ਕਈ ਲੋਕ ਕਹਿੰਦੇ ਹਨ ਕਿ ਨਾਂ 'ਚ ਕੀ ਰੱਖਿਆ ਹੈ? ਪਰ ਜੇ ਅਸੀਂ ਆਪਣੇ ਸਿਆਸਤਦਾਨਾਂ, ਸਿੱਖਿਆ ਮਾਹਿਰਾਂ ਤੇ ਜਨਤਕ ਹਸਤੀਆਂ ਦੇ ਇਕ ਖਾਸ ਵਰਗ ਵਲੋਂ ਨਵੇਂ ਨਾਮਕਰਨ ਪ੍ਰਤੀ ਅਣਲੋੜੀਂਦੇ ਉਤਸ਼ਾਹ ਦੇ ਸੰਦਰਭ 'ਚ ਦੇਖੀਏ ਤਾਂ ਸ਼ਾਇਦ ਸਭ ਕੁਝ ਨਾਂ 'ਚ ਹੀ ਹੁੰਦਾ ਹੈ। ਬੀਤੀ 18 ਨਵੰਬਰ ਦੇ ਉਸ ਫੈਸਲੇ ਨੂੰ ਹੀ ਲੈ ਲਓ, ਜਿਸ ਦੇ ਤਹਿਤ ਦਿੱਲੀ ਯੂਨੀਵਰਸਿਟੀ ਦੀ ਸਹਿ-ਸਿੱਖਿਆ ਸੰਸਥਾ 'ਦਿਆਲ ਸਿੰਘ ਈਵਨਿੰਗ ਕਾਲਜ' ਦੀ ਗਵਰਨਿੰਗ ਬਾਡੀ ਨੇ ਇਸ ਦਾ ਨਾਂ ਬਦਲ ਕੇ 'ਵੰਦੇ ਮਾਤਰਮ ਈਵਨਿੰਗ ਕਾਲਜ' ਰੱਖ ਦਿੱਤਾ। ਮੈਂ ਨਹੀਂ ਜਾਣਦਾ ਕਿ ਇਹ ਕਿਸ ਦੇ ਦਿਮਾਗ ਦੀ ਕਾਰਸਤਾਨੀ ਹੈ। ਕਾਲਜ ਦੇ ਪਿੰ੍ਰਸੀਪਲ ਦਾ ਕਹਿਣਾ ਹੈ ਕਿ ਇਹ ਫੈਸਲਾ ਕਿਸੇ ਸਿਆਸੀ ਵਿਅਕਤੀ ਦੇ ਦਬਾਅ ਤੋਂ ਬਿਨਾਂ ਲਿਆ ਗਿਆ ਸੀ। ਮੈਂ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਕਾਲਜ ਦੇ ਪਿੰ੍ਰਸੀਪਲ ਨੂੰ ਗਵਰਨਿੰਗ ਬਾਡੀ ਵਲੋਂ 'ਸੱਚਾਈ' ਕਹਿਣ ਦਾ ਹੱਕ ਦਿੱਤਾ ਗਿਆ ਸੀ ਜਾਂ ਨਹੀਂ। ਇਹ ਗੱਲ ਕਿਸੇ ਤੋਂ ਲੁਕੀ ਨਹੀਂ ਕਿ ਅੱਜਕਲ ਭਾਰਤ 'ਚ ਜਨਤਕ ਖੇਤਰ ਵਿਚ ਕੁਝ ਵੀ 'ਗੁਪਤ' ਸਿਆਸੀ ਜਾਂ ਪੰਥਕ ਏਜੰਡੇ ਤੋਂ ਬਿਨਾਂ ਨਹੀਂ ਹੁੰਦਾ, ਫਿਰ ਵੀ ਮੈਂ ਇਹ ਜ਼ਰੂਰ ਕਹਾਂਗਾ ਕਿ ਗਵਰਨਿੰਗ ਬਾਡੀ ਦੇ ਮੈਂਬਰਾਂ ਨੇ ਸੰਸਥਾ ਦਾ ਨਾਂ ਬਦਲ ਕੇ 'ਵੰਦੇ ਮਾਤਰਮ' ਦੀ ਭਾਵਨਾ ਨੂੰ ਬਹੁਤ ਠੇਸ ਲਾਈ ਹੈ। ਅਸਲ ਵਿਚ ਜਾਂ ਤਾਂ ਉਹ ਦਿਆਲ ਸਿੰਘ ਮਜੀਠੀਆ ਵਲੋਂ ਪਿੱਛੇ ਛੱਡੀ ਗਈ ਸਿੱਖਿਆ ਅਤੇ ਗਿਆਨ ਨਿਰਮਾਣ ਦੀ ਵਿਰਾਸਤ ਬਾਰੇ ਕੁਝ ਨਹੀਂ ਜਾਣਦੇ ਜਾਂ ਫਿਰ ਉਹ ਸਿੱਧੇ ਸ਼ਬਦਾਂ ਵਿਚ 'ਵਾਹ-ਵਾਹ' ਬਟੋਰਨ ਲਈ ਸਿਆਸੀ ਆਕਿਆਂ ਦਾ ਹੁਕਮ ਮੰਨ ਰਹੇ ਹਨ।
ਗਵਰਨਿੰਗ ਬਾਡੀ ਨੂੰ ਇਹ ਯਾਦ ਕਰਨ ਦੀ ਲੋੜ ਹੈ ਕਿ ਦਿਆਲ ਸਿੰਘ ਨੇ ਜੋ ਕੰਮ ਇਸ ਦੇਸ਼ 'ਚ ਪਹਿਲੀ ਵਾਰ ਕੀਤਾ, ਉਹ 'ਵੰਦੇ ਮਾਤਰਮ' ਦੀ ਅਸਲੀ ਭਾਵਨਾ ਦਾ ਹੀ ਸਾਕਾਰ ਰੂਪ ਹੈ। ਉਹ ਆਪਣੇ ਸਮੇਂ ਤੋਂ ਬਹੁਤ ਅਗਾਂਹ ਦੀ ਸੋਚ ਰੱਖਦੇ ਸਨ। ਉਨ੍ਹਾਂ ਨੇ ਪੰਜਾਬ ਨੈਸ਼ਨਲ ਬੈਂਕ ਵਰਗਾ ਇਕ ਸਫਲ ਬੈਂਕਿੰਗ ਅਦਾਰਾ ਸਥਾਪਿਤ ਕਰਨ 'ਚ ਫੈਸਲਾਕੁੰਨ ਭੂਮਿਕਾ ਨਿਭਾਈ ਸੀ।
ਦਿਆਲ ਸਿੰਘ ਕਾਲਜ ਅਤੇ ਦਿਆਲ ਸਿੰਘ ਲਾਇਬ੍ਰੇਰੀ ਦੀ ਸਥਾਪਨਾ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਵਲੋਂ ਵਿਰਾਸਤ 'ਚ ਨਿਰਧਾਰਿਤ ਫੰਡ ਨਾਲ ਕੀਤੀ ਗਈ ਸੀ।
'ਟ੍ਰਿਬਿਊਨ' ਦੀ ਸਥਾਪਨਾ ਲਾਹੌਰ 'ਚ 1881 ਵਿਚ ਕੀਤੀ ਗਈ ਸੀ ਅਤੇ ਇਹ ਅਣਵੰਡੇ ਪੰਜਾਬ ਦੇ ਲੋਕਾਂ 'ਚ ਸਮਾਜਿਕ, ਆਰਥਿਕ ਤੇ ਸਿਆਸੀ ਜਾਗ੍ਰਿਤੀ ਪੈਦਾ ਕਰਨ ਦੇ ਇਕ ਵੱਡੇ ਸੁਪਨੇ ਦਾ ਹਿੱਸਾ ਸੀ। ਬ੍ਰਿਟਿਸ਼ ਰਾਜ ਦੌਰਾਨ ਇਸ ਅਖਬਾਰ ਨੇ ਸਮਾਜਿਕ, ਆਰਥਿਕ ਅਤੇ ਸਿਆਸੀ ਬੇਇਨਸਾਫੀ ਵਿਰੁੱਧ ਆਵਾਜ਼ ਉਠਾਈ ਸੀ ਤੇ ਜਾਗਰੂਕ ਲੋਕ-ਰਾਏ ਵਿਕਸਿਤ ਕਰਨ 'ਚ ਅਹਿਮ ਭੂਮਿਕਾ ਨਿਭਾਈ ਸੀ।
ਮੇਰੇ ਮਨ 'ਚ ਦਿਆਲ ਸਿੰਘ ਮਜੀਠੀਆ ਪ੍ਰਤੀ ਅਥਾਹ ਸਤਿਕਾਰ ਤੇ ਸ਼ਰਧਾ ਹੈ ਕਿਉਂਕਿ 20 ਸਾਲਾਂ ਤਕ 'ਦਿ ਟ੍ਰਿਬਿਊਨ' ਨਾਲ ਮੇਰਾ ਨੇੜਲਾ ਰਿਸ਼ਤਾ ਰਿਹਾ ਹੈ—ਪਹਿਲਾਂ 11 ਸਾਲ ਸਹਾਇਕ ਸੰਪਾਦਕ ਵਜੋਂ ਅਤੇ ਫਿਰ 9 ਸਾਲ ਸੰਪਾਦਕ ਵਜੋਂ। ਮੈਂ ਮਾਣ ਨਾਲ ਕਹਿ ਸਕਦਾ ਹਾਂ ਕਿ ਭਾਰਤ ਦੀ ਆਜ਼ਾਦੀ 'ਚ ਮੋਹਰੀ ਭੂਮਿਕਾ ਨਿਭਾਉਣ ਦੇ ਨਾਲ-ਨਾਲ 'ਦਿ ਟ੍ਰਿਬਿਊਨ' ਨੇ ਹਮੇਸ਼ਾ ਉਦਾਰਵਾਦੀ, ਨੈਤਿਕ ਤੇ ਲੋਕਤੰਤਰਿਕ ਕਦਰਾਂ-ਕੀਮਤਾਂ ਦਾ ਝੰਡਾ ਬੁਲੰਦ ਰੱਖਿਆ ਹੈ। ਇਹ ਪ੍ਰਗਤੀਸ਼ੀਲ ਅਤੇ ਆਧੁਨਿਕ ਤਰਜ਼ 'ਤੇ ਸਮਾਜ ਦੀ ਮੁੜ ਉਸਾਰੀ ਅਤੇ ਕੌਮੀ ਏਕਤਾ ਦਾ ਸਮਰਥਕ ਰਿਹਾ ਹੈ। ਦਿਆਲ ਸਿੰਘ ਦੀ ਮਾਰਗਦਰਸ਼ਕ ਵਾਲੀ ਭਾਵਨਾ 'ਦਿ ਟ੍ਰਿਬਿਊਨ ਟਰੱਸਟ' ਦੀਆਂ ਅਖ਼ਬਾਰਾਂ ਦੇ ਜ਼ਰੀਏ ਅੱਜ ਵੀ ਪ੍ਰਵਾਹਿਤ ਹੋ ਰਹੀ ਹੈ।
