ਮੱਧ ਪ੍ਰਦੇਸ਼ ਵਿਚ ਅੰਦੋਲਨ ਕਰ ਰਹੇ ਕਿਸਾਨਾਂ ਦੀਆਂ ਮੀਡੀਆ ਵਿਚ ਆ ਰਹੀਆਂ ਤਸਵੀਰਾਂ 'ਚ ਇਕ ਗੱਲ ਜ਼ਿਕਰਯੋਗ ਸੀ ਕਿ ਅਣਗਿਣਤ ਨੌਜਵਾਨਾਂ ਨੇ ਜੀਨ ਪਹਿਨੀ ਹੋਈ ਸੀ। ਸਪੱਸ਼ਟ ਹੈ ਕਿ ਅੰਦੋਲਨ ਵਿਚ ਸ਼ਾਮਿਲ ਸਾਰੇ ਲੋਕ ਕਿਸਾਨ ਨਹੀਂ ਸਨ, ਸਗੋਂ ਉਨ੍ਹਾਂ ਦੇ ਬੇਟੇ ਵੀ ਸਨ, ਜੋ ਵਧਦੀ ਬੇਰੋਜ਼ਗਾਰੀ ਕਾਰਨ ਨਾਖੁਸ਼ ਹਨ।
ਅੱਜ ਅਸੀਂ ਸਿਰਫ ਕਿਸਾਨਾਂ ਦੇ ਸੰਕਟ ਦਾ ਹੀ ਸਾਹਮਣਾ ਨਹੀਂ ਕਰ ਰਹੇ, ਸਗੋਂ ਇਹ ਉਨ੍ਹਾਂ ਦੇ ਪਰਿਵਾਰਾਂ ਦਾ ਵੀ ਸੰਕਟ ਹੈ ਕਿਉਂਕਿ ਉਨ੍ਹਾਂ ਦੇ ਬੱਚੇ ਹੁਣ ਗੈਰ-ਖੇਤੀ ਰੋਜ਼ਗਾਰ ਚਾਹੁੰਦੇ ਹਨ। ਕੀ ਅਸੀਂ ਕਿਸਾਨਾਂ ਨੂੰ ਕਦੇ ਗੰਭੀਰਤਾ ਨਾਲ ਇਹ ਪੁੱਛਿਆ ਹੈ ਕਿ ਉਹ ਖੇਤੀਬਾੜੀ ਕਰਨਾ ਪਸੰਦ ਕਰਦੇ ਹਨ ਜਾਂ ਨਹੀਂ?
ਜਿੱਥੋਂ ਤਕ ਸਰਵੇਖਣਾਂ ਦਾ ਸਵਾਲ ਹੈ, ਸ਼ਾਇਦ ਇਕ ਵਾਰ ਹੀ ਅਜਿਹਾ ਕੀਤਾ ਗਿਆ ਸੀ। ਕਈ ਸਾਲ ਪਹਿਲਾਂ ਨੈਸ਼ਨਲ ਸੈਂਪਲ ਸਰਵੇ ਆਰਗੇਨਾਈਜ਼ੇਸ਼ਨ (ਐੱਨ. ਐੱਸ. ਐੱਸ. ਓ.) ਵਲੋਂ ਦੇਸ਼ ਭਰ ਵਿਚ 50 ਹਜ਼ਾਰ ਤੋਂ ਵੀ ਜ਼ਿਆਦਾ ਕਿਸਾਨਾਂ ਦਾ ਸਰਵੇਖਣ ਕਰਦਿਆਂ ਇਹ ਸਵਾਲ ਕੀਤਾ ਗਿਆ ਸੀ, ''ਕੀ ਇਕ ਪੇਸ਼ੇ ਵਜੋਂ ਤੁਸੀਂ ਖੇਤੀਬਾੜੀ ਨੂੰ ਪਸੰਦ ਕਰਦੇ ਹੋ?'' ਇਸ ਦੇ ਜਵਾਬ ਵਿਚ 40 ਫੀਸਦੀ ਕਿਸਾਨਾਂ ਨੇ 'ਨਹੀ' ਕਿਹਾ ਸੀ।
ਆਈ. ਆਈ. ਟੀ. ਦਿੱਲੀ ਦੇ ਅੰਕੁਸ਼ ਅਗਰਵਾਲ ਅਤੇ ਮੈਂ ਐੱਸ. ਏ. ਐੱਸ. ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ—ਕੀ ਕਿਸਾਨ ਸੱਚਮੁੱਚ ਖੇਤੀ ਕਰਨਾ ਪਸੰਦ ਕਰਦੇ ਹਨ? 'ਸੰਕਟ 'ਚੋਂ ਲੰਘਦੇ ਭਾਰਤੀ ਕਿਸਾਨ' (ਆਕਸਫੋਰਡ ਡਿਵੈੱਲਪਮੈਂਟ ਸਟੱਡੀਜ਼-2017) ਨਾਮੀ ਆਪਣੇ ਖੋਜ ਪੱਤਰ ਵਿਚ ਅਸੀਂ ਖੇਤੀ ਨੂੰ ਪਸੰਦ ਕਰਨ ਵਾਲੇ ਕਿਸਾਨਾਂ ਦੀ ਤੁਲਨਾ ਉਨ੍ਹਾਂ ਕਿਸਾਨਾਂ ਨਾਲ ਕੀਤੀ ਸੀ, ਜਿਹੜੇ ਖੇਤੀ ਕਰਨਾ ਪਸੰਦ ਨਹੀਂ ਕਰਦੇ।
ਅਸੀਂ ਦੇਖਿਆ ਕਿ ਨਾਰਾਜ਼ ਕਿਸਾਨਾਂ ਵਿਚ ਦੋਹਾਂ ਤਰ੍ਹਾਂ ਦੇ ਲੋਕ ਸਨ—ਬਹੁਤ ਖੁਸ਼ਹਾਲ ਅਤੇ ਬਹੁਤ ਕਮਜ਼ੋਰ ਮਾਲੀ ਹਾਲਤ ਵਾਲੇ। ਖੁਸ਼ਹਾਲ ਕਿਸਾਨ ਖੇਤੀ ਨੂੰ ਨਾਪਸੰਦ ਇਸ ਲਈ ਕਰਦੇ ਸਨ ਕਿਉਂਕਿ ਉਨ੍ਹਾਂ ਦੀਆਂ ਇੱਛਾਵਾਂ ਬਹੁਤ ਉੱਚੀਆਂ ਸਨ, ਜਦਕਿ ਗਰੀਬ ਕਿਸਾਨ ਫਸਲਾਂ ਦਾ ਝਾੜ ਘਟਣ ਕਾਰਨ ਖੇਤੀ ਨੂੰ ਅਲਵਿਦਾ ਕਹਿਣਾ ਚਾਹੁੰਦੇ ਸਨ।
ਸੋਮਿਆਂ ਦੀ ਘਾਟ ਨਾਲ ਜੂਝ ਰਹੇ ਜਿਹੜੇ ਕਿਸਾਨ ਖੇਤੀਬਾੜੀ ਪਸੰਦ ਨਹੀਂ ਕਰਦੇ ਸਨ, ਉਨ੍ਹਾਂ ਦੀ ਮਾਲਕੀ ਵਾਲੀ ਵਾਹੀ ਦਾ ਔਸਤ ਆਕਾਰ ਸਿਰਫ 0.85 ਹੈਕਟੇਅਰ ਸੀ, ਜਦਕਿ ਖੇਤੀਬਾੜੀ ਨੂੰ ਪਸੰਦ ਕਰਨ ਵਾਲੇ ਕਿਸਾਨਾਂ ਦੀ ਵਾਹੀ (ਖੇਤ) ਦੇ ਮਾਮਲੇ ਵਿਚ ਇਹ ਅੰਕੜਾ 1.4 ਹੈਕਟੇਅਰ ਸੀ।
ਖੇਤੀਬਾੜੀ ਨੂੰ ਨਾਪਸੰਦ ਕਰਨ ਵਾਲੇ ਕਿਸਾਨਾਂ ਦੀ ਸਿੰਚਾਈ ਦੇ ਸੋਮਿਆਂ, ਕਰਜ਼ਿਆਂ ਅਤੇ ਫਸਲੀ ਬੀਮੇ ਤਕ ਪਹੁੰਚ ਮੁਕਾਬਲਤਨ ਬਹੁਤ ਘੱਟ ਸੀ। ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਬਾਰੇ ਵੀ ਉਨ੍ਹਾਂ ਵਿਚ ਜਾਗਰੂਕਤਾ ਦੀ ਘਾਟ ਸੀ ਤੇ ਉਹ ਕਿਸਾਨ ਸਮੂਹਾਂ ਦੀ ਮੈਂਬਰਸ਼ਿਪ ਲੈਣ ਵਿਚ ਕੋਈ ਦਿਲਚਸਪੀ ਨਹੀਂ ਰੱਖਦੇ ਸਨ।
ਖੇਤੀ ਦੀ ਉਤਪਾਦਕਤਾ ਵਧਾਉਣ ਅਤੇ ਜੋਖ਼ਮ ਘੱਟ ਕਰਨ ਲਈ ਇਹੋ ਗੱਲਾਂ ਜ਼ਰੂਰੀ ਹਨ। ਕਿਸਾਨਾਂ ਨੇ ਵੀ 2 ਕਾਰਕਾਂ ਨੂੰ ਰੇਖਾਂਕਿਤ ਕੀਤਾ। ਦੋ-ਤਿਹਾਈ ਕਿਸਾਨਾਂ ਨੇ ਖੇਤੀ ਨੂੰ ਨਾਪਸੰਦ ਕਰਨ ਲਈ ਮੁੱਖ ਵਜ੍ਹਾ ਘੱਟ ਲਾਭ ਹੋਣਾ ਦੱਸਿਆ, ਜਦਕਿ 20 ਫੀਸਦੀ ਕਿਸਾਨਾਂ ਨੇ ਜੋਖ਼ਮ ਨੂੰ ਮੁੱਖ ਵਜ੍ਹਾ ਕਰਾਰ ਦਿੱਤਾ।
