ਗੋਆ 'ਚ ਪਹਿਲੀ ਨਜ਼ਰੇ ਹੀ ਲੱਗਦਾ ਸੀ ਕਿ ਕਾਂਗਰਸ ਸਰਕਾਰ ਬਣਾਉਣ ਦੀ ਦੌੜ 'ਚ ਹਾਰ ਜਾਵੇਗੀ। ਹਾਲਾਂਕਿ ਸਾਧਾਰਨ ਬਹੁਮਤ ਤੋਂ ਉਸ ਕੋਲ ਸਿਰਫ 4 ਵਿਧਾਇਕ ਘੱਟ ਸਨ ਅਤੇ 17 ਵਿਧਾਇਕਾਂ ਨਾਲ ਉਹ ਦੂਜੀ ਸਭ ਤੋਂ ਵੱਡੀ ਪਾਰਟੀ ਭਾਜਪਾ (13 ਵਿਧਾਇਕ) ਨਾਲੋਂ ਕਾਫੀ ਅੱਗੇ ਸੀ। ਗੋਆ ਫਾਰਵਰਡ ਪਾਰਟੀ (ਜੀ. ਐੱਫ. ਪੀ.) ਅਤੇ ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ (ਐੱਮ. ਜੀ. ਪੀ.) ਦੋਹਾਂ ਦੇ ਹੀ 3-3 ਵਿਧਾਇਕ ਸਨ, ਜਦਕਿ ਰਾਕਾਂਪਾ ਦਾ 1 ਵਿਧਾਇਕ ਸੀ ਅਤੇ 3 ਵਿਧਾਇਕ ਆਜ਼ਾਦ ਸਨ। ਇਸ ਦੇ ਬਾਵਜੂਦ ਮਨੋਹਰ ਪਾਰਿਕਰ ਦੀ ਅਗਵਾਈ 'ਚ ਭਾਜਪਾ ਨੇ ਸਰਕਾਰ ਬਣਾ ਲਈ।
ਸੱਤਾ ਦੀ ਇਸ ਖੇਡ ਦਾ ਥੋੜ੍ਹਾ ਜਿਹਾ ਸਿਧਾਂਤਕ ਵਿਸ਼ਲੇਸ਼ਣ ਕਰਨ 'ਤੇ ਹੀ ਇਹ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਨਤੀਜਾ ਓਨਾ ਹੈਰਾਨੀਜਨਕ ਨਹੀਂ, ਜਿੰਨਾ ਦਿਖਾਈ ਦਿੰਦਾ ਹੈ। ਵਿਧਾਨ ਮੰਡਲ 'ਚ ਕਿਸੇ ਪਾਰਟੀ ਦੀ ਤਾਕਤ ਸਪੱਸ਼ਟ ਤੌਰ 'ਤੇ ਸਿਰਫ ਉਸ ਦੇ ਕੰਟਰੋਲ ਹੇਠ ਚੱਲ ਰਹੇ ਵਿਧਾਇਕਾਂ ਦੀ ਗਿਣਤੀ 'ਤੇ ਹੀ ਨਿਰਭਰ ਨਹੀਂ ਕਰਦੀ।
ਮਿਸਾਲ ਵਜੋਂ ਕਰਨਾਟਕ ਵਿਧਾਨ ਸਭਾ 'ਚ ਕੁਲ 225 ਵਿਧਾਇਕ ਹੁੰਦੇ ਹਨ। ਕਾਂਗਰਸ ਕੋਲ ਇਸ ਸਮੇਂ 110 ਅਤੇ ਭਾਜਪਾ ਕੋਲ 90 ਵਿਧਾਇਕ ਹਨ, ਜਦਕਿ ਜਨਤਾ ਦਲ (ਐੱਸ) ਕੋਲ 25 ਵਿਧਾਇਕ ਹਨ, ਭਾਵ ਕਿ ਜਨਤਾ ਦਲ (ਐੱਸ) ਦੀ ਤਾਕਤ ਜੇਕਰ ਇਨ੍ਹਾਂ ਦੋਹਾਂ ਪਾਰਟੀਆਂ ਤੋਂ ਵੱਧ ਨਹੀਂ, ਤਾਂ ਘੱਟੋ-ਘੱਟ ਇਨ੍ਹਾਂ ਦੇ ਬਰਾਬਰ ਜ਼ਰੂਰ ਹੈ।
ਨੋਬਲ ਪੁਰਸਕਾਰ ਜੇਤੂ ਲਾਇਡ ਸ਼ੈਪਲੇ ਅਤੇ ਮਾਰਟਿਨ ਸ਼ੂਬਿਕ ਵਲੋਂ ਵਿਕਸਿਤ ਕੀਤਾ ਗਿਆ 'ਸ਼ੈਪਲੇ-ਸ਼ੂਬਿਕ ਸ਼ਕਤੀ ਸੂਚਕਅੰਕ' ਉਸ ਦੀ ਫੈਸਲਾਕੁੰਨ ਤਾਕਤ ਦੀ ਸੰਭਾਵਨਾ ਦੇ ਆਧਾਰ 'ਤੇ ਕਿਸੇ ਪਾਰਟੀ ਨੂੰ ਉਸ ਦੀ ਤਾਕਤ ਦਾ ਬਿਲਕੁਲ ਸਹੀ-ਸਹੀ ਮਾਪ ਅਲਾਟ ਕਰਦੀ ਹੈ, ਭਾਵ ਕਿ ਇਸ ਦੇ ਆਧਾਰ 'ਤੇ ਇਹ ਤੈਅ ਕੀਤਾ ਜਾ ਸਕਦਾ ਹੈ ਕਿ ਕਈ ਪਾਰਟੀਆਂ ਦੇ ਜੋੜ-ਤੋੜ ਨਾਲ ਬਣੀ ਕਿਸੇ ਗੱਠਜੋੜ ਸਰਕਾਰ ਦੇ ਜਿੱਤਣ ਜਾਂ ਹਾਰਨ ਦੀਆਂ ਕਿੰਨੀਆਂ ਸੰਭਾਵਨਾਵਾਂ ਹਨ।
ਅਰਥ ਸ਼ਾਸਤਰ 'ਚ 2 ਹੋਰਨਾਂ ਨੋਬਲ ਜੇਤੂ ਰਾਬਰਟ ਆਉਮੈਨ ਅਤੇ ਰੋਜਰ ਮਾਇਰਸਨ ਇਸ ਸੂਚਕਅੰਕ ਨੂੰ ਲੰਗੜੇ ਵਿਧਾਨ ਮੰਡਲਾਂ 'ਚ ਸਥਾਪਿਤ ਗੱਠਜੋੜਾਂ ਦਾ ਵਿਸ਼ਲੇਸ਼ਣ ਕਰਨ ਲਈ ਇਸਤੇਮਾਲ ਕਰਦੇ ਹਨ।
ਜ਼ਰਾ ਇਸ ਗੱਲ ਨੂੰ ਧਿਆਨ 'ਚ ਰੱਖੋ ਕਿ ਦੋਹਾਂ ਹੀ ਪਾਰਟੀਆਂ ਦਾ ਮੁੱਖ ਉਦੇਸ਼ ਜੋੜ-ਤੋੜ ਕਰਕੇ ਇਕ ਅਜਿਹਾ ਗੱਠਜੋੜ ਬਣਾਉਣਾ ਸੀ, ਜੋ ਬਹੁਮਤ ਹਾਸਿਲ ਕਰ ਸਕੇ ਅਤੇ ਇਸ ਦੇ ਸਿੱਟੇ ਵਜੋਂ ਉਹ 100 ਫੀਸਦੀ ਸੱਤਾ ਸੁੱਖ ਭੋਗ ਸਕੇ। ਕਿਸ-ਕਿਸ ਨੂੰ ਗੱਠਜੋੜ ਲਈ ਸੱਦਾ ਦੇਣਾ ਹੈ ਅਤੇ ਸੱਦੇ ਗਏ ਵਿਅਕਤੀ ਕਿਸ ਗੱਠਜੋੜ ਨਾਲ ਜਾਣ ਜਾਂ ਨਾ ਜਾਣ ਦਾ ਫੈਸਲਾ ਕਰਨਗੇ, ਇਹ ਇਸ ਅਨੁਮਾਨ 'ਤੇ ਆਧਾਰਿਤ ਹੋਵੇਗਾ ਕਿ ਸਰਕਾਰ ਦਾ ਹਿੱਸਾ ਬਣਨ ਵਾਲੀਆਂ ਵੱਖ-ਵੱਖ ਪਾਰਟੀਆਂ ਵਿਚਾਲੇ ਸੱਤਾ ਦੀ ਵੰਡ ਕਿਸ ਤਰ੍ਹਾਂ ਕੀਤੀ ਜਾਵੇਗੀ।
ਮਿਸਾਲ ਵਜੋਂ ਇਹ ਕਲਪਨਾ ਕਰੋ ਕਿ ਕਾਂਗਰਸ ਜੀ. ਪੀ. ਐੱਫ. ਤੇ ਰਾਕਾਂਪਾ ਦੇ ਸਮਰਥਨ ਨਾਲ ਸਰਕਾਰ ਬਣਾ ਸਕਦੀ ਸੀ ਪਰ ਅਜਿਹੀ ਕਲਪਨਾ ਬੇਵਕੂਫੀ ਭਰੀ ਹੋਵੇਗੀ ਕਿਉਂਕਿ ਅਜਿਹੀ ਸਥਿਤੀ ਵਿਚ ਜੀ. ਐੱਫ. ਪੀ. ਅਤੇ ਰਾਕਾਂਪਾ ਦੋਵੇਂ ਹੀ ਆਪਣੀ ਮਰਜ਼ੀ ਨਾਲ ਗੱਠਜੋੜ ਨੂੰ ਪਟਕਣੀ ਦੇਣ ਦੇ ਯੋਗ ਹੋ ਸਕਦੀਆਂ ਸਨ।
ਕਿਸੇ ਸਰਕਾਰ 'ਚ ਜਿੰਨੀ ਜ਼ਿਆਦਾ ਮਾਤਰਾ ਵਿਚ ਛੋਟੀਆਂ-ਛੋਟੀਆਂ ਪਾਰਟੀਆਂ ਸ਼ਾਮਿਲ ਹੁੰਦੀਆਂ ਹਨ, ਓਨੀ ਹੀ ਸਭ ਤੋਂ ਵੱਡੀ ਪਾਰਟੀ ਦੀ ਕਿਸੇ ਇਕ ਵਿਸ਼ੇਸ਼ ਪਾਰਟੀ 'ਤੇ ਨਿਰਭਰਤਾ ਘਟ ਜਾਂਦੀ ਹੈ ਅਤੇ ਇਸ ਦੀ ਤਾਕਤ ਵੀ ਉਸੇ ਅਨੁਪਾਤ ਵਿਚ ਵਧ ਜਾਂਦੀ ਹੈ। ਤਾਕਤ ਵਧਣ ਦੀ ਪ੍ਰਕਿਰਿਆ ਉਸ ਬਿੰਦੂ ਤਕ ਜਾਰੀ ਰਹਿੰਦੀ ਹੈ, ਜਿਸ ਬਿੰਦੂ ਤੋਂ ਅੱਗੇ ਛੋਟੀਆਂ ਪਾਰਟੀਆਂ ਦੀ ਮਿਲੀ-ਜੁਲੀ ਗਿਣਤੀ ਆਪਣੇ-ਆਪ ਵਿਚ ਬਹੁਮਤ ਦਾ ਰੂਪ ਧਾਰਨ ਕਰ ਸਕਦੀ ਹੋਵੇ। ਇਸ ਬਿੰਦੂ ਤੋਂ ਅੱਗੇ ਸਭ ਤੋਂ ਵੱਡੀ ਪਾਰਟੀ ਦੀ ਤਾਕਤ ਘਟਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਉਸ ਕੋਲ 'ਵੀਟੋ ਪਾਵਰ' ਨਹੀਂ ਰਹਿੰਦੀ।
ਗੋਆ ਵਿਧਾਨ ਸਭਾ ਦਾ ਅਹਿਮ ਲੱਛਣ ਇਹ ਹੈ ਕਿ ਭਾਜਪਾ ਤੇ ਕਾਂਗਰਸ ਦੋਵੇਂ ਹੀ ਦੂਜੀਆਂ ਪਾਰਟੀਆਂ ਦੀ ਅਗਵਾਈ ਵਾਲੇ ਗੱਠਜੋੜ ਵਿਚ ਸ਼ਾਮਿਲ ਨਹੀਂ ਹੋਣਗੀਆਂ। ਗੋਆ ਵਿਚ ਜੇ ਦੂਜੀਆਂ ਪਾਰਟੀਆਂ ਕੋਈ ਗੱਠਜੋੜ ਬਣਾਉਂਦੀਆਂ ਹਨ ਤਾਂ ਉਨ੍ਹਾਂ ਕੋਲ ਕੁਲ 10 ਵਿਧਾਇਕ ਹੋਣਗੇ। ਅਜਿਹੀ ਸਥਿਤੀ 'ਚ ਕਾਂਗਰਸ ਜਾਂ ਭਾਜਪਾ ਨੂੰ ਕਦੇ ਵੀ ਆਪੋ-ਆਪਣੇ ਗੱਠਜੋੜ ਵਿਚ ਵੀਟੋ ਪਾਵਰ ਤੋਂ ਹੱਥ ਨਹੀਂ ਧੋਣੇ ਪੈਣਗੇ।
ਅਜਿਹੀ ਸਥਿਤੀ ਵਿਚ ਗੱਠਜੋੜ ਦੀ ਹਰੇਕ ਪਾਰਟੀ ਨੂੰ ਇਹ ਗੱਲ ਸਮਝ ਆ ਜਾਣੀ ਚਾਹੀਦੀ ਹੈ ਕਿ ਉਹ ਚਾਹੇ ਕਿਸੇ ਵੀ ਪਾਰਟੀ ਜਾਂ ਗੱਠਜੋੜ ਦੇ ਪੱਖ ਵਿਚ ਜਾਵੇ, ਉਸ ਨੂੰ ਜਾਂ ਉਸ ਦੀ ਪਾਰਟੀ ਨੂੰ ਕਦੇ ਵੀ ਵੀਟੋ ਪਾਵਰ, ਭਾਵ ਸੱਤਾ ਉਲਟਾਉਣ ਦੀ ਕਾਬਲੀਅਤ ਹਾਸਿਲ ਨਹੀਂ ਹੋਵੇਗੀ।
ਅਜਿਹੀ ਸਥਿਤੀ ਵਿਚ ਕਿਸੇ ਵੀ ਪਾਰਟੀ ਲਈ ਕਾਂਗਰਸ ਜਾਂ ਭਾਜਪਾ ਦੀ ਅਗਵਾਈ ਵਾਲੇ ਗੱਠਜੋੜਾਂ 'ਚੋਂ ਕਿਸੇ ਇਕ ਨਾਲ ਆਪਣਾ ਸੰਬੰਧ ਜੋੜਨ ਦਾ ਫੈਸਲਾ ਲੈਣ ਤੋਂ ਪਹਿਲਾਂ ਇਹ ਅਨੁਮਾਨ ਲਾਉਣਾ ਜ਼ਰੂਰੀ ਹੋਵੇਗਾ। ਇਹ ਮੰਨਣਾ ਪੂਰੀ ਤਰ੍ਹਾਂ ਤਰਕਸੰਗਤ ਹੋਵੇਗਾ ਕਿ ਦੋਹਾਂ ਪ੍ਰਮੁੱਖ ਪਾਰਟੀਆਂ 'ਚੋਂ ਛੋਟੀ ਪਾਰਟੀ ਦੀ ਅਗਵਾਈ ਵਾਲੇ ਗੱਠਜੋੜ ਵਿਚ ਸ਼ਾਮਿਲ ਹੋਣ 'ਤੇ ਕਿਸੇ ਛੋਟੀ ਪਾਰਟੀ ਕੋਲ ਜ਼ਿਆਦਾ ਤਾਕਤ ਹੋਵੇਗੀ। ਇਸੇ ਗੱਲ ਨੂੰ ਮਹਿਸੂਸ ਕਰਦਿਆਂ ਹਰੇਕ ਛੋਟੀ ਪਾਰਟੀ ਤੇ ਆਜ਼ਾਦ ਵਿਧਾਇਕ ਨੂੰ ਕਾਂਗਰਸ ਦਾ ਸੱਦਾ ਠੁਕਰਾਉਣਾ ਚਾਹੀਦਾ ਹੈ ਅਤੇ ਭਾਜਪਾ ਨਾਲ ਰਿਸ਼ਤਾ ਬਣਾਉਣਾ ਚਾਹੀਦਾ ਹੈ।
ਇਸ ਮਾਡਲ ਵਿਚ ਇਸ ਗੱਲ ਦੀ ਕੋਈ ਅਹਿਮੀਅਤ ਨਹੀਂ ਕਿ ਗਵਰਨਰ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਸੱਦਾ ਪਹਿਲਾਂ ਦਿੰਦਾ ਹੈ ਜਾਂ ਨਹੀਂ। ਪੇਸ਼ਕਾਰੀਆਂ ਅਤੇ ਇਨਕਾਰਾਂ ਦੇ ਸੰਬੰਧ ਵਿਚ ਪੂਰੀ-ਪੂਰੀ ਜਾਣਕਾਰੀ ਮੁਹੱਈਆ ਹੋਣ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਘਟਨਾਵਾਂ ਤੋਂ ਜਾਣੂ ਹਨ ਅਤੇ ਇਨ੍ਹਾਂ ਦਾ ਨਤੀਜਾ ਦੂਜੀ ਸਭ ਤੋਂ ਵੱਡੀ ਪਾਰਟੀ ਦੇ ਪੱਖ ਵਿਚ ਹੀ ਜਾਵੇਗਾ ਪਰ ਜੇਕਰ ਪੇਸ਼ਕਾਰੀਆਂ ਤੇ ਇਨਕਾਰਾਂ ਬਾਰੇ ਅਧੂਰੀ ਜਾਣਕਾਰੀ ਹੀ ਮੁਹੱਈਆ ਹੁੰਦੀ ਹੈ ਤਾਂ ਹਾਲਾਤ ਬਦਲ ਸਕਦੇ ਹਨ।
ਆਪਸੀ ਖਦਸ਼ਿਆਂ ਵਾਲੇ ਮਾਹੌਲ 'ਚ ਇਕ ਛੋਟੀ ਪਾਰਟੀ ਸੁਭਾਵਿਕ ਤੌਰ 'ਤੇ ਉਡੀਕ ਕਰਨ ਦੀ ਬਜਾਏ ਸਰਕਾਰ 'ਚ ਸ਼ਾਮਿਲ ਹੋਣ ਦਾ ਸੱਦਾ ਪਹਿਲਾਂ ਹੀ ਸਵੀਕਾਰ ਕਰ ਲਵੇਗੀ। ਜੇਕਰ ਉਹ ਅਜਿਹਾ ਨਹੀਂ ਕਰਦੀ ਤਾਂ ਹੋ ਸਕਦਾ ਹੈ ਬਾਅਦ ਵਿਚ ਇਕੱਲੀ ਰਹਿ ਜਾਵੇ। ਜੇਕਰ ਗਵਰਨਰ ਬਹੁਤ ਧਾਕੜ ਕਿਸਮ ਦਾ ਨਾ ਹੋਵੇ ਤਾਂ ਦੂਜੀ ਵੱਡੀ ਪਾਰਟੀ ਇਸ ਸੁਭਾਵਿਕ ਲਾਭ ਦੀ ਸਥਿਤੀ ਨੂੰ ਜਾਰੀ ਰੱਖੇਗੀ ਪਰ ਜੇ ਗਵਰਨਰ ਸਭ ਤੋਂ ਪਹਿਲਾਂ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੰਦਾ ਹੈ ਤਾਂ ਉਸੇ ਦੀ ਅਗਵਾਈ ਵਿਚ ਸਰਕਾਰ ਬਣਨੀ ਸੁਭਾਵਿਕ ਹੈ।
ਅਜਿਹੀ ਸਰਕਾਰ ਦੂਜੀ ਸਭ ਤੋਂ ਵੱਡੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਮੁਕਾਬਲੇ ਜ਼ਿਆਦਾ ਸਥਿਰ ਹੋਵੇਗੀ। ਗੋਆ ਦੀ ਮੌਜੂਦਾ ਗੱਠਜੋੜ ਸਰਕਾਰ ਵਿਚ ਕੁਲ 6 ਇਕਾਈਆਂ ਹਨ—ਭਾਜਪਾ, ਐੱਮ. ਜੀ. ਪੀ., ਜੀ. ਐੱਫ. ਪੀ., ਰਾਕਾਂਪਾ ਤੇ 2 ਆਜ਼ਾਦ ਵਿਧਾਇਕ। ਮੌਜੂਦਾ ਸੱਤਾ ਸਮੀਕਰਣਾਂ ਦੇ ਹਿਸਾਬ ਨਾਲ ਗੋਆ (ਅਸਲ 'ਚ ਮਣੀਪੁਰ) ਵਿਚ ਵੀ ਭਾਜਪਾ ਦੇ ਕਾਫੀ ਵੱਡੇ ਆਕਾਰ ਦੇ ਬਾਵਜੂਦ 'ਸ਼ੈਪਲੇ-ਸ਼ੂਬਿਕ ਸੱਤਾ ਸੂਚਕਅੰਕ' ਸਰਕਾਰ ਦੇ ਤਿੰਨਾਂ ਪ੍ਰਮੁੱਖ ਭਾਈਵਾਲਾਂ ਨੂੰ ਬਰਾਬਰ ਦੀ ਤਾਕਤ ਦਿੰਦਾ ਹੈ, ਭਾਵ ਹਰ ਕਿਸੇ ਨੂੰ 26 ਫੀਸਦੀ। ਇਸ ਦੀ ਵਜ੍ਹਾ ਇਹ ਹੈ ਕਿ ਉਨ੍ਹਾਂ ਦੇ ਵੱਖ-ਵੱਖ ਆਕਾਰਾਂ ਦੇ ਬਾਵਜੂਦ ਬਹੁਮਤ ਦੇ ਅੰਕੜੇ ਨੂੰ ਪਾਰ ਕਰਨ ਦੀ ਯੋਗਤਾ ਦੇ ਮਾਮਲੇ ਵਿਚ ਤਿੰਨਾਂ 'ਚੋਂ ਹਰ ਕਿਸੇ ਦੀ ਤਾਕਤ ਇਕੋ ਜਿਹੀ ਹੈ।
