ਕਈ ਊਣਤਾਈਆਂ ਨਾਲ ਭਰਪੂਰ ਪਾਕਿਸਤਾਨ ਦੇ ਸਿਆਸੀ ਦ੍ਰਿਸ਼ 'ਚ ਕਦੇ ਵੀ ਅਕਾਊ ਪਲ ਨਹੀਂ ਆਉਂਦੇ। ਸਿਆਸੀ ਘਾਗਾਂ ਦਰਮਿਆਨ ਇਕ-ਦੂਜੇ ਵਿਰੁੱਧ ਚੁਟਕੀਆਂ ਲੈਣ (ਚੂੰਢੀਆਂ ਵੱਢਣ) ਦਾ ਇੰਨਾ ਰਿਵਾਜ ਹੈ ਕਿ ਹੁਣ 24*7 ਟੀ. ਵੀ. ਚੈਨਲਾਂ ਵਲੋਂ ਕਿਸੇ ਧਾਰਮਿਕ ਕਰਮ-ਕਾਂਡ ਵਾਂਗ ਇਸ ਕੰਮ ਨੂੰ ਅੰਜਾਮ ਦਿੱਤਾ ਜਾਂਦਾ ਹੈ ਤੇ ਹਰ ਸਮੇਂ ਦਰਸ਼ਕਾਂ ਲਈ ਮਨੋਰੰਜਨ ਮੁਹੱਈਆ ਹੁੰਦਾ ਹੈ।
ਵੱਖ-ਵੱਖ ਨਿਊਜ਼ ਚੈਨਲਾਂ 'ਤੇ ਜਿਸ ਬੇਸ਼ਰਮੀ ਭਰੇ ਢੰਗ ਨਾਲ ਹਰ ਰੋਜ਼ ਸ਼ਾਮ ਨੂੰ 'ਟਾਕ ਸ਼ੋਅ' ਆਯੋਜਿਤ ਕੀਤੇ ਜਾਂਦੇ ਹਨ, ਉਸ ਨਾਲ ਇਹ ਧਾਰਨਾ ਪੱਕੀ ਹੁੰਦੀ ਹੈ ਕਿ ਇਹੋ ਮੁੱਖ ਧਾਰਾ ਵਾਲਾ ਮਨੋਰੰਜਨ ਹੈ, ਬਾਕੀ ਗੱਲਾਂ ਦੋਇਮ ਮਹੱਤਤਾ ਵਾਲੀਆਂ ਹਨ। ਸ਼ਾਇਦ ਇਹੋ ਵਜ੍ਹਾ ਹੈ ਕਿ ਦੋਹਾਂ ਧਿਰਾਂ ਦੇ ਸਿਆਸਤਦਾਨ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤੋਹਮਤਬਾਜ਼ੀ ਦੇ ਆਪਣੇ ਹੁਨਰ ਨੂੰ ਧਾਰਦਾਰ ਬਣਾਉਂਦੇ ਰਹਿੰਦੇ ਹਨ।
ਚਾਹੇ ਪੀ. ਟੀ. ਆਈ. (ਪਾਕਿਸਤਾਨ ਤਹਿਰੀਕੇ-ਇਨਸਾਫ) ਦੇ ਫਵਾਦ ਚੌਧਰੀ ਹੋਣ ਜਾਂ ਪੀ. ਐੱਮ. ਐੱਲ. (ਐੱਨ) ਦੇ ਦਾਨਿਆਲ ਅਜ਼ੀਜ਼ ਜਾਂ ਫਿਰ ਸ਼ੇਖ ਰਾਸ਼ਿਦ, ਤਲਾਲ ਚੌਧਰੀ ਜਾਂ ਬਾਬਰ ਅਵਾਨ—ਸਾਰੇ ਹਰ ਰੋਜ਼ ਸ਼ਾਮ ਨੂੰ ਨਵੀਂ ਤੋਂ ਨਵੀਂ ਦਿਲਚਸਪ ਚੁਟਕੀ ਲੈ ਕੇ ਹਾਜ਼ਰ ਹੁੰਦੇ ਹਨ। ਇਸ ਦਾ ਨਤੀਜਾ ਇਹ ਨਿਕਲਿਆ ਕਿ ਮੁੱਖ ਧਾਰਾ ਵਾਲੇ ਗੰਭੀਰ ਸਿਆਸਤਦਾਨ ਵੀ ਮੀਡੀਆ ਦਾ ਧਿਆਨ ਖਿੱਚਣ ਅਤੇ ਸੁਰਖ਼ੀਆਂ 'ਚ ਬਣੇ ਰਹਿਣ ਲਈ ਲਗਾਤਾਰ ਨਿੱਤ ਨਵੀਂ ਸਮੱਗਰੀ ਤਿਆਰ ਕਰਨ 'ਚ ਲੱਗੇ ਰਹਿੰਦੇ ਹਨ।
ਪੀ. ਟੀ. ਆਈ. ਦੇ ਮੁਖੀ ਇਮਰਾਨ ਖਾਨ ਨੇ ਇਸ ਰੁਝਾਨ 'ਤੇ ਦੁਖੀ ਹੁੰਦਿਆਂ ਦਾਅਵਾ ਕੀਤਾ ਹੈ ਕਿ ਉਹ ਕਦੇ ਵੀ ਨਿੱਜੀ ਤੋਹਮਤਬਾਜ਼ੀ 'ਚ ਨਹੀਂ ਉਲਝਦੇ ਅਤੇ ਆਪਣੀ ਆਲੋਚਨਾ ਨੂੰ ਸਿਆਸਤ ਤਕ ਹੀ ਸੀਮਤ ਰੱਖਦੇ ਹਨ। ਉਂਝ ਉਨ੍ਹਾਂ ਦੇ ਮੂੰਹੋਂ ਅਜਿਹੀਆਂ ਗੱਲਾਂ ਸੁਣਨਾ ਕਿੰਨਾ ਤ੍ਰਾਸਦੀ ਭਰਿਆ ਹੈ ਕਿਉਂਕਿ ਇਸ ਅਣਸੁਖਾਵੇਂ ਰੁਝਾਨ ਨੂੰ ਅਸਲ 'ਚ ਜਨਮ ਤਾਂ ਉਨ੍ਹਾਂ ਨੇ ਹੀ ਦਿੱਤਾ ਹੈ।
ਉਂਝ ਕੁਝ ਵੀ ਹੋਵੇ, ਇਮਰਾਨ ਦਾ ਕਹਿਣਾ ਸਹੀ ਹੈ ਪਰ ਸਵਾਲ ਉੱਠਦਾ ਹੈ ਕਿ ਨਿੱਜੀ ਅਤੇ ਸਿਆਸੀ ਦੂਸ਼ਣਬਾਜ਼ੀ ਦਰਮਿਆਨ ਲਕਸ਼ਮਣ ਰੇਖਾ ਕੌਣ ਖਿੱਚੇਗਾ? ਮਿਸਾਲ ਵਜੋਂ ਜਦੋਂ ਇਮਰਾਨ ਖਾਨ ਅਕਸਰ ਆਯੋਜਿਤ ਹੋਣ ਵਾਲੀਆਂ ਆਪਣੀਆਂ ਪ੍ਰੈੱਸ ਕਾਨਫਰੰਸਾਂ ਵਿਚ ਦੋਸ਼ ਲਾਉਂਦੇ ਹਨ ਕਿ ਜ਼ਰਦਾਰੀ ਨੇ ਟੈਕਸ ਦੇਣ ਵਾਲੇ ਲੋਕਾਂ ਦੇ ਪੈਸੇ 'ਚੋਂ ਕਰੋੜਾਂ-ਅਰਬਾਂ ਡਾਲਰ ਡਕਾਰ ਕੇ ਵਿਦੇਸ਼ਾਂ ਵਿਚ ਜਮ੍ਹਾ ਕਰਵਾਏ ਹੋਏ ਹਨ ਤਾਂ ਕੀ ਉਨ੍ਹਾਂ ਕੋਲ ਇਸ ਦਾ ਕੋਈ ਅਜਿਹਾ ਸਬੂਤ ਹੁੰਦਾ ਹੈ, ਜੋ ਅਦਾਲਤੀ ਸਮੀਖਿਆ 'ਤੇ ਖਰਾ ਉਤਰ ਸਕੇ?
