ਡਾ. ਜਯੰਤੀਲਾਲ ਭੰਡਾਰੀ
ਹਾਲ ਹੀ ’ਚ 30 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਸਰੇ ਸਹੁੰ-ਚੁੱਕ ਸਮਾਰੋਹ ’ਚ ਬਿਮਸਟੇਕ (ਬੇ ਆਫ ਬੰਗਾਲ ਇਨੀਸ਼ੀਏਟਿਵ ਫਾਰ ਮਲਟੀ ਸੈਕਟੋਰਲ ਟੈਕਨਾਲੋਜੀਕਲ ਐਂਡ ਇਕੋਨਾਮਿਕ ਕੋਆਪ੍ਰੇਸ਼ਨ) ਦੇਸ਼ਾਂ ਬੰਗਲਾਦੇਸ਼, ਸ਼੍ਰੀਲੰਕਾ, ਥਾਈਲੈਂਡ, ਮਿਆਂਮਾਰ, ਭੂਟਾਨ ਅਤੇ ਨੇਪਾਲ ਨੂੰ ਸੱਦਾ ਦੇ ਕੇ ਭਾਰਤ ਨੇ ਦੋ ਸੰਦੇਸ਼ ਦੁਨੀਆ ਨੂੰ ਦਿੱਤੇ ਹਨ। ਇਕ, ਭਾਰਤ ਬਿਮਸਟੇਕ ਦੇਸ਼ਾਂ ਨਾਲ ਕਾਰੋਬਾਰ ਅਤੇ ਸੱਭਿਆਚਾਰਕ ਰਿਸ਼ਤਿਆਂ ਨੂੰ ਨਵੀਆਂ ਉਚਾਈਆਂ ਦੇਣਾ ਚਾਹੁੰਦਾ ਹੈ। ਦੂਜਾ, ਪਾਕਿਸਤਾਨ ਅਤੇ ਚੀਨ ਦੋਵੇਂ ਮਿਲ ਕੇ ਵਨ ਬੈਲਟ ਵਨ ਰੋਡ (ਓ. ਬੀ. ਓ. ਆਰ.) ਵਰਗੇ ਭਾਰਤ ਦੇ ਉਲਟ ਆਰਥਿਕ ਕਦਮਾਂ ’ਚ ਜਿਹੜੇ ਬਿਮਸਟੇਕ ਦੇਸ਼ਾਂ ਦਾ ਸਾਥ ਲੈ ਰਹੇ ਹਨ, ਉਹ ਦੇਸ਼ ਵੀ ਭਾਰਤ ਨਾਲ ਕਾਰੋਬਾਰੀ ਹਿੱਸੇਦਾਰੀ ਵਧਾਉਣ ਲਈ ਉਤਸੁਕ ਹਨ। ਇਹ ਗੱਲ ਵੀ ਮਹੱਤਵਪੂਰਨ ਹੈ ਕਿ 30 ਮਈ ਨੂੰ ਨਰਿੰਦਰ ਮੋਦੀ ਦੇ ਸਹੁੰ-ਚੁੱਕ ਸਮਾਰੋਹ ’ਚ ਸ਼ਾਮਲ ਹੋਣ ਤੋਂ ਬਾਅਦ ਬਿਮਸਟੇਕ ਦੇਸ਼ਾਂ ਨੇ ਇਕਮਤ ਨਾਲ ਕਿਹਾ ਹੈ ਕਿ ਉਹ ਊਰਜਾ, ਵਪਾਰ, ਨਿਵੇਸ਼, ਟਰਾਂਸਪੋਰਟ, ਕਮਿਊਨੀਕੇਸ਼ਨ, ਸੈਰ-ਸਪਾਟਾ, ਟੈਕਨਾਲੋਜੀ, ਖੇਤੀ, ਮੱਛੀ ਪਾਲਣ, ਗਰੀਬੀ ਨਿਵਾਰਣ, ਡਿਜ਼ਾਸਟਰ ਮੈਨੇਜਮੈਂਟ, ਜਨ ਸਿਹਤ, ਚੌਗਿਰਦਾ, ਸੱਭਿਆਚਾਰਕ ਸਹਿਯੋਗ, ਨਾਗਰਿਕਾਂ ਵਿਚਾਲੇ ਦੋਸਤਾਨਾ ਅਤੇ ਅੱਤਵਾਦ ’ਤੇ ਰੋਕ ਵਰਗੇ 14 ਬਿਮਸਟੇਕ ਟੀਚਿਆਂ ਨੂੰ ਲੈ ਕੇ ਤੇਜ਼ੀ ਨਾਲ ਅੱਗੇ ਵਧਣਗੇ।
