1920-30 ਦੇ ਦਹਾਕੇ 'ਚ ਜਦੋਂ ਮੰਮੀ ਭਰ ਜਵਾਨੀ 'ਚ ਸੀ, ਉਨ੍ਹੀਂ ਦਿਨੀਂ ਇਕ ਹਿੱਟ ਗੀਤ ਦਾ ਮੁਖੜਾ ਕੁਝ ਇਸ ਤਰ੍ਹਾਂ ਸੀ :
i’ ve danced with a man,
Who’s danced with a girl,
Who’s danced with the Prince of Wales
ਇਸ ਹਫਤੇ ਦੇ ਅਖੀਰ 'ਚ ਮੇਰੀ ਹਾਲਤ ਵੀ ਕੁਝ ਅਜਿਹੀ ਹੀ ਸੀ। ਬੀਤੇ ਸ਼ੁੱਕਰਵਾਰ ਮੈਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨਾਲ 'ਹਿੰਦੋਸਤਾਨ ਟਾਈਮਜ਼ ਲੀਡਰਸ਼ਿਪ ਸਮਿੱਟ' ਦੇ ਸੈਸ਼ਨ 'ਚ ਮਾਡਰੇਟਰ ਦੀ ਭੂਮਿਕਾ ਨਿਭਾਈ ਅਤੇ ਉਥੇ ਮੈਨੂੰ ਪਤਾ ਲੱਗਾ ਕਿ ਇਕ ਸ਼ਾਨਦਾਰ ਬੁਲਾਰਾ ਤੇ ਬਹੁਤ ਪ੍ਰਤਿਭਾਸ਼ਾਲੀ ਵਿਅਕਤੀ ਹੋਣ ਦੇ ਨਾਲ-ਨਾਲ ਉਹ ਸੱਚਮੁਚ ਇਕ ਵਿਸ਼ੇਸ਼ ਵਿਅਕਤੀ ਹਨ ਕਿਉਂਕਿ ਉਹ ਨਾ ਸਿਰਫ ਛੋਟੀਆਂ-ਛੋਟੀਆਂ ਗੱਲਾਂ ਨੂੰ ਯਾਦ ਰੱਖਦੇ ਹਨ, ਸਗੋਂ ਆਪਣੇ ਭਾਸ਼ਣ 'ਚ ਉਨ੍ਹਾਂ ਦਾ ਜ਼ਿਕਰ ਕਰਨ ਤੋਂ ਵੀ ਨਹੀਂ ਖੁੰਝਦੇ।
ਆਪਣੇ-ਆਪ ਨੂੰ ਬਹੁਤ ਵੱਡਾ ਸਿਆਸਤਦਾਨ ਸਮਝਣ ਵਾਲੇ ਲੋਕਾਂ ਕੋਲ ਅਕਸਰ ਅਜਿਹੀਆਂ ਬਾਰੀਕੀਆਂ ਲਈ ਸਮਾਂ ਹੀ ਨਹੀਂ ਹੁੰਦਾ। ਹਾਲਾਂਕਿ ਓਬਾਮਾ ਮਹਾਨ ਸਿਆਸਤਦਾਨਾਂ 'ਚੋਂ ਇਕ ਹਨ ਪਰ ਉਹ ਉਨ੍ਹਾਂ ਸਾਰਿਆਂ ਨਾਲੋਂ ਵੱਖਰੀ ਕਿਸਮ ਦੇ ਹਨ। ਸੈਸ਼ਨ ਦੇ ਰਸਮੀ ਤੌਰ 'ਤੇ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨਾਲ ਮੇਰੀ ਜਾਣ-ਪਛਾਣ ਕਰਵਾਈ ਗਈ। ਇਸ ਮੌਕੇ ਨੂੰ 'ਏ ਹੈਂਡਸ਼ੇਕ ਰਿਸੈਪਸ਼ਨ' (ਹੱਥ ਮਿਲਾ ਕੇ ਸਵਾਗਤ ਕਰਨਾ) ਦਾ ਅਜੀਬ ਜਿਹਾ ਨਾਂ ਦਿੱਤਾ ਗਿਆ ਸੀ ਤੇ ਬਹੁਤ ਘੱਟ ਲੋਕਾਂ ਨੂੰ ਉਥੇ ਸੱਦਿਆ ਗਿਆ ਸੀ। ਖੁਸ਼ਕਿਸਮਤੀ ਨਾਲ ਉਨ੍ਹਾਂ ਥੋੜ੍ਹੇ ਜਿਹੇ ਲੋਕਾਂ ਵਿਚ ਮੈਂ ਵੀ ਸ਼ਾਮਿਲ ਸੀ।
ਸਾਡੇ 'ਚੋਂ ਹਰ ਕਿਸੇ ਨੂੰ ਓਬਾਮਾ ਨਾਲ ਫੋਟੋ ਖਿਚਵਾਉਣ ਦਾ ਮੌਕਾ ਮਿਲਿਆ। ਇਹ ਇਕ ਅਜਿਹਾ ਕੰਮ ਹੈ, ਜੋ ਸੈਲੀਬ੍ਰਿਟੀਜ਼ ਨੂੰ ਅਕਸਰ ਕਰਨਾ ਪੈਂਦਾ ਹੈ ਤੇ ਇਸ ਦੌਰਾਨ ਕਈ ਸੈਲੀਬ੍ਰਿਟੀਜ਼ ਖਿਝ ਜਿਹੇ ਜਾਂਦੇ ਹਨ ਪਰ ਓਬਾਮਾ ਦੇ ਮਾਮਲੇ 'ਚ ਅਜਿਹਾ ਨਹੀਂ ਹੈ। ਉਥੇ ਪਹੁੰਚੇ ਲੱਗਭਗ 90 ਵਿਅਕਤੀਆਂ 'ਚੋਂ ਹਰ ਕਿਸੇ ਲਈ ਉਨ੍ਹਾਂ ਕੋਲ ਬੋਲਣ ਲਈ ਇਕ-ਦੋ ਲਾਈਨਾਂ ਸਨ। ਸਾਡੇ 'ਚੋਂ ਬਹੁਤਿਆਂ ਨੂੰ ਉਹ ਪਹਿਲਾਂ ਕਦੇ ਨਹੀਂ ਮਿਲੇ ਸਨ, ਫਿਰ ਵੀ ਉਨ੍ਹਾਂ ਨੇ ਹਰ ਇਕ ਨੂੰ ਇਹ ਅਹਿਸਾਸ ਕਰਵਾਇਆ, ਜਿਵੇਂ ਸਾਰੇ ਵਿਸ਼ੇਸ਼ ਵਿਅਕਤੀ ਹੋਣ।
ਜਦੋਂ ਅਸੀਂ ਦੋਹਾਂ ਨੇ ਇਕ-ਦੂਜੇ ਨਾਲ ਹੱਥ ਮਿਲਾਇਆ ਤਾਂ ਉਨ੍ਹਾਂ ਨੇ ਨੋਟ ਕੀਤਾ ਕਿ ਮੈਂ ਟਾਈ ਪਹਿਨੀ ਹੋਈ ਸੀ। ਉਹ ਬੋਲੇ, ''ਵਾਹ, ਕੀ ਸ਼ਾਨ ਹੈ! ਮੇਰਾ ਖਿਆਲ ਹੈ ਕਿ ਤੁਸੀਂ ਹੀ ਇਸ ਸੈਸ਼ਨ ਦੀ ਮਾਡਰੇਸ਼ਨ ਕਰ ਰਹੇ ਹੋ। ਮੈਨੂੰ ਹੁਣੇ-ਹੁਣੇ ਮਹਿਸੂਸ ਹੋਇਆ ਹੈ ਕਿ ਮੈਨੂੰ ਵੀ ਟਾਈ ਪਹਿਨਣੀ ਚਾਹੀਦੀ ਸੀ। ਕੀ ਬਿਨਾਂ ਟਾਈ ਦੇ ਚੱਲੇਗਾ? ਜਾਂ ਫਿਰ ਮੈਂ ਬਹੁਤ ਮੂਰਖਤਾ ਭਰੀ ਗਲਤੀ ਕਰ ਬੈਠਾ ਹਾਂ?'' ਸੈਸ਼ਨ ਸ਼ੁਰੂ ਹੋਣ ਦੀ ਦੇਰ ਸੀ ਕਿ ਇਸ ਵਿਸ਼ੇਸ਼ ਵਿਅਕਤੀ ਦੇ ਜੀਵਨ ਦਾ ਇਕ ਅਣਛੂਹਿਆ ਪਹਿਲੂ ਮੇਰੇ ਸਾਹਮਣੇ ਜ਼ਾਹਿਰ ਹੋਇਆ। ਕੁਝ ਸਵਾਲ ਅਜਿਹੇ ਸਨ, ਜੋ ਨਾ ਪੁੱਛੇ ਜਾਣ ਨੂੰ ਉਨ੍ਹਾਂ ਨੇ ਤਰਜੀਹ ਦਿੱਤੀ ਹੁੰਦੀ ਪਰ ਉਨ੍ਹਾਂ ਦੀ ਪ੍ਰਤੀਕਿਰਿਆ ਅਜਿਹੇ ਸਵਾਲਾਂ ਪ੍ਰਤੀ ਮਜ਼ਾਕੀਆ ਢੰਗ ਨਾਲ ਸ਼ੁਰੂ ਹੁੰਦੀ ਅਤੇ ਉਹ ਉਨ੍ਹਾਂ ਦਾ ਜਵਾਬ ਇੰਝ ਦਿੰਦੇ, ਜੋ ਸ਼ੁਰੂ ਵਿਚ ਸਮੁੱਚਾ ਜਵਾਬ ਹੋਣ ਦਾ ਅਹਿਸਾਸ ਕਰਵਾਉਂਦਾ ਪਰ ਬਹੁਤ ਦੇਰ ਬਾਅਦ ਪਤਾ ਲੱਗਦਾ ਕਿ ਉਨ੍ਹਾਂ ਨੇ ਕਿੰਨੀ ਚਲਾਕੀ ਨਾਲ ਵਿਸ਼ਾ ਹੀ ਬਦਲ ਦਿੱਤਾ ਅਤੇ ਬਿਲਕੁਲ ਹੀ ਕਿਸੇ ਵੱਖਰੀ ਚੀਜ਼ ਬਾਰੇ ਗੱਲਾਂ ਕੀਤੀਆਂ ਹਨ। ਮੈਂ ਕਈ ਰਾਸ਼ਟਰ ਮੁਖੀਆਂ ਦੀ ਇੰਟਰਵਿਊ ਲਈ ਹੈ ਅਤੇ ਤੁਸੀਂ ਦੇਖ ਸਕਦੇ ਹੋ ਕਿ ਇੰਟਰਵਿਊ ਦੌਰਾਨ ਉਨ੍ਹਾਂ ਦੇ ਚਿਹਰੇ 'ਤੇ ਕਿਸ ਤਰ੍ਹਾਂ ਚਿੰਤਾ ਦੀਆਂ ਲਕੀਰਾਂ ਉੱਭਰਦੀਆਂ ਹਨ। ਕੁਝ ਰਾਸ਼ਟਰ ਮੁਖੀ ਅਜਿਹੇ ਵੀ ਰਹੇ ਹਨ, ਜਿਨ੍ਹਾਂ ਦੀਆਂ ਅੱਖਾਂ 'ਚ ਫੌਲਾਦੀ ਚਮਕ ਹੁੰਦੀ ਹੈ ਤੇ ਜਿਵੇਂ ਹੀ ਤੁਸੀਂ ਕਿਸੇ ਵਿਸ਼ੇ 'ਚ ਡੂੰਘਾ ਉਤਰਨ ਦੀ ਕੋਸ਼ਿਸ਼ ਕਰਦੇ ਹੋ, ਤੁਹਾਨੂੰ ਲੱਗਦਾ ਹੈ ਕਿ ਉਹ ਅਣਸੁਖਾਵਾਂ ਮਹਿਸੂਸ ਕਰ ਰਹੇ ਹਨ ਪਰ ਓਬਾਮਾ ਦੇ ਮਾਮਲੇ 'ਚ ਅਜਿਹਾ ਨਹੀਂ ਸੀ।