ਇਸੇ ਤਰ੍ਹਾਂ ਨਵਾਜ਼ ਸ਼ਰੀਫ ਵੀ ਦੋਸ਼ਾਂ ਮੁਤਾਬਿਕ ਗੁਨਾਹਗਾਰ ਹੋ ਸਕਦੇ ਹਨ ਅਤੇ ਉਨ੍ਹਾਂ 'ਤੇ ਸਿਰਫ ਮਹਾਦੋਸ਼ ਚਲਾਇਆ ਗਿਆ ਹੈ ਪਰ ਆਪਣੀਆਂ ਜਾਇਦਾਦਾਂ ਦਾ ਖੁਲਾਸਾ ਨਾ ਕਰਨ ਦੇ ਦੋਸ਼ ਵਿਚ ਉਨ੍ਹਾਂ ਨੂੰ ਸੱਤਾ ਤੋਂ ਨਹੀਂ ਖਦੇੜਿਆ ਗਿਆ ਸੀ। ਦੂਜੇ ਪਾਸੇ ਜਹਾਂਗੀਰ ਤਰੀਨ ਵਿਰੁੱਧ ਮਹਾਦੋਸ਼ ਚੱਲਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਕਥਿਤ ਗੁਨਾਹਾਂ ਲਈ ਪੀ. ਐੱਮ. ਐੱਲ. (ਐੱਨ) ਦੇ ਘਾਗ ਉਨ੍ਹਾਂ ਵਿਰੁੱਧ ਤਲਵਾਰਾਂ ਖਿੱਚੀ ਫਿਰਦੇ ਹਨ।
ਕੁਝ ਦਿਨ ਪਹਿਲਾਂ ਹੀ ਪੀ. ਐੱਮ. ਐੱਲ. (ਐੱਨ) ਦਾ ਇਕ ਸੀਨੀਅਰ ਸਿਆਸਤਦਾਨ ਆਪਣੇ ਪਰਿਵਾਰਕ ਮੈਂਬਰਾਂ ਨਾਲ ਉਨ੍ਹਾਂ ਦੇ ਸਬੰਧਾਂ ਨੂੰ ਲੈ ਕੇ ਮੀਡੀਆ 'ਚ ਚਰਚਾ ਕਰ ਰਿਹਾ ਸੀ। ਕੀ ਇਸ ਨੂੰ ਇਕ ਰਿਵਾਜ ਬਣਾਇਆ ਜਾ ਸਕਦਾ ਹੈ?
ਤੇਜ਼ੀ ਨਾਲ ਵਧ ਰਹੇ ਸੋਸ਼ਲ ਮੀਡੀਆ 'ਚ ਜਾਅਲੀ ਖ਼ਬਰਾਂ 'ਪੋਸਟ' ਕਰਨ ਦਾ ਰੁਝਾਨ ਵਧਦਾ ਜਾ ਰਿਹਾ ਹੈ ਤੇ ਦੂਜਿਆਂ 'ਤੇ ਚਿੱਕੜ ਉਛਾਲਣ ਦੇ ਮਾਮਲੇ 'ਚ ਇਹ ਰਵਾਇਤੀ ਮੀਡੀਆ ਨੂੰ ਬਹੁਤ ਪਿੱਛੇ ਛੱਡ ਚੁੱਕਾ ਹੈ। ਫੇਸਬੁੱਕ, ਟਵਿਟਰ ਤੇ ਵ੍ਹਟਸਐਪ 'ਤੇ ਹਰ ਤਰ੍ਹਾਂ ਦੀਆਂ ਜਾਅਲੀ ਖ਼ਬਰਾਂ ਅਤੇ ਹੇਰਾਫੇਰੀ ਕਰ ਕੇ ਬਣਾਈਆਂ ਤਸਵੀਰਾਂ ਤੇ ਵੀਡੀਓਜ਼ ਚੰਗੇ-ਬੁਰੇ ਦੀ ਤਮੀਜ਼ ਕੀਤੇ ਬਿਨਾਂ ਪੋਸਟ ਕੀਤੀਆਂ ਜਾ ਰਹੀਆਂ ਹਨ।