ਦੁਨੀਆ ਦੇ ਅਰਥ ਮਾਹਿਰਾਂ ਦਾ ਕਹਿਣਾ ਹੈ ਕਿ ਨਿਸ਼ਚਿਤ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸਹੁੰ-ਚੁੱਕ ਸਮਾਰੋਹ ਰਾਹੀਂ ਬਿਮਸਟੇਕ ਦੇਸ਼ਾਂ ਨੂੰ ਸੱਦਾ ਦੇ ਕੇ ਉਨ੍ਹਾਂ ਦੀ ਜੋ ਸਰਗਰਮੀ ਵਧਾਈ ਹੈ, ਉਸ ਨਾਲ ਚੀਨ ਦੇ ਆਰਥਿਕ ਪ੍ਰਭੂਤਵ ਨਾਲ ਦਬਾਅ ’ਚ ਆਏ ਕੁਝ ਬਿਮਸਟੇਕ ਦੇਸ਼ ਹੁਣ ਨਵੀਂ ਆਰਥਿਕ ਸ਼ਕਤੀ ਬਣਦੇ ਹੋਏ ਭਾਰਤ ਦੇ ਨੇੜੇ ਵੀ ਆਉਣਗੇ। ਨਾਲ ਹੀ ਗੁਆਂਢੀ ਦੇਸ਼ਾਂ ਨਾਲ ਭਾਰਤ ਦੇ ਵਿਦੇਸ਼ ਵਪਾਰ ’ਚ ਵੀ ਤੇਜ਼ੀ ਆਏਗੀ। ਨਿਸ਼ਚਿਤ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਹੁੰ-ਚੁੱਕ ਸਮਾਰੋਹ ’ਚ ਪਾਕਿਸਤਾਨ ਨੂੰ ਸੱਦਾ ਨਾ ਦੇਣ ਦਾ ਸਭ ਤੋਂ ਵੱਡਾ ਕਾਰਣ ਇਹ ਰਿਹਾ ਕਿ ਭਾਰਤ ਦੇ ਅਣਥੱਕ ਯਤਨਾਂ ਤੋਂ ਬਾਅਦ ਵੀ ਪਾਕਿਸਤਾਨ ਨੇ ਗੁਆਂਢੀ ਦੇਸ਼ਾਂ ਨਾਲ ਕਾਰੋਬਾਰ ਨੂੰ ਭਾਰਤ ਵਿਰੋਧੀ ਨੀਤੀਆਂ ਅਤੇ ਅੱਤਵਾਦ ਦੇ ਕਾਰਣ ਅੱਗੇ ਵਧਣ ਤੋਂ ਰੋਕਿਆ ਹੈ। ਅਜਿਹੀ ਹਾਲਤ ’ਚ ਜੇਕਰ ਭਾਰਤ ਪਾਕਿਸਤਾਨ ਨੂੰ ਵੱਖਰਾ ਰੱਖਦੇ ਹੋਏ ਗੁਆਂਢੀ ਦੇਸ਼ਾਂ ਨਾਲ ਅੱਗੇ ਵਧਣ ਦੀ ਰਣਨੀਤੀ ਬਣਾਉਂਦਾ ਹੈ ਤਾਂ ਗੁਆਂਢੀ ਦੇਸ਼ਾਂ ਨਾਲ ਆਪਸੀ ਕਾਰੋਬਾਰ ਤੇਜ਼ੀ ਨਾਲ ਵਧੇਗਾ।
ਪਾਕਿਸਤਾਨ ਦਾ ਉਲਟ ਅੜੀਅਲ ਰਵੱਈਆ
ਬਿਨਾਂ ਸ਼ੱਕ ਭਾਰਤ ਵਲੋਂ ਬਿਮਸਟੇਕ ਦੇਸ਼ਾਂ ਨੂੰ ਸੰਗਠਿਤ ਕਰਨ ਦਾ ਇਕ ਵੱਡਾ ਕਾਰਣ ਪਾਕਿਸਤਾਨ ਵਲੋਂ ਗੁਆਂਢੀ ਦੇਸ਼ਾਂ ਨਾਲ ਕਾਰੋਬਾਰ ਸਬੰਧੀ ਨਿਰਾਸ਼ਾ ਵੀ ਹੈ। ਪਾਕਿਸਤਾਨ ਦੇ ਉਲਟ ਅਤੇ ਅੜੀਅਲ ਆਰਥਿਕ ਰਵੱਈਏ ਕਾਰਣ ਵਪਾਰ ਦੀਆਂ ਚਮਕੀਲੀਆਂ ਸੰਭਾਵਨਾਵਾਂ ਰੱਖਣ ਵਾਲਾ ਦੱਖਣੀ ਏਸ਼ੀਆਈ ਖੇਤਰ ਆਪਸੀ ਵਿਦੇਸ਼ ਵਪਾਰ ’ਚ ਬਹੁਤ ਪਿੱਛੇ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਆਪਸੀ ਭਰੋਸੇ ਅਤੇ ਵਿਸ਼ਵਾਸ ਦਾ ਸੰਕਟ ਬਣੇ ਰਹਿਣ ਦੇ ਕਾਰਣ ਹੀ 72 ਸਾਲ ਬੀਤ ਜਾਣ ਤੋਂ ਬਾਅਦ ਵੀ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਕਾਰੋਬਾਰ ਨਿਰਾਸ਼ਾਜਨਕ ਸਥਿਤੀ ’ਚ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2014 ’ਚ ਆਪਣੇ ਪਹਿਲੇ ਸਹੁੰ-ਚੁੱਕ ਸਮਾਰੋਹ ’ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਸੱਦਾ ਦਿੱਤਾ ਸੀ ਅਤੇ ਕਾਰੋਬਾਰ ਸਬੰਧਾਂ ਨੂੰ ਵਧਾਉਣ ਲਈ ਅਨੇਕ ਪਹਿਲਾਂ ਵੀ ਕੀਤੀਆਂ ਸਨ ਪਰ ਉਸ ਤੋਂ ਤੁਰੰਤ ਬਾਅਦ ਅੱਤਵਾਦੀਆਂ ਨੂੰ ਸਮਰਥਨ ਅਤੇ ਸਰਹੱਦ ’ਤੇ ਲਗਾਤਾਰ ਗੋਲੀਬਾਰੀ ਕਾਰਣ ਨਵੇਂ ਵਪਾਰ ਸਬੰਧਾਂ ਦੀਆਂ ਸੰਭਾਵਨਾਵਾਂ ਕਮਜ਼ੋਰ ਹੋ ਗਈਆਂ। ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਭਾਰਤ ਨੇ ਕਾਰੋਬਾਰ ਅਤੇ ਦੋਸਤਾਨਾ ਸਬੰਧ ਵਧਾਉਣ ਦੇ ਯਤਨ ਕੀਤੇ ਪਰ ਪਾਕਿਸਤਾਨ ਅੱਤਵਾਦ ਅਤੇ ਭਾਰਤ ਵਿਰੋਧ ਨੂੰ ਉਤਸ਼ਾਹ ਦਿੰਦਾ ਰਿਹਾ। ਸਿੱਟੇ ਵਜੋਂ ਫਰਵਰੀ 2019 ’ਚ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਗਿਆ ਸਭ ਤੋਂ ਵੱਧ ਤਰਜੀਹ ਵਾਲੇ ਦੇਸ਼ (ਐੱਮ. ਐੱਫ. ਐੱਨ.) ਦਾ ਦਰਜਾ ਵਾਪਸ ਲੈ ਲਿਆ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਸਾਰੀਆਂ ਵਸਤਾਂ ’ਤੇ 200 ਫੀਸਦੀ ਦੀ ਦਰਾਮਦੀ ਡਿਊਟੀ ਵੀ ਲਾ ਦਿੱਤੀ। ਅਜਿਹੀ ਹਾਲਤ ’ਚ ਪਾਕਿਸਤਾਨ ਰਹਿਤ ਬਿਮਸਟੇਕ ਦੇਸ਼ਾਂ ਨਾਲ ਭਾਰਤ ਦੀਆਂ ਕਾਰੋਬਾਰ ਵਧਾਉਣ ਦੀਆਂ ਸੰਭਾਵਨਾਵਾਂ ਮਜ਼ਬੂਤ ਹੋਣਗੀਆਂ।