ਸਰ ਸਈਅਦ ਅਹਿਮਦ ਖਾਨ ਦੇ ਸਮਕਾਲੀ ਮੌਲਵੀ ਸਈਅਦ ਇਕਬਾਲ ਅਲੀ ਨੇ ਦਿਆਲ ਸਿੰਘ ਮਜੀਠੀਆ ਬਾਰੇ ਕਿਹਾ ਸੀ, ''ਸੱਚੀ ਗੱਲ ਇਹ ਹੈ ਕਿ ਸਿਰਫ ਲਾਹੌਰ ਹੀ ਨਹੀਂ, ਸਗੋਂ ਸਮੁੱਚੇ ਪੰਜਾਬ ਵਿਚ ਜੇ ਕੋਈ ਅਜਿਹਾ ਵਿਅਕਤੀ ਹੈ, ਜਿਸ ਦੀ ਸੱਚਾਈ 'ਤੇ ਪੂਰਾ ਭਾਰਤ ਮਾਣ ਕਰ ਸਕਦਾ ਹੈ, ਤਾਂ ਉਹ ਹਨ ਦਿਆਲ ਸਿੰਘ ਮਜੀਠੀਆ।''
ਦਿਆਲ ਸਿੰਘ ਦੇ ਗੂੜ੍ਹੇ ਮਿੱਤਰ ਜੋਗਿੰਦਰ ਚੰਦਰ ਬੋਸ ਨੇ ਉਨ੍ਹਾਂ ਨੂੰ 'ਪੰਜਾਬ ਦੇ ਵਿੱਦਿਅਕ ਭਾਈਚਾਰੇ ਦਾ ਨੇਤਾ' ਕਿਹਾ ਸੀ। 'ਟ੍ਰਿਬਿਊਨ' ਦੇ 130 ਵਰ੍ਹੇ ਪੂਰੇ ਹੋਣ ਦੇ ਮੌਕੇ ਪ੍ਰੋ. ਵੀ. ਐੱਨ. ਦੱਤਾ ਨੇ ਲਿਖਿਆ, ''ਦਿਆਲ ਸਿੰਘ ਨੇ ਜਿਸ ਵੀ ਕੰਮ ਦੀ ਯੋਜਨਾ ਬਣਾਈ, ਉਸ ਨੂੰ ਅੰਜਾਮ ਤਕ ਪਹੁੰਚਾਇਆ। ਉਹ ਸੱਚਮੁਚ ਪੰਜਾਬ ਵਿਚ ਇਕ ਨਵੇਂ ਯੁੱਗ ਦੇ ਸੰਦੇਸ਼ਵਾਹਕ ਸਨ। ਉਨ੍ਹਾਂ ਨੇ 20ਵੀਂ ਸਦੀ ਦੇ ਪਹਿਲੇ 15 ਵਰ੍ਹਿਆਂ ਦੌਰਾਨ ਪੰਜਾਬ ਵਿਚ 'ਨਰਮਪੰਥੀਆਂ' ਦੇ ਕੇਂਦਰਬਿੰਦੂ ਵਜੋਂ ਕੰਮ ਕੀਤਾ। ਆਪਣੇ ਸਮੇਂ 'ਚ ਉਨ੍ਹਾਂ ਨੂੰ ਜਿੰਨਾ ਸਨਮਾਨ ਮਿਲਿਆ, ਉਹ ਹੈਰਾਨੀਜਨਕ ਹੈ। ਉਹ ਸੱਚਮੁਚ ਦੇਸ਼ ਦੀਆਂ ਮੋਹਰੀ ਹਸਤੀਆਂ 'ਚੋਂ ਇਕ ਸਨ।''
ਮੈਂ ਦਿਆਲ ਸਿੰਘ ਈਵਨਿੰਗ ਕਾਲਜ ਦੀ ਗਵਰਨਿੰਗ ਬਾਡੀ ਦੀ ਭਲਾਈ ਲਈ ਇਹ ਚੇਤੇ ਕਰਵਾਉਣਾ ਚਾਹਾਂਗਾ ਕਿ ਜਾਗਰੂਕ ਲੋਕ-ਰਾਏ ਦੀ ਸਿਰਜਣਾ ਕਰਨ ਅਤੇ ਲਾਇਬ੍ਰੇਰੀਆਂ ਦੇ ਨਿਰਮਾਣ ਦੇ ਜ਼ਰੀਏ ਉਨ੍ਹਾਂ ਨੇ ਵਿੱਦਿਆ ਤੇ ਗਿਆਨ ਨੂੰ ਹੱਲਾਸ਼ੇਰੀ ਦੇਣ 'ਚ ਇਤਿਹਾਸਿਕ ਭੂਮਿਕਾ ਨਿਭਾਈ ਸੀ। ਦਿੱਲੀ 'ਚ 1959 ਵਿਚ ਸਥਾਪਿਤ ਕੀਤੇ ਗਏ ਇਸ ਕਾਲਜ ਦੇ ਸਰਪ੍ਰਸਤਾਂ ਨੂੰ ਸ਼ਾਇਦ ਸਿੱਖਿਆ ਖੇਤਰ ਦੀ ਦੰਦ-ਕਥਾਵਾਂ ਵਰਗੀ ਇਕ ਹਸਤੀ ਬਾਰੇ ਸਹੀ ਜਾਣਕਾਰੀ ਹੀ ਨਹੀਂ ਹੈ। ਦਿਆਲ ਸਿੰਘ ਮਜੀਠੀਆ ਬਾਰੇ ਸਭ ਤੋਂ ਸਟੀਕ ਟਿੱਪਣੀ ਇਹ ਹੈ ਕਿ ਉਹ ਪੰ੍ਰਪਰਾ ਤੇ ਆਧੁਨਿਕਤਾ ਦਾ ਸੁਮੇਲ ਸਨ।
ਮੇਰਾ ਨੁਕਤਾ ਬਿਲਕੁਲ ਸਰਲ ਹੈ : ਇਕ ਗਵਰਨਿੰਗ ਬਾਡੀ ਦੇ ਮੈਂਬਰਾਂ ਨੇ ਉਸ ਮਹਾਨ ਆਤਮਾ ਦੀ ਖੁਸ਼ਹਾਲ ਵਿਰਾਸਤ ਦਾ ਨਾਮੋ-ਨਿਸ਼ਾਨ ਮਿਟਾਉਣ ਦੀ ਹਿਮਾਕਤ ਕਿਉਂ ਕੀਤੀ, ਜੋ ਕਿ ਸਾਡੀ ਮਾਤ੍ਰ-ਭੂਮੀ ਦੇ ਗੀਤ 'ਵੰਦੇ ਮਾਤਰਮ' ਦੀ ਭਾਵਨਾ ਦੀ ਪੂਰੀ ਤਰ੍ਹਾਂ ਨੁਮਾਇੰਦਗੀ ਕਰਦੇ ਸਨ? ਦਿਆਲ ਸਿੰਘ ਦਾ ਸਮੁੱਚਾ ਜੀਵਨ ਅਤੇ ਭਾਰਤੀ ਸਮਾਜ ਨੂੰ ਉਨ੍ਹਾਂ ਦਾ ਯੋਗਦਾਨ ਮਾਤ੍ਰ-ਭੂਮੀ ਦੀ ਉਸਤਤ ਵਿਚ ਖ਼ੁਦ ਇਕ ਸਜੀਵ ਭਜਨ ਵਰਗਾ ਹੈ। ਗਵਰਨਿੰਗ ਬਾਡੀ ਨੂੰ ਮੇਰੀ ਨਿਮਰਤਾ ਸਹਿਤ ਬੇਨਤੀ ਹੈ ਕਿ ਉਹ ਆਪਣੇ ਫੈਸਲੇ 'ਤੇ ਮੁੜ ਗੌਰ ਕਰੇ ਅਤੇ ਇਸ ਨੂੰ ਬਦਲੇ।
ਦਿਆਲ ਸਿੰਘ 'ਵੰਦੇ ਮਾਤਰਮ' ਦੀ ਭਾਵਨਾ ਦੀ ਬਿਲਕੁਲ ਉਨ੍ਹਾਂ ਅਰਥਾਂ ਵਿਚ ਨੁਮਾਇੰਦਗੀ ਕਰਦੇ ਹਨ, ਜਿਨ੍ਹਾਂ ਅਰਥਾਂ 'ਚ ਮਹਾਰਿਸ਼ੀ ਅਰਵਿੰਦ ਨੇ ਇਸ ਨੂੰ ਜਾਣਿਆ ਸੀ। ਇਸ ਭਾਵਨਾ ਦੀ ਕਿਸੇ ਵੀ ਕੀਮਤ 'ਤੇ ਹੱਤਿਆ ਨਹੀਂ ਹੋਣੀ ਚਾਹੀਦੀ। ਗਵਰਨਿੰਗ ਬਾਡੀ ਵਲੋਂ ਚੁੱਕਿਆ ਗਿਆ ਕਦਮ ਅਨਪੜ੍ਹਤਾ ਤੋਂ ਮੁਕਤੀ ਹਾਸਿਲ ਕਰਨ ਦੇ ਭਾਰਤ ਦੇ ਸੰਘਰਸ਼ ਦੀ ਭਾਵਨਾ ਦੇ ਹੀ ਵਿਰੁੱਧ ਜਾਂਦਾ ਹੈ।
ਇਸ ਨੂੰ ਸਾਡੀ ਬਦਨਸੀਬੀ ਹੀ ਕਿਹਾ ਜਾ ਸਕਦਾ ਹੈ ਕਿ ਵਿਦਵਾਨ ਲੋਕ ਵੀ ਅਕਸਰ ਨਾਂ ਬਦਲਣ ਦੀ ਜਾਦੂਗਰੀ ਦਾ ਸੌਖਾ ਰਾਹ ਅਪਣਾਉਣ ਦੇ ਝਾਂਸੇ 'ਚ ਆ ਜਾਂਦੇ ਹਨ ਪਰ ਇਹ ਨਹੀਂ ਸੋਚਦੇ ਕਿ ਕਿਸੇ ਮਹਾਨ ਆਤਮਾ ਨੇ ਦੇਸ਼ ਦੀ ਭਲਾਈ ਲਈ ਕਿੰਨਾ ਵੱਡਾ ਯੋਗਦਾਨ ਦਿੱਤਾ ਹੈ। ਸਿੱਖਿਆ ਤੇ ਗਿਆਨ ਦੀ ਸਿਰਜਣਾ ਵਰਗੇ ਮਹਾਨ ਕੰਮ ਨਾਂ ਬਦਲਣ ਦੀ ਡਰਾਮੇਬਾਜ਼ੀ ਨਾਲ ਅੰਜਾਮ ਨਹੀਂ ਦਿੱਤੇ ਜਾ ਸਕਦੇ।
ਕਾਲਜ ਦੀ ਗਵਰਨਿੰਗ ਬਾਡੀ ਦੇ ਮੈਂਬਰਾਂ ਦੀ ਜਾਣਕਾਰੀ ਲਈ ਮੈਂ ਸੁਰਿੰਦਰ ਨਾਥ ਬੈਨਰਜੀ ਦੇ ਉਹ ਸ਼ਬਦ ਚੇਤੇ ਕਰਵਾਉਣਾ ਚਾਹਾਂਗਾ, ਜੋ ਉਨ੍ਹਾਂ ਨੇ ਆਪਣੀਆਂ ਯਾਦਾਂ 'ਚ ਦਿਆਲ ਸਿੰਘ ਮਜੀਠੀਆ ਬਾਰੇ ਲਿਖੇ ਸਨ :
''(ਦਿ ਟ੍ਰਿਬਿਊਨ) ਪੰਜਾਬ ਨੂੰ ਦਿਆਲ ਸਿੰਘ ਮਜੀਠੀਆ ਦਾ ਕੋਈ ਇਕੋ-ਇਕ ਤੋਹਫਾ ਨਹੀਂ ਹੈ। ਉਨ੍ਹਾਂ ਕੋਲ ਜੋ ਕੁਝ ਵੀ ਸੀ, ਉਨ੍ਹਾਂ ਨੇ ਦੇਸ਼ ਦੇ ਲੇਖੇ ਲਾ ਦਿੱਤਾ ਅਤੇ ਦਿਆਲ ਸਿੰਘ ਕਾਲਜ ਪੰਜਾਬ ਦੇ ਸਭ ਤੋਂ ਹੋਣਹਾਰ ਸਪੂਤਾਂ 'ਚੋਂ ਇਕ ਦੀ ਪ੍ਰਤੱਖ ਯਾਦਗਾਰ ਹੈ, ਜਿਸ ਦੀ ਮੌਤ 'ਤੇ ਪੰਜਾਬ ਦੇ ਨਾਲ-ਨਾਲ ਪੂਰੇ ਭਾਰਤ ਨੇ ਸੋਗ ਮਨਾਇਆ ਸੀ।''