ਪੀ. ਐੱਮ. ਐੱਲ. (ਐੱਨ) ਅਤੇ ਪੀ. ਟੀ. ਆਈ. ਦੋਹਾਂ ਨੇ ਹੀ ਆਪਣੇ ਵਿਸ਼ੇਸ਼ ਸਾਈਬਰ ਵਿੰਗ ਸਥਾਪਿਤ ਕੀਤੇ ਹੋਏ ਹਨ, ਜੋ ਭਾੜੇ 'ਤੇ ਖ਼ਬਰਾਂ ਦੀ 'ਜਾਅਲਸਾਜ਼ੀ' ਕਰਦੇ ਹਨ। ਇਥੋਂ ਤਕ ਕਿ ਹਰ ਤਰ੍ਹਾਂ ਦੀਆਂ ਨਿੱਜੀ ਸਰਗਰਮੀਆਂ 'ਤੇ ਨਜ਼ਰ ਰੱਖਣ ਵਾਲੇ ਸਰਵਸ਼ਕਤੀਸ਼ਾਲੀ ਸੱਤਾਤੰਤਰ 'ਤੇ ਵੀ ਇਹ ਦੋਸ਼ ਲੱਗਦੇ ਹਨ ਕਿ ਇਸ ਨੇ ਦੁਸ਼ਮਣ ਦੇ ਪ੍ਰਾਪੇਗੰਡੇ ਦਾ ਮੁਕਾਬਲਾ ਕਰਨ ਦੇ ਬਹਾਨੇ ਸੋਸ਼ਲ ਮੀਡੀਆ ਵਿੰਗ ਸਥਾਪਿਤ ਕੀਤੇ ਹੋਏ ਹਨ।
ਸੋਸ਼ਲ ਮੀਡੀਆ 'ਤੇ ਜਾਰੀ ਹੋਣ ਵਾਲੀ ਜ਼ਿਆਦਾਤਰ ਸਮੱਗਰੀ ਦੇ ਸੋਮਿਆਂ ਦੀ ਕਿਉਂਕਿ ਪੁਸ਼ਟੀ ਨਹੀਂ ਕੀਤੀ ਜਾ ਸਕਦੀ, ਇਸ ਲਈ ਲੋਕ ਹਰ ਤਰ੍ਹਾਂ ਦੀਆਂ ਚੀਜ਼ਾਂ ਨੂੰ ਸੱਚ ਮੰਨ ਲੈਂਦੇ ਹਨ। ਇਮਰਾਨ ਖਾਨ ਦੇ ਵਿਰੋਧੀ ਉਨ੍ਹਾਂ 'ਤੇ ਨਿਸ਼ਾਨਾ ਲਾ ਕੇ ਕਹਿ ਰਹੇ ਹਨ ਕਿ ਉਹ 'ਔਰਤਖੋਰ' (ਪਲੇਅਬੁਆਏ) ਹਨ। ਖ਼ਬਰਾਂ ਦੀ ਜਾਅਲਸਾਜ਼ੀ ਕਰਨ ਵਾਲੇ ਉਨ੍ਹਾਂ ਵਲੋਂ ਅਤੀਤ 'ਚ ਕੀਤੀ 'ਆਸ਼ਕੀ' ਨੂੰ ਤੋੜ-ਮਰੋੜ ਕੇ ਆਪਣੇ ਹਿੱਤਾਂ ਮੁਤਾਬਿਕ ਖ਼ਬਰਾਂ ਬਣਾ ਰਹੇ ਹਨ।
ਪਿਛਲੇ ਦਿਨੀਂ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਸਹਿ-ਪ੍ਰਧਾਨ ਆਸਿਫ ਅਲੀ ਜ਼ਰਦਾਰੀ ਨੇ ਲਾਹੌਰ 'ਚ ਆਪਣੇ ਪਾਰਟੀ ਵਰਕਰਾਂ ਸਾਹਮਣੇ ਭਾਸ਼ਣ ਦਿੰਦਿਆਂ 'ਮੀ ਟੂ ਮੂਵਮੈਂਟ' ਦਾ ਜ਼ਿਕਰ ਕੀਤਾ। ਇਹ ਮੂਵਮੈਂਟ ਉਨ੍ਹਾਂ ਸੈਂਕੜੇ ਔਰਤਾਂ ਦਾ ਜ਼ਿਕਰ ਕਰਦੀ ਹੈ, ਜਿਨ੍ਹਾਂ ਦਾ ਹਾਲੀਵੁੱਡ ਦੇ ਹੁਣ ਬਦਨਾਮ ਹੋ ਚੁੱਕੇ ਸੈਲੀਬ੍ਰਿਟੀ ਫਿਲਮ ਨਿਰਮਾਤਾ ਹਾਰਵੇ ਵਾਈਨਸਟਾਈਨ ਨੇ ਯੌਨ ਸ਼ੋਸ਼ਣ ਕੀਤਾ ਸੀ ਜਾਂ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਸੀ।
ਅਜਿਹਾ ਕਰ ਕੇ ਜ਼ਰਦਾਰੀ ਨੇ ਇਮਰਾਨ ਖਾਨ ਨੂੰ ਉਸੇ ਦੀ ਭਾਸ਼ਾ 'ਚ ਜਵਾਬ ਦੇ ਦਿੱਤਾ। ਜ਼ਿਕਰਯੋਗ ਹੈ ਕਿ ਆਪਣੀ ਤਾਜ਼ਾ ਸਿੰਧ ਯਾਤਰਾ ਦੌਰਾਨ ਇਮਰਾਨ ਖਾਨ ਨੇ ਪੀ. ਪੀ. ਪੀ. ਦੇ ਉਪ-ਪ੍ਰਧਾਨ ਨੂੰ ਭ੍ਰਿਸ਼ਟ ਅਤੇ ਬੇਲਿਹਾਜ਼ ਦੋਸਤ ਸਿੱਧ ਕਰਨ ਲਈ ਹਰ ਸੰਭਵ ਯਤਨ ਕੀਤੇ ਸਨ। ਪੀ. ਟੀ. ਆਈ. ਨੇ ਇਥੋਂ ਤਕ ਦਾਅਵਾ ਕੀਤਾ ਸੀ ਕਿ ਬੇਨਜ਼ੀਰ ਦਾ ਉਹ ਕਥਿਤ ਹੱਥਲਿਖਤ ਨੋਟ ਵੀ ਜਾਅਲੀ ਹੈ, ਜਿਸ 'ਚ ਉਨ੍ਹਾਂ ਦੇ ਪਤੀ ਨੂੰ ਉਨ੍ਹਾਂ ਦਾ ਸਿਆਸੀ ਵਾਰਿਸ ਐਲਾਨਿਆ ਗਿਆ ਸੀ।
ਜ਼ਰਦਾਰੀ ਨੇ ਮੇਰੇ ਨਾਲ ਇਹ ਦਸਤਾਵੇਜ਼ ਉਦੋਂ ਸਾਂਝਾ ਕੀਤਾ ਸੀ, ਜਦੋਂ ਉਨ੍ਹਾਂ ਦੀ ਪਤਨੀ ਬੇਨਜ਼ੀਰ ਭੁੱਟੋ ਦੀ ਮੌਤ ਤੋਂ ਛੇਤੀ ਬਾਅਦ ਮੈਂ ਉਨ੍ਹਾਂ ਦੀ ਰਿਹਾਇਸ਼ 'ਤੇ ਹਮਦਰਦੀ ਪ੍ਰਗਟਾਉਣ ਗਿਆ ਸੀ। ਮੈਂ ਸ਼੍ਰੀਮਤੀ ਭੁੱਟੋ ਦੀ ਲਿਖਾਈ ਚੰਗੀ ਤਰ੍ਹਾਂ ਜਾਣਦਾ ਸੀ, ਇਸ ਲਈ ਮੈਂ ਉਸੇ ਪਲ ਕਹਿ ਦਿੱਤਾ ਸੀ ਕਿ ਇਹ ਦਸਤਾਵੇਜ਼ ਪ੍ਰਮਾਣਿਕ ਹੈ ਅਤੇ ਅਜੇ ਵੀ ਮੇਰਾ ਇਹੋ ਦਾਅਵਾ ਹੈ। ਫਿਰ ਵੀ ਜੇ ਜ਼ਰਦਾਰੀ ਨੇ ਇਮਰਾਨ ਖਾਨ ਨੂੰ ਉਸੇ ਦੀ ਭਾਸ਼ਾ 'ਚ ਝਾੜ ਨਾ ਪਾਈ ਹੁੰਦੀ ਤਾਂ ਚੰਗਾ ਹੁੰਦਾ।
ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਅਤੇ ਉਨ੍ਹਾਂ ਦੀ ਸਿਆਸੀ ਵਾਰਿਸ ਬਣਨ ਲਈ ਨਾਮਜ਼ਦ ਮਰੀਅਮ ਸਫਦਰ ਆਪਣੇ ਪਿਤਾ ਦੇ ਉਲਟ ਆਪਣੇ ਪਤੀ ਕੈਪਟਨ (ਰਿਟਾ.) ਸਫਦਰ ਨੂੰ ਨਾਲ ਲੈ ਕੇ ਕੌਮੀ ਜੁਆਬਦੇਹੀ ਬਿਊਰੋ (ਐੱਨ. ਏ. ਬੀ.) ਦੀ ਅਦਾਲਤ ਵਿਚ ਪੇਸ਼ੀ ਲਈ ਹਾਜ਼ਰ ਹੁੰਦੀ ਹੈ। ਪਤੀ-ਪਤਨੀ ਦੋਹਾਂ 'ਤੇ ਦੋਸ਼ ਹੈ ਕਿ ਸ਼ਰੀਫ ਭਰਾਵਾਂ ਨਾਲ ਉਨ੍ਹਾਂ ਨੇ ਵੀ ਪਰਿਵਾਰ ਦੀਆਂ ਲੰਡਨ 'ਚ ਸਥਿਤ ਜਾਇਦਾਦਾਂ ਦੀ ਮਾਲਕੀ ਦਾ ਲਾਭ ਲਿਆ ਹੈ।
ਜੇਦਾਹ 'ਚ ਆਪਣੀ ਮਾਂ ਨੂੰ ਮਿਲਣ ਦੇ ਬਹਾਨੇ ਨਵਾਜ਼ ਸ਼ਰੀਫ ਨੇ ਸਾਊਦੀ ਅਰਬ ਵਿਚ ਆਪਣੇ ਠਹਿਰਨ ਦੀ ਮਿਆਦ 'ਚ ਵਾਧਾ ਕਰਵਾ ਲਿਆ। ਅਸਲ 'ਚ ਉਹ ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਦੇ ਕੁਝ ਅਹਿਮ ਮੈਂਬਰਾਂ ਨੂੰ ਮਿਲਣ ਦੀ ਉਡੀਕ ਕਰ ਰਹੇ ਹਨ। ਹੁਣ ਉਹ ਦਿਨ ਲੱਦ ਗਏ, ਜਦੋਂ ਵਿਰੋਧੀ ਧਿਰ ਵਿਚ ਹੁੰਦਿਆਂ ਵੀ ਸ਼ਰੀਫ ਪਰਿਵਾਰ ਦੇ ਮੈਂਬਰਾਂ ਨੂੰ ਸਾਊਦੀ ਅਰਬ ਵਿਚ 'ਰੈੱਡ ਕਾਰਪੈੱਟ' ਸਵਾਗਤ ਨਸੀਬ ਹੁੰਦਾ ਸੀ।
ਨਵਾਂ ਸ਼ਾਹੀ ਪਰਿਵਾਰ ਹੁਣ ਕਿਸੇ ਵੀ ਗੱਲ ਨੂੰ ਪੁਰਾਣੇ ਸ਼ਾਸਕਾਂ ਵਾਲੀ ਨਜ਼ਰ ਨਾਲ ਨਹੀਂ ਦੇਖਦਾ। ਅਸਲ ਵਿਚ ਅਰਬ ਸ਼ਾਹੀ ਪਰਿਵਾਰ ਨਵਾਜ਼ ਸ਼ਰੀਫ ਤੋਂ ਕਾਫੀ ਨਾਰਾਜ਼ ਲੱਗਦਾ ਹੈ ਕਿਉਂਕਿ ਉਨ੍ਹਾਂ ਨੇ ਯਮਨ 'ਚੋਂ ਹਾਊਤੀ ਬਾਗ਼ੀਆਂ ਨੂੰ ਖਦੇੜਨ ਦੇ ਮਾਮਲੇ ਵਿਚ ਕਥਿਤ ਇਸਲਾਮਿਕ ਆਰਮੀ ਨੂੰ ਬਿਨਾਂ ਸ਼ਰਤ ਸਮਰਥਨ ਦੇਣ ਦੇ ਮਾਮਲੇ ਵਿਚ ਢਿੱਲਾ-ਮੱਠਾ ਰਵੱਈਆ ਅਪਣਾਇਆ ਸੀ।