ਦੂਜੇ ਪਾਸੇ ਤਿੰਨਾਂ ਆਜ਼ਾਦ ਵਿਧਾਇਕਾਂ ਦੀ ਤਾਕਤ ਸਿਰਫ 7-7 ਫੀਸਦੀ ਹੈ। ਜੇ ਉਥੇ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਬਣਦੀ ਤਾਂ ਇਸ ਦਾ ਸੱਤਾ ਸੂਚਕਅੰਕ 33 ਤੋਂ ਵਧ ਕੇ 65 ਫੀਸਦੀ ਹੋ ਜਾਂਦਾ। ਭਾਜਪਾ ਦੀ ਅਗਵਾਈ ਵਾਲੀ ਸਰਕਾਰ ਜੇਕਰ ਬਾਕੀ ਬਚੇ ਇਕ ਆਜ਼ਾਦ ਵਿਧਾਇਕ ਨੂੰ ਵੀ ਨਾਲ ਜੋੜ ਕੇ ਆਪਣੀ ਤਾਕਤ ਵਧਾਉਣਾ ਚਾਹੇ ਤਾਂ ਯਕੀਨੀ ਤੌਰ 'ਤੇ ਉਸ ਮੈਂਬਰ ਨੂੰ ਵੀ ਲਾਭ ਮਿਲੇਗਾ ਅਤੇ ਸ਼ਾਇਦ ਉਹ ਅਜਿਹਾ ਕਰਨ ਲਈ ਕਾਹਲਾ ਵੀ ਹੋਵੇਗਾ।
ਜਦ ਸਰਕਾਰ ਸਾਹਮਣੇ ਬਿਹਤਰ ਗਵਰਨੈਂਸ ਦੇਣ ਦਾ ਟੀਚਾ ਹੋਵੇ ਤਾਂ ਛੋਟੀਆਂ-ਵੱਡੀਆਂ ਪਾਰਟੀਆਂ ਦਰਮਿਆਨ ਬਰਾਬਰੀ ਦੇ ਆਧਾਰ 'ਤੇ ਸੱਤਾ ਦੀ ਹਿੱਸੇਦਾਰੀ ਇਕ ਚੁਣੌਤੀ ਹੋਵੇਗੀ ਪਰ ਭ੍ਰਿਸ਼ਟਾਚਾਰ 'ਚ ਗਲ-ਗਲ ਤਕ ਡੁੱਬੇ ਇਥੋਂ ਦੇ ਕੁਦਰਤੀ ਸੋਮਿਆਂ ਦੇ ਖੇਤਰ ਲਈ ਇਹ ਸ਼ੁਭ ਖ਼ਬਰ ਨਹੀਂ ਹੋਵੇਗੀ। 'ਗੇਮ ਥਿਊਰੀ' ਸਾਨੂੰ ਦੱਸਦੀ ਹੈ ਕਿ ਜਦ ਰਾਜਪਾਲ ਪਹਿਲਾਂ ਹੀ ਭਾਜਪਾ ਦੇ ਪੱਖ ਵਿਚ ਹਨ ਤਾਂ ਪਾਰਿਕਰ ਦੀ ਲੋੜ ਸਰਕਾਰ ਬਣਾਉਣ ਲਈ ਨਹੀਂ, ਸਗੋਂ ਅਨਿਸ਼ਚਿਤਤਾ ਭਰਪੂਰ ਸਿਆਸੀ ਜਵਾਰਭਾਟੇ 'ਚੋਂ ਬਾਹਰ ਨਿਕਲਣ ਲਈ ਸੀ। ('ਲਾਈਵਮਿੰਟ' ਤੋਂ ਧੰਨਵਾਦ ਸਹਿਤ)
ਮਾਇਆਵਤੀ ਮਨੂਵਾਦ ਦਾ 'ਅੰਨ੍ਹਾ ਵਿਰੋਧ' ਕਰਨਾ ਛੱਡੇ
NEXT STORY