ਖੇਤੀ ਉਤਪਾਦਨ ਵਿਚ ਸਿੰਚਾਈ ਦੀ ਕੇਂਦਰੀ ਭੂਮਿਕਾ ਹੁੰਦੀ ਹੈ। ਫਸਲ 'ਮਰ' ਜਾਣ ਦੀ ਸਥਿਤੀ ਵਿਚ ਫਸਲੀ ਬੀਮਾ ਅਹਿਮ ਕਵਚ ਦਾ ਕੰਮ ਕਰਦਾ ਹੈ ਪਰ ਸਿਰਫ 3.8 ਫੀਸਦੀ ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਫਸਲੀ ਬੀਮਾ ਮੁਹੱਈਆ ਹੈ। ਐੱਮ. ਐੱਸ. ਪੀ. ਬਾਰੇ ਜਾਗਰੂਕਤਾ ਬਿਹਤਰ ਲਾਭ ਦਿਵਾਉਂਦੀ ਹੈ। ਸਸਤੇ ਕਰਜ਼ੇ ਤਕ ਪਹੁੰਚ ਨਿਵੇਸ਼ ਨੂੰ ਉਤਸ਼ਾਹਿਤ ਕਰਦੀ ਹੈ, ਜਦਕਿ ਕਿਸਾਨ ਸਮੂਹਾਂ ਦੀ ਮੈਂਬਰਸ਼ਿਪ ਕਰਜ਼ੇ ਦੇ ਬੋਝ ਹੇਠਾਂ ਦੱਬੇ ਜਾਣ ਦੀ ਸਥਿਤੀ ਵਿਚ ਸਮਰਥਨ ਮੁਹੱਈਆ ਕਰਵਾ ਕੇ ਪ੍ਰੇਸ਼ਾਨੀ ਘਟਾਉਂਦੀ ਹੈ।
ਤ੍ਰਾਸਦੀ ਇਹ ਹੈ ਕਿ ਕਰਜ਼ਾ ਮੁਆਫੀ ਨਾਲ ਉਨ੍ਹਾਂ ਕਿਸਾਨਾਂ ਨੂੰ ਕੋਈ ਸਹਾਇਤਾ ਨਹੀਂ ਮਿਲੇਗੀ, ਜਿਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਨਾਜ਼ੁਕ ਹੈ ਕਿਉਂਕਿ ਅਜਿਹੇ ਜ਼ਿਆਦਾਤਰ ਕਿਸਾਨਾਂ ਦੀ ਬੈਂਕ ਕਰਜ਼ਿਆਂ ਤਕ ਤਾਂ ਪਹੁੰਚ ਹੀ ਨਹੀਂ ਹੁੰਦੀ ਤੇ ਉਹ ਸੂਦਖੋਰਾਂ 'ਤੇ ਹੀ ਨਿਰਭਰ ਹੁੰਦੇ ਹਨ।
ਉਮਰ ਅਤੇ ਲਿੰਗਕਤਾ ਵੀ ਕਿਸਾਨਾਂ ਦੀ ਖੇਤੀਬਾੜੀ ਧੰਦੇ ਪ੍ਰਤੀ ਸੰਤੁਸ਼ਟੀ ਨੂੰ ਪ੍ਰਭਾਵਿਤ ਕਰਦੀ ਹੈ। ਨੌਜਵਾਨ ਕਿਸਾਨ ਜ਼ਿਆਦਾ ਅਸੰਤੁਸ਼ਟ ਹੋਣ ਦਾ ਰੁਝਾਨ ਰੱਖਦੇ ਹਨ, ਜਦਕਿ ਮਹਿਲਾ ਕਿਸਾਨਾਂ ਵਿਚ ਅਸੰਤੁਸ਼ਟੀ ਦਾ ਰੁਝਾਨ ਮਰਦਾਂ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ। ਇਸ ਦੀ ਵਜ੍ਹਾ ਇਹ ਹੈ ਕਿ ਸ਼ਾਇਦ ਬਹੁਤ ਘੱਟ ਔਰਤਾਂ ਕੋਲ ਜ਼ਮੀਨ ਹੁੰਦੀ ਹੈ ਤੇ ਉਹ ਵੀ ਥੋੜ੍ਹੀ ਜਿਹੀ।