ਦੂਜੇ ਪਾਸੇ ਪਾਕਿਸਤਾਨ ਦੇ ਕੌਮੀ ਜੁਆਬਦੇਹੀ ਬਿਊਰੋ (ਐੱਨ. ਏ. ਬੀ.) ਦੀ ਅਦਾਲਤ ਨੇ ਨਵਾਜ਼ ਸ਼ਰੀਫ ਦੀ ਗੈਰ-ਮੌਜੂਦਗੀ ਵਿਚ ਨਾ ਸਿਰਫ ਉਨ੍ਹਾਂ ਨੂੰ ਨਿੱਜੀ ਪੇਸ਼ੀ ਤੋਂ ਮੁਆਫੀ ਦੇਣ ਤੋਂ ਨਾਂਹ ਕਰ ਦਿੱਤੀ ਹੈ, ਸਗੋਂ ਉਨ੍ਹਾਂ ਦੀ ਗ੍ਰਿਫਤਾਰੀ ਲਈ ਜ਼ਮਾਨਤੀ ਵਾਰੰਟ ਵੀ ਜਾਰੀ ਕੀਤੇ ਹਨ। ਅਜਿਹਾ ਹੋਣ 'ਤੇ ਮਰੀਅਮ ਬੇਸ਼ੱਕ ਅਦਾਲਤ ਦੇ ਬਾਹਰ ਕਾਫੀ ਸ਼ਾਂਤ ਨਜ਼ਰ ਆ ਰਹੀ ਸੀ, ਫਿਰ ਵੀ ਉਸ ਨੇ ਇਸ ਪੂਰੀ ਪ੍ਰਕਿਰਿਆ ਨੂੰ 'ਬਦਲਾਖੋਰੀ' ਕਰਾਰ ਦਿੱਤਾ। ਉਸ ਦੇ ਪਿਤਾ ਵੀ ਅਕਸਰ ਇਹੋ ਦੋਸ਼ ਲਾਉਂਦੇ ਹਨ।
ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਜ਼ਰੀਏ ਨਵਾਜ਼ ਸ਼ਰੀਫ ਨੂੰ ਇਸ ਗੱਲ ਲਈ ਮਨਾਉਣਾ ਚਾਹੁੰਦੇ ਹਨ ਕਿ ਉਹ ਫੌਜ ਤੇ ਅਦਾਲਤਾਂ ਵਿਰੁੱਧ ਸਖ਼ਤ ਸਟੈਂਡ ਨਾ ਲੈਣ। ਇਹ ਬਹੁਤ ਤਸੱਲੀ ਵਾਲੀ ਗੱਲ ਹੈ ਕਿ ਅੱਬਾਸੀ ਨੇ ਆਪਣਾ ਦਮ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਉਹ ਨਾ ਤਾਂ ਸ਼ਰੀਫ ਭਰਾਵਾਂ ਦੀ 'ਰਬੜ ਸਟੈਂਪ' ਬਣ ਰਹੇ ਹਨ ਅਤੇ ਨਾ ਹੀ ਕਿਸੇ ਰੋਬੋਟ ਵਾਂਗ ਘਿਸੀ-ਪਿਟੀ ਲੀਹ 'ਤੇ ਚੱਲ ਰਹੇ ਹਨ।
