏ। ਪੁਨਹਾਨਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ 105 ’ਚੋਂ 95 ਵਿਦਿਆਰਥੀ ਫੇਲ ਹੋ ਗਏ।
ਇਸ ਭਿਆਨਕ ਸਥਿਤੀ ਦੇ ਮੂਲ ’ਚ ਹੈ ਸੂਬੇ ’ਚ ਯੋਗ ਅਧਿਆਪਿਕਾਂ ਦੀ ਭਾਰੀ ਕਮੀ, ਖਾਸ ਕਰ ਕੇ ਵਿਸ਼ਾ ਮਾਹਿਰਾਂ ਦੀ। ਸੂਬੇ ’ਚ 1.15 ਲੱਖ ਤੋਂ ਵੱਧ ਅਧਿਆਪਕਾਂ ਦੇ ਪ੍ਰਵਾਨਿਤ ਅਹੁਦਿਆਂ ਦੇ ਬਾਵਜੂਦ 15,000 ਤੋਂ ਵੱਧ ਅਹੁਦੇ ਖਾਲੀ ਪਏ ਹਨ। ਖਾਸ ਕਰ ਕੇ ਵਿਗਿਆਨ, ਗਣਿਤ ਅਤੇ ਅੰਗਰੇਜ਼ੀ ਵਰਗੇ ਵਿਸ਼ਿਆਂ ਲਈ ਅਧਿਆਪਕਾਂ ਦੀ ਭਾਰੀ ਕਮੀ ਹੈ ਪਰ ਕਿਤੇ ਵੀ ਭਰਤੀ ਨਹੀਂ ਹੋ ਰਹੀ। ਹਾਲਤ ਇਹ ਹੈ ਕਿ ਹਿੰਦੀ ਦੇ ਅਧਿਆਪਕ ਅੰਗਰੇਜ਼ੀ ਪੜ੍ਹਾ ਰਹੇ ਹਨ ਅਤੇ ਕਈ ਥਾਵਾਂ ’ਚ ਡਰਾਇੰਗ ਦੇ ਅਧਿਆਪਕ ਫਿਜ਼ਿਕਸ ਪੜ੍ਹਾ ਰਹੇ ਹਨ।
500 ਤੋਂ ਵੱਧ ਸਕੂਲ ਇਕ ਹੀ ਅਧਿਆਪਕ ਦੇ ਭਰੋਸੇ ਚੱਲ ਰਹੇ ਹਨ ਜਦੋਂ ਕਿ 3100 ਤੋਂ ਵੱਧ ਸਕੂਲਾਂ ’ਚ 80 ਤੋਂ ਵੀ ਘੱਟ ਬੱਚੇ ਪੜ੍ਹਦੇ ਹਨ, ਅਧਿਆਪਕਾਂ ਦੀ ਗਿਣਤੀ ਹੀ ਨਹੀਂ, ਉਨ੍ਹਾਂ ਦੀ ਨਿਯੁਕਤੀ, ਵਿਸ਼ੇ ਦੀ ਚੋਣ ਅਤੇ ਪੇਂਡੂ ਖੇਤਰਾਂ ’ਚ ਉਨ੍ਹਾਂ ਦੀ ਤਾਇਨਾਤੀ ’ਚ ਸਰਕਾਰ ਅਤੇ ਵਿਵਸਥਾ ਦੀ ਜਵਾਬੀਦੇਹੀ ਪੂਰੀ ਤਰ੍ਹਾਂ ਗਾਇਬ ਨਜ਼ਰ ਆਉਂਦੀ ਹੈ।
ਅਧਿਆਪਕਾਂ ਨੂੰ ਇਸ ਭਾਰੀ ਕਮੀ ਅਤੇ ਸਿੱਖਿਆ ਦੀ ਗੁਣਵੱਤਾ ’ਚ ਗਿਰਾਵਟ ਦਾ ਸਿੱਧਾ ਅਸਰ ਸਕੂਲਾਂ ’ਚ ਬੱਚਿਆਂ ਲਈ ਨਾਮਜ਼ਦਗੀ ਅਤੇ ਬੱਚਿਆਂ ਦੇ ਸਕੂਲ ਛੱਡਣ ’ਤੇ ਪੈ ਰਿਹਾ ਹੈ। 2023-24 ’ਚ ਹਰਿਆਣਾ ਦੇ ਸਕੂਲਾਂ ’ਚ ਵਿਦਿਆਰਥੀਆਂ ਦੀ ਗਿਣਤੀ ਇਸ ਤੋਂ ਪਹਿਲੇ ਸਾਲ ਦੇ ਮੁਕਾਬਲੇ 1.40 ਲੱਖ ਘਟੀ ਹੈ। ਇਕੱਲੇ ਸਰਕਾਰੀ ਸਕੂਲਾਂ ’ਚ ਹੁਣ ਤੱਕ ਲਗਭਗ 2.3 ਲੱਖ ਬੱਚੇ ਗਾਇਬ ਹੋ ਗਏ।
ਉਨ੍ਹਾਂ ’ਚੋਂ ਵਧੇਰੇ ਹੁਣ ਪ੍ਰੀਖਿਆ ’ਚ ਫੇਲ ਹੋਣ ਜਾਂ ਸਰਕਾਰੀ ਸਕੂਲਾਂ ’ਚ ਸਿੱਖਿਆ ਦੇ ਡਿੱਗਦੇ ਪੱਧਰ ਤੋਂ ਨਿਰਾਸ਼ ਹੋ ਕੇ ਸਕੂਲ ਨੂੰ ਛੱਡ ਗਏ। ਕੁੜੀਆਂ ’ਤੇ ਵਿਆਹ ਜਲਦੀ ਕਰਵਾਉਣ ਲਈ ਦਬਾਅ ਅਤੇ ਮੁੰਡਿਆਂ ਨੂੰ ਛੋਟੀ-ਮੋਟੀ ਨੌਕਰੀ ’ਚ ਧੱਕਣ ਦੀ ਮਜਬੂਰੀ ਇਸ ਸੰਕਟ ਨੂੰ ਹੋਰ ਵੀ ਗੰਭੀਰ ਬਣਾ ਰਹੀ ਹੈ। ਇਕ ਵਾਰ ਬੱਚਾ ਸਕੂਲ ਤੋਂ ਬਾਹਰ ਹੋਇਆ ਫਿਰ ਵਾਪਸੀ ਦਾ ਰਾਹ ਲਗਭਗ ਬੰਦ ਹੋ ਜਾਂਦਾ ਹੈ।
ਐਨੂਅਲ ਸਟੇਟਸ ਆਫ ਐਜੂਕੇਸ਼ਨ ਰਿਪੋਰਟ (ਏ. ਐੱਸ. ਈ. ਆਰ.) ਦੱਸਦੀ ਹੈ ਕਿ ਸੱਤਵੀਂ ਜਮਾਤ ਦੇ ਬੱਚਿਆਂ ’ਚ ਸਿਰਫ 74 ਫੀਸਦੀ ਬੱਚੇ ਹੀ ਦੂਜੀ ਜਮਾਤ ਦੇ ਪੱਧਰ ਦਾ ਪਾਠ ਪੜ੍ਹ ਸਕਦੇ ਹਨ। ਗਣਿਤ ’ਚ ਇਕ ਤਿਹਾਈ ਤੋਂ ਵੀ ਘੱਟ ਬੱਚੇ ਗਣਿਤ ਦੇ ਜਮ੍ਹਾ-ਮਨਫੀ ਦੇ ਸਵਾਲ ਹੱਲ ਕਰ ਸਕਦੇ ਹਨ। ਜਦੋਂ ਇਹ ਬੱਚੇ ਦਸਵੀਂ-ਬਾਰ੍ਹਵੀਂ ਜਮਾਤ ਤੱਕ ਪਹੁੰਚਦੇ ਹਨ, ਉਦੋਂ ਤੱਕ ਉਹ ਕਈ ਸਾਲ ਪਿੱਛੇ ਰਹਿ ਚੁੱਕੇ ਹੁੰਦੇ ਹਨ ਅਤੇ ਬੋਰਡ ਦੀ ਪ੍ਰੀਖਿਆ ’ਚ ਉਨ੍ਹਾਂ ਦਾ ਫੇਲ ਹੋਣਾ ਲਗਭਗ ਯਕੀਨੀ ਹੋ ਜਾਂਦਾ ਹੈ।