ਬਹੁਤੀਆਂ ਔਰਤਾਂ ਨੂੰ ਸਿੰਚਾਈ, ਕਰਜ਼ੇ ਲੈਣ, ਇਨਪੁਟਸ ਅਤੇ ਮੰਡੀਕਰਨ ਦੇ ਸੰਬੰਧ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦਾ ਉਤਪਾਦਕਤਾ 'ਤੇ ਵੀ ਅਸਰ ਪੈਂਦਾ ਹੈ ਕਿਉਂਕਿ ਘੱਟੋ-ਘੱਟ 35 ਫੀਸਦੀ ਕਿਸਾਨ ਮਜ਼ਦੂਰ ਔਰਤਾਂ ਹਨ ਤੇ ਭਵਿੱਖ ਵਿਚ ਇਹ ਅੰਕੜਾ ਵਧਣ ਦੀ ਹੀ ਸੰਭਾਵਨਾ ਹੈ।
ਖੁਰਾਕ ਸੁਰੱਖਿਆ ਦੇ ਸੰਬੰਧ ਵਿਚ ਵੀ ਇਸ ਦਾ ਅਸਰ ਪੈਂਦਾ ਹੈ ਕਿਉਂਕਿ 75 ਫੀਸਦੀ ਦਿਹਾਤੀ ਮਹਿਲਾ ਮਜ਼ਦੂਰ ਤੇ 59 ਫੀਸਦੀ ਦਿਹਾਤੀ ਮਰਦ ਮਜ਼ਦੂਰ ਮੁੱਖ ਤੌਰ 'ਤੇ ਰੋਜ਼ੀ-ਰੋਟੀ ਲਈ ਖੇਤੀਬਾੜੀ ਉੱਤੇ ਹੀ ਨਿਰਭਰ ਕਰਦੇ ਹਨ। ਸੱਚਾਈ ਇਹ ਹੈ ਕਿ ਜੇ ਅਸੀਂ ਔਰਤਾਂ ਦੀਆਂ ਸਮੱਸਿਆਵਾਂ ਵਿਚ ਕਮੀ ਲਿਆਉਣ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਭਵਿੱਖ ਵਿਚ ਕਿਸਾਨ ਅੰਦੋਲਨਾਂ ਦੀ ਅਗਵਾਈ ਸ਼ਾਇਦ ਔਰਤਾਂ ਕਰਨਗੀਆਂ।
ਜ਼ਿਕਰਯੋਗ ਹੈ ਕਿ ਨਾਰਾਜ਼ ਹੋਏ ਕਿਸਾਨ ਪਰਿਵਾਰਾਂ ਵਿਚ ਪ੍ਰਤੀ ਏਕੜ ਜ਼ਮੀਨ ਦੇ ਨਜ਼ਰੀਏ ਤੋਂ ਕੰਮਕਾਜੀ ਉਮਰ ਵਾਲੇ ਮੈਂਬਰਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਸੰਤੁਸ਼ਟ ਪਰਿਵਾਰਾਂ ਵਿਚ ਇਹ ਗਿਣਤੀ 4.2 ਹੈ, ਜਦਕਿ ਅਸੰਤੁਸ਼ਟ ਪਰਿਵਾਰਾਂ ਵਿਚ 6.6 ਹੈ। ਪਰਿਵਾਰ ਵਿਚ ਕੰਮਕਾਜੀ ਬਾਲਗਾਂ ਦੀ ਜ਼ਿਆਦਾ ਗਿਣਤੀ ਹੋਣ ਦਾ ਲਾਭ ਉਦੋਂ 'ਮਿੱਟੀ' ਹੋ ਜਾਂਦਾ ਹੈ, ਜਦੋਂ ਬੱਚੇ ਖੇਤੀ ਕਰਨਾ ਹੀ ਨਾ ਚਾਹੁਣ।
ਜ਼ਿਆਦਾ ਜ਼ਮੀਨ ਦੇ ਮਾਲਕ ਕਿਸਾਨਾਂ ਨੂੰ ਇਸ ਪ੍ਰੇਸ਼ਾਨੀ ਦਾ ਸਾਹਮਣਾ ਜ਼ਿਆਦਾ ਕਰਨਾ ਪੈਂਦਾ ਹੈ ਕਿਉਂਕਿ ਪੱਕੇ ਘਰਾਂ ਦੇ ਮਾਲਕ ਹੋਣ ਦੇ ਬਾਵਜੂਦ ਉਹ ਆਪਣੇ ਪੜ੍ਹੇ-ਲਿਖੇ ਬੱਚਿਆਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਿਚ ਸਫਲ ਨਹੀਂ ਹੁੰਦੇ।
ਭੂਗੋਲਿਕ ਸਥਿਤੀ ਵੀ ਆਪਣੀ ਜਗ੍ਹਾ ਬਹੁਤ ਅਹਿਮ ਹੈ। ਖੇਤੀਬਾੜੀ ਧੰਦੇ ਤੋਂ ਨਾਰਾਜ਼ ਕਿਸਾਨਾਂ ਦੀ ਜ਼ਿਆਦਾਤਰ ਗਿਣਤੀ ਉਨ੍ਹਾਂ ਸੂਬਿਆਂ 'ਚ ਹੈ, ਜਿੱਥੇ ਮੀਂਹ ਘੱਟ ਪੈਂਦੇ ਹਨ, ਸ਼ਹਿਰੀਕਰਨ ਦਾ ਪੱਧਰ ਵੀ ਘੱਟ ਹੈ ਤੇ ਪ੍ਰਤੀ ਵਿਅਕਤੀ ਆਮਦਨ ਵੀ ਥੋੜ੍ਹੀ ਹੈ। ਅਮੀਰ ਸੂਬਿਆਂ ਦੇ ਮੁਕਾਬਲੇ ਇਨ੍ਹਾਂ ਸੂਬਿਆਂ ਵਿਚ ਕਿਸਾਨ ਮੁੱਖ ਤੌਰ 'ਤੇ ਕਿਸੇ ਤਰ੍ਹਾਂ ਜ਼ਿੰਦਾ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਅਮੀਰ ਸੂਬਿਆਂ ਵਿਚ ਮੌਸਮ ਵੀ ਜ਼ਿਆਦਾ ਅਨੁਕੂਲ ਹੁੰਦਾ ਹੈ ਅਤੇ ਗੁਜ਼ਾਰੇ ਲਈ ਖੇਤੀ ਦੇ ਨਾਲ-ਨਾਲ ਵਪਾਰਕ ਖੇਤੀ ਵੀ ਕੀਤੀ ਜਾਂਦੀ ਹੈ।
ਕੁਝ ਲੋਕਾਂ ਦੀ ਦਲੀਲ ਹੈ ਕਿ ਕੇਂਦਰ ਵਲੋਂ ਨਾਰਾਜ਼ ਕਿਸਾਨਾਂ ਨੂੰ ਗੈਰ-ਖੇਤੀ ਧੰਦੇ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਪਰ ਇਹ ਲੋਕ ਇਸ ਗੱਲ ਵੱਲ ਧਿਆਨ ਨਹੀਂ ਦਿੰਦੇ ਕਿ ਅਜਿਹੇ ਕਿਸਾਨਾਂ ਦਾ ਇਕ ਵਰਗ ਬਹੁਤ ਘੱਟ ਪੜ੍ਹਿਆ-ਲਿਖਿਆ ਹੈ ਤੇ ਉਸ ਕੋਲ ਸੋਮਿਆਂ ਦੀ ਭਾਰੀ ਘਾਟ ਹੈ, ਜਿਸ ਕਾਰਨ ਇਸ ਵਰਗ ਦੇ ਕਿਸਾਨਾਂ ਸਾਹਮਣੇ ਖੇਤੀ ਤੋਂ ਇਲਾਵਾ ਫੁਟਕਲ ਕੰਮ ਕਰਨ ਦੇ ਹੋਰ ਬਦਲ ਬਹੁਤ ਘੱਟ ਹਨ।
ਸਿੱਟੇ ਵਜੋਂ ਅਜਿਹੇ ਲੋਕ ਵੱਧ ਤੋਂ ਵੱਧ ਗਰੀਬ ਹੁੰਦੇ ਜਾ ਰਹੇ ਹਨ, ਜਦਕਿ ਚੰਗੇ ਪੜ੍ਹੇ-ਲਿਖੇ ਨੌਜਵਾਨ ਕਿਸਾਨ ਪੱਕੀਆਂ ਨੌਕਰੀਆਂ ਚਾਹੁੰਦੇ ਹਨ, ਜੋ ਬਹੁਤ ਘੱਟ ਮੁਹੱਈਆ ਹਨ। ਇਸ ਤੋਂ ਇਲਾਵਾ ਸ਼ਹਿਰੀ ਤੇ ਦਿਹਾਤੀ ਲੋਕਾਂ ਲਈ ਰੋਜ਼ਗਾਰ ਦੀਆਂ ਸੰਭਾਵਨਾਵਾਂ ਦਾ ਭਾਰੀ ਫਰਕ ਹੈ।