ਪਿਛਲੇ ਦਿਨੀਂ ਅੰਦਰੂਨੀ ਮਾਮਲਿਆਂ ਬਾਰੇ ਰਾਜ ਮੰਤਰੀ ਤਲਾਲ ਚੌਧਰੀ ਨੇ ਨਵਾਜ਼ ਸ਼ਰੀਫ ਦਾ ਸਮਰਥਨ ਕਰਦਿਆਂ ਬਿਆਨ ਦਿੱਤਾ ਸੀ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਰਾਜ ਨਹੀਂ ਕਰਨ ਦਿੱਤਾ ਜਾ ਰਿਹਾ। ਉਨ੍ਹਾਂ ਨੇ ਤਾਂ ਇਥੋਂ ਤਕ ਕਿਹਾ ਹੈ ਕਿ ਪੀ. ਐੱਮ. ਐੱਲ. (ਐੱਨ) ਵਿਰੋਧੀ ਧਿਰ ਵਿਚ ਬੈਠ ਕੇ ਸਿਵਲੀਅਨ ਗਲਬੇ ਲਈ ਸੰਘਰਸ਼ ਕਰਨ ਨੂੰ ਤਰਜੀਹ ਦੇਵੇਗੀ।
ਇਹ ਸਿਰਫ ਕਹਿਣ ਦੀਆਂ ਗੱਲਾਂ ਹਨ, ਅਸਲ 'ਚ ਪੀ. ਐੱਮ. ਐੱਲ. (ਐੱਨ) ਨਾ ਤਾਂ ਕ੍ਰਾਂਤੀਕਾਰੀ ਪਾਰਟੀ ਹੈ ਅਤੇ ਨਾ ਹੀ ਮੌਜੂਦਾ ਸਥਿਤੀ ਦਾ ਵਿਰੋਧ ਕਰਨ ਵਾਲੀ ਹੈ। ਇਹ ਸਿਰਫ ਸੱਤਾ ਵਿਚ ਰਹਿ ਕੇ ਖ਼ੁਦ ਨੂੰ ਕਿਸੇ ਤਰ੍ਹਾਂ ਜ਼ਿੰਦਾ ਰੱਖਣਾ ਚਾਹੁੰਦੀ ਹੈ। ਫਿਲਹਾਲ ਲੱਗਦਾ ਹੈ ਕਿ ਸ਼ਰੀਫ ਪਰਿਵਾਰ ਦੀਆਂ ਕਾਨੂੰਨੀ ਅੜਚਣਾਂ ਕਾਰਨ ਮਰੀਅਮ ਦਾ ਰਾਹ ਵੀ ਕੰਡਿਆਂ ਭਰਿਆ ਬਣ ਗਿਆ ਹੈ। ਉਂਝ ਮਰੀਅਮ ਬਹੁਤ ਤੇਜ਼-ਤਰਾਰ, ਕ੍ਰਿਸ਼ਮਈ ਤੇ ਦ੍ਰਿੜ੍ਹ ਇਰਾਦਿਆਂ ਵਾਲੀ ਸਿਆਸਤਦਾਨ ਹੈ। ਮਰੀਅਮ ਦਾ ਭਵਿੱਖ ਤਾਂ ਸ਼ਾਨਦਾਰ ਹੈ ਪਰ ਇਸ ਸਮੇਂ ਉਸ ਦੀ ਦਾਲ ਗਲ਼ਣ ਵਾਲੀ ਨਹੀਂ। ਸ਼ਰੀਫ ਪਰਿਵਾਰ ਵੱਧ ਤੋਂ ਵੱਧ ਇਹ ਕਰ ਸਕਦਾ ਹੈ ਕਿ ਸੰਕਟ ਦੀ ਇਸ ਘੜੀ 'ਚ ਆਪਣੀ ਇਕਜੁੱਟਤਾ ਬਣਾਈ ਰੱਖੇ।
(ਮੰਦਿਰਾ ਪਬਲੀਕੇਸ਼ਨਜ਼)
ਪ੍ਰਧਾਨਗੀ ਅਹੁਦਾ ਛੱਡਣ ਨਾਲ 'ਨੈਤਿਕ' ਤੌਰ 'ਤੇ ਵਧ ਜਾਏਗਾ ਸੋਨੀਆ ਦਾ ਕੱਦ
NEXT STORY