ਜੇ ਕੋਈ ਖਾਸ ਗੱਲ ਸੀ ਤਾਂ ਉਹ ਇਹੋ ਸੀ ਕਿ ਹਰ ਵਾਰ ਜਦੋਂ ਮੈਂ ਕੋਈ ਅਣਸੁਖਾਵਾਂ ਸਵਾਲ ਪੁੱਛਣ ਦੀ ਕੋਸ਼ਿਸ਼ ਕਰਦਾ, ਓਬਾਮਾ ਦੇ ਚਿਹਰੇ 'ਤੇ ਮੁਸਕਰਾਹਟ ਖਿੜ ਉੱਠਦੀ। ਸ਼ਾਇਦ ਇਕ ਵਾਰ ਉਨ੍ਹਾਂ ਦੇ ਮੱਥੇ ਵੱਟ ਪਏ ਪਰ ਉਨ੍ਹਾਂ ਦੇ ਅੱਕ ਜਾਣ ਦਾ ਇਕ ਮਜ਼ਾਕੀਆ ਸੰਕੇਤ ਸੀ, ਜੋ ਦਰਸ਼ਕਾਂ ਨੂੰ ਵੀ ਖੂਬ ਦਿਲਖਿੱਚਵਾਂ ਲੱਗਾ।
ਸਭ ਨੂੰ ਹੈਰਾਨ ਕਰਨ ਵਾਲੀ ਉਨ੍ਹਾਂ ਦੀ ਮੁਦਰਾ ਉਹ ਸੀ, ਜਦੋਂ ਅਚਾਨਕ ਮਾਈਕ ਬੰਦ ਹੋ ਗਏ ਅਤੇ ਦਾਲ ਪਕਾਉਣ ਬਾਰੇ ਓਬਾਮਾ ਦਾ ਮਜ਼ਾਕ ਅੱਧ-ਵਿਚਾਲੇ ਰਹਿ ਗਿਆ। ਐਨ ਜਦੋਂ ਤੁਸੀਂ ਤਾਲ ਠੋਕਣ ਵਾਲੇ ਹੋਵੋ ਅਤੇ ਤੁਹਾਡੇ ਰਾਹ ਵਿਚ ਰੁਕਾਵਟ ਆ ਜਾਵੇ ਤਾਂ ਤੁਸੀਂ ਨਿਰਾਸ਼ ਹੀ ਹੋਵੋਗੇ ਪਰ ਓਬਾਮਾ ਦੇ ਮਾਮਲੇ 'ਚ ਅਜਿਹਾ ਨਹੀਂ ਹੋਇਆ। ਉਨ੍ਹਾਂ ਨੇ ਇਸ ਗੱਲ ਨੂੰ ਵੀ ਹਾਸੇ 'ਚ ਲਿਆ ਅਤੇ ਕਿਹਾ :
''ਮੇਰੇ ਨਾਲ ਅਜਿਹਾ ਇੰਨੀ ਵਾਰ ਹੋ ਚੁੱਕਾ ਹੈ ਕਿ ਮੈਂ ਇਸ ਦਾ ਕਾਫੀ ਆਦੀ ਹੋ ਗਿਆ ਹਾਂ। ਕਦੇ ਬਿਜਲੀ ਚਲੀ ਜਾਂਦੀ ਹੈ ਤਾਂ ਕਦੇ ਸਰੋਤਿਆਂ 'ਚੋਂ ਕੋਈ ਬੇਹੋਸ਼ ਹੋ ਜਾਂਦਾ ਹੈ, ਇਥੋਂ ਤਕ ਕਿ ਕਦੇ ਕੋਈ ਸਟੇਜ 'ਤੇ ਵੀ ਡਿਗ ਜਾਂਦਾ ਹੈ। ਤੁਹਾਡੇ ਵੀ ਇਸ ਸਬੰਧ ਵਿਚ ਕਈ ਤਰ੍ਹਾਂ ਦੇ ਤਜਰਬੇ ਰਹੇ ਹੋਣਗੇ?''