ਕਈ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਖੇਤੀਬਾੜੀ ਛੱਡ ਕੇ ਮਹਾਨਗਰਾਂ ਵਿਚ ਜਾਣ ਨਾਲ ਗਰੀਬੀ ਨਹੀਂ ਘਟਦੀ, ਸਗੋਂ ਅਜਿਹਾ ਵੀ ਹੋ ਸਕਦਾ ਹੈ ਕਿ ਇਹ ਪਹਿਲਾਂ ਨਾਲੋਂ ਵੀ ਵਧ ਜਾਵੇ। ਗਰੀਬੀ ਵਿਚ ਕਮੀ ਲਿਆਉਣ ਲਈ ਸਭ ਤੋਂ ਚੰਗਾ ਰਾਹ ਖੇਤੀ ਉਤਪਾਦਕਤਾ ਵਿਚ ਵਾਧਾ ਕਰਨਾ ਅਤੇ ਪਿੰਡਾਂ, ਕਸਬਿਆਂ ਵਿਚ ਗੈਰ-ਖੇਤੀ ਰੋਜ਼ਗਾਰ ਪੈਦਾ ਕਰਨਾ ਹੈ। ਇਸ ਮਾਮਲੇ ਵਿਚ ਮੁੱਖ ਲਾਭ ਹੁਨਰਮੰਦ ਸਥਾਈ ਨੌਕਰੀ ਵਾਲਿਆਂ ਨੂੰ ਮਿਲਦਾ ਹੈ ਪਰ ਅਜਿਹੇ ਰੋਜ਼ਗਾਰਾਂ ਦੀ ਗਿਣਤੀ ਬਹੁਤ ਘੱਟ ਹੈ, ਜਦਕਿ ਕਿਸਾਨ ਪਰਿਵਾਰਾਂ ਦੇ ਪੜ੍ਹੇ-ਲਿਖੇ ਨੌਜਵਾਨ ਅਜਿਹੀਆਂ ਹੀ ਨੌਕਰੀਆਂ ਚਾਹੁੰਦੇ ਹਨ।
ਬਹੁਤੇ ਕਿਸਾਨ ਤਾਂ ਖ਼ੁਦ ਚਾਹੁੰਦੇ ਹਨ ਕਿ ਉਨ੍ਹਾਂ ਦੇ ਬੱਚੇ ਖੇਤੀਬਾੜੀ ਛੱਡ ਦੇਣ। ਇਸ ਉਦੇਸ਼ ਨੂੰ ਸਾਹਮਣੇ ਰੱਖ ਕੇ ਉਹ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਨ ਤਾਂ ਕਿ ਗੈਰ-ਖੇਤੀਬਾੜੀ ਧੰਦਿਆਂ ਦੇ ਬਦਲ ਲਈ ਉਹ ਤਿਆਰ ਹੋ ਸਕਣ। ਖੇਤੀਬਾੜੀ ਨੂੰ ਅਲਵਿਦਾ ਕਹਿਣ ਦੀ ਇੱਛਾ ਤਾਂ ਬਹੁਤ ਜ਼ਿਆਦਾ ਹੈ ਪਰ ਇਸ 'ਚੋਂ ਨਿਕਲਣ ਦੀ ਕਾਬਲੀਅਤ ਬਹੁਤੇ ਲੋਕਾਂ ਵਿਚ ਨਹੀਂ ਹੈ। ਖੇਤੀ ਖੇਤਰ ਵਿਚ ਨਵੇਂ ਕੰਮਾਂ ਵੱਲ ਤੁਰਨ ਦੀ ਯੋਗਤਾ ਸਭ ਤੋਂ ਘੱਟ ਹੁੰਦੀ ਹੈ। ਇਕ ਕੁਲਹਿੰਦ ਸਰਵੇਖਣ ਵਿਚ ਪਤਾ ਲੱਗਾ ਕਿ ਕਿਸਾਨਾਂ ਦੇ 50 ਫੀਸਦੀ ਬੱਚੇ ਕਿਸਾਨ ਤੋਂ ਇਲਾਵਾ ਹੋਰ ਕੁਝ ਨਹੀਂ ਬਣਦੇ।