ਜੇ ਹੁਣ ਵੀ ਅਸੀਂ ਹੱਥ ’ਤੇ ਹੱਥ ਰੱਖ ਕੇ ਬੈਠੇ ਰਹੇ ਤਾਂ ਇਕ ਸਾਲ ’ਚ ਸਕੂਲਾਂ ’ਚੋਂ ਡਰਾਪ-ਆਊਟ ਹੋਣ ਵਾਲੇ ਵਿਦਿਆਰਥੀਆਂ ਦੀ ਪੂਰੀ ਪੀੜ੍ਹੀ ਰੋਜ਼ਗਾਰ ਅਤੇ ਸੂਬੇ ਦੇ ਆਰਥਿਕ ਵਿਕਾਸ ਤੋਂ ਬਾਹਰ ਹੋ ਜਾਵੇਗੀ। ਹਰ ਡਰਾਪ-ਆਊਟ ਹਰਿਆਣਾ ਦੀ ਅਰਥਵਿਵਸਥਾ ’ਤੇ ਭਾਰ ਬਣੇਗਾ। ਬੇਰੋਜ਼ਗਾਰੀ, ਗਰੀਬੀ, ਸਮਾਜਿਕ, ਅਸਥਿਰਤਾ,ਅਪਰਾਧ ਅਤੇ ਨਸ਼ੇ ਨੂੰ ਹੱਲਾਸ਼ੇਰੀ ਮਿਲੇਗੀ।
ਸਰਕਾਰ ਨੂੰ ਚਾਹੀਦਾ ਹੈ ਕਿ ਮਾਰਚ 2026 ਤੱਕ ਸੂਬੇ ’ਚ ਅਧਿਆਪਕਾਂ ਦਾ ਹਰ ਖਾਲੀ ਅਹੁਦਾ ਖਾਸ ਤੌਰ ’ਤੇ ਵਿਗਿਆਨ, ਗਣਿਤ ਅਤੇ ਅੰਗਰੇਜ਼ੀ ਨੂੰ ਪੁਰ ਕੀਤਾ ਜਾਵੇ। ਨਾਲ ਹੀ ਜ਼ਿਲਾ ਵਾਰ ਨਿਗਰਾਨੀ ਰੱਖੀ ਜਾਵੇ, ਅਧਿਆਪਕਾਂ ਦੀ ਨਿਯੁਕਤੀ ਦਲੀਲ ਭਰਪੂਰ ਅਤੇ ਪਾਰਦਰਸ਼ੀ ਹੋਵੇ। ਨੂਹ ਅਤੇ ਮੇਵਾਤ ਵਰਗੇ ਚੁਣੌਤੀ ਭਰੇ ਖੇਤਰਾਂ ’ਚ ਤਾਇਨਾਤੀ ਲਈ ਅਧਿਆਪਕਾਂ ਨੂੰ ਢੁੱਕਵਾਂ ਉਤਸ਼ਾਹ ਦਿੱਤਾ ਜਾਣਾ ਚਾਹੀਦਾ ਹੈ।
ਕਾਲਜਾਂ ਅਤੇ ਯੂਨੀਵਰਸਿਟੀਆਂ ’ਚ ਪੜ੍ਹਾਈ ਕਰ ਰਹੇ ਉਨ੍ਹਾਂ ਵਿਦਿਆਰਥੀਆਂ ਨੂੰ ਜੋ ਅਧਿਆਪਕ ਵਜੋਂ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ, ਲਈ ਬੰਧੂਆ ਸਕਾਲਰਸ਼ਿਪ ਪ੍ਰੋਗਰਾਮ ਸ਼ੁਰੂ ਕੀਤੇ ਜਾਣ ਜਿਨ੍ਹਾਂ ਨੂੰ ਫੀਸ ਮੁਆਫੀ ਦੇ ਬਦਲੇ ਪੇਂਡੂ ਸਕੂਲਾਂ ’ਚ 3 ਸਾਲ ਤੱਕ ਪੜ੍ਹਾਉਣ ਲਈ ਪ੍ਰੇਰਿਤ ਕੀਤਾ ਜਾਵੇ। ਜਿੱਥੇ ਵਿਦਿਆਰਥੀ ਘੱਟ ਹਨ, ਉੱਥੇ ਕਲਸਟਰ ਸਕੂਲ ਬਣਾਏ ਜਾਣ ਤਾਂ ਜੋ ਵਿਸ਼ਾ ਮਾਹਿਰ ਅਧਿਆਪਕ ਲਾਇਬ੍ਰੇਰੀ ਅਤੇ ਲੈਬਾਰਟਰੀ ’ਚ ਉਪਲਬਧ ਹੋ ਸਕਣ।
