ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ 4 ਦਸੰਬਰ ਨੂੰ ਕਾਂਗਰਸ ਪ੍ਰਧਾਨ ਦੀ ਉਮੀਦਵਾਰੀ ਲਈ ਨਾਮਜ਼ਦਗੀ ਪੱਤਰ ਦਾਖਲ ਕਰਨਗੇ, ਅਜਿਹੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ। ਕਾਂਗਰਸ ਪ੍ਰਧਾਨ ਦੀ ਉਮੀਦਵਾਰੀ ਲਈ ਹੋਰ ਕੋਈ ਵੀ ਕਾਂਗਰਸੀ ਨੇਤਾ ਕਾਗਜ਼ ਦਾਇਰ ਨਹੀਂ ਕਰੇਗਾ ਕਿਉਂਕਿ ਕਾਂਗਰਸ ਪ੍ਰਧਾਨ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ। ਅਜਿਹੀ ਸਥਿਤੀ ਵਿਚ ਪਾਰਟੀ 'ਚ ਅਨੇਕ ਲੋਕ ਇਹ ਜਾਣਨ ਲਈ ਉਤਾਵਲੇ ਹਨ ਕਿ ਕੀ ਸੋਨੀਆ ਗਾਂਧੀ ਰਾਹੁਲ ਗਾਂਧੀ ਲਈ ਨਾਮਜ਼ਦਗੀ ਪੱਤਰਾਂ 'ਤੇ ਦਸਤਖਤ ਕਰਨਗੇ? ਬਹੁਤ ਸਾਰੇ ਸੀਨੀਅਰ ਨੇਤਾ ਚਾਹੁੰਦੇ ਸਨ ਕਿ ਸੋਨੀਆ ਗਾਂਧੀ ਹੀ ਨਾਮਜ਼ਦਗੀ ਪੱਤਰਾਂ ਦੇ ਇਕ ਸੈੱਟ 'ਤੇ ਦਸਤਖਤ ਕਰਨ ਪਰ ਸੂਤਰਾਂ ਅਨੁਸਾਰ ਸੋਨੀਆ ਨੂੰ ਇਸ ਗੱਲ 'ਤੇ ਸ਼ੱਕ ਸੀ ਕਿ ਕਿਤੇ ਇਸ ਦੀ ਗਲਤ ਵਿਆਖਿਆ ਨਾ ਕਰ ਲਈ ਜਾਵੇ।
ਫਿਰ ਵੀ ਪਾਰਟੀ ਦੇ ਇਕ ਵਰਗ ਦੀ ਰਾਏ ਹੈ ਕਿ ਜੇਕਰ ਰਾਹੁਲ ਵਿਰੁੱਧ ਚੋਣ ਲੜਨ ਲਈ ਕੋਈ ਖੜ੍ਹਾ ਹੁੰਦਾ ਹੈ ਤਾਂ ਉਸ ਸਥਿਤੀ 'ਚ ਸੋਨੀਆ ਗਾਂਧੀ ਵਲੋਂ ਦਸਤਾਵੇਜ਼ਾਂ 'ਤੇ ਦਸਤਖਤ ਕਰਨਾ ਉਚਿਤ ਨਹੀਂ ਹੋਵੇਗਾ। ਇਹ ਵੀ ਸੁਣਨ 'ਚ ਆਇਆ ਹੈ ਕਿ ਹਰੇਕ ਪ੍ਰਦੇਸ਼ ਇਕਾਈ ਵਲੋਂ ਰਾਹੁਲ ਗਾਂਧੀ ਦੀ ਨਾਮਜ਼ਦਗੀ ਦਾ ਇਕ ਸੈੱਟ ਪ੍ਰਸਤਾਵਿਤ ਕੀਤਾ ਜਾਵੇਗਾ। ਰਾਹੁਲ ਦੇ ਆਉਣ ਨਾਲ ਇਨ੍ਹਾਂ ਅਟਕਲਾਂ ਨੂੰ ਹਵਾ ਦਿੱਤੀ ਗਈ ਹੈ ਕਿ ਜਦੋਂ ਸੋਨੀਆ ਗਾਂਧੀ ਦਾ ਬੇਟਾ ਪਾਰਟੀ ਦੀ ਕਮਾਨ ਸੰਭਾਲ ਲਵੇਗਾ ਤਾਂ ਪਾਰਟੀ 'ਚ ਉਨ੍ਹਾਂ ਦਾ ਆਪਣਾ ਭਵਿੱਖ ਜਾਂ ਸੰਭਾਵਿਤ ਭੂਮਿਕਾ ਕੀ ਹੋਵੇਗੀ? ਇਸ ਦਾ ਆਸਾਨ ਜਿਹਾ ਜਵਾਬ ਇਹ ਹੈ ਕਿ ਪਾਰਟੀ ਦੇ ਸਰਵਉੱਚ ਅਹੁਦੇ ਦਾ ਤਿਆਗ ਕਰਨ ਨਾਲ ਉਨ੍ਹਾਂ ਦਾ ਕੱਦ ਨੈਤਿਕ ਤੌਰ 'ਤੇ ਥੋੜ੍ਹਾ ਹੋਰ ਵਧ ਜਾਵੇਗਾ।
13 ਸਾਲ ਪਹਿਲਾਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਹਾਸਿਲ ਕਰਨ ਤੋਂ ਇਨਕਾਰ ਕਰਨ ਦਾ ਜੋ ਕਦਮ ਚੁੱਕਿਆ ਸੀ, ਮੌਜੂਦਾ ਸਮੇਂ 'ਚ ਪ੍ਰਧਾਨਗੀ ਅਹੁਦੇ ਦਾ ਤਿਆਗ ਕਰਨ ਦਾ ਫੈਸਲਾ ਉਨ੍ਹਾਂ ਨੂੰ ਉਸ ਤੋਂ ਵੀ ਕੁਝ ਕਦਮ ਅੱਗੇ ਲੈ ਜਾਵੇਗਾ ਤੇ ਪਾਰਟੀ ਦੇ ਅੰਦਰ ਅਤੇ ਬਾਹਰ ਉਨ੍ਹਾਂ ਦਾ ਨੈਤਿਕ ਕੱਦ ਬਹੁਤ ਵਧ ਜਾਵੇਗਾ।
'ਆਪ' ਦਾ ਅੰਦਰੂਨੀ ਕਲੇਸ਼ : 'ਆਮ ਆਦਮੀ ਪਾਰਟੀ' ਦੇ ਅੰਦਰ ਅੰਦਰੂਨੀ ਕਲੇਸ਼ ਸਾਹਮਣੇ ਆ ਗਿਆ ਹੈ ਅਤੇ ਇਸ ਦਾ ਕਾਰਨ ਇਹ ਹੈ ਕਿ ਜਨਵਰੀ 'ਚ ਰਾਜ ਸਭਾ ਦੀਆਂ 3 ਸੀਟਾਂ ਲਈ ਨਾਮਜ਼ਦਗੀਆਂ ਭਰੀਆਂ ਜਾਣੀਆਂ ਹਨ। ਪਾਰਟੀ ਹਾਈਕਮਾਨ ਕੁਮਾਰ ਵਿਸ਼ਵਾਸ ਨੂੰ ਰਾਜ ਸਭਾ ਦੀ ਸੀਟ ਨਹੀਂ ਦੇਣਾ ਚਾਹੁੰਦੀ, ਜੋ ਰਾਜ ਸਭਾ ਵਿਚ ਜਾਣ ਦੀ ਨਾ ਸਿਰਫ ਇੱਛਾ ਰੱਖਦੇ ਹਨ, ਸਗੋਂ ਖੁੱਲ੍ਹੇਆਮ ਇਹ ਕਹਿ ਰਹੇ ਹਨ ਕਿ ਰਾਜ ਸਭਾ ਵਿਚ ਉਨ੍ਹਾਂ ਦੀ ਨਾਮਜ਼ਦਗੀ ਰੋਕਣ ਲਈ ਪਾਰਟੀ ਦੇ ਅੰਦਰ ਸਾਜ਼ਿਸ਼ ਚੱਲ ਰਹੀ ਹੈ ਕਿਉਂਕਿ ਪਾਰਟੀ ਨੇ ਇਸੇ ਦੇ ਮੱਦੇਨਜ਼ਰ ਵਿਧਾਇਕ ਅਮਾਨਤੁੱਲਾ ਖਾਨ ਦੀ ਮੁਅੱਤਲੀ ਰੱਦ ਕਰ ਦਿੱਤੀ। ਹੁਣ ਕੁਮਾਰ ਵਿਸ਼ਵਾਸ ਲਾਲੂ ਦੀ ਪਾਰਟੀ ਰਾਸ਼ਟਰੀ ਜਨਤਾ ਦਲ ਦੇ ਨਾਲ 'ਆਮ ਆਦਮੀ ਪਾਰਟੀ' ਦੇ ਗੱਠਜੋੜ ਦਾ ਵਿਰੋਧ ਕਰਨ ਲਈ ਮੀਟਿੰਗ ਬੁਲਾ ਰਹੇ ਹਨ ਕਿਉਂਕਿ ਹਾਲ ਹੀ 'ਚ ਤੇਜਸਵੀ ਯਾਦਵ ਨੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ ਅਤੇ ਦੋਹਾਂ ਨੇ ਭਾਜਪਾ ਵਿਰੁੱਧ ਮਿਲ ਕੇ ਲੜਨ ਦਾ ਫੈਸਲਾ ਲਿਆ ਸੀ। ਇਸ ਦੇ ਨਾਲ ਹੀ ਕੇਜਰੀਵਾਲ ਭਵਿੱਖ ਦੇ ਗੱਠਜੋੜ ਨੂੰ ਲਾਗੂ ਕਰਨ ਲਈ ਬਿਹਾਰ 'ਚ ਵਿਧਾਇਕ ਸੰਜੀਵ ਝਾਅ ਦੀ ਥਾਂ 'ਤੇ ਸੰਜੇ ਸਿੰਘ ਨੂੰ ਪਾਰਟੀ ਇੰਚਾਰਜ ਨਿਯੁਕਤ ਕਰਨ ਤੋਂ ਬਾਅਦ ਵਿਰੋਧੀ ਪਾਰਟੀ 'ਚ ਸ਼ਾਮਿਲ ਹੋਣ 'ਤੇ ਰਾਜ਼ੀ ਹੋ ਗਏ ਸਨ, ਜਦਕਿ ਕੁਮਾਰ ਵਿਸ਼ਵਾਸ ਲਾਲੂ-ਕੇਜਰੀਵਾਲ ਗੱਠਜੋੜ ਦਾ ਦ੍ਰਿੜ੍ਹਤਾ ਨਾਲ ਵਿਰੋਧ ਕਰ ਰਹੇ ਹਨ।
ਜਾਤੀ ਗਿਣਤੀਆਂ-ਮਿਣਤੀਆਂ ਨਹੀਂ, ਵਪਾਰਕ ਭਾਵਨਾਵਾਂ : ਗੁਜਰਾਤ 'ਚ ਅਗਲੇ ਹਫਤੇ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਇਹ ਨਰਿੰਦਰ ਮੋਦੀ ਦਾ ਗ੍ਰਹਿ ਸੂਬਾ ਹੈ ਪਰ ਗੁਜਰਾਤ ਚੋਣਾਂ ਦੀ ਵਿਸ਼ੇਸ਼ ਗੱਲ ਇਹ ਹੈ ਕਿ ਜਿਥੇ ਭਾਰਤ ਦੇ ਹਰੇਕ ਸੂਬੇ ਵਿਚ ਜਾਤੀਗਤ ਗਿਣਤੀਆਂ-ਮਿਣਤੀਆਂ ਨੂੰ ਕਾਫੀ ਪ੍ਰਮੁੱਖਤਾ ਮਿਲਦੀ ਹੈ, ਉਥੇ ਹੀ ਗੁਜਰਾਤ 'ਚ ਕਾਰੋਬਾਰੀ ਭਾਵਨਾਵਾਂ ਜ਼ਿਆਦਾ ਤਰਜੀਹ ਰੱਖਦੀਆਂ ਹਨ। ਫਿਰ ਵੀ ਗੁਜਰਾਤ 'ਚ ਕਾਰੋਬਾਰ ਅਤੇ ਵਪਾਰ ਦੀਆਂ ਦੁਖਦਾਈ ਸਥਿਤੀਆਂ ਕਾਰਨ ਭਾਜਪਾ ਨੂੰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਟੈਕਸਟਾਈਲ ਉਦਯੋਗ ਦੀ ਸਥਿਤੀ ਖਾਸ ਤੌਰ 'ਤੇ ਤਰਸਯੋਗ ਹੈ। ਦੂਜੇ ਪਾਸੇ ਸੈਰਾਮਿਕ ਉਦਯੋਗ ਦੇ ਗੜ੍ਹ ਦੇ ਰੂਪ 'ਚ ਮਸ਼ਹੂਰ ਮੌਰਵੀ ਨਗਰ ਵੀ ਨੋਟਬੰਦੀ ਦੇ ਸਮੇਂ ਤੋਂ ਸੰਕਟ 'ਚ ਫਸਿਆ ਹੋਇਆ ਹੈ ਅਤੇ ਉਥੇ ਸਥਿਤੀ ਪਹਿਲਾਂ ਵਰਗੀ ਨਹੀਂ ਹੋ ਰਹੀ। ਜੀ. ਐੱਸ. ਟੀ. ਦੀ ਵਸੂਲੀ ਵੀ ਟੀਚੇ ਤੋਂ ਹੇਠਾਂ ਰਹੀ ਹੈ ਅਤੇ ਪਿਛਲੇ ਤਿੰਨ ਤਿਉਹਾਰੀ ਮੌਕਿਆਂ 'ਤੇ ਵੀ ਵਿਕਰੀ ਘੱਟ ਹੋਈ ਸੀ। ਇਸੇ ਕਾਰਨ ਇਸ ਨੂੰ ਪਿਛਲੇ ਅਨੇਕ ਸਾਲਾਂ ਦੌਰਾਨ ਸਭ ਤੋਂ ਕਮਜ਼ੋਰ ਸੀਜ਼ਨ ਸਮਝਿਆ ਜਾ ਰਿਹਾ ਹੈ।
ਇਸੇ ਦੌਰਾਨ ਹਾਰਦਿਕ ਪਟੇਲ, ਜਿਗਨੇਸ਼ ਮੇਵਾਨੀ ਅਤੇ ਅਲਪੇਸ਼ ਠਾਕੋਰ ਵਰਗੇ ਜਾਤੀ ਆਧਾਰਿਤ ਨੇਤਾ ਖੁੱਲ੍ਹ ਕੇ ਭਾਜਪਾ ਨੂੰ ਹਰਾਉਣ ਲਈ ਕਾਂਗਰਸ ਲਈ ਵੋਟਾਂ ਮੰਗ ਰਹੇ ਹਨ। ਇਹ ਗੱਲਾਂ ਵੀ ਸੁਣਨ 'ਚ ਆ ਰਹੀਆਂ ਹਨ ਕਿ ਜੇਕਰ ਵੱਖ-ਵੱਖ ਜਾਤਾਂ ਦੇ ਇਹ ਨੇਤਾ ਆਪਣੀ-ਆਪਣੀ ਜਾਤੀ ਦੇ ਵੋਟ ਕਾਂਗਰਸ ਦੇ ਪੱਖ 'ਚ ਤਬਦੀਲ ਕਰਨ 'ਚ ਸਫਲ ਹੋ ਜਾਂਦੇ ਹਨ ਤਾਂ ਇਸ ਨਾਲ ਭਾਜਪਾ ਸੱਚਮੁਚ ਹੀ ਮੁਸੀਬਤ 'ਚ ਘਿਰ ਜਾਵੇਗੀ। ਅਜਿਹੀਆਂ ਖਬਰਾਂ ਮਿਲ ਰਹੀਆਂ ਹਨ ਕਿ ਗੁਜਰਾਤ 'ਚ ਕਾਂਗਰਸ ਦੇ ਪੈਰ ਮਜ਼ਬੂਤ ਹੋ ਰਹੇ ਹਨ ਅਤੇ ਇਹ ਦੇਖਣ 'ਚ ਆਇਆ ਹੈ ਕਿ ਹਾਰਦਿਕ ਦੀਆਂ ਰੈਲੀਆਂ 'ਚ ਹੋਰਨਾਂ ਲੋਕਾਂ ਦੇ ਨਾਲ-ਨਾਲ ਮੁਸਲਿਮ ਭਾਈਚਾਰੇ ਦੀ ਵੀ ਚੰਗੀ-ਖਾਸੀ ਹਾਜ਼ਰੀ ਹੁੰਦੀ ਹੈ।
ਸ਼ਰਦ ਅਤੇ ਅੰਸਾਰੀ ਦੇ ਲਈ ਲਾਲੂ ਡਟੇ : ਸੂਤਰਾਂ ਅਨੁਸਾਰ ਰਾਜਦ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਨਾਲ ਇਹ ਯੋਜਨਾ ਬਣਾ ਰਿਹਾ ਹੈ ਕਿ ਜੇਕਰ ਉਪ-ਰਾਸ਼ਟਰਪਤੀ ਵੈਂਕੱਈਆ ਨਾਇਡੂ ਵਲੋਂ ਬਾਗੀ ਜਦ (ਯੂ) ਸ਼ਰਦ ਯਾਦਵ ਅਤੇ ਅਲੀ ਅਨਵਰ ਅੰਸਾਰੀ ਦੀ ਮੈਂਬਰਸ਼ਿਪ ਰੱਦ ਕੀਤੀ ਜਾਂਦੀ ਹੈ ਤਾਂ ਸ਼ਰਦ ਅਤੇ ਅੰਸਾਰੀ ਨੂੰ ਫਿਰ ਤੋਂ ਸੰਸਦ ਮੈਂਬਰ ਬਣਾ ਕੇ ਭੇਜਿਆ ਜਾਵੇ। ਉਂਝ ਸੰਸਦ 'ਚ ਸਾਰੀਆਂ ਵਿਰੋਧੀ ਪਾਰਟੀਆਂ ਨੇ ਉਪ-ਰਾਸ਼ਟਰਪਤੀ ਵੈਂਕੱਈਆ ਨਾਇਡੂ ਨੂੰ ਨਿੱਜੀ ਤੌਰ 'ਤੇ ਬੇਨਤੀ ਕੀਤੀ ਹੈ ਕਿ ਇਨ੍ਹਾਂ ਦੋਹਾਂ ਸੰਸਦ ਮੈਂਬਰਾਂ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਜਾਵੇ। ਇਹ ਵੀ ਸੁਣਨ 'ਚ ਆਇਆ ਹੈ ਕਿ ਸ਼ਰਦ ਯਾਦਵ ਲਈ ਸਮਰਥਨ ਜੁਟਾਉਣ ਲਈ ਲਾਲੂ ਨਿੱਜੀ ਤੌਰ 'ਤੇ ਹਰੇਕ ਵਿਰੋਧੀ ਪਾਰਟੀ ਦੇ ਨੇਤਾ ਨਾਲ ਗੱਲਬਾਤ ਚਲਾ ਰਹੇ ਹਨ।
ਤ੍ਰਿਣਮੂਲ ਕਾਂਗਰਸ ਦੇ ਵਫ਼ਦ ਨੇ ਮੁੱਖ ਚੋਣ ਕਮਿਸ਼ਨਰ ਨਾਲ ਮੁਲਾਕਾਤ ਕਰ ਕੇ ਅਪੀਲ ਕੀਤੀ ਹੈ ਕਿ ਬੰਗਾਲ ਵਿਚ ਦੋ ਵਿਧਾਨ ਸਭਾ ਅਤੇ ਇਕ ਲੋਕ ਸਭਾ ਸੀਟ ਲਈ ਚੋਣਾਂ ਇਕ ਹੀ ਦਿਨ 'ਚ ਹੋਣੀਆਂ ਚਾਹੀਦੀਆਂ ਹਨ ਪਰ ਜੇਕਰ ਕੇਂਦਰ ਸਰਕਾਰ ਵੱਖ-ਵੱਖ ਤਰੀਕਾਂ 'ਤੇ ਇਹ ਚੋਣਾਂ ਕਰਵਾਉਣਾ ਚਾਹੇ ਤਾਂ ਇਸ ਦਾ ਨਿਰਦੇਸ਼ ਨਾ ਮੰਨਿਆ ਜਾਵੇ।
ਵਿਧਾਨ ਸਭਾ ਸੀਟਾਂ ਮਾਨਸ ਭੂਈਆਂ ਦੇ ਅਸਤੀਫੇ ਅਤੇ ਵਿਧਾਇਕ ਮਧੂਸੂਦਨ ਘੋਸ਼ ਦੀ ਮੌਤ ਤੋਂ ਬਾਅਦ ਖਾਲੀ ਹੋਈਆਂ ਹਨ, ਜਦਕਿ ਲੋਕ ਸਭਾ ਸੀਟ ਸੰਸਦ ਮੈਂਬਰ ਸੁਲਤਾਨ ਅਹਿਮਦ ਦੀ ਮੌਤ ਨਾਲ। ਤ੍ਰਿਣਮੂਲ ਸੰਸਦ ਮੈਂਬਰਾਂ ਡੈਰੇਕ ਓ ਬ੍ਰਾਇਨ ਅਤੇ ਕਲਿਆਣ ਬੈਨਰਜੀ ਨੇ ਇਕ ਹੀ ਦਿਨ ਚੋਣਾਂ ਕਰਵਾਉਣ ਦੇ ਆਪਣੇ ਪ੍ਰਸਤਾਵ ਚੋਣ ਕਮਿਸ਼ਨ ਨੂੰ ਭੇਜੇ। ਇਹ ਚਰਚਾ ਸੁਣਨ 'ਚ ਆ ਰਹੀ ਹੈ ਕਿ ਟੀ. ਐੱਮ. ਸੀ. (ਤ੍ਰਿਣਮੂਲ ਕਾਂਗਰਸ) ਸੰਸਦ ਦੇ ਸਰਦ ਰੁੱਤ ਸੈਸ਼ਨ ਵਿਚ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਦੀ ਯੋਜਨਾ ਬਣਾ ਰਹੀ ਹੈ।