ਸੋਮਿਆਂ ਦੇ ਨਜ਼ਰੀਏ ਤੋਂ ਗਰੀਬ ਕਿਸਾਨਾਂ ਦੇ ਨਾਲ-ਨਾਲ ਪੜ੍ਹੇ-ਲਿਖੇ ਅਤੇ ਖਾਂਦੇ-ਪੀਂਦੇ ਕਿਸਾਨ ਪਰਿਵਾਰਾਂ ਦੋਹਾਂ ਨੂੰ ਹੀ ਸਹਾਇਤਾ ਦੇਣ ਲਈ ਸਾਨੂੰ ਇਕ ਬਹੁਪੱਖੀ ਰਣਨੀਤੀ ਬਣਾਉਣ ਦੀ ਲੋੜ ਹੈ। ਜ਼ਿਆਦਾਤਰ ਕਿਸਾਨਾਂ ਲਈ ਖੇਤੀ ਉਤਪਾਦਨ ਵਿਚ ਵਾਧਾ ਅਤੇ ਰੋਜ਼ੀ-ਰੋਟੀ ਦੇ ਨਵੇਂ-ਨਵੇਂ ਤਰੀਕਿਆਂ ਦੀ ਉਪਲਬਧਤਾ ਹੀ ਸਭ ਤੋਂ ਬਿਹਤਰ ਉਪਾਅ ਹੈ। ਬਹੁਤ ਸਾਰੇ ਮਾਹਿਰ ਖੇਤੀ ਉਤਪਾਦਕਤਾ ਵਧਾਉਣ ਲਈ ਸਿਫਾਰਿਸ਼ਾਂ ਦੀ ਇਕ ਲੰਮੀ ਸੂਚੀ ਪੇਸ਼ ਕਰਦੇ ਹਨ ਪਰ ਮੈਂ ਇਨ੍ਹਾਂ 'ਚੋਂ 2 ਦਾ ਹੀ ਜ਼ਿਕਰ ਕਰਾਂਗੀ :
ਸਭ ਤੋਂ ਪਹਿਲੀ ਗੱਲ ਹੈ ਸਿੰਚਾਈ। ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਬਹੁਤ ਸਮਝਦਾਰੀ ਨਾਲ ਕਰਨੀ ਚਾਹੀਦੀ ਹੈ। ਸਾਡੇ ਖੇਤੀ ਖੇਤਰ ਦਾ ਸਿਰਫ 44 ਫੀਸਦੀ ਹਿੱਸਾ ਸਿੰਜਿਆ ਜਾਂਦਾ ਹੈ ਅਤੇ ਤਰਜੀਹ ਦੇ ਆਧਾਰ 'ਤੇ ਇਹ ਖੇਤਰ ਵਧਾਇਆ ਜਾਣਾ ਚਾਹੀਦਾ ਹੈ।
ਜਿਥੋਂ ਤਕ ਜ਼ਮੀਨ ਹੇਠਲੇ ਪਾਣੀ ਦਾ ਸੰਬੰਧ ਹੈ, ਇਸਦੀ ਵਰਤੋਂ ਅਸੀਂ ਬਹੁਤ ਬੇਵਕੂਫੀ ਭਰੇ ਢੰਗ ਨਾਲ ਕਰਦੇ ਹਾਂ। ਪੰਜਾਬ ਇਸਦੀ ਭਖਦੀ ਮਿਸਾਲ ਹੈ, ਜਿਥੇ ਸੰਨ 2000 ਤੋਂ ਹਰ ਸਾਲ ਪਾਣੀ ਦਾ ਪੱਧਰ 2.6 ਫੁੱਟ ਹੇਠਾਂ ਜਾ ਰਿਹਾ ਹੈ। ਡੀਜ਼ਲ, ਤੇਲ ਅਤੇ ਬਿਜਲੀ 'ਤੇ ਸਬਸਿਡੀ ਦੇਣ ਦੀ ਬਜਾਏ ਸਾਨੂੰ ਜ਼ਮੀਨ ਹੇਠਲੇ ਪਾਣੀ ਦੀ ਵਰਤੋਂ ਨੂੰ ਸਖ਼ਤੀ ਨਾਲ 'ਰੈਗੂਲੇਟ' ਕਰਨਾ ਪਵੇਗਾ ਕਿਉਂਕਿ ਸਬਸਿਡੀਆਂ ਕਿਸਾਨਾਂ ਨੂੰ ਜ਼ਿਆਦਾ ਟਿਊਬਵੈੱਲ ਲਗਾਉਣ ਲਈ ਉਤਸ਼ਾਹਿਤ ਕਰਦੀਆਂ ਹਨ। ਇਸ ਤੋਂ ਇਲਾਵਾ ਸਾਨੂੰ ਪਾਣੀ ਦੀ ਬੱਚਤ ਕਰਨ ਵਾਲੀਆਂ ਡ੍ਰਿੱਪ ਸਿੰਚਾਈ ਅਤੇ ਬਰਸਾਤੀ ਪਾਣੀ ਨਾਲ ਸਿੰਚਾਈ ਵਰਗੀਆਂ ਤਕਨੀਕਾਂ ਇਸਤੇਮਾਲ ਕਰਨੀਆਂ ਪੈਣਗੀਆਂ।