ਕਈ ਗੁਣਾ ਵਧ ਸਕਦਾ ਹੈ ਕਾਰੋਬਾਰ
ਦੁਨੀਆ ਦੇ ਕਾਰੋਬਾਰ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਬਿਮਸਟੇਕ ਦੇਸ਼ ਸੰਗਠਿਤ ਹੋ ਕੇ ਕਾਰੋਬਾਰ ਕਰਨ ਤਾਂ ਬਿਮਸਟੇਕ ਦੇਸ਼ਾਂ ਦਾ ਕਾਰੋਬਾਰ ਸਾਰਕ ਦੇਸ਼ਾਂ ਦੇ ਮੌਜੂਦਾ ਕਾਰੋਬਾਰ ਨਾਲੋਂ ਕਈ ਗੁਣਾ ਵਧ ਸਕਦਾ ਹੈ। ਵਿਸ਼ਵ ਬੈਂਕ ਦੀ ਤਾਜ਼ਾ ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਦੱਖਣੀ ਏਸ਼ੀਆ ਦੇ ਦੇਸ਼ਾਂ (ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼, ਨੇਪਾਲ, ਭੂਟਾਨ, ਮਾਲਦੀਵ ਅਤੇ ਅਫਗਾਨਿਸਤਾਨ) ਦਾ ਅੰਤਰ-ਖੇਤਰੀ ਵਪਾਰ ਦੁਨੀਆ ਦੇ ਹੋਰਨਾਂ ਸਾਰੇ ਖੇਤਰਾਂ ਦੇ ਆਪਸੀ ਕਾਰੋਬਾਰ ਦੀ ਤੁਲਨਾ ’ਚ ਸਭ ਤੋਂ ਘੱਟ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਸਾਲ 2017-18 ’ਚ ਭਾਰਤ ਦਾ ਦੱਖਣੀ ਏਸ਼ੀਆ ਦੇ ਨਾਲ ਕਾਰੋਬਾਰ ਕਰੀਬ 1900 ਕਰੋੜ ਡਾਲਰ ਰਿਹਾ ਹੈ, ਜਦਕਿ ਦੱਖਣੀ ਏਸ਼ੀਆ ਖੇਤਰ ਦੇ ਗੁਆਂਢੀ ਦੇਸ਼ਾਂ ਨਾਲ ਭਾਰਤ ਦੀ ਕੁਲ ਕਾਰੋਬਾਰ ਸਮਰੱਥਾ ਕਰੀਬ 6200 ਕਰੋੜ ਡਾਲਰ ਦੀ ਹੈ। ਇਸ ਦਾ ਮਤਲਬ ਇਹ ਹੈ ਕਿ ਭਾਰਤ ਗੁਆਂਢੀ ਦੇਸ਼ਾਂ ਨਾਲ ਕਾਰੋਬਾਰ ਦਾ ਸਿਰਫ 31 ਫੀਸਦੀ ਕਾਰੋਬਾਰ ਹੀ ਕਰ ਸਕਿਆ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਦੱਖਣੀ ਏਸ਼ੀਆ ’ਚ ਭਾਰਤ ਦਾ ਵਿਦੇਸ਼ ਵਪਾਰ ਭਾਰਤ ਦੇ ਕੁਲ ਸੰਸਾਰਕ ਵਿਦੇਸ਼ੀ ਵਪਾਰ ਦਾ ਸਿਰਫ ਤਿੰਨ ਫੀਸਦੀ ਹੈ। ਅਜਿਹੀ ਹਾਲਤ ’ਚ ਜੇਕਰ ਬਿਮਸਟੇਕ ਦੇਸ਼ ਇਕਜੁੱਟ ਹੋ ਕੇ ਆਪਸੀ ਕਾਰੋਬਾਰ ਕਰਨਗੇ ਤਾਂ ਇਸ ਨਾਲ ਉਨ੍ਹਾਂ ਦੇ ਵਿਦੇਸ਼ ਵਪਾਰ ’ਚ ਕਈ ਗੁਣਾ ਵਾਧਾ ਹੋ ਸਕਦਾ ਹੈ।