ਬਿਹਾਰ 'ਚ ਸਾਰੀਆਂ ਵਿਰੋਧੀ ਪਾਰਟੀਆਂ ਲਾਲੂ ਪ੍ਰਸਾਦ ਯਾਦਵ, ਜੀਤਨ ਰਾਮ ਮਾਂਝੀ ਅਤੇ ਸ਼ਰਦ ਯਾਦਵ ਵਰਗੇ ਨੇਤਾਵਾਂ ਦੀ ਸੁਰੱਖਿਆ ਵਾਪਿਸ ਲਏ ਜਾਣ ਦੇ ਵਿਰੁੱਧ ਰੈਲੀਆਂ ਤੇ ਧਰਨੇ ਆਯੋਜਿਤ ਕਰਨ ਦੀ ਯੋਜਨਾ ਬਣਾ ਰਹੀਆਂ ਹਨ। ਇਸ ਰੋਸ ਦੀ ਅਗਵਾਈ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਬੇਟੇ ਤੇਜ ਪ੍ਰਤਾਪ ਯਾਦਵ ਵਲੋਂ ਕੀਤੀ ਜਾਵੇਗੀ। ਤੇਜ ਪ੍ਰਤਾਪ ਯਾਦਵ ਸਾਰੇ ਵਿਰੋਧੀ ਨੇਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ ਅਤੇ ਜਲਦ ਹੀ ਰਾਸ਼ਟਰਵਿਆਪੀ ਰੋਸ ਧਰਨਿਆਂ ਦੀ ਤਰੀਕ ਦਾ ਐਲਾਨ ਕਰਨਗੇ।
'ਬੁਆ' ਦਾ ਸਾਥ ਦੇਵਾਂਗਾ : ਮੁਕੁਲ ਰਾਏ ਨੇ ਭਾਜਪਾ ਵਿਚ ਸ਼ਾਮਿਲ ਹੋਣ ਲਈ ਟੀ. ਐੱਮ. ਸੀ. ਨੂੰ ਅਲਵਿਦਾ ਕਿਹਾ ਹੈ ਅਤੇ ਹਰ ਰੋਜ਼ ਮਮਤਾ ਬੈਨਰਜੀ ਬਾਰੇ ਬਿਆਨ ਦਾਗ਼ ਰਹੇ ਹਨ, ਜਿਸ ਦੇ ਸਿੱਟੇ ਵਜੋਂ ਰੂਪਾ ਗਾਂਗੁਲੀ ਖ਼ੁਦ ਨੂੰ ਖੁੱਡੇ ਲਾਈਨ ਲੱਗਿਆ ਮਹਿਸੂਸ ਕਰਦੀ ਹੈ। ਭਾਜਪਾ ਦੇ ਪ੍ਰਮੁੱਖ ਨੇਤਾ ਘਪਲਿਆਂ ਦੇ ਦੋਸ਼ੀ ਵਿਅਕਤੀ ਨੂੰ ਬੰਗਾਲ 'ਚ ਪਾਰਟੀ ਦਾ ਮੁੱਖ ਚਿਹਰਾ ਬਣਾਏ ਜਾਣ ਤੋਂ ਦਹਿਸ਼ਤ 'ਚ ਹਨ। ਇਸੇ ਵਿਚਾਲੇ ਮੁਕੁਲ ਰਾਏ ਦੇ ਬੇਟੇ ਨੇ ਬੰਗਾਲੀ ਚੈਨਲਾਂ ਨੂੰ ਕਿਹਾ ਹੈ ਕਿ ਉਹ ਆਪਣੀ 'ਬੂਆ', ਭਾਵ ਮਮਤਾ ਬੈਨਰਜੀ ਨੂੰ ਛੱਡ ਕੇ ਕਿਤੇ ਨਹੀਂ ਜਾਣਗੇ।
ਗੁਜਰਾਤ 'ਚ ਬਹੁਤ ਘੱਟ ਫਰਕ ਨਾਲ ਹੋਵੇਗਾ ਹਾਰ-ਜਿੱਤ ਦਾ ਫੈਸਲਾ
NEXT STORY