ਦੂਜੀ ਰਣਨੀਤਕ ਲੋੜ ਹੈ ਕਿਸਾਨਾਂ ਨੂੰ ਉੱਚ ਮੁੱਲ ਲੜੀ ਨਾਲ ਜੋੜਨਾ ਤੇ ਸਹਿਕਾਰਤਾ ਨੂੰ ਹੱਲਾਸ਼ੇਰੀ ਦੇਣਾ। ਆਪਣੀ ਪੂੰਜੀ, ਕਿਰਤ ਅਤੇ ਜ਼ਮੀਨ ਦੀ ਸਿੰਚਾਈ ਨਾਲ ਕਿਸਾਨਾਂ ਨੂੰ ਆਪਣੀ ਵਾਹੀ ਦਾ ਆਕਾਰ, ਉਤਪਾਦਕਤਾ ਵਧਾਉਣ ਅਤੇ ਜੋਖ਼ਮ ਨੂੰ ਮਿਲ-ਵੰਡ ਕੇ ਸਹਿਣ ਕਰਨ ਵਿਚ ਸਹਾਇਤਾ ਮਿਲੇਗੀ। ਉਹ ਖੇਤੀ ਸੰਦਾਂ ਅਤੇ ਹੋਰ ਲੋੜਾਂ ਤਕ ਆਸਾਨੀ ਨਾਲ ਪਹੁੰਚ ਬਣਾ ਸਕਣਗੇ ਤੇ ਨਵੀਂ ਤਕਨਾਲੋਜੀ ਵੀ ਅਪਣਾ ਸਕਣਗੇ।
ਇਸ ਤਰ੍ਹਾਂ ਛੋਟੇ ਕਿਸਾਨ ਦਰਮਿਆਨੇ ਉਤਪਾਦਕ ਬਣ ਜਾਣਗੇ। ਕੇਰਲਾ ਵਿਚ ਇਹ ਪ੍ਰਯੋਗ ਪਹਿਲਾਂ ਹੀ ਸਫਲ ਹੋ ਚੁੱਕਾ ਹੈ, ਜਿਥੇ 'ਕਦੰਬਸ਼੍ਰੀ ਯੋਜਨਾ' ਦੇ ਤਹਿਤ 54 ਹਜ਼ਾਰ ਸਮੂਹਾਂ ਵਿਚ 2.6 ਲੱਖ ਕਿਸਾਨ ਔਰਤਾਂ ਸਮੂਹਿਕ ਖੇਤੀ ਕਰ ਰਹੀਆਂ ਹਨ।
ਮੈਂ ਆਪਣੀ ਖੋਜ ਦੌਰਾਨ ਦੇਖਿਆ ਹੈ ਕਿ ਤ੍ਰਿਚੂਰ ਵਰਗੇ ਜ਼ਿਲਿਆਂ ਵਿਚ ਸਬਜ਼ੀ ਉਤਪਾਦਨ ਤੇ ਵਿਸ਼ੇਸ਼ ਕਿਸਮ ਦੇ ਕੇਲੇ ਦੀ ਖੇਤੀ ਵਿਚ ਲੱਗੇ ਸਮੂਹ ਕਾਫੀ ਲਾਭ ਕਮਾ ਰਹੇ ਹਨ, ਜੋ ਕਿ ਨਿੱਜੀ ਖੇਤੀ ਦੇ ਤਹਿਤ ਕਦੇ-ਕਦਾਈਂ ਹੀ ਸੰਭਵ ਹੁੰਦਾ ਹੈ।
ਲਾਭ ਅਤੇ ਕਮਾਈ 'ਚ ਵਾਧਾ ਕਰਕੇ, ਕਿਸਾਨਾਂ ਨੂੰ ਉਤਸ਼ਾਹਿਤ ਕਰਕੇ ਹੀ ਅਸੀਂ ਖੇਤੀ ਧੰਦੇ ਨੂੰ ਜ਼ਿਆਦਾ ਦਿਲਖਿੱਚਵਾਂ ਬਣਾ ਸਕਦੇ ਹਾਂ। ਅਜਿਹਾ ਕਰਨ ਨਾਲ ਫਿਰ ਪੜ੍ਹੇ-ਲਿਖੇ ਨੌਜਵਾਨ ਵੀ ਇਸ ਧੰਦੇ ਤੋਂ ਮੂੰਹ ਨਹੀਂ ਮੋੜਨਗੇ। ਨਾਰਾਜ਼ ਕਿਸਾਨਾਂ ਨੂੰ ਕਰਜ਼ਾ ਮੁਆਫੀ ਨਾਲ ਖੁਸ਼ੀ ਨਹੀਂ ਦਿੱਤੀ ਜਾ ਸਕਦੀ ਤੇ ਨਾ ਹੀ ਸਬਸਿਡੀ ਵਾਲੀਆਂ ਖਾਦਾਂ ਨਾਲ ਕਾਰਗਰ ਖੇਤੀ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ।
ਮੌਜੂਦਾ ਕਿਸਾਨ ਅੰਦੋਲਨ ਕੀ ਕੋਈ 'ਕ੍ਰਾਂਤੀਕਾਰੀ ਤਬਦੀਲੀ' ਲਿਆਏਗਾ
NEXT STORY