ਦਿਆਲ ਸਿੰਘ ਕਾਲਜ ਦੇ ਸਥਾਪਨਾ ਦਿਵਸ ਮੌਕੇ 3 ਮਈ 1910 ਨੂੰ ਲਾਹੌਰ ਵਿਚ ਪੰਜਾਬ ਦੇ ਲੈ. ਗਵਰਨਰ ਸਰ ਲੁਈਸ ਵਿਲੀਅਮ ਡੈਨ ਨੇ ਉਨ੍ਹਾਂ ਦੀ ਰਾਸ਼ਟਰ ਭਗਤੀ ਅਤੇ ਲੋਕ-ਭਲਾਈ ਦੀ ਭਾਵਨਾ ਦੀ ਭਰਪੂਰ ਸ਼ਲਾਘਾ ਕੀਤੀ ਸੀ। 100 ਸਵਾਲਾਂ ਦਾ ਇਕ ਸਵਾਲ ਇਹ ਹੈ ਕਿ ਇਕ ਦੇਸ਼ਭਗਤ ਅਤੇ ਦੂਰਅੰਦੇਸ਼ ਸੰਸਥਾ ਦੇ ਨਿਰਮਾਤਾ ਦਾ ਨਾਂ ਮਿਟਾਉਣ 'ਚ ਉਸੇ ਦੀ ਯਾਦ ਵਿਚ ਬਣੇ ਈਵਨਿੰਗ ਕਾਲਜ ਦੇ ਸਰਪ੍ਰਸਤ ਕਿਉਂ ਸ਼ਾਮਿਲ ਹੋਏ, ਜੋ ਅੱਜ ਅਤੇ ਕੱਲ ਦੇ ਵਿਦਿਆਰਥੀਆਂ ਦੀਆਂ ਕਈ ਪੀੜ੍ਹੀਆਂ ਲਈ ਪ੍ਰੇਰਨਾਸ੍ਰੋਤ ਬਣਿਆ ਰਹੇਗਾ?
ਇਹ ਵੀ ਯਾਦ ਰੱਖਣਯੋਗ ਹੈ ਕਿ ਦੇਸ਼ਭਗਤੀ ਸਿਰਫ ਨਾਅਰੇਬਾਜ਼ੀ ਲਾਉਣਾ ਨਹੀਂ ਹੁੰਦੀ, ਇਹ ਆਪਣੇ ਵਿਸ਼ਾਲ ਸਮਾਜ ਦੇ ਭਲੇ 'ਚ ਕੁਝ ਸਿਰਜਣਾਤਮਕ ਅਤੇ ਪਰਉਪਕਾਰੀ ਕੰਮ ਹੁੰਦਾ ਹੈ। ਮਹਾਨ ਲੋਕਾਂ ਦੇ ਚੰਗੇ ਕੰਮਾਂ 'ਤੇ ਪਰਦਾ ਪਾਉਣ ਨਾਲ ਕੋਈ ਰਾਸ਼ਟਰ ਮਹਾਨ ਨਹੀਂ ਬਣ ਸਕਦਾ ਅਤੇ ਨਾ ਹੀ ਇਸ ਨਾਲ ਸਿੱਖਿਆ ਤੇ ਸਮਾਜ ਭਲਾਈ ਨੂੰ ਤਾਕਤ ਮਿਲ ਸਕਦੀ ਹੈ।
(hari.jaisingh@gmail.com)
ਕੀ ਚੀਨ ਦੀ 'ਕਠਪੁਤਲੀ' ਬਣ ਜਾਵੇਗਾ ਆਸਟ੍ਰੇਲੀਆ
NEXT STORY