ਮੈਂ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵਰਗਾ ਹਾਜ਼ਰ-ਜੁਆਬ ਨਹੀਂ ਹਾਂ, ਇਸ ਲਈ ਇਸ ਗੱਲ 'ਤੇ ਕੋਈ ਦਿਲਚਸਪ ਗੱਲ ਨਹੀਂ ਬਣਾ ਸਕਿਆ, ਇਸ ਲਈ ਅਸੀਂ ਥੈਰੇਸਾ ਮੇ ਦੀ ਬਦਕਿਸਮਤੀ ਬਾਰੇ ਗੱਲਾਂ ਕਰਨ ਲੱਗੇ ਕਿ ਸਤੰਬਰ ਵਿਚ ਹੋਈ ਕੰਜ਼ਰਵੇਟਿਵ ਪਾਰਟੀ ਦੀ ਕਾਨਫਰੰਸ ਵਿਚ ਜਦੋਂ ਉਸ ਨੂੰ ਖੰਘ ਛਿੜ ਪਈ ਤਾਂ ਉਹ ਕਿੰਨੀ ਮੁਸ਼ਕਿਲ ਨਾਲ ਆਪਣਾ ਭਾਸ਼ਣ ਖਤਮ ਕਰ ਸਕੀ ਸੀ।
ਓਬਾਮਾ ਨੇ ਕਿਹਾ, ''ਕੀ ਉਹ ਸੱਚਮੁਚ ਹੀ ਭਿਆਨਕ ਦ੍ਰਿਸ਼ ਨਹੀਂ ਸੀ? ਥੈਰੇਸਾ ਦੀ ਹਾਲਤ ਦੇਖ ਕੇ ਤਾਂ ਮੇਰਾ ਦਿਲ ਪਸੀਜ ਗਿਆ ਸੀ। ਜਦੋਂ ਕੋਈ ਸਿਆਸਤਦਾਨ ਪੂਰੀ ਤਿਆਰੀ ਨਾਲ ਭਾਸ਼ਣ ਦੇ ਰਿਹਾ ਹੋਵੇ ਅਤੇ ਅਚਾਨਕ ਉਸ ਨੂੰ ਲੱਗੇ ਕਿ ਆਵਾਜ਼ ਉਸ ਦਾ ਸਾਥ ਨਹੀਂ ਦੇ ਰਹੀ ਤਾਂ ਇਸ ਤੋਂ ਮੰਦਭਾਗੀ ਗੱਲ ਹੋਰ ਕੀ ਹੋ ਸਕਦੀ ਹੈ?'' ਇਹ ਕਹਿੰਦਿਆਂ ਓਬਾਮਾ ਮਨ ਹੀ ਮਨ ਮੁਸਕਰਾਏ।
ਸਾਡੇ 'ਚੋਂ ਕਿਸੇ ਦੇ ਵੀ ਓਬਾਮਾ ਨੂੰ ਦੁਬਾਰਾ ਮਿਲਣ ਦੀ ਸੰਭਾਵਨਾ ਨਹੀਂ, ਫਿਰ ਵੀ ਸਾਡੇ 'ਚੋਂ ਸ਼ਾਇਦ ਹੀ ਕੋਈ ਉਨ੍ਹਾਂ ਦੇ ਅਥਾਹ ਪ੍ਰਭਾਵ ਨੂੰ ਭੁਲਾ ਸਕੇਗਾ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਉਸ ਮੁਲਾਕਾਤ ਦੇ ਕਿੱਸੇ ਤੁਹਾਨੂੰ ਸੁਣਾ ਸਕਦਾ ਹਾਂ। 1920 ਦੇ ਦਹਾਕੇ ਦਾ ਉਕਤ ਗੀਤ ਇਨ੍ਹਾਂ ਸ਼ਬਦਾਂ ਨਾਲ ਖਤਮ ਹੁੰਦਾ ਹੈ :
ਤੁਸੀਂ ਬਸ ਇੰਨਾ ਕਰਨਾ ਹੈ ਕਿ ਇਸ ਗੀਤ 'ਚ ਲਿੰਗ ਬਦਲੋ ਤੇ ਔਰਤ ਦੀ ਥਾਂ ਮੈਨੂੰ ਰੱਖ ਕੇ ਦੇਖੋ।
(karanthapar@itvindia.net)
ਸਿਆਸੀ ਪਾਰਟੀਆਂ ਨੂੰ ਪਸੰਦ ਨਹੀਂ ਅਦਾਲਤਾਂ ਦੀ ਦਖਲਅੰਦਾਜ਼ੀ
NEXT STORY