ਸਕੂਲ ਛੱਡਣ ਦੀ ਸੰਭਾਵਨਾ ਵਾਲੇ ਵਿਦਿਆਰਥੀਆਂ ਦੀ ਪਛਾਣ ਲਈ ‘ਅਰਲੀ ਵਾਰਨਿੰਗ ਸਿਸਟਮ’ ਅਤੇ ਟੈਕਨਾਲਜੀ ਨਾਲ ਜੁੜੀ ਅਟੈਂਡੈਂਸ ਟ੍ਰੈਕਿੰਗ ਵਿਵਸਥਾ ਲਾਗੂ ਹੋਵੇ ਤਾਂ ਜੋ ਸਮੇਂ ’ਤੇ ਕੌਂਸਲਿੰਗ, ਟਰਾਂਸਪੋਰਟ ਦੀ ਮਦਦ ਜਾਂ ਨਕਦ ਉਤਸ਼ਾਹ ਮਿਲ ਸਕੇ, ਖਾਸ ਤੌਰ ’ਤੇ ਕੁੜੀਆਂ ਲਈ। ਅਧਿਆਪਕਾਂ ਲਈ ਵਿਸ਼ਾ ਆਧਾਰਿਤ ਆਨਲਾਈਨ ਟ੍ਰੇਨਿੰਗ, ਅਧਿਆਪਕ ਵਰਗ ’ਚ ਗੱਲਬਾਤ ਅਤੇ ਪ੍ਰਦਰਸ਼ਨ ਆਧਾਰਿਤ ਤਰੱਕੀ ਵਰਗੀਆਂ ਵਿਵਸਥਾਵਾਂ ਲਾਗੂ ਕਰਨਗੀਆਂ ਹੋਣਗੀਆਂ ਤਾਂ ਜੋ ਸਿੱਖਿਆ ਇਕ ਵਾਰ ਮੁੜ ਸੇਵਾ ਨਹੀਂ, ਸਤਿਕਾਰ ਦਾ ਕਾਰਜ ਬਣੇ।
ਵਿਕਸਤ ਭਾਰਤ ’ਚ ਹਰਿਆਣਾ ਦੀ ਵੱਡੀ ਭੂਮਿਕਾ ਦਾ ਸੁਪਨਾ ਉਦੋਂ ਤੱਕ ਅਧੂਰਾ ਰਹੇਗਾ ਜਦੋਂ ਤੱਕ ਇੱਥੋਂ ਦੇ ਬੱਚਿਆਂ ਦੀ ਸਿੱਖਿਆ ਦੀ ਨੀਂਹ ਕਮਜ਼ੋਰ ਰਹੇਗੀ। ਸਿੱਖਿਆ ਸਿਰਫ ਅਧਿਕਾਰ ਨਹੀਂ ਸਗੋਂ ਹਰਿਆਣਾ ਦੇ ਭਵਿੱਖ ਦੀ ਆਰਥਿਕ ਰੀੜ੍ਹ ਦੀ ਹੱਡੀ ਹੈ। ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਇਹ ਹੈ ਕਿ ਹਰ ਸਕੂਲ ’ਚ ਯੋਗ ਅਧਿਆਪਕ ਹੋਵੇ, ਹਰ ਬੱਚੇ ਨੂੰ ਬਰਾਬਰੀ ਦਾ ਮੌਕਾ ਮਿਲੇ ਅਤੇ ਹਰ ਜਮਾਤ ਸਿਰਫ ਇਕ ਬਲੈਕ ਬੋਰਡ ਨਾ ਹੋ ਕੇ ਗਿਆਨ ਅਤੇ ਵਿਕਾਸ ਦਾ ਕੇਂਦਰ ਬਣੇ। ਸਮਾਂ ਆ ਗਿਆ ਹੈ ਕਿ ਹਰਿਆਣਾ ਨੂੰ ਮੁੜ ਤੋਂ ਪੜ੍ਹਾਉਣਾ ਹੋਵੇਗਾ ਤਾਂ ਜੋ ਅਗਲੀ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਕਰ ਸਕੀਏ।
ਭੁਪਿੰਦਰ ਸਿੰਘ ਹੁੱਡਾ (ਸਾਬਕਾ ਮੁੱਖ ਮੰਤਰੀ ਹਰਿਆਣਾ)
ਨਸ਼ਾ ਮੁਕਤ ਨੌਜਵਾਨ, ਵਿਕਸਿਤ ਭਾਰਤ ਦਾ ਰੱਥਵਾਨ
NEXT STORY