ਵਰਣਨਯੋਗ ਹੈ ਕਿ ਪਾਕਿਸਤਾਨ ਨੇ ਦੱਖਣੀ ਏਸ਼ੀਆ ਅਤੇ ਚੀਨ ਨਾਲ ਜ਼ਿਆਦਾ ਉਦਾਰ ਸਬੰਧ ਜੋੜ ਕੇ ਰਣਨੀਤਕ, ਆਰਥਿਕ ਅਤੇ ਕਾਰੋਬਾਰ ਦੇ ਮੱਦੇਨਜ਼ਰ ਵੀ ਭਾਰਤ ਨੂੰ ਲਗਾਤਾਰ ਚੁਣੌਤੀ ਦਿੱਤੀ ਹੈ। ਚੀਨ ਨੇ ਭਾਰਤ ਦੇ ਇਤਰਾਜ਼ਾਂ ਨੂੰ ਦਰਕਿਨਾਰ ਕਰਦਿਆਂ ਚੀਨ-ਪਾਕਿਸਤਾਨ ਆਰਥਿਕ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ, ਇਸ ਦੇ ਤਹਿਤ ਪਾਕਿ-ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਤੋਂ ਹੋ ਕੇ ਵਿਸ਼ੇਸ਼ ਕਾਰੀਡੋਰ ਬਣਾਇਆ ਜਾ ਰਿਹਾ ਹੈ। ਇਸ ਕਾਰੀਡੋਰ ਨਾਲ ਚੀਨ ਦੇ ਘੱਟ ਵਿਕਸਿਤ ਪੱਛਮੀ ਖੇਤਰ ਨੂੰ ਪਾਕਿਸਤਾਨ ਦੀ ਗਵਾਦਰ ਬੰਦਰਗਾਹ ਨਾਲ ਜੋੜਿਆ ਜਾ ਰਿਹਾ ਹੈ। ਇਸ ’ਚ ਸੜਕਾਂ, ਰੇਲਵੇ, ਕਾਰੋਬਾਰੀ ਪੱਟੀਆਂ, ਊਰਜਾ ਯੋਜਨਾਵਾਂ ਲਈ ਪੈਟਰੋਲੀਅਮ ਪਾਈਪ ਲਾਈਨਾਂ ਦਾ ਨੈੱਟਵਰਕ ਬਣਾਇਆ ਜਾ ਰਿਹਾ ਹੈ। ਸਪੱਸ਼ਟ ਤੌਰ ’ਤੇ ਪਾਕਿਸਤਾਨ ਅਤੇ ਚੀਨ ਵਿਚਾਲੇ ਭਾਰਤ ਦੇ ਨਜ਼ਰੀਏ ਨਾਲ ਆਰਥਿਕ ਸਮਝੌਤਿਆਂ ਨੂੰ ਅੱਗੇ ਵਧਾਇਆ ਗਿਆ ਹੈ। ਇਸ ਨਾਲ ਭਾਰਤ ਤੋਂ ਇਲਾਵਾ ਕੁਝ ਬਿਮਸਟੇਕ ਦੇਸ਼ ਅਤੇ ਕੁਝ ਦੱਖਣੀ-ਪੂਰਬੀ ਏਸ਼ੀਆਈ ਦੇਸ਼ ਵੀ ਚਿੰਤਤ ਹਨ। ਅਜਿਹੀ ਹਾਲਤ ’ਚ ਬਿਮਸਟੇਕ ਦੇਸ਼ਾਂ ਦੇ ਨਾਲ ਭਾਰਤ ਦੇ ਵਪਾਰਕ ਸਬੰਧ ਵਧਾਏ ਜਾਣ ਲਈ ਢੁੱਕਵੀਆਂ-ਬਦਲਵੀਆਂ ਵਿਵਸਥਾਵਾਂ ਦੇ ਰੂਪ ’ਚ ਬਿਮਸਟੇਕ ਇਕ ਬਹੁਤ ਚੰਗਾ ਸੰਗਠਨ ਸਿੱਧ ਹੋ ਸਕਦਾ ਹੈ।
ਸਭ ਤੋਂ ਵੱਧ ਵਿਕਾਸ ਦਰ
ਇਸ ਸੰਦਰਭ ’ਚ ਭਾਰਤ ਵਲੋਂ ਬਿਮਸਟੇਕ ਵਰਗੀ ਉਪ-ਖੇਤਰੀ ਕਾਰੋਬਾਰੀ ਪਹਿਲ ਨੂੰ ਮਹੱਤਵ ਦਿੰਦੇ ਹੋਏ ਵਧੇਰੇ ਵਿਵਹਾਰਿਕ ਅਤੇ ਜ਼ਿਆਦਾ ਲਾਹੇਵੰਦ ਵਪਾਰ ਵਿਵਸਥਾ ਵੱਲ ਹੋਰ ਤੇਜ਼ੀ ਨਾਲ ਕਦਮ ਵਧਾਉਣਗੇ ਪੈਣਗੇ। ਭਾਰਤ ਦੀਆਂ ਕਾਰੋਬਾਰੀ ਸੰਭਾਵਨਾਵਾਂ ਵਧ ਰਹੀਆਂ ਹਨ। ਭਾਰਤ ਦੀ ਵਿਕਾਸ ਦਰ ਇਸ ਸਮੇਂ ਦੁਨੀਆ ’ਚ ਸਭ ਤੋਂ ਵੱਧ 7 ਫੀਸਦੀ ਹੈ। ਅਜਿਹੀ ਹਾਲਤ ’ਚ ਬਿਮਸਟੇਕ ਦੇਸ਼ਾਂ ਨਾਲ ਭਾਰਤ ਦਾ ਕਾਰੋਬਾਰ ਤੇਜ਼ੀ ਨਾਲ ਵਧ ਸਕਦਾ ਹੈ। ਇਥੇ ਇਹ ਵੀ ਵਰਣਨਯੋਗ ਹੈ ਕਿ 29 ਮਈ ਨੂੰ ਦੁਨੀਆ ਦੀ ਪ੍ਰਸਿੱਧ ਆਈ. ਐੱਮ. ਡੀ. ਕਾਰੋਬਾਰੀ ਵਿਸ਼ਵ ਪ੍ਰਤੀਯੋਗਿਤਾ ਰੈਂਕਿੰਗ 2019 ’ਚ ਭਾਰਤ ਇਕ ਸਥਾਨ ਦੀ ਛਾਲ ਮਾਰ ਕੇ ਵਿਸ਼ਵ ’ਚ 43ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਪੂਰੇ ਏਸ਼ੀਆ ਪ੍ਰਸ਼ਾਂਤ ਖੇਤਰ ’ਚ ਕਾਰੋਬਾਰੀ ਪ੍ਰਤੀਯੋਗਿਤਾ ’ਚ ਭਾਰਤ ਸਭ ਤੋਂ ਅੱਗੇ ਹੈ। ਇਸ ਤਰ੍ਹਾਂ ਪਿਛਲੇ ਦਿਨੀਂ ਵਿਸ਼ਵ ਬੈਂਕ ਵਲੋਂ ਪ੍ਰਕਾਸ਼ਿਤ ਕਾਰੋਬਾਰੀ ਅਾਸਾਨੀ (ਈਜ਼ ਆਫ ਡੂਇੰਗ ਬਿਜ਼ਨੈੱਸ) ਰਿਪੋਰਟ 2019 ’ਚ ਕਾਰੋਬਾਰੀ ਆਸਾਨੀ ਦੀ ਵਿਸ਼ਵ ਰੈਂਕਿੰਗ ’ਚ ਭਾਰਤ 190 ਦੇਸ਼ਾਂ ਦੀ ਸੂਚੀ ’ਚ 23 ਸਥਾਨਾਂ ਦੀ ਛਲਾਂਗ ਲਾ ਕੇ 77ਵੇਂ ਸਥਾਨ ’ਤੇ ਪਹੁੰਚ ਗਿਆ ਅਤੇ ਕਾਰੋਬਾਰੀ ਆਸਾਨੀ ਦੀਆਂ ਉੱਚੀਆਂ ਅਨੁਕੂਲਤਾਵਾਂ ਦੇ ਆਧਾਰ ’ਤੇ ਭਾਰਤ ਬਿਮਸਟੇਕ ਦੇਸ਼ਾਂ ਨਾਲ ਵਧੇਰੇ ਕਾਰੋਬਾਰ ਦੀਆਂ ਸੰਭਾਵਨਾਵਾਂ ਨੂੰ ਸਾਕਾਰ ਕਰ ਸਕਦਾ ਹੈ।
ਸਿਹਤ, ਸਵੱਛਤਾ, ਸੁਰੱਖਿਆ, ਸਮਾਜਿਕ ਜ਼ਿੰਮੇਵਾਰੀ ਦੀ ਸਿੱਖਿਆ
NEXT STORY